ਕੋਰੋਨਾਵਾਇਰਸ ਸੰਕਟ: ਭਾਰਤ ਵਿਚ ਕਿੰਨੀ ਤੇਜ਼ੀ ਨਾਲ ਟੀਕੇ ਬਣ ਰਹੇ ਤੇ ਕਿੰਨੀ ਤੇਜ਼ੀ ਨਾਲ ਲੱਗ ਰਹੇ

    • ਲੇਖਕ, ਸ਼ਰੂਤੀ ਮੈਨਨ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦਾ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਘਰੇਲੂ ਮੰਗ ਨੂੰ ਸਮੇਂ ਸਿਰ ਪੂਰਾ ਕਰਨ ਲਈ ਜੱਦੋਜਹਿਦ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਉਹ ਖੁਰਾਕਾਂ ਦਾ ਨਿਰਯਾਤ ਨਹੀਂ ਕਰੇਗਾ।

ਭਾਰਤ ਸਰਕਾਰ ਦਾ ਮਕਸਦ ਇਸ ਮਹਾਮਾਰੀ ਨਾਲ ਨਿਜੱਠਣ ਲਈ ਵੈਕਸੀਨ ਦੇ ਉਤਪਾਦਨ ਨੂੰ ਹੋਰ ਤੇਜ਼ ਕਰਨਾ ਹੈ, ਜਿਸ ਦੇ ਲਈ ਅਗਸਤ ਤੋਂ ਦਸੰਬਰ ਮਹੀਨੇ ਦੌਰਾਨ ਘੱਟ ਤੋਂ ਘੱਟ 2 ਬਿਲੀਅਨ ਖੁਰਾਕਾਂ ਦੇ ਨਿਰਮਾਣ ਦਾ ਵਾਅਦਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

ਭਾਰਤ ਕੋਲ ਕਿਹੜੇ ਟੀਕੇ ਮੌਜੂਦ ਹਨ ?

ਮੌਜੂਦਾ ਸਮੇਂ ਤਿੰਨ ਵੈਕਸੀਨ ਵਰਤੋਂ ਲਈ ਮਨਜ਼ੂਰ ਹੋ ਚੁੱਕੇ ਹਨ। ਜਿੰਨ੍ਹਾਂ 'ਚੋਂ ਕੋਵੀਸ਼ੀਲਡ ਅਤੇ ਕੋਵੈਕਸੀਨ ਭਾਰਤ 'ਚ ਬਣਾਏ ਜਾ ਰਹੇ ਹਨ ਅਤੇ ਤੀਜਾ ਟੀਕਾ ਸੁਪਤਨਿਕ ਵੀ ਹੈ, ਜਿਸ ਦਾ ਨਿਰਮਾਣ ਰੂਸ ਵੱਲੋਂ ਕੀਤਾ ਗਿਆ ਹੈ।

ਸੀਰਮ ਇੰਸਟੀਚਿਊਟ ਆਫ਼ ਇੰਡੀਆ, ਐਸਆਈਆਈ ਵੱਲੋਂ ਕੋਵੀਸ਼ੀਲਡ (ਐਸਟਰਾਜ਼ੇਨੇਕਾ ਦੇ ਲਾਈਸੈਂਸ ਅਧੀਨ) ਤਿਆਰ ਕੀਤਾ ਗਿਆ ਹੈ, ਜਦਕਿ ਭਾਰਤ ਬਾਇਓਟੈਕ ਵੱਲੋਂ ਸਵਦੇਸੀ ਕੋਵੈਕਸੀਨ ਤਿਆਰ ਕੀਤੀ ਗਈ ਹੈ।

ਸਰਕਾਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਸ ਨੇ ਹੁਣ ਤੱਕ ਦੋਵਾਂ ਟੀਕਿਆਂ ਦੀਆਂ 356 ਮਿਲੀਅਨ ਖੁਰਾਕਾਂ ਦੀ ਖਰੀਦ ਕੀਤੀ ਹੈ, ਹਾਲਾਂਕਿ ਇਹ ਸਾਰੀਆਂ ਖੁਰਾਕਾਂ ਉਨ੍ਹਾਂ ਨੂੰ ਹਾਸਲ ਨਹੀਂ ਹੋਈਆਂ ਹਨ।

ਸੂਬਾਈ ਪ੍ਰਸ਼ਾਸਨ ਅਤੇ ਨਿੱਜੀ ਹਸਪਤਾਲਾਂ ਨੇ ਵੱਖਰੇ ਤੌਰ 'ਤੇ 116 ਮਿਲੀਅਨ ਖੁਰਾਕਾਂ ਦਾ ਆਰਡਰ ਦਿੱਤਾ ਹੈ, ਪਰ ਇੰਨ੍ਹਾਂ 'ਚੋਂ ਹੁਣ ਤੱਕ ਕਿੰਨ੍ਹੀਆਂ ਖੁਰਾਕਾਂ ਉਨ੍ਹਾਂ ਨੂੰ ਮਿਲ ਚੁੱਕੀਆਂ ਹਨ, ਇਸ ਸਬੰਧੀ ਕੋਈ ਜਾਣਕਾਰੀ ਹਾਸਲ ਨਹੀਂ ਹੈ।

ਸਪੁਤਨਿਕ ਵੀ ਵੈਕਸੀਨ ਨੂੰ ਅਪ੍ਰੈਲ ਮਹੀਨੇ ਹਰੀ ਝੰਡੀ ਮਿਲ ਗਈ ਸੀ ਅਤੇ ਇਹ ਜਲਦੀ ਹੀ ਟੀਕਾ ਕੇਂਦਰਾਂ 'ਤੇ ਉਪਲਬਧ ਹੋਵੇਗੀ। ਇਸ ਮਹੀਨੇ ਦੇ ਸ਼ੁਰੂ 'ਚ ਭਾਰਤ ਨੇ 2,10,000 ਖੁਰਾਕਾਂ ਹਾਸਲ ਕੀਤੀਆਂ ਹਨ।

ਭਾਰਤ ਕਿੰਨੀ ਤੇਜ਼ੀ ਨਾਲ ਟੀਕਿਆਂ ਦਾ ਉਤਪਾਦਨ ਕਰ ਸਕਦਾ ਹੈ ?

ਭਾਰਤ ਸਰਕਾਰ ਦਾ ਮਹੱਤਵਪੂਰਨ ਉਦੇਸ਼ ਇਹ ਹੈ ਕਿ ਇਸ ਸਾਲ ਅਗਸਤ ਮਹੀਨੇ ਤੋਂ ਸਾਲ ਦੇ ਅਖੀਰ ਤੱਕ 2 ਬਿਲੀਅਨ ਖੁਰਾਕਾਂ ਤਿਆਰ ਕੀਤੀਆਂ ਜਾਣ। ਭਾਰਤ ਦੀ 1.3 ਬਿਲੀਅਨ ਦੀ ਪੂਰੀ ਆਬਾਦੀ ਦਾ ਟੀਕਾਕਰਨ ਮੁਕੰਮਲ ਹੋਣ 'ਚ ਇੱਕ ਲੰਮਾ ਪੈਂਡਾ ਤੈਅ ਕਰਨ ਦੀ ਲੋੜ ਹੈ।

ਹਾਲਾਂਕਿ ਭਾਰਤ 'ਚ ਇਸ ਵੇਲੇ ਉਤਪਾਦਨ ਅਧੀਨ ਅੱਠ ਟੀਕਿਆਂ 'ਚੋਂ ਸਿਰਫ ਤਿੰਨ ਨੂੰ ਹੀ ਵਰਤੋਂ ਲਈ ਮਨਜ਼ੂਰ ਕੀਤਾ ਗਿਆ ਹੈ। ਦੋ ਵੈਕਸੀਨ ਕਲੀਨਿਕਲ ਟਰਾਇਲ ਦੇ ਸ਼ੁਰੂਆਤੀ ਪੜਾਅ 'ਚ ਹਨ ਅਤੇ ਤਿੰਨ ਵੈਕਸੀਨ ਆਖਰੀ ਪੜਾਅ 'ਚ ਪਹੁੰਚ ਚੁੱਕੇ ਹਨ।

ਮਹਾਂਮਾਰੀ ਵਿਿਗਆਨੀ ਅਤੇ ਜਨ ਸਿਹਤ ਮਾਹਰ ਡਾ. ਚੰਦਰਕਾਂਤ ਲਹਿਰੀਆ ਦਾ ਕਹਿਣਾ ਹੈ ਕਿ " ਅਸੀਂ ਉਨ੍ਹਾਂ ਟੀਕਿਆਂ 'ਤੇ ਭਰੋਸਾ ਨਹੀਂ ਕਰ ਸਕਦੇ ਹਾਂ, ਜਿੰਨ੍ਹਾਂ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ।"

" ਹਾਲੇ ਤਾਂ ਮੌਜੂਦਾ ਟੀਕਿਆਂ ਦੀ ਸਮਰੱਥਾ ਵਧਾਉਣ ਵੱਲ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੈ।"

ਐਸਆਈਆਈ ਦੇ ਅਨੁਮਾਨਾਂ 'ਚ ਕੋਵਿਸ਼ੀਲਡ ਦੀਆਂ 750 ਮਿਲੀਅਨ ਖੁਰਾਕਾਂ ਅਤੇ ਕੋਵੈਕਸ ਦੀਆਂ 200 ਮਿਲੀਅਨ ਖੁਰਾਕਾਂ ਸ਼ਾਮਲ ਹਨ। ਨੋਵਾਵੈਕਸ ਦੇ ਸਥਾਨਕ ਸੰਸਕਰਣ ਨੂੰ ਅਜੇ ਤੱਕ ਭਾਰਤ 'ਚ ਮਨਜ਼ੂਰੀ ਨਹੀਂ ਮਿਲੀ ਹੈ।

ਭਾਰਤ ਬਾਇਓਟੈਕ ਦੋ ਤਰ੍ਹਾਂ ਦੇ ਟੀਕਿਆਂ ਦਾ ਨਿਰਮਾਣ ਕਰ ਰਿਹਾ ਹੈ ਅਤੇ ਇਸ ਦੇ ਅਨੁਮਾਨਾਂ ਅਨੁਸਾਰ ਕੋਵੈਕਸੀਨ ਦੀਆਂ 550 ਮਿਲੀਅਨ ਖੁਰਾਕਾਂ ਅਤੇ ਸ਼ੁਰੂਆਤੀ ਟਰਾਇਲਾਂ ਦੌਰਾਨ ਇੰਟਰਨੈਸਲ ਵੈਕਸੀਨ ਦੀਆਂ 100 ਮਿਲੀਅਨ ਖੁਰਾਕਾਂ ਸ਼ਾਮਲ ਹਨ।

ਅਪ੍ਰੈਲ 'ਚ ਐਸਆਈਆਈ ਅਤੇ ਭਾਰਤ ਬਾਇਓਟੈਕ ਨੂੰ ਉਨ੍ਹਾਂ ਦਾ ਉਤਪਾਦਨ ਵਧਾਉਣ ਲਈ ਭਾਰਤ ਸਰਕਾਰ ਵੱਲੋਂ ਕ੍ਰਮਵਾਰ 400 ਮਿਲੀਅਨ ਡਾਲਰ ਅਤੇ 210 ਮਿਲੀਅਨ ਡਾਲਰ ਦਾ ਵਾਅਦਾ ਕੀਤਾ ਗਿਆ ਸੀ।

ਪਿਛਲੇ ਹਫ਼ਤੇ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਸਮਰੱਥਾ 'ਚ ਅਗਸਤ ਮਹੀਨੇ ਕ੍ਰਮਵਾਰ 100 ਮਿਲੀਅਨ ਅਤੇ 80 ਮਿਲੀਅਨ ਖੁਰਾਕਾਂ ਦਾ ਵਾਧਾ ਕੀਤਾ ਜਾਵੇਗਾ।

ਇਹ ਅਨੁਮਾਨ ਭਾਰਤ 'ਚ ਮੌਜੂਦਾ ਸਮੇਂ ਮਨਜ਼ੂਰਸ਼ੁਦਾ ਟੀਕਿਆਂ ਦੇ ਨਿਰਮਾਣ ਦੇ ਹਨ ਜੋ ਕਿ ਸਰਕਾਰ ਦੇ ਅਗਸਤ ਤੋਂ ਦਸੰਬਰ ਮਹੀਨੇ ਤੱਕ 2 ਬਿਲੀਅਨ ਖੁਰਾਕਾਂ ਦੇ ਉਤਪਾਦਨ ਦੇ ਉਦੇਸ਼ ਤੋਂ ਬਹੁਤ ਦੂਰ ਹਨ।

ਭਾਰਤ ਸਰਕਾਰ ਨੇ ਕਿਹਾ ਕਿ ਭਾਰਤ ਨੂੰ ਵਾਧੂ ਸਪਲਾਈ ਦੇਣ ਲਈ ਫੀਜ਼ਰ, ਮੋਡੇਰਨਾ ਅਤੇ ਜੌਹਨਸਨ ਐਂਡ ਜੌਹਨਸਨ ਟੀਕਿਆਂ ਦੇ ਗਲੋਬਲ ਉਤਪਾਦਕਾਂ ਨਾਲ ਗੱਲਬਾਤ ਕਰ ਰਹੀ ਹੈ।

ਪਰ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਹ ਇਸ ਸਾਲ ਅਕਤੂਬਰ ਮਹੀਨੇ ਤੱਕ ਹੀ ਉਪਲਬਧਤਾ ਬਾਰੇ ਵਿਚਾਰ ਕਰਨਗੇ।

ਕੱਚੇ ਮਾਲ ਦੀ ਘਾਟ

ਭਾਰਤੀ ਵੈਕਸੀਨ ਉਤਪਾਦਨ ਦੀ ਪ੍ਰਕਿਰਿਆ ਕੱਚੇ ਮਾਲ ਦੀ ਘਾਟ ਕਰਕੇ ਵੀ ਪ੍ਰਭਾਵਿਤ ਹੋਈ ਹੈ।

ਦਰਅਸਲ ਇਸ ਸਾਲ ਦੇ ਸ਼ੁਰੂ 'ਚ ਅਮਰੀਕੀ ਰਾਸ਼ਟਰਪਤੀ ਬਾਇਡਨ ਵੱਲੋਂ ਅਮਰੀਕਾ ਰੱਖਿਆ ਉਤਪਾਦਨ ਐਕਟ (ਡੀਪੀਏ) ਲਾਗੂ ਕੀਤਾ ਗਿਆ ਸੀ, ਜਿਸ ਨਾਲ ਕਿ ਅਮਰੀਕੀ ਨਿਰਮਾਤਾਵਾਂ ਨੂੰ ਤਰਜੀਹ ਦਿੱਤੀ ਜਾਣ ਲੱਗੀ ਅਤੇ ਭਾਰਤ ਕੱਚੇ ਮਾਲ ਦੀ ਘਾਟ ਨਾਲ ਮੁਸ਼ਕਲ 'ਚ ਆ ਗਿਆ।

ਫਿਰ ਯੂਐਸ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ 'ਚ ਕੋਵੀਸ਼ੀਲਡ ਵੈਕਸੀਨ ਦੇ ਨਿਰਮਾਣ ਲਈ 'ਵਿਸ਼ੇਸ਼ ਕੱਚਾ ਮਾਲ' ਮੁਹੱਈਆ ਕਰਵਾਏਗਾ।

ਪਰ ਸੀਰਮ ਇੰਸਟੀਚਿਊਟ ਦਾ ਕਹਿਣਾ ਹੈ ਕਿ ਉਹ ਅਜੇ ਵੀ ਕੱਚੇ ਮਾਲ ਦੀ ਸਪਲਾਈ ਦੀ ਘਾਟ ਨਾਲ ਜੂਝ ਰਿਹਾ ਹੈ, ਜੋ ਕਿ ਉਸ ਨੂੰ ਅਮਰੀਕਾ ਤੋਂ ਹਾਸਲ ਹੋਣੀ ਹੈ।

ਲਿਵਰਪੂਲ ਦੀ ਜੌਨ ਮੂਰੇਸ ਯੂਨੀਵਰਸਿਟੀ 'ਚ ਵੈਕਸੀਨ ਸਪਲਾਈ ਚੇਨਦੀ ਦੇ ਮਾਹਰ ਡਾ. ਸਾਰਾਹ ਸ਼ਿਫਲਿੰਗ ਦਾ ਕਹਿਣਾ ਹੈ ਕਿ ਦਵਾਈ ਸਪਾਲਈ ਚੇਨ ਬਹੁਤ ਹੀ ਗੁੰਝਲਦਾਰ ਅਤੇ ਵਿਸ਼ੇਸ਼ ਹੈ।

" ਜਦੋਂ ਗਲੋਬਲ ਮੰਗ ਬਹੁਤ ਜ਼ਿਆਦਾ ਹੈ , ਉਦੋਂ ਨਵੇਂ ਸਪਲਾਇਰ ਤੇਜ਼ੀ ਨਾਲ ਅੱਗੇ ਨਹੀਂ ਵੱਧ ਸਕਦੇ ਹਨ, ਜਿੰਨੇ ਕਿ ਦੂਜੇ ਉਦਯੋਗਾਂ 'ਚ ਅਗਾਂਹ ਆਉਂਦੇ ਹਨ। ਇਸ ਦੇ ਨਾਲ ਹੀ ਨਵੇਂ ਸਪਲਾਇਰਾਂ 'ਤੇ ਭਰੋਸਾ ਕਰਨਾ ਵੀ ਮੁਸ਼ਕਲ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਲੋਕਾਂ ਨੂੰ ਕਿੰਨ੍ਹੀ ਤੇਜ਼ੀ ਨਾਲ ਟੀਕਾ ਲਗਾਇਆ ਜਾ ਰਿਹਾ ਹੈ ?

ਭਾਰਤ 'ਚ ਜਨਵਰੀ ਦੇ ਮੱਧ 'ਚ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਸੀ ਅਤੇ ਹੁਣ ਤੱਕ 185 ਮਿਲੀਅਨ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਜਾ ਚੁੱਕਿਆ ਹੈ। ਅਪ੍ਰੈਲ ਦੇ ਸ਼ੁਰੂ 'ਚ ਰੋਜ਼ਾਨਾ ਵੈਕਸੀਨ 3.6 ਮਿਲੀਅਨ ਤੱਕ ਪਹੁੰਚ ਗਈ ਸੀ ਪਰ ਇਹ ਅੰਕੜਾ ਹੁਣ ਪ੍ਰਤੀ ਦਿਨ ਸਿਰਫ 1.6 ਮਿਲੀਅਨ ਰਹਿ ਗਿਆ ਹੈ।

ਡਾ. ਲਹਿਰੀਆ ਦਾ ਕਹਿਣਾ ਹੈ, "ਸਪਲਾਈ ਤਾਂ ਟੀਕਾਕਰਨ ਮੁਹਿੰਮ ਦਾ ਇੱਕ ਹਿੱਸਾ ਹੈ। ਇਸ ਦਾ ਸਮੇਂ ਸਿਰ ਲੋਕਾਂ ਤੱਕ ਪਹੁੰਚਣਾ ਵੀ ਜ਼ਰੂਰੀ ਹੈ।"

ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਸਰਕਾਰਾਂ ਨੂੰ ਉਪਲਬਧ ਖੁਰਾਕਾਂ ਨੂੰ ਕਿਵੇਂ ਵਰਤਿਆ ਜਾਵੇ, ਇਸ ਸਬੰਧੀ ਉੱਚਿਤ ਯੋਜਨਾ ਬਣਾਉਣ ਦੀ ਜ਼ਰੂਰਤ ਹੈ।

ਜੇਕਰ ਟੀਕਾਕਰਨ ਮੁਹਿੰਮ ਇਸੇ ਰਫ਼ਤਾਰ ਨਾਲ ਚੱਲਦੀ ਰਹੀ ਤਾਂ ਭਾਰਤ 'ਚ ਸਮੁੱਚੀ ਆਬਾਦੀ ਨੂੰ ਵੈਕਸੀਨ ਲਗਾਉਣ ਲਈ ਚਾਰ ਸਾਲ ਤੱਕ ਦਾ ਸਮਾਂ ਲੱਗ ਜਾਵੇਗਾ।

ਪਰ ਦਿੱਲੀ ਅਤੇ ਮਹਾਂਰਾਸ਼ਟਰ ਸਮੇਤ ਕੁਝ ਰਾਜਾਂ ਨੇ ਕਿਹਾ ਹੈ ਕਿ ਵੈਕਸੀਨ ਦੀ ਘਾਟ ਦੇ ਕਾਰਨ ਉਨ੍ਹਾਂ ਨੂੰ 18-44 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਮੁਅੱਤਲ ਕਰਨਾ ਪਵੇਗਾ।

ਕੋਈ ਵੀ ਵੈਕਸੀਨ ਨਿਰਯਾਤ ਨਹੀਂ ਕੀਤਾ ਜਾਵੇਗਾ

ਭਾਰਤ 'ਚ ਕੋਵਿਡ ਦੀ ਦੂਜੀ ਲਹਿਰ ਨਾਲ ਮਚੀ ਹਲਚਲ ਦੇ ਕਾਰਨ ਦੇਸ਼ 'ਚ ਵੈਕਸੀਨ ਦੀ ਵਧੇਰੇ ਜ਼ਰੂਰਤ ਹੈ ਅਤੇ ਇਸ ਦੇ ਕਾਰਨ ਹੀ ਸਰਕਾਰ ਨੇ ਮਾਰਚ ਮਹੀਨੇ ਨਿਰਯਾਤ ਹੋਣ ਵਾਲੀ ਵੈਕਸੀਨ 'ਤੇ ਰੋਕ ਲਗਾ ਦਿੱਤੀ ਸੀ।

ਹਾਲਾਂਕਿ ਕੁਝ ਛੋਟੇ ਪੱਧਰ 'ਤੇ ਵੈਕਸੀਨ ਦਿੱਤੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਅੰਤਰਰਾਸ਼ਟਰੀ ਕੋਵੈਕਸ ਵੈਕਸੀਨ ਸਾਂਝਾਕਰਨ ਯੋਜਨਾ ਦੇ ਲਈ ਵੀ ਸੀਮਤ ਮਾਤਰਾ 'ਚ ਵੈਕਸੀਨ ਦਿੱਤੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਪਰ ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਹੈ ਕਿ ਵੱਡੇ ਪੱਧਰ 'ਤੇ ਨਿਰਯਾਤ ਮੁੜ ਕਦੋਂ ਸ਼ੁਰੂ ਹੋਵੇਗਾ।

ਐਸਆਈਆਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਸਾਲ ਦੇ ਅੰਤ ਤੱਕ ਵੈਕਸੀਨ ਦਾ ਨਿਰਯਾਤ ਸ਼ੁਰੂ ਨਹੀਂ ਕਰੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)