You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਵੈਕਸੀਨ: ਕੀ ਭਾਰਤ ’ਚ ਕੋਰੋਨਾਵਾਇਰਸ ਵੈਕਸੀਨ ਦੀ ਮੰਗ ਪੂਰੀ ਹੋ ਸਕੇਗੀ
- ਲੇਖਕ, ਸ਼ਰੁਤੀ ਮੈਨਨ
- ਰੋਲ, ਬੀਬੀਸੀ ਰਿਐਲਿਟੀ ਚੈੱਕ
ਕੋਰੋਨਵਾਇਰਸ ਦਾ ਟੀਕਾ ਬਣਾਉਣ ਵਾਲੇ ਦੁਨੀਆਂ ਦੇ ਸਭ ਤੋਂ ਵੱਡੇ ਨਿਰਮਾਤਾਵਾਂ ਵਿੱਚੋਂ ਇੱਕ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ) ਦੇ ਮੁਖੀ ਦਾ ਕਹਿਣਾ ਹੈ ਕਿ ਇਸ ਦੀ ਉਤਪਾਦਨ ਸਮਰੱਥਾ ''ਬਹੁਤ ਤਣਾਅ'' ਵਿੱਚ ਹੈ।
ਐੱਸਆਈਆਈ ਮੱਧ ਅਤੇ ਘੱਟ ਆਮਦਨੀ ਵਾਲੇ ਦੇਸਾਂ ਲਈ ਕੋਵੈਕਸ ਸਕੀਮ ਸਮੇਤ ਦੁਨੀਆਂ ਭਰ ਵਿੱਚ ਟੀਕੇ ਦੀ ਸਪਲਾਈ ਕਰ ਰਿਹਾ ਹੈ ਪਰ ਭਾਰਤ ਨੇ ਇਸ ਬਰਾਮਦ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਹੈ।
ਕੀ ਭਾਰਤ ਆਪਣੀਆਂ ਘਰੇਲੂ ਲੋੜਾਂ ਨੂੰ ਪੂਰਾ ਕਰ ਸਕਦਾ ਹੈ
ਭਾਰਤ ਕੋਲ ਆਪਣੀ ਆਬਾਦੀ ਨੂੰ ਟੀਕਾ ਲਗਾਉਣ ਲਈ ਇੱਕ ਵੱਡੀ ਚੁਣੌਤੀ ਹੈ।
ਐੱਸਆਈਆਈ ਦੇ ਮੁਖੀ ਆਦਰ ਪੂਨਾਵਾਲਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ, "ਅਸੀਂ ਭਾਰਤ ਦੀਆਂ ਲੋੜਾਂ ਨੂੰ ਤਰਜੀਹ ਦੇ ਰਹੇ ਹਾਂ ਪਰ ਅਸੀਂ ਅਜੇ ਵੀ ਹਰੇਕ ਭਾਰਤੀ ਨੂੰ ਸਪਲਾਈ ਦੇਣ ਦੇ ਯੋਗ ਨਹੀਂ ਹਾਂ।”
ਇਹ ਵੀ ਪੜ੍ਹੋ:
7 ਅਪ੍ਰੈਲ ਤੱਕ ਲਗਭਗ 85 ਮਿਲੀਅਨ ਖੁਰਾਕਾਂ ਦਾ ਕੌਮੀ ਪੱਧਰ 'ਤੇ ਪ੍ਰਬੰਧ ਕੀਤਾ ਗਿਆ ਸੀ ਅਤੇ ਪ੍ਰੋਗਰਾਮ ਨੂੰ ਹਾਲ ਹੀ ਵਿੱਚ ਵਧਾਇਆ ਗਿਆ ਹੈ ਜਿਸ ਤਹਿਤ 45 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਸਰਕਾਰ ਦਾ ਕਹਿਣਾ ਹੈ ਕਿ ਟੀਕਾਕਰਨ ਅਜੇ ਤੱਕ ਵਿਸ਼ਾਲ ਸਮੂਹਾਂ ਤੱਕ ਨਹੀਂ ਵਧਾਇਆ ਜਾਏਗਾ ਕਿਉਂਕਿ ਜੁਲਾਈ ਤੱਕ 'ਸੀਮਤ ਸਪਲਾਈ' ਹੈ।
ਮਹਾਰਾਸ਼ਟਰ ਵਿੱਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਸਿਹਤ ਮੰਤਰੀ ਨੇ ਮੌਜੂਦਾ ਟੀਕੇ ਦੇ ਭੰਡਾਰਾਂ ਦੇ ਬਹੁਤ ਘੱਟ ਹੋਣ ਬਾਰੇ ਚਿੰਤਾ ਜ਼ਾਹਰ ਕੀਤੀ ਹੈ।
ਅਜਿਹੀ ਹੀ ਘਾਟ ਕਈ ਹੋਰ ਥਾਵਾਂ 'ਤੇ ਵੀ ਸਾਹਮਣੇ ਆਈ ਹੈ।
ਅਜੇ ਤੱਕ ਐੱਸਆਈਆਈ ਨੇ ਭਾਰਤ ਸਰਕਾਰ ਨੂੰ 166 ਮਿਲੀਅਨ ਖੁਰਾਕਾਂ ਦੀ ਸਪਲਾਈ ਕਰਨ ਦਾ ਸਮਝੌਤਾ ਕੀਤਾ ਹੈ ਅਤੇ ਇੱਕ ਹੋਰ ਕੰਪਨੀ ਭਾਰਤ ਬਾਇਓਟੈਕ ਨੇ 10 ਮਿਲੀਅਨ ਖੁਰਾਕਾਂ ਦੀ ਸਪਲਾਈ ਕਰਨ ਲਈ ਕਿਹਾ ਹੈ।
ਭਾਰਤ ਨੇ ਸਪੁਤਨਿਕ ਟੀਕੇ ਦੀਆਂ 200 ਮਿਲੀਅਨ ਖੁਰਾਕਾਂ ਦਾ ਉਤਪਾਦਨ ਕਰਨ ਲਈ ਰੂਸ ਦੇ ਗਾਮਾਲੇਆ ਰਿਸਰਚ ਇੰਸਟੀਚਿਊਟ ਨਾਲ ਲਾਇਸੈਂਸਿੰਗ ਸੌਦੇ ਵੀ ਕੀਤੇ ਹਨ।
ਇਹ ਭਾਰਤੀ ਨਿਰਮਾਤਾ ਕੰਪਨੀ ਵੱਲੋਂ ਤਿਆਰ ਕੀਤੇ ਜਾਣਗੇ, ਜੋ ਕਿ ਦੋਵੇਂ ਭਾਰਤੀ ਬਾਜ਼ਾਰਾਂ ਅਤੇ ਬਰਾਮਦ ਦੋਹਾਂ ਲਈ ਹੋਵੇਗਾ।
ਟੀਕੇ ਬਣਾਉਣ ਦੀ ਸਮਰੱਥਾ 'ਤਣਾਅ' ਵਾਲੀ ਕਿਉਂ ਹੈ
ਭਾਰਤ ਵਿੱਚ ਦੋ ਟੀਕਾ ਉਤਪਾਦਕਾਂ ਨੇ ਆਪਣੇ ਉਤਪਾਦਨ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਆਪਣੀ ਯੋਗਤਾ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ।
ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਕੰਪਨੀ ਐੱਸਆਈਆਈ ਜੋ ਨੋਵਾਵੈਕਸ ਅਤੇ ਐਸਟਰਾਜ਼ੈਨੇਕਾ ਟੀਕਾ ਤਿਆਰ ਕਰ ਰਹੀ ਹੈ, ਨੇ ਕੱਚੇ ਮਾਲ ਦੀ ਘਾਟ ਦੇ ਉਤਪਾਦਨ ਨੂੰ ਪ੍ਰਭਾਵਤ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਸ ਦੇ ਮੁੱਖ ਕਾਰਜਕਾਰੀ ਆਦਰ ਪੂਨਾਵਾਲਾ ਨੇ ਇਸ ਦਾ ਕਾਰਨ ਅਮਰੀਕਾ ਵੱਲੋਂ ਟੀਕਿਆਂ ਨੂੰ ਬਣਾਉਣ ਲਈ ਜ਼ਰੂਰੀ ਚੀਜ਼ਾਂ ਜਿਵੇਂ ਕਿ ਵਿਸ਼ੇਸ਼ ਬੈਗ ਅਤੇ ਫਿਲਟਰਾਂ ਦੀ ਬਰਾਮਦ 'ਤੇ ਪਾਬੰਦੀਆਂ ਲਗਾਉਣ ਨੂੰ ਦੱਸਿਆ ਹੈ।
ਕੰਪਨੀ ਨੇ ਕਿਹਾ ਕਿ ਇਸ ਨੂੰ ਸੈੱਲ ਕਲਚਰ ਮੀਡੀਆ, ਸਿੰਗਲ-ਯੂਜ਼ ਟਿਊਬਿੰਗ ਅਤੇ ਅਮਰੀਕਾ ਤੋਂ ਵਿਸ਼ੇਸ਼ ਰਸਾਇਣਾਂ ਦੀ ਦਰਾਮਦ ਕਰਨ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੂਨਾਵਾਲਾ ਨੇ ਕਿਹਾ, "ਕੱਚੇ ਮਾਲ ਦੀ ਕਮੀ ਕਾਫ਼ੀ ਅਹਿਮ ਸੀਮਤ ਕਾਰਕ ਬਣਨ ਜਾ ਰਿਹਾ ਹੈ, ਇਸ ਬਾਰੇ ਹਾਲੇ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਹੈ।"
ਐੱਸਆਈਆਈ ਨੇ ਮਾਰਚ ਵਿੱਚ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਸੀ ਕਿ ਵਿਸ਼ਵਵਿਆਪੀ ਤੌਰ 'ਤੇ ਬਿਨਾਂ ਰੁਕਾਵਟ ਨਿਰਮਾਣ ਅਤੇ ਟੀਕਿਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਦਖ਼ਲ ਦੇਣ।
ਇੱਕ ਹੋਰ ਭਾਰਤੀ ਨਿਰਮਾਤਾ ਕੰਪਨੀ ਬਾਇਓਲੋਜੀਕਲ ਈ, ਜੋ ਕਿ ਜੌਹਨਸਨ ਐਂਡ ਜੌਹਨਸਨ ਦਾ ਟੀਕਾ ਤਿਆਰ ਕਰ ਰਹੀ ਹੈ, ਨੇ ਵੀ ਟੀਕੇ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਸੰਭਾਵੀ ਕਮੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ।
ਕੰਪਨੀ ਦੀ ਮੁੱਖ ਕਾਰਜਕਾਰੀ ਮਹਿਮਾ ਦਾਤਲਾ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਅਮਰੀਕੀ ਸਪਲਾਇਰ ਇਹ ਯਕੀਨੀ ਕਰਨ ਤੋਂ ਝਿਜਕ ਰਹੇ ਹਨ ਕਿ ਉਹ ਆਪਣੀ ਸਪੁਰਦਗੀ ਦੀ ਸਮਾਂ ਸੀਮਾ ਨੂੰ ਜਾਰੀ ਰੱਖਣਗੇ।
ਅਮਰੀਕਾ ਸਪਲਾਈ 'ਤੇ ਪਾਬੰਦੀ ਕਿਉਂ ਲਗਾ ਰਿਹਾ ਹੈ
ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪ੍ਰਸ਼ਾਸਨ ਨੂੰ ਟੀਕੇ ਦੇ ਉਤਪਾਦਨ ਲਈ ਲੋੜੀਂਦੀ ਸਮੱਗਰੀ ਦੀ ਸੰਭਾਵੀ ਕਮੀ ਬਾਰੇ ਪਤਾ ਕਰਨ ਲਈ ਕਿਹਾ ਹੈ।
ਉਨ੍ਹਾਂ ਨੇ ਰੱਖਿਆ ਉਤਪਾਦਨ ਐਕਟ (ਡੀਪੀਏ) ਲਾ ਦਿੱਤਾ ਹੈ। 1950 ਦਾ ਉਹ ਕਾਨੂੰਨ ਜੋ ਐਮਰਜੈਂਸੀ ਵੇਲੇ ਅਮਰੀਕੀ ਰਾਸ਼ਟਰਪਤੀ ਨੂੰ ਘਰੇਲੂ ਆਰਥਿਕਤਾ ਨੂੰ ਲਾਮਬੰਦ ਕਰਨ ਦੀ ਤਾਕਤ ਦਿੰਦਾ ਹੈ।
ਡੀਪੀਏ ਅਮਰੀਕਾ ਨੂੰ ਉਨ੍ਹਾਂ ਉਤਪਾਦਾਂ ਦੇ ਬਰਾਮਦ 'ਤੇ ਰੋਕ ਲਗਾਉਣ ਦੀ ਇਜਾਜ਼ਤ ਦਿੰਦਾ ਹੈ ਜਿਹੜੀ ਘਰੇਲੂ ਨਿਰਮਾਣ ਲਈ ਲੋੜੀਂਦੀ ਹੋ ਸਕਦੀ ਹੈ।
ਬਾਇਡਨ ਪ੍ਰਸ਼ਾਸਨ ਨੇ ਫਰਵਰੀ ਵਿੱਚ ਕਿਹਾ ਸੀ ਕਿ ਉਹ ਇਸ ਐਕਟ ਦੀ ਵਰਤੋਂ ਉਨ੍ਹਾਂ ਚੀਜ਼ਾਂ ਦੀ ਸੂਚੀ ਵਧਾਉਣ ਲਈ ਕਰਨਗੇ ਜਿਨ੍ਹਾਂ ਨੂੰ ਅਮਰੀਕੀ ਟੀਕਾ ਨਿਰਮਾਤਾ ਪਹਿਲ 'ਤੇ ਲੈਣਗੇ, ਜਿਵੇਂ ਕਿ ਵਿਸ਼ੇਸ਼ ਪੰਪਾਂ ਅਤੇ ਫਿਲਟ੍ਰੇਸ਼ਨ ਯੂਨਿਟਾਂ।
ਵੱਖ-ਵੱਖ ਗਲੋਬਲ ਟੀਕਾ ਨਿਰਮਾਤਾਵਾਂ ਦੇ ਨੁਮਾਇੰਦਿਆਂ ਨੇ ਮਾਰਚ ਦੀ ਸ਼ੁਰੂਆਤ ਵਿੱਚ ਚਿੰਤਾਵਾਂ ਜ਼ਾਹਰ ਕਰਦਿਆਂ ਚੇਤਾਵਨੀ ਦਿੱਤੀ ਕਿ:
- ਸਪਲਾਇਰਾਂ ਵੱਲੋਂ ਬਰਾਮਦ ਪਾਬੰਦੀਆਂ ਗਲੋਬਲ ਉਤਪਾਦਨ ਨੂੰ ਪ੍ਰਭਾਵਤ ਕਰ ਸਕਦੀਆਂ ਹਨ
- ਕੁਝ ਚੀਜ਼ਾਂ ਵਿੱਚ ਮਾਨਕਾਂ ਦੀ ਘਾਟ ਹੁੰਦੀ ਹੈ ਅਤੇ
- ਹੋਰ ਕਿਸੇ ਥਾਂ ਤੋਂ ਉੱਚ-ਪੱਧਰੀ ਦੇ ਬਦਲ ਲਿਆਉਣ ਵਿੱਚ ਸਾਲ ਵੀ ਲੱਗ ਸਕਦਾ ਹੈ
ਲੀਵਰਪੂਲ ਦੇ ਜੌਨ ਮੂਰਜ਼ ਯੂਨੀਵਰਸਿਟੀ ਵਿੱਚ ਟੀਕਾ ਸਪਲਾਈ ਕਰਨ ਵਾਲੀਆਂ ਚੇਨਾਂ ਦੀ ਮਾਹਰ ਡਾ. ਸਾਰਾਹ ਸ਼ੀਫਲਿੰਗ ਦਾ ਕਹਿਣਾ ਹੈ ਕਿ ਫਾਰਮਾਸਿਊਟੀਕਲ ਸਪਲਾਈ ਦੀ ਲੜੀ ਬਹੁਤ ਗੁੰਝਲਦਾਰ ਹੈ।
ਕੋਰੋਨਾ ਨਾਲ ਸਬੰਧਤ ਹੋਰ ਖ਼ਬਰਾਂ-
- ਕੋਰੋਨਾ ਵੈਕਸੀਨ ਲਗਵਾਉਣ ਲਈ ਸਰਕਾਰ ਫ਼ੌਰੀ ਤੌਰ 'ਤੇ ਉਮਰ ਸੀਮਾ ਕਿਉਂ ਨਹੀਂ ਹਟਾ ਦਿੰਦੀ
- ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ IPL ਕਿਤੇ 'ਟਾਈਮ ਬੰਬ' ਤਾਂ ਨਹੀਂ ਬਣ ਜਾਵੇਗਾ
- ਕੋਰੋਨਾਵਾਇਰਸ: ਬ੍ਰਿਟੇਨ ਵਿੱਚ ਐਸਟਰਾਜ਼ੈਨੇਕਾ ਵੈਕਸੀਨ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ
- ਕੋਰੋਨਾ ਨਾਲ ਜੰਗ ਲੜਦੇ ਡਾਕਟਰ: 'ਲੋਕ ਜਸ਼ਨ ਮਨਾਉਣ ਤੋਂ ਪਹਿਲਾਂ ICU 'ਚ ਕੰਮ ਕਰਨ ਵਾਲਿਆਂ ਬਾਰੇ ਸੋਚਣ'
"ਜਦੋਂ ਮੰਗ ਬਹੁਤ ਜ਼ਿਆਦਾ ਹੁੰਦੀ ਹੈ, ਨਵੇਂ ਸਪਲਾਇਰ ਉੰਨੀ ਜਲਦੀ ਨਹੀਂ ਆ ਸਕਦੇ ਜਿੰਨੇ ਉਹ ਕੁਝ ਹੋਰ ਉਦਯੋਗਾਂ ਵਿੱਚ ਹੁੰਦੇ ਹਨ ਜਾਂ ਘੱਟੋ-ਘੱਟ ਉਨ੍ਹਾਂ ਨਵੇਂ ਸਪਲਾਇਰਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।"
ਉਹ ਇਹ ਵੀ ਕਹਿੰਦੇ ਹਨ ਕਿ ਅਮਰੀਕਾ ਦੀਆਂ ਪਾਬੰਦੀਆਂ ਮੌਜੂਦਾ ਵਿਸ਼ਵਵਿਆਪੀ ਘਾਟ ਪ੍ਰਤੀ ਉਨ੍ਹਾਂ ਦੀ ਪ੍ਰਤੀਕ੍ਰਿਆ ਹੈ ਕਿਉਂਕਿ ਉਹ ਇਸ ਦਾ ਕਾਰਨ ਹਨ।
ਉਨ੍ਹਾਂ ਕਿਹਾ, "ਕੁਝ ਹੱਦ ਤੱਕ ਕਿਸੇ ਵੀ ਉਤਪਾਦ ਲਈ ਲੋੜੀਂਦੀ ਸਮੱਗਰੀ ਦੀ ਘਾਟ ਅਣਗੌਲਿਆਂ ਨਹੀਂ ਕੀਤੀ ਜਾਵੇਗੀ, ਜਿਸ ਦੀ ਅਚਾਨਕ ਦੁਨੀਆਂ ਭਰ ਵਿੱਚ ਮੰਗ ਵਧੀ ਹੈ।"
ਟੀਕੇ ਦੇ ਉਤਪਾਦਨ 'ਤੇ ਅਸਰ
ਭਾਰਤ ਵਿੱਚ ਇਸ ਸਮੇਂ ਦੋ ਟੀਕੇ ਮਨਜ਼ੂਰ ਹਨ - ਓਕਸਫੋਰਡ-ਐਸਟ੍ਰਾਜ਼ੇਨੇਕਾ ਟੀਕਾ (ਜਿਸ ਨੂੰ ਸਥਾਨਕ ਤੌਰ 'ਤੇ ਕੋਵੀਸ਼ੀਲਡ ਕਿਹਾ ਜਾਂਦਾ ਹੈ) ਅਤੇ ਕੋਵੈਕਸਿਨ ਜੋ ਭਾਰਤੀ ਲੈਬ ਵਿੱਚ ਤਿਆਰ ਕੀਤੇ ਗਏ ਹਨ।
ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਕਈ ਹੋਰ ਟੀਕਿਆਂ ਨੂੰ ਪ੍ਰਵਾਨਗੀ ਦੇਵੇਗੀ।
ਜਨਵਰੀ ਦੀ ਸ਼ੁਰੂਆਤ ਤੋਂ ਐੱਸਆਈਆਈ ਤੋਂ ਕੋਵੀਸ਼ਿਲਡ ਦੀਆਂ ਲਗਭਗ 150 ਮਿਲੀਅਨ ਖੁਰਾਕਾਂ ਜਾਂ ਤਾਂ ਬਰਾਮਦ ਜਾਂ ਘਰੇਲੂ ਤੌਰ 'ਤੇ ਵਰਤੀਆਂ ਗਈਆਂ ਹਨ।
ਘਰੇਲੂ ਮੰਗ ਨੂੰ ਪੂਰਾ ਕਰਨ ਅਤੇ ਵਿਸ਼ਵਵਿਆਪੀ ਸਪਲਾਈ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਭਾਰਤੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਕੁਝ ਮਹੀਨਿਆਂ ਤੋਂ ਨਵੀਂਆਂ ਸਹੂਲਤਾਂ ਜੋੜ ਕੇ ਜਾਂ ਮੌਜੂਦਾ ਉਤਪਾਦਨ ਨੂੰ ਬਦਲ ਕੇ ਉਤਪਾਦਨ ਨੂੰ ਵਧਾ ਰਹੀਆਂ ਹਨ।
ਸੀਰਮ ਇੰਸਟੀਚਿਊਟ ਨੇ ਜਨਵਰੀ ਵਿੱਚ ਕਿਹਾ ਸੀ ਕਿ ਇਸ ਸਮੇਂ ਉਹ ਇੱਕ ਮਹੀਨੇ ਵਿੱਚ 60 ਤੋਂ 70 ਮਿਲੀਅਨ ਟੀਕੇ ਦੀਆਂ ਖੁਰਾਕਾਂ ਬਣਾ ਸਕਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਵਿੱਚ ਕੋਵੀਸ਼ਿਲਡ ਅਤੇ ਅਮਰੀਕਾ ਵੱਲੋਂ ਵਿਕਸਤ ਨੋਵਾਵੈਕਸ (ਅਜੇ ਤੱਕ ਵਰਤੋਂ ਲਈ ਮਨਜ਼ਰੂ ਨਹੀਂ ਹੈ) ਸ਼ਾਮਲ ਹਨ।
ਐੱਸਆਈਆਈ ਨੇ ਬੀਬੀਸੀ ਨੂੰ ਉਦੋਂ ਦੱਸਿਆ ਸੀ ਕਿ ਉਨ੍ਹਾਂ ਦਾ ਮਾਰਚ ਤੋਂ ਇੱਕ ਮਹੀਨੇ ਵਿੱਚ 100 ਮਿਲੀਅਨ ਖੁਰਾਕਾਂ ਦਾ ਉਤਪਾਦਨ ਕਰਨ ਦਾ ਟੀਚਾ ਹੈ।
ਪਰ ਜਦੋਂ ਅਸੀਂ ਹਾਲ ਹੀ ਵਿੱਚ ਉਨ੍ਹਾਂ ਨਾਲ ਮੁੜ ਸੰਪਰਕ ਕੀਤਾ ਤਾਂ ਉਤਪਾਦਨ ਅਜੇ ਵੀ 60 ਤੋਂ 70 ਮਿਲੀਅਨ ਖੁਰਾਕਾਂ 'ਤੇ ਹੀ ਸੀ।
ਆਦਰ ਪੂਨਾਵਾਲਾ ਦਾ ਕਹਿਣਾ ਹੈ ਕਿ 100 ਮਿਲੀਅਨ ਤੱਕ ਦਾ ਟੀਚਾ ਜੂਨ ਤੱਕ ਹੀ ਸੰਭਵ ਹੋਵੇਗਾ।
ਕੋਵੈਕਸ ਸਪਲਾਈ 'ਤੇ ਅਸਰ
ਪਿਛਲੇ ਸਾਲ ਸਤੰਬਰ ਵਿੱਚ ਐੱਸਆਈਆਈ ਨੇ ਕੋਵੈਕਸ ਨੂੰ 200 ਮਿਲੀਅਨ ਖੁਰਾਕਾਂ ਦੀ ਸਪਲਾਈ ਕਰਨ ਲਈ ਸਹਿਮਤੀ ਦਿੱਤੀ ਸੀ। ਇਹ ਟੀਕਾ ਵਿਸ਼ਵ ਸਿਹਤ ਸੰਗਠਨ ਦੇ ਪ੍ਰੋਗਰਾਮ ਤਹਿਤ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸਾਂ ਨੂੰ ਇਸ ਦੀ ਸਪਲਾਈ ਯਕੀਨੀ ਬਣਾਉਣ ਲਈ ਹੈ।
ਐਸਟਰਾਜ਼ੈਨੇਕਾ ਅਤੇ ਨੋਵਾਵੈਕਸ ਟੀਕੇ ਹਰੇਕ ਦੀਆਂ 100 ਮਿਲੀਅਨ ਖੁਰਾਕਾਂ ਦੇਣੀਆਂ ਹਨ।
ਹਾਲਾਂਕਿ ਬਰਾਮਦ 'ਤੇ ਰੋਕ ਦਾ ਮਤਲਬ ਹੈ ਕਿ ਮਾਰਚ ਵਿੱਚ ਹੋਣ ਵਾਲੀਆਂ 40 ਮਿਲੀਅਨ ਖੁਰਾਕਾਂ ਨਹੀਂ ਮਿਲੀਆਂ ਅਤੇ ਅਪ੍ਰੈਲ ਵਿੱਚ ਹੋਰ ਦੇਰੀ ਹੋਣ ਦੀ ਸੰਭਾਵਨਾ ਹੈ।
ਭਾਰਤ ਨੂੰ ਖੁਦ ਹੁਣ ਤੱਕ ਕੋਵੈਕਸ ਸਮਝੌਤੇ ਦੇ ਤਹਿਤ 10 ਮਿਲੀਅਨ ਖੁਰਾਕਾਂ ਮਿਲੀਆਂ ਹਨ ਜੋ ਕਿ ਹੁਣ ਤੱਕ ਕਿਸੇ ਵੀ ਦੇਸ ਵੱਲੋਂ ਲਈਆਂ ਸਭ ਤੋਂ ਵੱਧ ਖੁਰਾਕਾਂ ਹਨ।
ਯੂਐੱਨ ਦੇ ਅੰਕੜਿਆਂ ਅਨੁਸਾਰ ਐੱਸਆਈਆਈ ਨੇ ਐਸਟਰਾਜ਼ੇਨੇਕਾ ਟੀਕੇ ਦੀਆਂ 900 ਮਿਲੀਅਨ ਤੋਂ ਵੱਧ ਖੁਰਾਕਾਂ ਅਤੇ ਨੋਵਾਵੈਕਸ ਦੀਆਂ 145 ਮਿਲੀਅਨ ਖੁਰਾਕਾਂ ਦੇ ਨਾਲ ਦੁਵੱਲੇ ਵਪਾਰਕ ਸੌਦੇ ਵੀ ਕੀਤੇ ਹਨ।
ਭਾਰਤ ਸਰਕਾਰ ਨੇ ਕਈ ਦੇਸਾਂ ਨੂੰ ਟੀਕੇ ਦਾਨ ਵੀ ਕੀਤੇ ਹਨ ਖਾਸ ਤੌਰ 'ਤੇ ਦੱਖਣੀ ਏਸ਼ੀਆ ਵਿੱਚ ਆਪਣੇ ਗੁਆਂਢੀਆਂ ਨੂੰ।
ਬਰਾਮਦ 'ਤੇ ਪਾਬੰਦੀ ਲੱਗਣ ਤੋਂ ਪਹਿਲਾਂ ਭਾਰਤ ਨੇ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਟੀਕੇ ਦਾਨ ਕੀਤੇ ਸਨ। ਹੁਣ ਚੀਨ ਕਰ ਰਿਹਾ ਹੈ।
ਇਹ ਵੀ ਪੜ੍ਹੋ: