ਕੋਰੋਨਾਵਇਰਸ: ਬੱਚਿਆਂ ਨੂੰ ਖ਼ਤਰੇ ਬਾਰੇ ਵਿਗਿਆਨੀ ਕੀ ਨਵਾਂ ਦੱਸ ਰਹੇ ਹਨ

ਯੂਕੇ ਵਿੱਚ ਹੋਏ ਇੱਕ ਵਿਸ਼ਲੇਸ਼ਣ ਅਨੁਸਾਰ ਬੱਚਿਆਂ ਵਿੱਚ ਕੋਰੋਨਾਵਾਇਰਸ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਹੋਣ ਅਤੇ ਜਾਨ ਜਾਣ ਦਾ ਖ਼ਤਰਾ ਕਾਫ਼ੀ ਘੱਟ ਹੈ।

ਮਹਾਂਮਾਰੀ ਦੇ ਪਹਿਲੇ 12 ਮਹੀਨਿਆਂ ਦੌਰਾਨ ਯੂਕੇ ਵਿੱਚ 18 ਸਾਲ ਤੋਂ ਘੱਟ ਉਮਰ ਦੇ 25 ਵਿਅਕਤੀਆਂ ਦੀ ਮੌਤ ਹੋਈ ਸੀ।

ਗੰਭੀਰ ਬਿਮਾਰੀਆਂ ਤੋਂ ਪੀੜਿਤ ਬੱਚਿਆਂ ਵਿੱਚ ਇਸ ਦਾ ਖਤਰਾ ਜ਼ਿਆਦਾ ਹੈ ਪਰ ਜ਼ਿਆਦਾਤਰ ਬੱਚਿਆਂ ਲਈ ਜਾਨਲੇਵਾ ਨਹੀਂ ਹੈ।

ਟੀਕਾਕਰਨ ਨਾਲ ਸੰਬੰਧਿਤ ਯੂਕੇ ਦੇ ਸਲਾਹਕਾਰ ਸਮੂਹ ਵੱਲੋਂ ਇਸ ਵਿਸ਼ਲੇਸ਼ਣ ਉਪਰ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਫਿਲਹਾਲ 18 ਸਾਲ ਤੋਂ ਘੱਟ ਉਮਰ ਦੇ ਵਰਗ ਦਾ ਟੀਕਾਕਰਨ ਨਹੀ ਕੀਤਾ ਜਾ ਰਿਹਾ।

ਯੂਨੀਵਰਸਿਟੀ ਕਾਲਜ ਲੰਡਨ, ਯਾਰਕ, ਬ੍ਰਿਸਟਲ ਅਤੇ ਲਿਵਰਪੂਲ ਯੂਨੀਵਰਸਿਟੀਆਂ ਦੇ ਸਾਇੰਸਦਾਨਾਂ ਨੇ ਇਹ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਬੱਚਿਆਂ ਬਾਰੇ ਉਨ੍ਹਾਂ ਦੀ ਇਹ ਖੋਜ ਵਿਆਪਕ ਹੈ ਅਤੇ ਦੁਨੀਆਂ ਵਿੱਚ ਹਾਲੇ ਕਿਤੇ ਹੋਰ ਨਹੀ ਕੀਤੀ ਗਈ ਹੈ।

ਉਨ੍ਹਾਂ ਨੇ ਇੰਗਲੈਂਡ ਦਾ ਜਨਤਕ ਸਿਹਤ ਡੇਟਾ ਦੇਖਿਆ ਅਤੇ ਇਸ ਨਤੀਜੇ 'ਤੇ ਪੁੱਜੇ ਕਿ ਕੋਰੋਨਾਵਾਇਰਸ ਕਾਰਨ ਜਾਨ ਗੁਆਉਣ ਵਾਲੇ ਜ਼ਿਆਦਾਤਰ ਬੱਚੇ ਕਿਸੇ ਹੋਰ ਬਿਮਾਰੀ ਨਾਲ ਪੀੜਤ ਸਨ।

15 ਬੱਚੇ ਗੰਭੀਰ ਬਿਮਾਰੀਆਂ ਨਾਲ ਪੀੜਤ ਸਨ ਜਿਨ੍ਹਾਂ ਵਿੱਚੋਂ 13 ਦਿਮਾਗੀ ਪ੍ਰਣਾਲੀ ਨਾਲ ਸਬੰਧਿਤ ਗੰਭੀਰ ਬਿਮਾਰੀਆਂ ਦੇ ਮਰੀਜ਼ ਸਨ।

6 ਬੱਚਿਆਂ ਵਿੱਚ ਪਿਛਲੇ ਪੰਜ ਸਾਲਾਂ ਤੋਂ ਕੋਈ ਗੰਭੀਰ ਬਿਮਾਰੀਆਂ ਨਹੀਂ ਸਨ ਪਰ ਮਾਹਿਰਾਂ ਅਨੁਸਾਰ ਹੋ ਸਕਦਾ ਹੈ ਕੁਝ ਬਿਮਾਰੀਆਂ ਬਾਰੇ ਪਤਾ ਨਾ ਲੱਗ ਸਕਿਆ ਹੋਵੇ।

36 ਬੱਚੇ ਆਪਣੀ ਮੌਤ ਦੇ ਸਮੇਂ ਕੋਵਿਡ ਪੌਜ਼ੀਟਿਵ ਸਨ ਪਰ ਉਨ੍ਹਾਂ ਦੀ ਮੌਤ ਦੇ ਕਾਰਨ ਹੋਰ ਸਨ।

ਇਹ ਵੀ ਪੜ੍ਹੋ:

ਮੁੱਖ ਤੌਰ ’ਤੇ ਬੱਚਿਆਂ ਵਿੱਚ ਇਸ ਦਾ ਖਤਰਾ ਘੱਟ ਹੈ ਪਰ ਜਿਹੜੇ ਬੱਚੇ ਅਤੇ ਜਵਾਨ ਲੋਕ ਇਸ ਦਾ ਸ਼ਿਕਾਰ ਹੋਏ ਹਨ ਉਨ੍ਹਾਂ ਵਿੱਚੋਂ ਬਹੁਤੇ 10 ਸਾਲ ਤੋਂ ਵੱਡੀ ਉਮਰ ਦੇ ਅਤੇ ਸਿਆਹਫ਼ਾਮ ਜਾਂ ਏਸ਼ੀਆਈ ਪਿਛੋਖੜ ਤੋਂ ਸਨ।

ਖੋਜਕਾਰਾਂ ਅਨੁਸਾਰ ਇੰਗਲੈਂਡ ਵਿੱਚ ਲਗਭਗ ਇੱਕ ਕਰੋੜ ਵੀਹ ਲੱਖ ਬੱਚੇ ਹਨ ਜਿਨ੍ਹਾਂ ਵਿੱਚੋਂ 25 ਦੀ ਮਹਾਂਮਾਰੀ ਕਾਰਨ ਮੌਤ ਹੋਈ ਹੈ। ਇਸ ਹਿਸਾਬ ਨਾਲ 10 ਲੱਖ ਪਿੱਛੇ ਦੋ ਬੱਚੇ ਇਸ ਦਾ ਸ਼ਿਕਾਰ ਹੋਏ ਹਨ।

ਯੂਕੇ ਵਿੱਚ ਮਹਾਂਮਾਰੀ ਦੀ ਸ਼ੁਰੁਆਤ ਤੋਂ ਲੈ ਕੇ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਇਹ ਲੋਕ ਪੌਜ਼ੀਟਿਵ ਆਉਣ ਤੋਂ ਬਾਅਦ 28 ਦਿਨ ਦੇ ਅੰਦਰ- ਅੰਦਰ ਆਪਣੀ ਜਾਨ ਗਵਾ ਬੈਠੇ।

ਜ਼ਿਆਦਾਤਰ ਹਸਪਤਾਲ ਵਿੱਚ ਨਹੀਂ ਰਹਿਣਾ ਪੈਂਦਾ

ਵਿਗਿਆਨਕਾਂ ਨੇ ਬੱਚੇ ਅਤੇ ਜਵਾਨ ਲੋਕਾਂ ਦੇ ਹਸਪਤਾਲ ਵਿੱਚ ਐਮਰਜੈਂਸੀ ਹਾਲਤਾਂ ਵਿੱਚ ਭਰਤੀ ਕੀਤੇ ਜਾਣ ਦਾ ਵੀ ਵਿਸ਼ਲੇਸ਼ਣ ਕੀਤਾ। ਕੋਰੋਨਾਵਾਇਰਸ ਦੀ ਸ਼ੁਰੂਆਤ ਤੋਂ ਲੈ ਕੇ ਫਰਵਰੀ 2021 ਤੱਕ:-

ਲਗਭਗ 5800 ਬੱਚੇ ਕੋਰੋਨਾਵਾਇਰਸ ਪੌਜ਼ੀਟਿਵ ਹੋਣ ਤੋਂ ਬਾਅਦ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਭਰਤੀ ਹੋਏ। ਵੱਡੀ ਉਮਰ ਦੇ ਲੋਕਾਂ ਵਿੱਚ ਇਹ ਗਿਣਤੀ 3,67,600 ਸੀ।

ਲਗਭਗ 250 ਬੱਚਿਆਂ ਨੂੰ ਇੰਟੈਂਸਿਵ ਕੇਅਰ ਵਿੱਚ ਰੱਖਣ ਦੀ ਜ਼ਰੂਰਤ ਪਈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

690 ਬੱਚੇ ਕੋਰੋਨਾਵਾਇਰਸ ਨਾਲ ਸਬੰਧਿਤ ਪੀਡੀਐਟਰਿਕ ਇਨਫਲੇਮੇਟਰੀ ਮਲਟੀ ਸਿਸਟਮ ਸਿੰਡਰੋਮ ਬਿਮਾਰੀ ਕਰਕੇ ਭਰਤੀ ਹੋਏ।

ਹਾਲਾਂਕਿ ਬੱਚਿਆਂ ਵਿੱਚ ਖ਼ਤਰਾ ਘੱਟ ਸੀ ਪਰ ਦਿਲ, ਦਿਮਾਗੀ ਪ੍ਰਣਾਲੀ ਨਾਲ ਸੰਬੰਧਿਤ ਬਿਮਾਰੀਆਂ ਤੋਂ ਪੀੜਤ ਅਤੇ ਮੋਟੇ ਬੱਚਿਆਂ ਵਿੱਚ ਇਸ ਦਾ ਖ਼ਤਰਾ ਜ਼ਿਆਦਾ ਸੀ।

ਮੁੱਖ ਖੋਜਕਾਰ ਪ੍ਰੋਫੈਸਰ ਰਸਲ ਵਾਈਨਰ ਅਨੁਸਾਰ ਬੱਚਿਆਂ ਵਿੱਚ ਟੀਕਾਕਰਨ ਅਤੇ ਉਨ੍ਹਾਂ ਨੂੰ ਮਹਾਂਮਾਰੀ ਤੋਂ ਬਚਾਉਣ ਦੇ ਫ਼ੈਸਲੇ ਲਈ ਕਈ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ ਅਤੇ ਇਸ ਲਈ ਕੇਵਲ ਉਨ੍ਹਾਂ ਦਾ ਇਹ ਵਿਸ਼ਲੇਸ਼ਣ ਕਾਫ਼ੀ ਨਹੀਂ।

ਪਰ ਜੇਕਰ ਬੱਚਿਆਂ ਲਈ ਭਰਪੂਰ ਮਾਤਰਾ ਵਿੱਚ ਟੀਕੇ ਹੋਣ ਤਾਂ ਉਨ੍ਹਾਂ ਦੀ ਇਹ ਖੋਜ ਵਿਸ਼ੇਸ਼ ਵਰਗ ਦੇ ਬੱਚਿਆਂ ਲਈ ਮਦਦਗਾਰ ਸਾਬਤ ਹੋ ਸਕਦੀ ਹੈ।

ਉਨ੍ਹਾਂ ਅਨੁਸਾਰ, "ਸਾਡੇ ਵਿਸ਼ਲੇਸ਼ਣ ਤੋਂ ਅਤੇ ਮੇਰੀ ਨਿੱਜੀ ਰਾਇ ਅਨੁਸਾਰ ਜਿਨ੍ਹਾਂ ਸਮੂਹਾਂ ਉਪਰ ਅਸੀਂ ਖੋਜ ਕੀਤੀ ਹੈ ਉਨ੍ਹਾਂ ਦੇ ਟੀਕਾਕਰਨ ਲਈ ਵਾਜਬ ਕਾਰਨ ਹਨ।"

"ਬੱਚਿਆਂ ਵਿੱਚ ਮੌਤ ਦਾ ਖ਼ਤਰਾ ਜ਼ਿਆਦਾ ਨਹੀਂ ਹੈ ਪਰ ਜੋ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ ਅਤੇ ਜਿਨ੍ਹਾਂ ਨੂੰ ਇੰਟੈਂਸਿਵ ਕੇਅਰ ਦੀ ਜ਼ਰੂਰਤ ਪਈ ਉਨ੍ਹਾਂ ਵਾਸਤੇ ਆਮ ਲੋਕਾਂ ਨਾਲੋਂ ਖ਼ਤਰਾ ਫਿਰ ਵੀ ਵੱਧ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਟੀਕਾਕਰਨ ਬਾਰੇ ਦੂਸਰੇ ਦੇਸ਼ ਜਿਨ੍ਹਾਂ ਵਿੱਚ ਅਮਰੀਕਾ ਤੇ ਇਜ਼ਰਾਈਲ ਸ਼ਾਮਲ ਹਨ, ਦੇ ਆਂਕੜਿਆਂ ਉੱਪਰ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਵਿਚਾਰ ਕਰਨਾ ਚਾਹੀਦਾ ਹੈ।

ਰਾਇਲ ਕਾਲਜ ਆਫ ਪਿਡੀਆਟ੍ਰਿਕਸ ਐਂਡ ਚਾਈਲਡ ਹੈਲਥ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਡਾ. ਐਲਿਜ਼ਾਬੈੱਥ ਅਨੁਸਾਰ ਇਹ ਇੱਕ ਚੰਗੀ ਗੱਲ ਹੈ ਕਿ ਹਸਪਤਾਲਾਂ ਵਿੱਚ ਗੰਭੀਰ ਤੌਰ ’ਤੇ ਬਿਮਾਰ ਬੱਚਿਆਂ ਦੀ ਗਿਣਤੀ ਘੱਟ ਹੈ।

ਉਨ੍ਹਾਂ ਅਨੁਸਾਰ, "ਹਾਲਾਂਕਿ ਇਹ ਡੇਟਾ ਫਰਵਰੀ ਤੱਕ ਦਾ ਹੈ ਪਰ ਡੈਲਟਾ ਵੇਰੀਐਂਟ ਆਉਣ ਤੋਂ ਬਾਅਦ ਵੀ ਕੋਈ ਵੱਡਾ ਅਸਰ ਨਹੀਂ ਪਿਆ। ਸਾਨੂੰ ਉਮੀਦ ਹੈ ਕਿ ਇਹ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੌਸਲਾ ਦੇਵੇਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)