ਹਰਲੀਨ ਦਿਓਲ ਲਈ ਸਚਿਨ ਤੇਂਦੁਲਕਰ ਨੇ ਕਿਉਂ ਕਿਹਾ,'ਮੇਰੇ ਲਈ ਇਹ ਕੈਚ ਆਫ਼ ਦਾ ਯੀਅਰ'

ਹਿਮਾਚਲ ਪ੍ਰਦੇਸ਼ ਲਈ ਖੇਡਣ ਵਾਲੀ ਕ੍ਰਿਕਟ ਖਿਡਾਰਨ ਹਰਲੀਨ ਦਿਓਲ ਵੱਲੋਂ ਇੰਗਲੈਂਡ ਖ਼ਿਲਾਫ਼ ਖੇਡੇ ਜਾ ਰਹੇ ਪਹਿਲੇ ਟੀ-20 ਮੈਚ ਵਿੱਚ ਫੜਿਆ ਗਿਆ ਮਾਅਰਕੇਦਾਰ ਕੈਚ, ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਰਲੀਨ ਦਿਓਲ ਬਾਲ ਫੜਨ ਲਈ ਛਲਾਂਗ ਲਗਾਉਂਦੇ ਹਨ ਪਰ ਜਲਦੀ ਹੀ ਸਮਝ ਜਾਂਦੇ ਹਨ ਕਿ ਉਨ੍ਹਾਂ ਦਾ ਪੈਰ ਬਾਊਂਡਰੀ ਤੋਂ ਪਾਰ ਚਲਿਆ ਗਿਆ ਹੈ।

ਉਹ ਤੁਰੰਤ ਗੇਂਦ ਨੂੰ ਵਾਪਸ ਹਵਾ ਵਿੱਚ ਉਛਾਲ ਦਿੰਦੇ ਹਨ ਅਤੇ ਬਾਊਂਡਰੀ ਦੇ ਅੰਦਰ ਆ ਕੇ ਮੁੜ ਕੈਚ ਕਰ ਲੈਂਦੇ ਹਨ।

ਸਚਿਨ ਤੈਂਦੂਲਰਕ ਨੇ ਟਵੀਟ ਕਰਕੇ ਇਸ ਕੈਚ ਬਿਹਤਰੀਨ ਕੈਚ ਦੱਸਿਆ। ਉਨ੍ਹਾਂ ਨੇ ਲਿਖਿਆ,'' ਮੇਰੇ ਲਈ ਇਹ ਕੈਚ ਆਫ਼ ਦਾ ਯੀਅਰ ਹੈ।''

ਇਹ ਵੀ ਪੜ੍ਹੋ:

23 ਸਾਲਾ ਕ੍ਰਿਕਟ ਖਿਡਾਰਨ ਹਰਲੀਨ ਨੇ ਇਹ ਕੈਚ ਨੌਰਥੈਂਪਟਨ ਵਿੱਚ ਖੇਡੇ ਜਾ ਰਹੇ ਪਹਿਲੇ ਟੀ-20 ਮੈਚ ਵਿੱਚ ਸ਼ੁੱਕਰਵਾਰ ਨੂੰ ਕੀਤਾ। ਹਾਲਾਂਕਿ ਇਹ ਮੈਚ ਭਾਰਤ ਹਾਰ ਗਿਆ ਪਰ ਹਰਲੀਨ ਦੇ ਕੈਚ ਦੀ ਵੀਡੀਓ ਅਤੇ ਉਸ ਦੀ ਕੋਸ਼ਿਸ਼ ਵਾਇਰਲ ਹੋ ਗਈ।

ਹਰਲੀਨ ਨੇ ਇਹ ਕੈਚ ਮੈਚ ਦੇ 19ਵੇਂ ਓਵਰ ਵਿੱਚ ਕੀਤਾ ਜਦੋਂ ਇੰਗਲੈਂਡ ਦੀ ਐਮੀ ਜੋਨਜ਼ ਨੇ ਭਾਰਤੀ ਗੇਂਦਬਾਜ਼ ਸ਼ਿਖ਼ਾ ਪਾਂਡੇ ਦੀ ਬਾਲ 'ਤੇ ਸ਼ਾਟ ਮਾਰਿਆ।

ਜਿਉਂ ਹੀ ਬਾਲ ਲਾਂਗ ਔਫ਼ ਵੱਲ ਗਈ ਹਰਲੀਨ ਨੇ ਪੂਰਾ ਤਾਣ ਲਗਾ ਕੇ ਉਸ ਨੂੰ ਦਬੋਚ ਲਿਆ।

ਕਿਸ ਨੇ ਹਰਲੀਨ ਬਾਰੇ ਕੀ ਲਿਖਿਆ

ਉੱਥੇ ਹੀ ਮਹਿੰਦਰਾ ਐਂਡ ਮਹਿੰਦਰਾ ਵਾਲੇ ਆਨੰਦ ਮਹਿੰਦਰਾ ਨੇ ਹਰਲੀਨ ਨੂੰ ਵੰਡਰਵੂਮੈਨ ਦੱਸਿਆ।

ਉਨ੍ਹਾਂ ਨੇ ਲਿਖਿਆ,"ਨਹੀਂ, ਇਹ ਸੰਭਵ ਨਹੀਂ ਹੈ, ਇਹ ਨਹੀ ਹੋ ਸਕਦਾ। ਕੋਈ ਸਪੈਸ਼ਲ ਇਫੈਕਟ ਦੀ ਟਰਿੱਕ ਹੋਣੀ ਐ। ਕੀ? ਇਹ ਸੱਚ ਹੈ? ਅਸਲੀ ਵੰਡਰ ਵੂਮੈਨ ਤਾਂ ਇੱਥੇ ਹੈ।"

ਸਾਬਕਾ ਕ੍ਰਿਕਟਰ ਵੀਵੀਐੱਸ ਲਕਸ਼ਮਣ ਨੇ ਇਸ ਨੂ ਅਜਿਹਾ ਕੈਚ ਦੱਸਿਆ ਜੋ ਕ੍ਰਿਕਟ ਦੇ ਮੈਦਾਨ ਵਿੱਚ ਕਦੇ-ਕਦੇ ਹੀ ਦੇਖਣ ਨੂੰ ਮਿਲਦਾ ਹੈ। ਵਾਕਈ ਟੌਪ ਕਲਾਸ।

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਤਾੜੀਆਂ ਦਾ ਨਿਸ਼ਾਨ ਬਣਾ ਕੇ ਟਵੀਟ ਕੀਤਾ

ਬਾਲੀਵੂੱਡ ਅਦਾਕਾਰ ਫਰਹਾਨ ਅਖ਼ਤਰ ਨੇ ਵੀ ਹਰਲੀਨ ਦੀ ਤਾਰੀਫ਼ ਕੀਤੀ।

ਕੇਂਦਰੀ ਮੰਤਰੀ ਸਿਵਲ ਏਵੀਏਸ਼ਨ ਜਯੋਤੀਰਾਦਿੱਤਿਆ ਸਿੰਧੀਆ ਨੇ ਵੀ ਆਪਣੇ ਟਵੀਟ ਵਿੱਚ ਇਸ ਨੂੰ "ਫੀਲਡਿੰਗ ਦੇ ਕੁਝ ਬਿਹਤਰੀਨ ਪਲਾਂ ਵਿੱਚੋਂ ਇੱਕ" ਦੱਸਿਆ।

ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੇ ਟਵੀਟ ਵਿੱਚ ਲਿਖਿਆ- ਮੈਂ ਝੁਕ ਕੇ ਸਲਾਮ ਕਰਦਾ ਹਾਂ, ਹਰਲੀਨ ਦਿਓਲ ਇਹ ਬਿਲਕੁਲ ਆਊਟਸਟੈਂਡਿੰਗ ਹੈ।

ਇੱਕ ਹੋਰ ਟਵਿੱਟਰ ਯੂਜ਼ਰ ਫਨੀ ਬੁਆਏ ਨੇ ਉਸ ਬੈਟਸਮੈਨ ਬਾਰੇ ਸੋਚਦਿਆਂ ਟਵੀਟ ਕੀਤਾ ਜਿਸ ਨੇ ਇਸ ਸ਼ਾਟ ਨੂੰ ਸਿਕਸਰ ਸਮਝ ਲਿਆ ਹੋਵੇਗਾ ਪਰ ਹਰਲੀਨ ਨੇ ਕੈਚ ਵਿੱਚ ਬਦਲ ਦਿੱਤਾ।

ਜਾਣੋ ਹਰਲੀਨ ਕੌਰ ਬਾਰੇ

ਹਰਲੀਨ ਕੌਰ ਚੰਡੀਗੜ੍ਹ ਨਾਲ ਸਬੰਧ ਰੱਖਦੀ ਹੈ ਪਰ ਅੱਜਕੱਲ੍ਹ ਇਹ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਰਹਿੰਦੇ ਹਨ। ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪਿਤਾ ਦੀ ਨੌਕਰੀ ਦੀ ਬਦਲੀ ਕਾਰਨ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਸ਼ਿਫਟ ਹੋਣਾ ਪਿਆ।

ਉਹ ਹੁਣ ਹਿਮਾਚਲ ਪ੍ਰਦੇਸ਼ ਲਈ ਖੇਡਦੇ ਹਨ।

ਹਰਲੀਨ ਇੱਕ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸਪਿਨ ਗੇਂਦਬਾਜ਼ਾਂ ਖ਼ਿਲਾਫ਼ ਖ਼ਾਸ ਤੌਰ ਤੇ ਵਧੀਆ ਖੇਡਦੇ ਹਨ।

ਉਨ੍ਹਾਂ ਨੇ ਬਚਪਨ ਵਿੱਚ ਗਲੀ ਕ੍ਰਿਕਿਟ ਵੀ ਖੇਡਿਆ ਹੈ, ਜਿਸ ਤੋਂ ਹਾਲਾਂਕਿ ਗੁਆਂਢੀ ਤਾਂ ਖ਼ੁਸ਼ ਨਹੀਂ ਹੁੰਦੇ ਸਨ ਪਰ ਉਨ੍ਹਾਂ ਦੀ ਮਾਂ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)