ਸੈਲਾਨੀਆਂ ਲਈ ਪੁਲਾੜ ਯਾਤਰਾ ਕੀ ਹੈ ਜਿਸ 'ਚ ਭਾਰਤੀ ਮਹਿਲਾ ਵੀ ਸ਼ਾਮਲ

ਆਂਧਰਾ ਪ੍ਰਦੇਸ਼ ਦੀ ਸਿਰੀਸ਼ਾ ਬਾਂਦਲਾ ਉਨ੍ਹਾਂ ਚਾਰ ਲੋਕਾਂ ਵਿੱਚ ਸ਼ੁਮਾਰ ਹੋਣਗੇ ਜੋ ਯੂਕੇ ਦੇ ਸਨਅਤਕਾਰ ਰਿਚਰਡ ਬਰੈਨਸਨ ਦੀ ਵਰਜਿਨ ਗਲੈਕਟਿਕ ਕੰਪਨੀ ਵਿੱਚ ਪੁਲਾੜ ਦੀ ਯਾਤਰਾ ਕਰਨਗੇ।

ਰਿਚਰਡ ਬਰੈਨਸਨ ਦਾ ਮਕਸਦ ਇੱਕ ਅਜਿਹੀ ਕਮਰਸ਼ੀਅਲ ਪੁਲਾੜ ਉਡਾਣ ਸੇਵਾ ਜਾਂ ਸਪੇਸ ਟੂਰਿਜ਼ਮ ਦੀ ਸ਼ੁਰੂਆਤ ਕਰਨਾ ਹੈ ਜਿਸ ਨਾਲ ਕ੍ਰਿਊ ਨੂੰ ਸਾਡੀ ਧਰਤੀ ਦੀ ਅਨੋਖੀ ਤਸਵੀਰ ਨਜ਼ਰ ਆਵੇਗੀ।

ਇਸ ਲਈ ਉਹ 11 ਜੁਲਾਈ ਨੂੰ ਇਹ ਟੈਸਟ ਉਡਾਣ ਭਰਨ ਵਾਲੇ ਹਨ।

ਟੈਸਟ ਫਲਾਈਟ ਉੱਤੇ ਸਫ਼ਰ ਕਰਨ ਵਾਲੇ ਚਾਰ ਲੋਕਾਂ ਵਿੱਚ ਸਰ ਰਿਚਰਡ ਹੋਣਗੇ।

ਇਨ੍ਹਾਂ ਵਿੱਚ ਗਲੈਕਟਿਕ ਦਾ ਮੁੱਖ ਪੁਲਾੜ ਯਾਤਰੀ ਨਿਰਦੇਸ਼ਕ ਬੈਥ ਮੋਜ਼ੇਸ, ਲੀਡ ਆਪ੍ਰੇਸ਼ਨ ਇੰਜੀਨੀਅਰ ਕੋਲਿਨ ਬੇਨੇਟ ਅਤੇ ਸਰਕਾਰੀ ਮਾਮਲਿਆਂ ਦੀ ਉਪ ਪ੍ਰਧਾਨ ਸਿਰੀਸ਼ਾ ਬਾਂਦਲਾ ਹੋਣਗੇ।

ਸਾਹਮਣੇ ਵਾਲੇ ਦੋ ਪਾਇਲਟ ਹੋਣਗੇ ਡੇਵ ਮੈਕੇ ਅਤੇ ਮਾਈਕਲ "ਸੂਚ" ਮਸੂਚੀ।

ਇਹ ਵੀ ਪੜ੍ਹੋ:

ਭਾਰਤੀ ਪੁਲਾੜ ਯਾਤਰੀ ਸਿਰੀਸ਼ਾ ਕੌਣ ਹੈ

ਵਰਜੀਨ ਗਲੈਕਟਿਕ ਕ੍ਰਿਊ 'ਤੇ ਪੁਲਾੜ ਯਾਤਰੀ ਸਿਰੀਸ਼ਾ ਬਾਂਦਲਾ ਦਾ ਪਰਿਵਾਰ ਉਨ੍ਹਾਂ ਦੇ ਪੁਲਾੜ ਵਿੱਚ ਰੋਮਾਂਚਕ ਦੌਰੇ ਤੋਂ ਬਹੁਤ ਖੁਸ਼ ਹੈ।

ਬੀਬੀਸੀ ਤੇਲੁਗੂ ਦੇ ਸੰਕਰ ਵਾਦੀਸੈਟੀ ਨੇ ਦੱਸਿਆ ਕਿ ਸਿਰੀਸ਼ਾ ਦਾ ਜਨਮ ਆਂਧਰਾ ਪ੍ਰਦੇਸ਼ ਵਿੱਚ ਚਿਰਾਲਾ ਕਸਬੇ ਵਿੱਚ ਹੋਇਆ।

ਉਹ ਚਾਰ ਸਾਲ ਦੀ ਹੋਣ ਤੱਕ ਆਪਣੇ ਦਾਦਾ-ਦਾਦੀ ਕੋਲ ਹੀ ਪਲੀ। ਉਸ ਤੋਂ ਬਾਅਦ, ਉਹ ਅਮਰੀਕਾ ਚਲੀ ਗਈ ਅਤੇ ਉਸ ਨੇ ਐਸਟ੍ਰੋਨੋਮਿਕਲ ਇੰਜੀਨੀਅਰਿੰਗ ਅਤੇ ਐੱਮਬੀਏ ਦੀ ਡਿਗਰੀ ਪੂਰੀ ਕੀਤੀ।

ਸਿਰੀਸ਼ਾ ਜੋ ਇਸ ਸਮੇਂ ਅਮਰੀਕੀ ਵਰਜਿਨ ਗਲੈਕਟਿਕ ਕੰਪਨੀ ਦੀ ਉਪ-ਪ੍ਰਧਾਨ ਹੈ, 11 ਜੁਲਾਈ ਨੂੰ ਪੁਲਾੜ ਯੁਨਿਟ ਵਿੱਚ ਪੁਲਾੜ ਦੀ ਯਾਤਰਾ 'ਤੇ ਜਾਵੇਗੀ।

ਉਸ ਦੇ ਦਾਦਾ ਡਾ. ਰਾਗਈਆ ਜੋ ਸੇਵਾਮੁਕਤ ਵਿਗਿਆਨੀ ਹਨ, ਕਹਿੰਦੇ ਹਨ ਕਿ ਉਹ ਹਮੇਸ਼ਾ ਪੁਲਾੜ ਸਬੰਧੀ ਬਹੁਤ ਉਤਸ਼ਾਹਤ ਰਹੇ ਹਨ।

ਸਿਰੀਸ਼ਾ ਦੇ ਦਾਦਾ ਡਾ. ਬਾਂਦਲਾ ਰਾਗਿਆਈਆ ਦਾ ਕਹਿਣਾ ਹੈ, "ਬਚਪਨ ਤੋਂ ਹੀ, ਉਹ ਆਸਮਾਨ ਅਤੇ ਤਾਰਿਆਂ ਤੋਂ ਬਹੁਤ ਪ੍ਰਭਾਵਿਤ ਸੀ। ਉਹ ਅਸਮਾਨ ਵੱਲ ਦੇਖਦੀ ਅਤੇ ਸਾਨੂੰ ਪੁਲਾੜ ਬਾਰੇ ਬਹੁਤ ਸਾਰੇ ਸਵਾਲ ਪੁੱਛਦੀ ਸੀ।''

''ਸਿਰੀਸ਼ਾ ਜੋ ਸਾਡੇ ਨਾਲ ਚਾਰ ਸਾਲ ਤੱਕ ਰਹੀ, ਉਸ ਦੇ ਵਿਚਾਰ, ਉਦੇਸ਼ ਬਾਰੇ ਸੋਚਦਾ ਹਾਂ ਤਾਂ ਸਾਨੂੰ ਉਸ 'ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ।"

ਸਿਰੀਸ਼ਾ ਦੇ ਮਾਪੇ ਆਂਧਰਾ ਪ੍ਰਦੇਸ਼ ਦੇ ਗੁੰਤੂਰ ਜ਼ਿਲ੍ਹੇ ਦੇ ਪਲਨਾਡੂ ਖੇਤਰ ਦੇ ਰਹਿਣ ਵਾਲੇ ਹਨ। ਉਹ 1989 ਵਿੱਚ ਅਮਰੀਕਾ ਚਲੇ ਗਏ ਸਨ।

ਸਿਰੀਸ਼ਾ ਦੇ ਪਿਤਾ ਮੁਰਲੀਧਰ, ਜਿਨ੍ਹਾਂ ਨੇ ਪੈਥੋਲੋਜੀ ਵਿੱਚ ਪੀਐੱਚਡੀ ਕੀਤੀ ਹੋਈ ਹੈ, ਇਸ ਵੇਲੇ ਅਮਰੀਕਾ ਵਿੱਚ ਸਰਕਾਰੀ ਨੌਕਰੀ ਕਰਦੇ ਹਨ।

ਸਿਰੀਸ਼ਾ ਦੇ ਨਾਨਾ ਰਾਪਰਾਲਾ ਵੈਂਕਟ ਨਾਰਸਈਆ ਜੋ ਸੇਵਾਮੁਕਤ ਪ੍ਰੋਫੈੱਸਰ ਹਨ, ਕਹਿੰਦੇ ਹਨ, "ਅਸੀਂ ਸਭ ਸਿਰੀਸ਼ਾ ਦੀ ਕਾਮਯਾਬੀ ਨਾਲ ਖੁਸ਼ ਹਾਂ। ਹਰ ਕੋਈ ਇਸ ਦੀ ਸ਼ਲਾਘਾ ਕਰਦਾ ਹੈ ਕਿ ਸਾਡੀ ਤੇਲੂਗੂ ਕੁੜੀ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।"

ਕੀ ਹੈ ਇਸ ਪੁਲਾੜ ਯਾਤਰਾ ਦਾ ਮਕਸਦ

ਸਿਰੀਸ਼ਾ ਦੇ ਨਾਲ ਵਰਜਿਨ ਗਲੈਕਟਿਕ ਦੇ ਮੁਖੀ ਰਿਚਰਡ ਬ੍ਰੈਨਸਨ ਅਤੇ ਦੋ ਹੋਰ ਲੋਕ ਪੁਲਾੜ ਵਿੱਚ ਉਡਾਣ ਭਰਨਗੇ।

ਅਮਰੀਕਾ ਦੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਵਰਜਿਨ ਗਲੈਕਟਿਕ ਨੂੰ ਪੁਲਾੜ ਯਾਤਰਾ ਲਈ ਪਰਮਿਟ ਜਾਰੀ ਕੀਤੇ ਸਨ।

ਸਰ ਰਿਚਰਡ ਬ੍ਰੈਨਸਨ ਯੂਨਿਟੀ ਰਾਕੇਟ ਜਹਾਜ਼ ਵਿੱਚ ਇੱਕ ਯਾਤਰੀ ਹੋਣਗੇ, ਜੋ ਕਿ ਉਨ੍ਹਾਂ ਦੀ ਵਰਜਿਨ ਗਲੈਕਟਿਕ ਕੰਪਨੀ ਪਿਛਲੇ ਦੋ ਦਹਾਕਿਆਂ ਤੋਂ ਅਮਰੀਕਾ ਵਿੱਚ ਬਣਾ ਰਹੀ ਸੀ।

ਇਹ ਵਾਹਨ 90 ਕਿਲੋਮੀਟਰ (2,95,000 ਫੁੱਟ) ਦੀ ਉਚਾਈ 'ਤੇ ਉੱਡ ਸਕਦਾ ਹੈ, ਜਿਸ ਨਾਲ ਉਸ ਵਿੱਚ ਸਵਾਰ ਲੋਕਾਂ ਨੂੰ ਕੁਝ ਮਿੰਟਾਂ ਲਈ ਹਲਕਾਪਣ ਮਹਿਸੂਸ ਹੋ ਸਕਦਾ ਹੈ ਅਤੇ ਧਰਤੀ ਦੀ ਝਲਕ ਮਿਲੇਗੀ।

ਸਰ ਰਿਚਰਡ ਦਾ ਮਕਸਦ ਹੈ ਇੱਕ ਵਪਾਰਕ ਸਪੇਸਫਲਾਈਟ ਸੇਵਾ ਸ਼ੁਰੂ ਕਰਨਾ।

ਇਸ 'ਤੇ ਯਾਤਰਾ ਲਈ ਕਿੰਨੀ ਹੋਵੇਗੀ ਟਿਕਟ

ਇਸ 'ਤੇ ਯਾਤਰਾ ਕਰਨ ਲਈ ਤਕਰੀਬਨ 600 ਲੋਕਾਂ ਨੇ ਪਹਿਲਾਂ ਹੀ ਰਕਮ ਜਮ੍ਹਾਂ ਕਰਵਾ ਦਿੱਤੀ ਹੈ।

ਇਸਦਾ ਮਤਲਬ ਹੈ ਕਿ ਗ੍ਰਾਹਕ ਹੁਣ ਪੂਰੀ ਟਿਕਟ ਦੀ ਕੀਮਤ ਸੌਂਪਣ ਦੇ ਬਹੁਤ ਨੇੜੇ ਆ ਰਹੇ ਹਨ, ਜੋ ਕਿ ਕੁਝ ਮਾਮਲਿਆਂ ਵਿੱਚ 2,50,000 (1,86,38,737 ਰੁਪਏ) ਡਾਲਰ ਹੋਵੇਗੀ।

ਸਰ ਰਿਚਰਡ ਬ੍ਰੈਨਸਨ ਨੇ ਕਿਹਾ, "ਮੈਂ ਸੱਚਮੁੱਚ ਮੰਨਦਾ ਹਾਂ ਕਿ ਪੁਲਾੜ ਸਾਡੇ ਸਾਰਿਆਂ ਦਾ ਹੈ। 17 ਸਾਲਾਂ ਦੀ ਖੋਜ, ਇੰਜੀਨੀਅਰਿੰਗ ਅਤੇ ਨਵੀਨਤਾ ਤੋਂ ਬਾਅਦ ਨਵਾਂ ਵਪਾਰਕ ਪੁਲਾੜ ਉਦਯੋਗ ਬ੍ਰਹਿਮੰਡ ਨੂੰ ਮਨੁੱਖਜਾਤੀ ਲਈ ਖੋਲ੍ਹਣ ਅਤੇ ਸੰਸਾਰ ਦੀ ਬਿਹਤਰੀ ਲਈ ਬਦਲਣ ਲਈ ਤਿਆਰ ਹੈ।''

"ਪੁਲਾੜ ਨੂੰ ਸਾਰਿਆਂ ਦੀ ਪਹੁੰਚ ਯੋਗ ਬਣਾਉਣ ਦਾ ਸੁਪਨਾ ਲੈਣਾ ਇੱਕ ਚੀਜ਼ ਹੈ ਅਤੇ ਇੱਕ ਅਨੋਖੀ ਟੀਮ ਨਾਲ ਸਮੂਹਕ ਰੂਪ ਵਿੱਚ ਮਿਲ ਕੇ ਉਸ ਸੁਪਨੇ ਨੂੰ ਹਕੀਕਤ ਵਿੱਚ ਬਦਲਣਾ ਵੱਖਰੀ ਗੱਲ ਹੈ।"

ਫੈਡਰਲ ਐਵੀਏਸ਼ਨ ਇੰਡਸਟਰੀ ਨੇ ਪਿਛਲੇ ਹਫ਼ਤੇ ਹੀ ਕੰਪਨੀ ਨੂੰ ਸਪੈਸ ਫਲਾਈਟ ਲਾਇਸੈਂਸ ਦਿੱਤਾ ਹੈ।

ਐਤਵਾਰ, 11 ਜੁਲਾਈ ਨੂੰ ਉਦਘਾਟਨੀ ਉਡਾਣ ਭਰੀ ਜਾਵੇਗੀ ਜਿਸ ਨੂੰ "ਵਿੰਡੋ" ਨਾਮ ਦਿੱਤਾ ਗਿਆ ਹੈ। ਗਲੈਕਟਿਕ ਟੀਮ ਦਾ ਮਕਸਦ ਉਸ ਦਿਨ ਉਡਾਣ ਭਰਨਾ ਹੋਵੇਗਾ ਪਰ ਮੌਸਮ ਦੀ ਸਥਿਤੀ ਜਾਂ ਸ਼ਾਇਦ ਕਿਸੇ ਤਕਨੀਕੀ ਖਰਾਬੀ ਕਾਰਨ ਇਸ ਵਿੱਚ ਦੇਰੀ ਹੋ ਸਕਦੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜੈਫ਼ ਬੈਜ਼ੋਸ ਦੀ ਵੀ ਪੁਲਾੜ ਯਾਤਰਾ ਦੀ ਤਿਆਰੀ

ਜੇ ਉਹ ਐਤਵਾਰ ਨੂੰ ਇਸ ਮਿਸ਼ਨ ਵਿੱਚ ਕਾਮਯਾਬ ਹੁੰਦੇ ਹਨ ਤਾਂ ਇਸਦਾ ਮਤਲਬ ਹੋਵੇਗਾ ਕਿ ਸਰ ਰਿਚਰਡ ਸਬ-ਓਰਬਿਟਲ ਸਪੇਸ ਟੂਰਿਜ਼ਮ ਵਿੱਚ ਆਪਣੇ ਵਿਰੋਧੀ ਅਰਬਪਤੀ ਜੈੱਫ਼ ਬੈਜੋਸ ਉੱਤੇ ਪਹਿਲਕਦਮੀ ਵਿੱਚ ਅੱਗੇ ਹੋਣਗੇ।

ਆਨਲਾਈਨ ਰਿਟੇਲ ਕੰਪਨੀ ਐਮਾਜ਼ਾਨ ਡਾਟ ਕਾਮ ਦੇ ਬਾਨੀ ਜੈਫ਼ ਬੈਜ਼ੋਸ ਨੇ ਰਾਕੇਟ ਬਣਾਉਣ ਦੇ ਆਪਣੇ ਸ਼ੌਕ ਵਿੱਚ ਕਿਸਮਤ ਅਜ਼ਮਾਈ ਹੈ ਅਤੇ 20 ਜੁਲਾਈ ਨੂੰ ਪੁਲਾੜ 'ਤੇ ਯਾਤਰਾ ਕਰਨ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਆਪਣੇ ਨਿਊ ਸ਼ੈਪਰਡ ਬੂਸਟਰ ਅਤੇ ਕੈਪਸੂਲ ਸਿਸਟਮ ਵਿੱਚ ਸ਼ਾਮਲ ਹੋਣ ਲਈ ਤਿੰਨ ਵਿਅਕਤੀਆਂ ਨੂੰ ਸੱਦਾ ਦਿੱਤਾ ਹੈ।

ਉਨ੍ਹਾਂ ਦੇ ਭਰਾ ਮਾਰਕ, ਇੱਕ ਰਹੱਸਮਈ ਵਿਅਕਤੀ ਜਿਸ ਨੇ ਸੀਟ ਦੀ ਨਿਲਾਮੀ ਵੇਲੇ 28 ਮਿਲੀਅਨ (2,80,00,000 ਰੁਪਏ) ਦਾ ਭੁਗਤਾਨ ਕੀਤਾ ਸੀ ਅਤੇ ਮਸ਼ਹੂਰ ਮਹਿਲਾ ਏਵੀਏਟਰ ਵੈਲੀ ਫੰਕ।

ਇਹ ਵੀ ਪੜ੍ਹੋ:

82 ਸਾਲਾਂ ਫੰਕ ਨੇ 1960 ਦੇ ਦਹਾਕੇ ਵਿੱਚ ਇੱਕ ਪੁਲਾੜ ਯਾਤਰੀ ਬਣਨ ਦੀ ਸਿਖਲਾਈ ਲਈ ਸੀ ਅਤੇ ਉਹ ਹੁਣ ਤੱਕ ਦੀ ਸਭ ਤੋਂ ਪੁਰਾਣੀ ਪੁਲਾੜ ਯਾਤਰੀ ਬਣ ਜਾਣਗੇ ਜਦੋਂ ਉਹ ਜੈਫ਼ ਬੇਜ਼ੋਸ ਨਾਲ 100 ਕਿਲੋਮੀਟਰ ਦੀ ਉਚਾਈ 'ਤੇ ਰਾਕੇਟ 'ਤੇ ਜਾਣਗੇ।

ਐਮਾਜ਼ਨ ਨੇ ਹਾਲੇ ਇਸ ਦਾ ਵੇਰਵਾ ਨਹੀਂ ਦਿੱਤਾ ਹੈ ਕਿ ਉਹ ਨਿਊ ਸ਼ੈਫ਼ਰਡ ਲਈ ਟਿਕਟਾਂ ਦੀ ਵਿਕਰੀ ਕਿਵੇਂ ਕਰਨਗੇ।

ਪੁਲਾੜ ਯਾਤਰਾ ਨੂੰ ਸੈਰ-ਸਪਾਟੇ ਵਜੋਂ ਘੋਖਣਾ

ਪੁਲਾੜ ਯਾਤਰਾ ਇੱਕ ਅਜਿਹਾ ਸੈਕਟਰ ਹੈ ਜੋ ਇੱਕ ਦਹਾਕੇ ਦੇ ਅੰਤਰਾਲ ਤੋਂ ਬਾਅਦ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ।

2000 ਵਿਆਂ ਦੌਰਾਨ ਸੱਤ ਅਮੀਰ ਵਿਅਕਤੀਆਂ ਨੇ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਦਾ ਦੌਰਾ ਕਰਨ ਲਈ ਰਕਮ ਅਦਾ ਕੀਤੀ ਸੀ।

ਪਰ ਰੂਸ ਦੀ ਪੁਲਾੜ ਏਜੰਸੀ ਦੀ ਸਰਪ੍ਰਸਤੀ ਹੇਠ ਆਯੋਜਿਤ ਇਹ ਯਾਤਰਾ 2009 ਵਿੱਚ ਬੰਦ ਹੋ ਗਈ।

ਹੁਣ ਨਵੀਆਂ ਪਹਿਲਕਦਮੀਆਂ ਹੋ ਰਹੀਆਂ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਸਰ ਰਿਚਰਡ ਅਤੇ ਜੈਫ਼ ਬੈਜ਼ੋਸ ਦੀਆਂ ਪੁਲਾੜ ਉਡਾਣਾਂ ਨਾਲੋਂ ਕਿਤੇ ਉੱਚੀਆਂ ਟੀਚੇ ਵਾਲੀਆਂ ਹੋਣਗੀਆਂ।

ਕੈਲੀਫੋਰਨੀਆ ਦੇ ਤਕਨੀਕੀ ਉੱਦਮੀ ਐਲਨ ਮਸਕ ਪਹਿਲਾਂ ਹੀ ਆਪਣੇ ਡ੍ਰੈਗਨ ਕੈਪਸੂਲ ਵਿੱਚ ਕਈ ਨਿੱਜੀ ਮਿਸ਼ਨ ਲਾਈਨ-ਅਪ ਕਰ ਚੁੱਕੇ ਹਨ। ਇਹ ਵਾਹਨ ਧਰਤੀ ਤੋਂ ਕਈ ਸੌ ਕਿਲੋਮੀਟਰ ਦੀ ਉਚਾਈ 'ਤੇ ਪਹੁੰਚਦੇ ਹਨ ਅਤੇ ਕੁਝ ਦਿਨਾਂ ਤੱਕ ਉੱਥੇ ਰਹਿਣਗੇ।

ਰੂਸੀ ਲੋਕ ਵੀ ਆਪਣੀਆਂ ਵਪਾਰਕ ਉਡਾਣਾਂ ਨੂੰ ਆਈਐੱਸਐੱਸ ਲਈ ਫਿਰ ਤੋਂ ਸ਼ੁਰੂ ਕਰ ਰਹੇ ਹਨ ਅਤੇ ਇੱਥੇ ਉਹ ਵੀ ਹਨ ਜੋ ਲੋਕਾਂ ਦੇ ਆਉਣ ਲਈ ਨਿੱਜੀ ਪੁਲਾੜ ਸਟੇਸ਼ਨਾਂ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ।

ਇਨ੍ਹਾਂ ਵਿੱਚੋਂ ਐਕਸਿਓਮ ਹੈ, ਇੱਕ ਕੰਪਨੀ ਜੋ ਕਿ ਨਾਸਾ ਦੇ ਇੱਕ ਸਾਬਕਾ ਆਈਐੱਸਐੱਸ ਪ੍ਰੋਗਰਾਮ ਮੈਨੇਜਰ ਵੱਲੋਂ ਸ਼ੁਰੂ ਕੀਤੀ ਗਈ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)