ਅੰਟਾਰਕਟਿਕਾ ਵਿੱਚ ਪੌਦਿਆਂ ਦੀ ਨਵੀਂ ਪ੍ਰਜਾਤੀ ਲੱਭੀ, ਪੰਜਾਬ 'ਚ ਸਥਿਤ ਯੂਨੀਵਰਸਿਟੀ ਦੇ ਵਿਗਿਆਨੀ ਵੀ ਸ਼ਾਮਲ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਭਾਰਤੀ ਵਿਗਿਆਨੀਆਂ ਨੇ ਅੰਟਾਰਕਟਿਕਾ ਵਿੱਚ ਪੌਦਿਆਂ ਦੀ ਇੱਕ ਨਵੀਂ ਪ੍ਰਜਾਤੀ ਲੱਭ ਲਈ ਹੈ।

ਪੋਲਰ ਜੀਵ ਵਿਗਿਆਨੀਆਂ ਨੇ ਸਾਲ 2017 ਵਿੱਚ ਬਰਫ਼ ਨਾਲ ਢਕੇ ਹੋਏ ਮਹਾਂਦੀਪ ਦੀ ਇੱਕ ਯਾਤਰਾ ਮੁਹਿੰਮ ਦੌਰਾਨ ਕਾਈ ਦੀ ਨਵੀਂ ਪ੍ਰਜਾਤੀ ਲੱਭੀ ਹੈ।

ਇਸ ਦੀ ਪਛਾਣ ਤੈਅ ਕਰਨ ਲਈ ਬਹੁਤ ਮਿਹਨਤ ਲੱਗੀ ਹੈ ਅਤੇ ਇਸ ਗੱਲ ਦੀ ਪੁਸ਼ਟੀ ਕਰਨ ਲਈ ਵਿਗਿਆਨੀਆਂ ਨੂੰ ਪੰਜ ਸਾਲ ਲੱਗ ਗਏ ਕਿ ਇਹ ਪ੍ਰਜਾਤੀ ਪਹਿਲੀ ਵਾਰ ਲੱਭੀ ਗਈ ਹੈ।

ਇਸ ਖੋਜ ਦਾ ਵਰਣਨ ਕਰਨ ਵਾਲਾ ਪੀਅਰ-ਰਿਵਿਊ ਪੇਪਰ ਪ੍ਰਮੁੱਖ ਕੌਮਾਂਤਰੀ ਜਰਨਲ, 'ਜਰਨਲ ਆਫ਼ ਏਸ਼ੀਆ-ਪੈਸੀਫਿਕ ਬਾਇਓਡਾਇਵਰਸਿਟੀ' ਵਿੱਚ ਸਵੀਕਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ :

ਪੰਜਾਬ ਦੀ ਕੇਂਦਰੀ ਯੂਨੀਵਰਸਿਟੀ ਵਿੱਚ ਸਥਿਤ ਜੀਵ ਵਿਗਿਆਨੀਆਂ ਨੇ ਇਸ ਪ੍ਰਜਾਤੀ ਦਾ ਨਾਮ ਬ੍ਰਾਯਮ ਭਾਰਤੀਅੇਨਿਸ ਰੱਖਿਆ ਹੈ।

ਭਾਰਤੀ ਸਿੱਖਿਆ ਦੀ ਹਿੰਦੂ ਦੇਵੀ ਹੈ ਅਤੇ ਭਾਰਤ ਦੇ ਅੰਟਾਰਕਟਿਕ ਖੋਜ ਸਟੇਸ਼ਨਾਂ ਵਿੱਚੋਂ ਇਹ ਇੱਕ ਦਾ ਨਾਮ ਹੈ।

ਇਸ ਨਵੀਂ ਪ੍ਰਜਾਤੀ ਬਾਰੇ ਕੀ ਪਤਾ ਹੈ

ਪ੍ਰੋਫੈਸਰ ਫੀਲਿਕਸ ਬਾਸਟ ਇੱਕ ਜੀਵ-ਵਿਗਿਆਨੀ ਹਨ ਜੋ ਮਹਾਂਦੀਪ ਦੇ ਇਸ ਛੇ ਮਹੀਨਿਆਂ ਦੀ ਲੰਬੀ ਯਾਤਰਾ ਦਾ ਹਿੱਸਾ ਸਨ -ਇਹ ਭਾਰਤੀ ਵਿਗਿਆਨੀਆਂ ਦੀ 36ਵੀਂ ਯਾਤਰਾ ਸੀ - ਉਨ੍ਹਾਂ ਨੇ ਜਨਵਰੀ, 2017 ਵਿੱਚ ਦੱਖਣੀ ਮਹਾਂਸਾਗਰ ਦੇ ਨਜ਼ਦੀਕ ਲਾਰਸੇਮੈਨ ਹਿੱਲਜ਼ ਵਿੱਚ ਗਹਿਰੇ ਹਰੇ ਰੰਗ ਦੀ ਪ੍ਰਜਾਤੀ ਦੀ ਖੋਜ ਕੀਤੀ।

ਇਹ ਭਾਰਤੀ ਦੇ ਨੇੜੇ ਸਥਿਤ ਹੈ ਜੋ ਦੁਨੀਆਂ ਦੇ ਦੂਰ-ਦੁਰਾਡੇ ਦੇ ਰਿਸਰਚ ਸਟੇਸ਼ਨਾਂ ਵਿੱਚੋਂ ਇੱਕ ਹੈ।

ਪ੍ਰੋ. ਬਾਸਟ ਨੇ ਕਿਹਾ, "ਪੌਦਿਆਂ ਨੂੰ ਜਿਉਂਦੇ ਰਹਿਣ ਲਈ ਨਾਈਟ੍ਰੋਜਨ ਦੇ ਨਾਲ ਨਾਲ ਪੋਟਾਸ਼ੀਅਮ, ਫਾਸਫੋਰਸ, ਸੂਰਜ ਦੀ ਰੌਸ਼ਨੀ ਅਤੇ ਪਾਣੀ ਦੀ ਜ਼ਰੂਰਤ ਹੁੰਦੀ ਹੈ। ਸਿਰਫ਼ ਇੱਕ ਫ਼ੀਸਦ ਅੰਟਾਰਕਟਿਕਾ ਬਰਫ਼ ਰਹਿਤ ਹੈ। ਵੱਡਾ ਸਵਾਲ ਇਹ ਸੀ ਕਿ ਚੱਟਾਨਾਂ ਅਤੇ ਬਰਫ਼ ਵਾਲੇ ਇਸ ਖੇਤਰ ਵਿੱਚ ਕਾਈ ਕਿਸ ਤਰ੍ਹਾਂ ਜਿਉਂਦੀ ਰਹਿੰਦੀ ਹੈ।"

ਵਿਗਿਆਨੀਆਂ ਨੇ ਦੇਖਿਆ ਕਿ ਇਹ ਕਾਈ ਮੁੱਖ ਤੌਰ 'ਤੇ ਉਨ੍ਹਾਂ ਖੇਤਰਾਂ ਵਿੱਚ ਉੱਗਦੀ ਹੈ ਜਿੱਥੇ ਪੈਂਗੁਇਨ ਵੱਡੀ ਗਿਣਤੀ ਵਿੱਚ ਪ੍ਰਜਣਨ ਕਰਦੇ ਹਨ।

ਪੈਂਗੁਇਨ ਪੂਪ (ਪੈਂਗੁਇਨ ਦਾ ਮਲ) ਵਿੱਚ ਨਾਈਟ੍ਰੋਜਨ ਹੁੰਦਾ ਹੈ।

ਪ੍ਰੋਫੈਸਰ ਬਾਸਟ ਦਾ ਕਹਿਣਾ ਹੈ, "ਅਸਲ ਵਿੱਚ ਇੱਥੋਂ ਦੇ ਬੂਟੇ ਪੈਂਗੁਇਨ ਪੂਪ 'ਤੇ ਜਿਉਂਦੇ ਰਹਿੰਦੇ ਹਨ। ਇਹ ਮਦਦ ਕਰਦਾ ਹੈ ਕਿ ਖਾਦ ਇਸ ਜਲਵਾਯੂ ਵਿੱਚ ਘੁਲੇਗੀ ਨਹੀਂ।''

ਧੁੱਪ ਬਿਨਾਂ ਉਹ ਕਿਵੇਂ ਜਿਉਂਦੇ ਰਹਿੰਦੇ ਹਨ

ਵਿਗਿਆਨੀ ਕਹਿੰਦੇ ਹਨ ਕਿ ਉਹ ਅਜੇ ਵੀ ਪੂਰੀ ਤਰ੍ਹਾਂ ਸਮਝ ਨਹੀਂ ਪਾਏ ਹਨ ਕਿ ਪੌਦੇ ਸਰਦੀਆਂ ਦੇ ਛੇ ਮਹੀਨਿਆਂ ਦੌਰਾਨ ਮੋਟੀ ਬਰਫ਼ ਦੇ ਹੇਠਾਂ ਕਿਵੇਂ ਜਿਉਂਦੇ ਹਨ, ਜਿਸ ਵਿੱਚ ਕੋਈ ਧੁੱਪ ਨਹੀਂ ਹੁੰਦੀ ਅਤੇ ਤਾਪਮਾਨ -76 ਸੈਂਟੀਗਰੇਡ ਤੱਕ ਗਿਰ ਜਾਂਦਾ ਹੈ।

ਇਹ ਵੀ ਪੜ੍ਹੋ:

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਸੰਭਾਵਨਾ ਹੈ ਕਿ ਇਸ ਸਮੇਂ ਕਾਈ 'ਸੁੱਕੀ ਅਵਸਥਾ ਤੱਕ, ਲਗਭਗ ਇੱਕ ਬੀਜ ਤੱਕ' ਸੁੱਕ ਜਾਂਦੀ ਹੈ, ਅਤੇ ਸਤੰਬਰ ਵਿੱਚ ਗਰਮੀਆਂ ਦੇ ਦੌਰਾਨ ਫਿਰ ਤੋਂ ਉੱਗ ਪੈਂਦੀ ਹੈ ਜਦੋਂ ਉਸ ਨੂੰ ਦੁਬਾਰਾ ਧੁੱਪ ਮਿਲਣ ਲੱਗਦੀ ਹੈ। ਸੁੱਕੀ ਹੋਈ ਕਾਈ ਫਿਰ ਪਿਘਲ ਰਹੀ ਬਰਫ਼ ਦਾ ਪਾਣੀ ਸੋਖ ਲੈਂਦੀ ਹੈ।

ਨਮੂਨਿਆਂ ਨੂੰ ਇਕੱਤਰ ਕਰਨ ਤੋਂ ਬਾਅਦ ਭਾਰਤੀ ਵਿਗਿਆਨੀਆਂ ਨੇ ਪੌਦੇ ਦੇ ਡੀਐੱਨਏ ਨੂੰ ਕ੍ਰਮਬੱਧ ਕਰਨ ਅਤੇ ਇਸ ਦੀ ਹੋਰ ਬੂਟਿਆਂ ਨਾਲ ਤੁਲਨਾ ਕਰਨ ਵਿੱਚ ਪੰਜ ਸਾਲ ਬਿਤਾਏ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕਾਈ ਦੀਆਂ 100 ਤੋਂ ਜ਼ਿਆਦਾ ਪ੍ਰਜਾਤੀਆਂ ਨੂੰ ਅੰਟਾਰਕਟਿਕਾ ਤੋਂ ਦਸਤਾਵੇਜ਼ੀਕਰਨ ਕੀਤਾ ਗਿਆ ਹੈ ਜੋ ਹੁਣ ਤੱਕ ਦਾ ਸਭ ਤੋਂ ਖੁਸ਼ਕ, ਸਭ ਤੋਂ ਠੰਢਾ ਅਤੇ ਸਭ ਤੋਂ ਹਵਾ ਵਾਲਾ ਮਹਾਂਦੀਪ ਹੈ।

ਵਾਤਾਵਰਨ ਤਬਦੀਲੀ ਦੇ 'ਖਤਰਨਾਕ ਸਬੂਤ' ਸਨ ਜੋ ਵਿਗਿਆਨੀਆਂ ਨੇ ਇਸ ਯਾਤਰਾ ਮੁਹਿੰਮ ਦੌਰਾਨ ਦੇਖੇ। ਉਹ ਕਹਿੰਦੇ ਹਨ ਕਿ ਪਿਘਲ ਰਹੀਆਂ ਬਰਫ਼ ਦੀਆਂ ਚਾਦਰਾਂ, ਇਨ੍ਹਾਂ ਦੇ ਉੱਪਰ ਪਿਘਲ ਰਹੇ ਗਲੇਸ਼ੀਅਰ ਅਤੇ ਇਨ੍ਹਾਂ ਨਾਲ ਬਰਫ਼ ਦੀਆਂ ਚਾਦਰਾਂ 'ਤੇ ਪਿਘਲੇ ਹੋਏ ਪਾਣੀ ਦੀਆਂ ਝੀਲਾਂ ਬਣ ਗਈਆਂ ਹਨ।

ਪ੍ਰੋ. ਬਾਸਟ ਨੇ ਕਿਹਾ, "ਅੰਟਾਰਕਟਿਕਾ ਹਰਿਆ-ਭਰਿਆ ਹੋ ਰਿਹਾ ਹੈ। ਪੌਦਿਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਜੋ ਪਹਿਲਾਂ ਇਸ ਜੰਮੇ ਹੋਏ ਮਹਾਂਦੀਪ ਵਿੱਚ ਜਿਉਂਦੀਆਂ ਨਹੀਂ ਰਹਿ ਸਕਦੀਆਂ ਸਨ, ਹੁਣ ਮਹਾਂਦੀਪ ਦੇ ਗਰਮ ਹੋਣ ਕਾਰਨ ਹਰ ਥਾਂ ਦੇਖੀਆਂ ਜਾਂਦੀਆਂ ਹਨ।"

ਭਾਰਤ ਦਾ ਕੀ ਯੋਗਦਾਨ

ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਇੱਕ ਉੱਘੇ ਜੀਵ-ਵਿਗਿਆਨੀ ਅਤੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ, "ਅੰਟਾਰਕਟਿਕਾ ਦੇ ਹਰਿਆ ਭਰਿਆ ਹੋਣ ਬਾਰੇ ਪਤਾ ਲੱਗਣਾ, ਪਰੇਸ਼ਾਨ ਕਰਨ ਵਾਲਾ ਹੈ। ਅਸੀਂ ਨਹੀਂ ਜਾਣਦੇ ਕਿ ਮੋਟੀ ਬਰਫ਼ ਦੀਆਂ ਚਾਦਰਾਂ ਹੇਠ ਕੀ ਹੈ। ਉੱਥੇ ਪੈਥੋਜੈਨਿਕ ਰੋਗਾਣੂ ਹੋ ਸਕਦੇ ਹਨ ਜੋ ਗਲੋਬਲ ਵਾਰਮਿੰਗ ਕਾਰਨ ਬਰਫ਼ ਦੇ ਪਿਘਲਣ ਕਾਰਨ ਉੱਭਰ ਸਕਦੇ ਹਨ।"

ਇਹ ਪਹਿਲੀ ਵਾਰ ਹੈ ਜਦੋਂ ਚਾਰ ਦਹਾਕਿਆਂ ਦੌਰਾਨ ਭਾਰਤ ਨੇ ਇਸ ਮਹਾਂਦੀਪ ਵਿੱਚ ਰਿਸਰਚ ਸਟੇਸ਼ਨ ਸਥਾਪਤ ਕਰਨ ਤੋਂ ਬਾਅਦ ਪਹਿਲੀ ਵਾਰ ਪੌਦਿਆਂ ਦੀ ਇੱਕ ਪ੍ਰਜਾਤੀ ਨੂੰ ਲੱਭਿਆ ਹੈ।

ਪਹਿਲਾ ਸਟੇਸ਼ਨ 1984 ਵਿੱਚ ਸਥਾਪਤ ਕੀਤਾ ਗਿਆ ਸੀ ਅਤੇ 1990 ਵਿੱਚ ਇਸ ਦੇ ਬਰਫ਼ ਹੇਠਾਂ ਦੱਬਣ ਕਾਰਨ ਇਹ ਬੰਦ ਹੋ ਗਿਆ ਸੀ। ਦੋ ਸਟੇਸ਼ਨਾਂ - ਮੈਤਰੀ ਅਤੇ ਭਾਰਤੀ ਨੂੰ 1989 ਅਤੇ 2012 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਪੂਰਾ ਸਾਲ ਕੰਮ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)