You’re viewing a text-only version of this website that uses less data. View the main version of the website including all images and videos.
''ਸੁੱਲੀ ਡੀਲ'': ਮੁਸਲਮਾਨ ਔਰਤਾਂ ਦੀ ਸੇਲ ਵਾਲੀ ਐਪ ਦਾ ਕੀ ਹੈ ਵਿਵਾਦ
- ਲੇਖਕ, ਕੀਰਤੀ ਦੂਬੇ
- ਰੋਲ, ਬੀਬੀਸੀ ਪੱਤਰਕਾਰ
ਔਰਤਾਂ ਨੂੰ ਟਰੋਲ ਕਰਨਾ ਸੋਸ਼ਲ ਮੀਡੀਆ ਉੱਪਰ ਲੋਕਾਂ ਲਈ ਸਭ ਤੋਂ ਸੌਖਾ ਕੰਮ ਹੈ। ਇਹ ਟਰੋਲਿੰਗ ਜ਼ਿਆਦਾਤਰ ਨਿੱਜੀ ਹੁੰਦੀ ਹੈ।
ਹਾਲਾਂਕਿ ਮੁਸਲਮਾਨ ਔਰਤਾਂ ਨੂੰ ਪ੍ਰੇਸ਼ਾਨ ਕਰਨ ਲਈ ਨੀਚਤਾ ਦੀਆਂ ਹੱਦਾਂ ਤੋੜ ਦਿੱਤੀਆਂ ਜਾਂਦੀਆਂ ਹਨ।
ਇਹ ਇੰਨਾ ਖ਼ਤਰਨਾਕ ਹੈ ਕਿ ਕਦੇ-ਕਦਾਈਂ ਮੈਂ ਇਹ ਵੀ ਸੋਚਣ ਲੱਗ ਪੈਂਦੀ ਹਾਂ ਕਿ ਇਸ ਪਲੇਟਫਾਰਮ ਉੱਪਰ ਕਿਉਂ ਰਹਾਂ, ਕੀ ਮੈਨੂੰ ਬੋਲਣਾ ਤੇ ਲਿਖਣਾ ਛੱਡ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਸਾਨੂੰ ਜੋ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ, ਉਹ ਜੈਂਡਰ ਉੱਤੇ ਹਮਲਾ ਤਾਂ ਹੁੰਦੀਆਂ ਹੀ ਹਨ ਸਗੋਂ ਇਸਲਾਮੋਫ਼ੋਬਿਕ ਵੀ ਹੁੰਦੀਆਂ ਹਨ।"
ਫਰਜ਼ ਕਰੋਂ, ਇੱਕ ਦਿਨ ਸੌਂ ਕੇ ਉੱਠੇ ਹੋ ਅਤੇ ਦੇਖਦੇ ਹੋ ਕਿ ਇੰਟਰਨੈੱਟ ਉੱਪਰ ਤੁਹਾਡੀ ਤਸਵੀਰ ਅਤੇ ਨਿੱਜੀ ਜਾਣਕਾਰੀਆਂ ਦੀ ਨਿਲਾਮੀ ਹੋ ਰਹੀ ਹੋਵੇ।
ਕੁਝ ਲੋਕ ਤੁਹਾਡੇ ਬਾਰੇ ਅਸ਼ਲੀਲ ਟਿੱਪਣੀਆਂ ਕਰਦੇ ਹੋਏ ਤੁਹਾਡੀ ਕੀਮਤ ਤੈਅ ਕਰ ਰਹੇ ਹਨ। ਤਾਂ ਤੁਹਾਡੇ ਉੱਪਰ ਕੀ ਬੀਤੇਗੀ?
ਕੁਝ ਅਜਿਹਾ ਹੀ ਪਿਛਲੇ ਐਤਵਾਰ ਅਤੇ ਸੋਮਵਾਰ ਨੂੰ ਵਾਪਰਿਆ, ਜਦੋਂ ਮੁਸਲਮਾਨ ਔਰਤਾਂ ਦੀ ਸੋਸ਼ਲ ਮੀਡੀਆ ਤਸਵੀਰ ਦੇ ਨਾਲ ਇੱਕ ਓਪਨ ਸੋਰਸ ਐਪ ਬਣਾਇਆ ਗਿਆ। ਇਸ ਐਪ ਦਾ ਨਾਂ ਸੀ- ਸੁੱਲੀ ਫਾਰ ਸੇਲ।
ਸੁੱਲੀ ਮੁਸਲਮਾਨ ਔਰਤਾਂ ਲਈ ਵਰਤਿਆ ਜਾਣਾ ਵਾਲਾ ਇੱਕ ਬੇਇੱਜ਼ਤੀ ਵਾਲਾ ਸ਼ਬਦ ਹੈ
ਇਸ ਐਪ ਵਿੱਚ ਵਰਤੀਆਂ ਗਈਆਂ ਮੁਸਲਮਾਨ ਔਰਤਾਂ ਦੀਆਂ ਜਾਣਕਾਰੀਆਂ ਟਵਿੱਟਰ ਤੋਂ ਲਈਆਂ ਗਈਆਂ ਹਨ।
ਇਸ ਵਿੱਚ ਤਕਰੀਬਨ 80 ਤੋਂ ਜ਼ਿਆਦਾ ਔਰਤਾਂ ਦੀਆਂ ਤਸਵੀਰਾਂ, ਉਨ੍ਹਾਂ ਦੇ ਨਾਮ ਅਤੇ ਟਵਿੱਟਰ ਹੈਂਡਲ ਦਿੱਤੇ ਗਏ ਸਨ।
ਇਸ ਐਪ ਦੇ ਉੱਪਰ ਲਿਖਿਆ ਗਿਆ ਸੀ- ਫਾਇਂਡ ਯੂਅਰ ਸੁੱਲੀ ਡੀਲ।
ਜਦੋਂ ਕੋਈ ਇਸ ਉੱਪਰ ਕਲਿੱਕ ਕਰਦਾ ਹੈ ਤਾਂ ਇੱਕ ਮੁਸਲਮਾਨ ਔਰਤ ਦੀ ਤਸਵੀਰ, ਨਾਮ ਅਤੇ ਟਵਿੱਟਰ ਹੈਂਡਲ ਦੀ ਜਾਣਕਾਰੀ ਯੂਜ਼ਰ ਨਾਲ ਸਾਂਝੀ ਕੀਤੀ ਜਾਂਦੀ ਹੈ।
ਐਡੀਟਰਜ਼ ਗਿਲਡਜ਼ ਆਫ਼ ਇੰਡੀਆ ਨੇ ਵੀ ਮੁਸਲਮਾਨ ਔਰਤਾਂ,ਪੱਤਰਕਾਰਾਂ ਉੱਪਰ ਹੋਏ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਸੋਸ਼ਲ ਮੀਡੀਆ ਅਤੇ ਡਿਜ਼ੀਟਲ ਪਲੇਟਫਾਰਮਾਂ ਦੀ ਅਜਿਹੀ ਵਰਤੋਂ ਕਰਕੇ ਔਰਤ ਪੱਤਰਕਾਰਾਂ ਨੂੰ ਡਰਾਉਣ ਦੀ ਤਰੀਕਾ ਫਿਕਰਮੰਦ ਕਰਨ ਵਾਲਾ ਹੈ।
ਗਿਟਹੱਬ ਦਾ ਜਵਾਬ
ਇਸ ਓਪਨ ਸੋਰਸ ਐਪ ਨੂੰ ਗਿਟਹੱਬ ਉੱਪਰ ਬਣਾਇਆ ਗਿਆ ਸੀ। ਹਾਲਾਂਕਿ ਸੋਮਵਾਰ ਸ਼ਾਮ ਨੂੰ ਗਿਟਹੱਬ ਨੇ ਇਸ ਨੂੰ ਹਟਾ ਲਿਆ ਸੀ।
ਬੀਬੀਸੀ ਨੇ ਗਿਟਹੱਬ ਤੋਂ ਕੁਝ ਸਵਾਲਾਂ ਦੇ ਨਾਲ ਈਮੇਲ ਰਾਹੀਂ ਰਾਬਤਾ ਕੀਤਾ।
ਜਵਾਬ ਦਿੰਦੇ ਹੋਏ ਗਿਟਹੱਬ ਨੇ ਕਿਹਾ,"ਅਸੀਂ ਇਸ ਮਾਮਲੇ ਵਿੱਚ ਯੂਜ਼ਰਾਂ ਦੇ ਅਕਾਊਂਟ ਸਸਪੈਂਡ ਕਰ ਦਿੱਤੇ ਹਨ। ਰਿਪੋਰਟਾਂ ਦੇ ਅਧਾਰ ਉੱਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।"
" ਅਜਿਹੀ ਸਮੱਗਰੀ, ਜੋ ਪ੍ਰੇਸ਼ਾਨ ਕਰਨ, ਵਿਤਕਰੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੀ ਹੈ, ਗਿਟਹੱਬ ਦੀਆਂ ਨੀਤੀਆਂ ਇਸ ਦੇ ਖ਼ਿਲਾਫ਼ ਹਨ। ਇਹ ਸਮੱਗਰੀ ਸਾਡੀਆਂ ਨੀਤੀਆਂ ਦੀ ਉਲੰਘਣਾ ਹੈ।"
ਗਿਟਹੱਬ ਦੀ ਸੀਓ ਐਰਿਕਾ ਬ੍ਰੇਸਿਆ ਨੇ ਟਵੀਟ ਕਰਕੇ ਕਿਹਾ ਹੈ ਕਿ ਇਸ ਅਕਾਊਂਟ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਆਖ਼ਰ ਇਹ ਸਭ ਕੁਝ ਹੋਇਆ ਕਿਵੇਂ।
ਡਰ ਅਤੇ ਗੁੱਸਾ
ਨਸਰੀਨ (ਬਦਲਿਆ ਹੋਇਆ ਨਾਂ) ਇਸ ਆਨਲਾਈਨ ਪ੍ਰੇਸ਼ਾਨੀ ਤੋਂ ਬਾਅਦ ਇੰਨੇ ਡਰੇ ਹੋਏ ਹਨ ਕਿ ਉਹ ਕਹਿੰਦੇ ਹਨ, "ਮੇਰਾ ਨਾਂ ਨਾ ਲਿਖਿਓ। ਮੈਨੂੰ ਨਹੀਂ ਪਤਾ ਅੱਗੇ ਹੋਰ ਕੀ ਹੋ ਜਾਵੇ।'
ਉਹ ਉਨ੍ਹਾਂ ਮੁਸਲਮਾਨ ਔਰਤਾਂ ਵਿੱਚ ਇੱਕ ਹੈ, ਜਿਨ੍ਹਾਂ ਦੀ ਤਸਵੀਰ ਅਤੇ ਨਿੱਜੀ ਜਾਣਕਾਰੀ ਨੂੰ ਇਸ ਐਪਲੀਕੇਸ਼ਨ ਉੱਪਰ ਨੀਲਾਮੀ ਲਈ ਰੱਖਿਆ ਗਿਆ ਸੀ।
ਬੀਬੀਸੀ ਨੂੰ ਨਸਰੀਨ ਨੇ ਕਿਹਾ,"ਮੈਨੂੰ ਇਹ ਜਾਣਕਾਰੀ ਇੱਕ ਟਵੀਟ ਰਾਹੀਂ ਮਿਲੀ। ਇੱਕ ਕੁੜੀ ਦੇ ਸਕ੍ਰੀਨਸ਼ਾਟ ਦੇ ਨਾਲ ਇੱਕ ਯੂਜ਼ਰ ਨੇ ਲਿਖਿਆ ਸੀ-ਮੈਂ ਵਧੀਆ ਡੀਲ ਦੀ ਭਾਲ ਵਿੱਚ ਸੀ ਤੇ ਮੈਨੂੰ ਇਹ ਮਿਲਿਆ, ਇਸ ਵਿੱਚ ਮੇਰੀ ਕੋਈ ਗ਼ਲਤੀ ਨਹੀਂ ਹੈ। ਆਪਣੇ ਟਵੀਟ ਵਿੱਚ ਉਸ ਯੂਜ਼ਰ ਨੇ ਇਸ ਐਪ ਬਾਰੇ ਲਿਖਿਆ ਸੀ।"
ਇਹ ਵੀ ਪੜ੍ਹੋ:
ਜਦੋਂ ਮੈਂ ਇਸ ਐਪਲੀਕੇਸ਼ਨ ਉੱਪਰ ਗਈ ਤਾਂ ਲਿਖਿਆ ਸੀ- ਫਾਈਂਡ ਏ ਸੁੱਲੀ'।
ਉਸ ਉੱਪਰ ਜਦੋਂ ਮੈਂ ਟੈਪ ਕੀਤਾ ਤਾਂ- ਯੂਅਰ ਡੀਲ ਫਾਰ ਟੂਡੇ ਦੇ ਨਾਲ ਮੇਰੀ ਤਸਵੀਰ ਅਤੇ ਟਵਿੱਟਰ ਅਕਾਊਂਟ ਦੀ ਜਾਣਕਾਰੀ ਆਈ।
ਇਹ ਦੇਖ ਕੇ ਮੈਨੂੰ ਡਰ ਨਾਲੋਂ ਜ਼ਿਆਦਾ ਗੁੱਸਾ ਆਇਆ ਕਿਉਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਸੀ।
ਇਸ ਤੋਂ ਪਹਿਲਾਂ ਮੇਰੀਆਂ ਕੁਝ ਮੁਸਲਮਾਨ ਸਹੇਲੀਆਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਇੱਕ ਟਵਿੱਟਰ ਯੂਜ਼ਰ ਨੇ -ਫਾਰ ਸੇਲ ਲਿਖਿਆ ਸੀ।
ਅਗਲੇ ਹੀ ਪਲ਼ ਮੈਂ ਇਸ ਗੱਲੋਂ ਡਰ ਗਈ ਕਿ ਇਸ ਪ੍ਰੇਸ਼ਾਨੀ ਦਾ ਪੱਧਰ ਟਵਿੱਟਰ ਤੋਂ ਅੱਗੇ ਵੱਧ ਚੁੱਕਿਆ ਹੈ। ਸਾਡੀ ਪ੍ਰੇਸ਼ਾਨੀ ਦੇ ਲਈ ਇੱਕ ਪੂਰਾ ਪਲੇਟਫਾਰਮ ਬਣਾਇਆ ਗਿਆ ਹੈ। ਕੀ ਪਤਾ ਹੋਰ ਅੱਗੇ ਕੀ ਹੋ ਸਕਦਾ ਹੈ?"
ਜੇ ਮੁਸਲਮਾਨ ਔਰਤਾਂ ਬੋਲਦੀਆਂ ਹਨ ਤਾਂ ਉਨ੍ਹਾਂ ਨੂੰ ਰੇਪ ਦੀਆਂ ਧਮਕੀਆਂ ਮਿਲਦੀਆਂ ਹਨ। ਇਸ ਤਰ੍ਹਾਂ ਵਿਕਾਊ ਬਣਾ ਦਿੱਤਾ ਜਾਂਦਾ ਹੈ।
ਤੁਸੀਂ ਕਿੰਨੇ ਵੀ ਮਜ਼ਬੂਤ ਕਿਉਂ ਨਾ ਹੋਵੋਂ ਪਰ ਇਸ ਤਰ੍ਹਾਂ ਦੇ ਹਮਲੇ, ਤੁਹਾਡੀ ਤਸਵੀਰ. ਜਾਣਕਾਰੀ ਜਨਤਕ ਕਰ ਦਿੱਤੀ ਜਾਵੇ ਤਾਂ ਤੁਹਾਨੂੰ ਡਰ ਲੱਗਦਾ ਹੈ। ਪ੍ਰੇਸ਼ਾਨ ਕਰਦਾ ਹੈ।
ਕਈ ਕੁੜੀਆਂ, ਜਿਨ੍ਹਾਂ ਨੇ ਪਹਿਲੀ ਵਾਰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਝੱਲੀ ਹੈ, ਉਨ੍ਹਾਂ ਨੇ ਆਪਣਾ ਅਕਾਊਂਟ ਤੱਕ ਬੰਦ ਕਰ ਦਿੱਤਾ। ਉਨ੍ਹਾਂ ਕੁੜੀਆਂ ਨੂੰ ਡਰਾ ਦਿੱਤਾ ਗਿਆ ਹੈ।"
ਫਿਰ ਵੀ ਨਸਰੀਨ ਸ਼ਿਕਾਇਤ ਕਰਨ ਨੂੰ ਤਿਆਰ ਨਹੀਂ ਹੈ। ਪੁਲਿਸ ਨੂੰ ਸ਼ਿਕਾਇਤ ਕਰਨ ਬਾਰੇ ਉਹ ਕਹਿੰਦੀ ਹੈ,"ਕਈ ਔਰਤਾਂ ਇਸ ਦੀਆਂ ਸ਼ਿਕਾਰ ਹੋਈਆਂ ਹਨ। ਕਾਨੂੰਨੀ ਵਿਕਲਪ ਹੋ ਸਕਦਾ ਹੈ, ਇਸ ਬਾਰੇ ਅਸੀਂ ਸੋਚ ਰਹੇ ਹਾਂ ਪਰ ਸੱਚ ਕਹਾਂ ਤਾਂ ਪੁਲਿਸ ਤੋਂ ਮੈਨੂੰ ਜ਼ਿਆਦਾ ਉਮੀਦ ਨਹੀਂ ਹੈ।"
"ਇਸ ਤੋਂ ਪਹਿਲਾਂ ਜਦੋਂ ਮੇਰੀਆ ਸਹੇਲੀਆਂ ਨਾਲ ਈਦ ਮੌਕੇ ਅਜਿਹਾ ਹੀ ਕੁਝ ਹੋਇਆ ਤਾਂ ਉਨ੍ਹਾਂ ਨੇ ਥਾਣੇ ਰਿਪੋਰਟ ਦਰਜ ਕਰਵਾਈ ਸੀ ਪਰ ਕੁਝ ਹੋਇਆ ਨਹੀਂ। ਇਹ ਸੌਖਾ ਹੈ ਕਿ ਕੋਈ ਵੀ ਮੁਸਲਮਾਨ ਔਰਤਾਂ ਨੂੰ ਕੁਝ ਕਹਿ ਦਏ ਅਤੇ ਬਚ ਨਿਕਲੇ।"
ਓਪਨ ਸੋਰਸ ਪਲੇਟਫਾਰਮ
ਬੀਬੀਸੀ ਨੇ ਆਰਕਾਈਵ ਰਾਹੀਂ ਇਸ ਐਪ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ।
ਅਸੀਂ ਦੇਖਿਆ ਕਿ 14 ਜੂਨ ਨੂੰ ਇਹ ਐਪ ਸ਼ੁਰੂ ਕੀਤੀ ਗਈ। ਸਭ ਤੋਂ ਜ਼ਿਆਦਾ ਸਰਗਰਮੀ 4-5 ਜੁਲਾਈ ਦੌਰਾਨ ਹੋਈ।
ਇਹ ਇੱਕ ਓਪਨ ਕਮਿਊਨਿਟੀ ਐਪ ਸੀ, ਜਿਸ ਨੂੰ ਸਾਫ਼ਟਵੇਅਰ ਕੋਡਿੰਗ ਪ੍ਰੋਵਾਈਡਰ ਪਲੇਟਫਾਰਮ ਗਿਟਹੱਬ ਉੱਪਰ ਬਣਾਇਆ ਗਿਆ ਸੀ।
ਬੀਬੀਸੀ ਨੇ ਇੱਕ ਕੋਡਰ ਤੋਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਆਖ਼ਰ ਓਪਨ ਸੋਰਸ ਪਲੇਟਫਾਰਮ ਹੁੰਦੇ ਕੀ ਹਨ ਅਤੇ ਕਿਵੇਂ ਕੰਮ ਕਰਦੇ ਹਨ?
ਦਰਅਸਲ, ਓਪਨ ਸੋਰਸ ਵਿੱਚ ਕੋਡ ਨੂੰ ਜਨਤਕ ਕਰ ਦਿੱਤਾ ਜਾਂਦਾ ਹੈ ਅਤੇ ਉਸ ਵਿੱਚ ਵੱਖ-ਵੱਖ ਕਮਿਊਨਿਟੀ ਦੇ ਕੋਡਰ ਕੋਡ ਰਾਹੀਂ ਨਵੇਂ ਫੀਚਰ ਜੋੜ ਸਕਦੇ ਹਨ ਜਾਂ ਕੋਈ ਬਗ ਹੋਵੇ ਤਾਂ ਉਹ ਨੂੰ ਹਟਾ ਸਕਦੇ ਹਨ।
ਹਾਲਾਂਕਿ ਇਹ ਕੋਡ ਰਾਹੀਂ ਕੀਤੇ ਜਾ ਰਹੇ ਬਦਲਾਅ ਐਪ ਵਿੱਚ ਨਜ਼ਰ ਆਉਣ ਇਸ ਦਾ ਕੰਟਰੋਲ ਐਪ ਡਿਜ਼ਾਈਨ ਕਰਨ ਵਾਲੇ ਕੋਲ ਹੁੰਦਾ ਹੈ।
ਜੇ ਇਹ ਐਪ ਡਿਜ਼ਾਈਨ ਕਰਨ ਵਾਲੇ ਕੋਲੋਂ ਡਿਲੀਟ ਹੋ ਜਾਵੇ ਤਾਂ ਡੋਮੇਨ ਨੇਮ ਸਿਸਟਮ ਪ੍ਰੋਵਾਈਡਰ ਦੇ ਕੋਲ ਇਸ ਐਪ ਨਾਲ ਜੁੜੀਆਂ ਜਾਣਕਾਰੀਆਂ ਹੁੰਦੀਆਂ ਹਨ।
‘ਸੁੱਲੀ ਫਾਰ ਸੇਲ’ ਐਪ ਹੁਣ ਗਿਟਹੱਬ ਉੱਪਰ ਮੌਜੂਦ ਨਹੀਂ ਹੈ ਅਤੇ ਨਾ ਹੀ ਇਸਦੇ ਡਿਜ਼ਾਈਨਰ ਬਾਰੇ ਕੋਈ ਜਾਣਕਾਰੀ ਹੈ।
ਸਾਈਬਰ ਅਪਰਾਧ
ਸਾਈਬਰ ਅਪਰਾਧ
ਇਹ ਭਿਆਨਕ ਹੈ, ਹਿੰਦੂਆਂ ਨੂੰ ਵੀ ਇਸ ਬਾਰੇ ਬੋਲਣਾ ਚਾਹੀਦਾ ਹੈ।।
ਫਰਹਾ ਖ਼ਾਨ (ਬਦਲਿਆ ਹੋਇਆ ਨਾਂ) ਆਪਣੇ ਕੰਮ ਦੇ ਸਿਲਸਿਲੇ ਵਿੱਚ ਬਾਹਰ ਸੀ, ਜਦੋਂ ਉਨ੍ਹਾਂ ਦੇ ਦੋਸਤਾਂ ਵੱਲੋਂ ਭੇਜਿਆ ਇਸ ਐਪ ਦਾ ਸਕ੍ਰੀਨਸ਼ਾਟ ਉਨ੍ਹਾਂ ਨੂੰ ਮਿਲਿਆ।
ਉਹ ਦੱਸਦੇ ਹਨ,"ਪੰਜ ਜੁਲਾਈ ਦੀ ਸਵੇਰ ਮੈਨੂੰ ਪਤਾ ਲੱਗਿਆ ਕਿ ਮੇਰੀ ਤਸਵੀਰ ਇੱਕ ਵੈਬਸਾਈਟ ਉੱਪਰ ਹੈ। ਹਾਲਾਂਕਿ ਹੁਣ ਤਸਵੀਰਾਂ ਹਟਾ ਦਿੱਤੀਆਂ ਗਈਆਂ ਹਨ, ਪਲੇਟਫਾਰਮ ਵੀ ਬੰਦ ਹੈ ਪਰ ਇਸ ਤਰ੍ਹਾਂ ਆਪਣੀ ਤਸਵੀਰ ਦੇ ਨਾਲ ਫਾਰ ਸੇਲ ਲਿਖਿਆ ਦੇਖ ਕੇ ਮੈਂ ਬਹੁਤ ਪ੍ਰੇਸ਼ਾਨ ਹੋਈ ਸੀ। ਸੱਚ ਦੱਸਾਂ ਤਾਂ ਸਮਝ ਹੀ ਨਹੀਂ ਸੀ ਆ ਰਿਹਾ ਕਿ ਇਹ ਹੋਇਆ ਕੀ ਹੈ?"
ਮੇਰੇ ਦਿਮਾਗ਼ ਵਿੱਚ ਹੋਰ ਵੀ ਡਰਾਉਣੇ ਖ਼ਿਆਲ ਆਉਣ ਲੱਗੇ ਕਿ ਕੀ ਉਨ੍ਹਾਂ ਕੋਲ ਮੇਰੇ ਬਾਰੇ ਕੋਈ ਹੋਰ ਵੀ ਜਾਣਕਾਰੀ ਹੈ? ਕੀ ਅਗਲਾ ਪੜਾਅ ਇਹ ਤਾਂ ਨਹੀਂ ਕਿ ਮੇਰੇ ਨਾਲ ਜੁੜੀਆਂ ਹੋਰ ਜਾਣਕਾਰੀਆਂ ਵੀ ਇਸੇ ਤਰ੍ਹਾਂ ਕਿਸੇ ਪਲੇਟਫਾਰਮ ਉੱਪਰ ਜਨਤਕ ਕਰ ਦਿੱਤੀਆਂ ਜਾਣ।"
ਇਹ ਸੋਚ-ਸਮਝ ਕੇ ਮੈਂ ਡਰ ਗਈ ਸੀ। ਫਿਰ ਮੈਨੂੰ ਲੱਗਿਆ ਕਿ ਉਹ ਇਹੀ ਚਾਹੁੰਦੇ ਹਨ। ਜੋ ਮੁਸਲਮਾਨ ਔਰਤਾਂ ਆਪਣੇ ਹੱਕਾਂ ਲਈ ਬੋਲਦੀਆਂ ਲਿਖਦੀਆਂ ਹਨ, ਉਨ੍ਹਾਂ ਨੂੰ ਡਰਾ ਦਿੱਤਾ ਜਾਵੇ।"
"ਇੱਕ ਗੱਲ ਜੋ ਮੈਨੂੰ ਇਸ ਲੜਾਈ ਵਿੱਚ ਸਭ ਤੋਂ ਅਹਿਮ ਲੱਗਦੀ ਹੈ। ਉਹ ਇਹ ਕਿ ਸਾਡੀ ਇਸ ਲੜਾਈ ਵਿੱਚ ਲਿਬਰਲ ਹਿੰਦੂਆਂ ਨੂੰ ਇਸ ਗਲ਼ਤ ਵਰਤਾਰੇ ਖ਼ਿਲਾਫ਼ ਅਵਾਜ਼ ਚੁੱਕਣੀ ਚਾਹੀਦੀ ਹੈ।"
ਸਹੀ ਦੇ ਲਈ ਧਰਮ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਗ਼ਲਤ ਦੇ ਸਾਹਮਣੇ ਆਕੇ ਗ਼ਲਤ ਕਹਿਣਾ ਚਾਹੀਦਾ ਹੈ।
ਮੈਂ ਅਤੇ ਮੇਰੇ ਵਰਗੀਆਂ ਹੋਰ ਮੁਸਲਮਾਨ ਔਰਤਾਂ ਨੇ ਟਵੀਟ ਕੀਤੇ, ਮਹਿਲਾ ਕਮਿਸ਼ਨ, ਦਿੱਲੀ ਪੁਲਿਸ ਨੂੰ ਟੈਗ ਕਰਕੇ ਟਵੀਟ ਕੀਤੇ ਪਰ ਕਿਸੇ ਨੇ ਖ਼ਬਰ ਨਹੀਂ ਲਈ।
ਜੋ ਲੋਕ ਅਜਿਹਾ ਕਰ ਰਹੇ ਹਨ, ਉਨ੍ਹਾਂ ਨੂੰ ਕਾਨੂੰਨ ਅਤੇ ਪੁਲਿਸ ਦਾ ਡਰ ਨਹੀਂ ਹੈ। ਉਨ੍ਹਾਂ ਨੂੰ ਭਰੋਸਾ ਹੈ ਕਿ ਕੁਝ ਨਹੀਂ ਹੋਣਾ।"
ਨਸਰੀਨ ਵਾਂਗ ਫਰਹਾ ਵੀ ਪੁਲਿਸ ਕੋਲ ਨਹੀਂ ਜਾਣਾ ਚਾਹੁੰਦੇ।
ਹਾਲਾਂਕਿ ਕੁਝ ਔਰਤਾਂ ਨੇ ਇਸ ਹੈਰਾਸਮੈਂਟ ਦੇ ਖ਼ਿਲਾਫ ਦਿੱਲੀ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਮੁੰਬਈ ਪੁਲਿਸ ਨੇ ਟਵਿੱਟਰ ਤੋਂ ਮੰਗੀ ਜਾਣਕਾਰੀ
ਮੁੰਬਈ ਪੁਲਿਸ ਨੇ ਗਿਟਹੱਬ ਅਤੇ ਟਵਿੱਟਰ ਤੋਂ ਮੰਗੀ ਜਾਣਕਾਰੀ।
ਐਪ ਵਿੱਚ ਜਿਨ੍ਹਾਂ ਮੁਸਲਮਾਨ ਔਰਤਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵਿੱਚੋਂ ਕੁਝ ਦਿੱਲੀ ਅਤੇ ਕੁਝ ਦੂਜੇ ਸ਼ਹਿਰਾਂ ਦੀਆਂ ਔਰਤਾਂ ਹਨ।
ਇਸ ਬਾਰੇ ਅਸੀਂ ਦਿੱਲੀ ਪੁਲਿਸ ਨਾਲ ਰਾਬਤਾ ਕੀਤਾ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਮਿਲਿਆ। ਦਿੱਲੀ ਮਹਿਲਾ ਆਯੋਗ ਨੇ ਦਿੱਲੀ ਪੁਲਿਸ ਨੂੰ ਨੋਟਿਸ ਭੇਜ ਕੇ ਐੱਫਆਈਆਰ ਰਜਿਸਟਰ ਕਰਨ ਲਈ ਕਿਹਾ ਹੈ।
ਇੱਕ ਸ਼ਿਕਾਇਤ ਮੁੰਬਈ ਵਿੱਚ ਵੀ ਕੀਤੀ ਗਈ ਹੈ।
ਇੱਕ ਐਪ ਰਾਹੀਂ ਪ੍ਰੇਸ਼ਾਨੀ ਦੀ ਸ਼ਿਕਾਰ ਹੋਈ ਮੁੰਬਈ ਵਾਸੀ ਫਾਤਿਮਾ ਨੇ ਪੰਜ ਜੁਲਾਈ ਨੂੰ ਸਾਕੀਨਾਕਾ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਹੈ।
ਜਵਾਬ ਵਿੱਚ ਸਾਕੀਨਾਕਾ ਪੁਲਿਸ ਨੇ ਟਵਿੱਟਰ ਇੰਡੀਆ ਅਤੇ ਗਿਟਹੱਬ ਤੋਂ ਚਿੱਠੀ ਲਿਖ ਕੇ ਐਪ ਬਣਾਉਣ ਵਾਲੇ ਅਤੇ ਇਸ ਨੂੰ ਟਵਿੱਟਰ ਉੱਪਰ ਸ਼ੇਅਰ ਕਰਨ ਵਾਲਿਆਂ ਦੀ ਜਾਣਕਾਰੀ ਦੀ ਮੰਗ ਕੀਤੀ ਹੈ।
ਗਿਟਹੱਬ ਤੋਂ ਪੁਲਿਸ ਆਈਪੀ ਪਤਾ, ਲੋਕੇਸ਼ਨ ਅਤੇ ਐਪ ਕਦੋਂ ਬਣਾਇਆ ਗਿਆ ਹੈ- ਇਸ ਦੀ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਐਪ ਬਣਾਉਣ ਜਾਂ ਵਰਤਿਆ ਗਿਆ ਈਮੇਲ ਪਤਾ ਅਤੇ ਫ਼ੋਨ ਨੰਬਰ ਵੀ ਮੰਗਿਆ ਗਿਆ ਹੈ।
ਇਸ ਤੋਂ ਇਲਾਵਾ ਟਵਿੱਟ ਤੋਂ ਕੁਝ ਇਤਰਾਜ਼ਯੋਗ ਟਵੀਟ ਡਿਲੀਟ ਕਰਨ ਅਤੇ ਉਸ ਹੈਂਡਲ ਨੂੰ ਚਲਾਉਣ ਵਾਲਿਆਂ ਦਾ ਡਾਟਾ ਮੰਗਿਆ ਗਿਆ ਹੈ।