ਮੋਦੀ ਕੈਬਨਿਟ: ਡਾ. ਹਰਸ਼ਵਰਧਨ ਨੂੰ ਕੱਢ ਕੇ ਮੋਦੀ ਸਰਕਾਰ ਕੀ ਸੁਨੇਹਾ ਦੇਣਾ ਚਾਹੁੰਦੀ ਹੈ - ਪ੍ਰੈੱਸ ਰਿਵੀਊ

ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਬੁੱਧਵਾਰ ਨੂੰ ਕੀਤੀ ਗਈ ਮੋਦੀ ਸਰਕਾਰ ਦੀ ਕੇਂਦਰੀ ਕੈਬਨਿਟ ਦੀ ਫੇਰਬਦਲ ਬਾਰੇ ਟਿੱਪਣੀ ਕੀਤੀ।

ਉਨ੍ਹਾਂ ਨੇ ਲਿਖਿਆ, "ਕੋਵਿਡ ਮਹਾਮਾਰੀ ਨੂੰ ਅਪਰਾਧਿਕ ਤਰੀਕੇ ਨਾਲ ਨਜਿੱਠਣ ਲਈ ਕੌਮੀ ਆਪਦਾ ਪ੍ਰਬੰਧਨ ਅਥਾਰਿਟੀ ਜ਼ਿੰਮੇਵਾਰ ਹੈ ਜਿਸ ਦੇ ਮੁਖੀ ਪ੍ਰਧਾਨ ਮੰਤਰੀ ਹਨ। ਕੀ ਪ੍ਰਧਾਨ ਮੰਤਰੀ ਆਪਣੀ ਅਸਫ਼ਲਤਾ ਦੀ ਜ਼ਿੰਮੇਵਾਰੀ ਲੈਣਗੇ? ਜਾਂ ਸਿਰਫ਼ ਡਾ. ਹਰਸ਼ਵਰਧਨ ਨੂੰ ਪ੍ਰਧਾਨ ਮੰਤਰੀ ਦੀ ਅਸਫ਼ਲਤਾ ਲਈ ਬਲੀ ਦਾ ਬੱਕਰਾ ਬਣਾਇਆ ਜਾਵੇਗਾ?"

ਦਿ ਇੰਡੀਅਨ ਐਕਸਪ੍ਰੈਸ ਨੇ ਲਿਖਿਆ ਹੈ ਕਿ ਡਾ. ਹਰਸ਼ਵਰਧਨ ਦੀ ਰੁਖ਼ਸਤੀ ਕੋਰੋਨਾਵਾਇਰਸ ਦੀ ਵਿਨਾਸ਼ਕਾਰੀ ਦੂਜੀ ਲਹਿਰ ਨੂੰ ਨਜਿੱਠਣ ਬਾਰੇ ਸਭ ਤੋਂ ਪੁਖ਼ਤਾ ਸੰਕੇਤ ਹੈ। ਸਰਕਾਰ ਦੇ ਵਿਰੋਧੀਆਂ ਲਈ ਇਹ - ਅਸਫ਼ਲਤਾ ਨੂੰ ਮੰਨਣਾ ਹੈ ਅਤੇ ਹਮਾਇਤੀਆਂ ਲਈ ਦੇਸ਼ ਨੂੰ ਭਰੋਸੇ ਵਿੱਚ ਲੈਣ ਲਈ ਚੁੱਕਿਆ ਗਿਆ ਬੇਹੱਦ ਲੋੜੀਂਦਾ ਕਦਮ ਹੈ।

ਇਹ ਵੀ ਪੜ੍ਹੋ:

ਮਾਰਚ ਮਹੀਨੇ ਦੀ 7 ਤਰੀਕ ਨੂੰ ਡਾ. ਹਰਸ਼ਵਰਧਨ ਨੇ ਬਿਆਨ ਦਿੱਤਾ ਸੀ ਕਿ ਭਾਰਤ ਵਿੱਚ ਕੋਰਨਾਵਾਇਰਸ ਦੀ ਐਂਡਗੇਮ ਸ਼ੁਰੂ ਹੋ ਚੁੱਕੀ ਹੈ। ਜਦਕਿ ਮਾਰਚ ਦੇ ਆਖ਼ਰੀ ਹਫ਼ਤੇ ਦੌਰਾਨ ਕੋਰੋਨਾਵਾਇਰਸ ਦੇ ਕੇਸ ਜਿਉਂ ਵਧਣੇ ਸ਼ੁਰੂ ਹੋਏ ਕਿ ਅਪ੍ਰੈਲ ਮਹੀਨੇ ਵਿੱਚ ਦੇਸ਼ ਵਿੱਚ ਆਕਸੀਜ਼ਨ ਸਪਲਾਈ ਦਾ ਸੰਕਟ ਖੜ੍ਹਾ ਹੋ ਗਿਆ ਅਤੇ ਸਿਹਤ ਮੰਤਰੀ ਵਜੋਂ ਉਨ੍ਹਾਂ ਦੀ ਭੂਮਿਕਾ ਅਤੇ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਆ ਗਈ।

ਮਸਲੇ ਨੂੰ ਬਾਅਦ ਵਿੱਚ ਸੁਪਰੀਮ ਕੋਰਟ ਨੇ ਅਤੇ ਫਿਰ ਪ੍ਰਧਾਨ ਮੰਤਰੀ ਦੇ ਦਫ਼ਤਰ, ਨੀਤੀ ਆਯੋਗ ਦੇ ਸਿਖ਼ਰਲੇ ਅਧਿਕਾਰੀਆਂ ਅਤੇ ਕੋਵਿਡ-19 ਬਾਰੇ ਇਮਪਾਵਰਡ ਗਰੁੱਪ ਨੇ ਆਪਣੇ ਹੱਥ ਵਿੱਚ ਲੈ ਲਿਆ।

ਹਰਸ਼ਵਰਧਨ ਉੱਪਰ ਰਾਮਦੇਵ ਦੀ ਕੋਰੋਨਿਲ ਦੀ ਮਸ਼ਹੂਰੀ ਕਾਰਨ ਵੀ ਸਵਾਲਾਂ ਦੇ ਘੇਰੇ ਵਿੱਚ ਆਏ ਅਤੇ ਇੰਡੀਅਨ ਮੈਡੀਕਲ ਕਾਊਂਸਲ ਨੇ ਉਨ੍ਹਾਂ ਦਾ ਡਾਕਟਰੀ ਲਾਈਸੈਂਸ ਰੱਦ ਕਰਨ ਦੀ ਮੰਗ ਕੀਤੀ।

ਪਰ ਹਰਸ਼ਵਰਧਨ ਲਗਾਤਾਰ ਕੇਂਦਰ ਸਰਕਾਰ ਦਾ ਕੋਵਿਡ ਦੇ ਮੋਰਚੇ ਉੱਪਰ ਵਿਰੋਧ ਕਰਦੇ ਰਹੇ ਅਤੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਸੂਬਿਆਂ ਨੂੰ ਪਿਛਲੇ ਸਾਲ ਦੌਰਾਨ ਜੋ ਸਬਕ ਦੇਸ਼ ਨੇ ਸਿੱਖੇ ਸਨ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਦੀ ਨਸੀਹਤ ਦਿੰਦੇ ਰਹੇ।

ਕੋਰੋਨਾਵਾਇਰਸ ਦੀ ਤੀਜੀ ਲਹਿਰ ਜੇ ਦਰਪੇਸ਼ ਡਾ. ਹਰਸ਼ਵਰਧਨ ਦੀ ਰਵਾਨਗੀ ਰਾਹੀਂ ਸ਼ਾਇਦ ਸਰਕਾਰ ਮਹਾਂਮਾਰੀ ਨਾਲ ਨਜਿੱਠਣ ਪ੍ਰਤੀ ਆਪਣੀ ਗੰਭੀਰਤਾ ਹੀ ਸੰਕੇਤਕ ਤੌਰ 'ਤੇ ਲੋਕਾਂ ਨੂੰ ਦੱਸਣੀ ਚਾਹੁੰਦੀ ਹੈ।

ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਾ ਦੇਹਾਂਤ

ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਵੀਰਵਾਰ ਤੜਕੇ ਦੇਹਾਂਤ ਹੋ ਗਿਆ। ਉਹ 87 ਸਾਲਾਂ ਦੇ ਸਨ।

ਹਸਪਤਾਲ ਦੇ ਸੀਐੱਮਓ ਜਨਕ ਰਾਜ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਬਜ਼ੁਰਗ ਕਾਂਗਰਸੀ ਆਗੂ ਨੇ ਸ਼ਿਮਲਾ ਦੇ ਇੰਦਰਾ ਗਾਂਧੀ ਮੈਮੋਰੀਅਲ ਕਾਲਜ ਵਿੱਚ ਤੜਕੇ 3.45 ਵਜੇ ਆਖ਼ਰੀ ਸਾਹ ਲਏ।

ਵੀਰਭੱਦਰ ਸਿੰਘ ਦੀ ਕੋਵਿਡ ਰਿਪੋਰਟ ਦੋ ਮਹੀਨਿਆਂ ਵਿੱਚ ਦੂਜੀ ਵਾਰ 11 ਜੂਨ ਨੂੰ ਪੌਜ਼ੀਟਿਵ ਆਈ ਸੀ।

ਵੀਰਭੱਦਰ ਸਿੰਘ ਆਪਣੇ ਸਿਆਸੀ ਜੀਵਨ ਦੌਰਾਨ ਨੌਂ ਵਾਰ ਵਿਧਾਇਕ ਰਹੇ ਤੇ ਛੇ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। ਉਹ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਮਾਰਚ 1998 ਤੋਂ ਮਾਰਚ 2003 ਦੌਰਾਨ ਵਿਰੋਧੀ ਧਿਰ ਦੇ ਆਗੂ ਵੀ ਰਹੇ।

ਵੀਰਭੱਦਰ ਸਿੰਘ ਪਹਿਲਾਂ 1962 ਵਿੱਚ ਅਤੇ ਫਿਰ 1967, 1971 ਵਿੱਚ ਲੋਕ ਸਭਾ ਮੈਂਬਰ ਵੀ ਚੁਣੇ ਗਏ। ਉਹ ਕਈ ਵਿਭਾਗਾਂ ਦੇ ਕੇਂਦਰੀ ਮੰਤਰੀ ਵੀ ਰਹੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬੈਂਸ ਖ਼ਿਲਾਫ਼ ਰੇਪ ਕੇਸ ਦਰਜ ਕਰਨ ਦੇ ਹਾਈ ਕੋਰਟ ਵੱਲੋਂ ਹੁਕਮ

"ਅਤੀ ਦੇ ਹਾਲਾਤਾਂ ਵਿੱਚ ਅਤੀ ਦੇ ਕਦਮਾਂ ਦੀ ਦਰਕਾਰ ਹੁੰਦੀ ਹੈ। ਹੱਥਲਾ ਮਾਮਲਾ ਵੀ ਅਤੀ ਹੈ।"

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਧਾਇਕ ਸਿਰਮਜੀਤ ਸਿੰਘ ਬੈਂਸ ਖ਼ਿਲਾਫ਼ ਪੰਜਾਬ ਪੁਲਿਸ ਨੂੰ ਰੇਪ ਦੀ ਐੱਫ਼ਆਈਆਰ ਦਰਜ ਕਰਨ ਦੇ ਹੁਕਮ ਦਿੰਦਿਆਂ ਇਹ ਟਿੱਪਣੀ ਕੀਤੀ। ਅਦਾਲਤ ਨੇ ਕਿਹਾ ਕਿ ਪੀੜਤ ਬਦਕਿਸਮਤੀ ਦੀ ਮਾਰੀ ਹੋਈ ਇੱਕ ਅਜਿਹੀ ਔਰਤ ਹੈ ਜਿਸ ਦਾ ਉਸ ਦੇ ਰਾਖੇ ਨੇ ਹੀ ਸ਼ੋਸ਼ਣ ਕੀਤਾ।

ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਅਦਾਲਤ ਨੇ ਅੱਗੇ ਕਿਹਾ ਕਿ ਪੁਲਿਸ ਵੱਲੋਂ ਆਪਣੀ ਗੱਲ ਨਾ ਸੁਣੇ ਜਾਣ ਕਾਰਨ ਪੀੜਤਾ ਨੇ ਅਦਾਲਤ ਦਾ ਬੂਹਾ ਖੜਕਾਇਆ ਹੈ।

ਅਦਾਲਤ ਨੇ ਡਰ ਜ਼ਾਹਰ ਕੀਤਾ ਕਿ ਜੇ ਐੱਫ਼ਾਆਈਆਰ ਦਰਜ ਕਰਨ ਦੀਆਂ ਹਦਾਇਆਤਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਗਰੀਬਣੀ ਨੂੰ ਉਨ੍ਹਾਂ ਲੋਕਾਂ ਖ਼ਿਲਾਫ਼ ਸਬੂਤ ਇਕੱਠੇ ਕਰਦੇ ਫਿਰਨਾ ਪਵੇਗਾ ਜੋ ਕਿ ਡਾਢੇ ਹਨ ਅਤੇ ਸਮੁੱਚਾ ਮਾਮਲਾ ਇਨਸਾਫ਼ ਦੀ ਅਸਫ਼ਲਤਾ ਬਣ ਜਾਵੇਗਾ।

ਨਵੰਬਰ 16, 2020 ਨੂੰ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਨੂੰ ਵਿਧਾਇਕ ਸਿਰਮਜੀਤ ਸਿੰਘ ਬੈਂਸ, ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ ਉਰਫ਼ ਭਾਭੀ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ਼ ਪੰਮਾ, ਅਤੇ ਲੁਧਿਆਣੇ ਦੇ ਗੋਗੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਸੰਬੰਧੀ ਇੱਕ ਹੱਥ ਲਿਖ਼ਤ ਸ਼ਿਕਾਇਤ ਕੀਤੀ ਸੀ।

ਪੀੜਤਾ ਨਿਆਂ ਦੀ ਮੰਗ ਲੈਕੇ ਲੰਬਾ ਸਮਾਂ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਬਾਹਰ ਧਰਨੇ 'ਤੇ ਵੀ ਬੈਠੀ ਰਹੀ।

ਪੰਜਾਬ ਵਿਧਾਨ ਸਭਾ ਕਮੇਟੀ ਵੱਲੋਂ ਦਿੱਲੀ ਵਿਖੇ 'ਹਿੰਸਾ' ਦੇ ਸ਼ਿਕਾਰ ਕਿਸਾਨਾਂ ਨਾਲ ਮੁਲਾਕਾਤ

ਪੰਜਾਬ ਵਿਧਾਨ ਸਭਾ ਕਮੇਟੀ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਹ ਕਮੇਟੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਹੋਏ ਅੱਤਿਆਚਾਰ ਬਾਰੇ ਜਾਂਚ ਕਰ ਰਹੀ ਹੈ ਜਿਸ ਵਿੱਚ ਗਣਤੰਤਰ ਦਿਵਸ ਮੌਕੇ ਹੋਈਆਂ ਘਟਨਾਵਾਂ ਵੀ ਸ਼ਾਮਿਲ ਹਨ।

'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਜੋ ਇਸ ਕਮੇਟੀ ਦੇ ਮੁਖੀ ਹਨ, ਨੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਹੋਰ ਕਮੇਟੀ ਮੈਂਬਰ ਵੀ ਇਸ ਬੈਠਕ ਵਿੱਚ ਸ਼ਾਮਲ ਸਨ।

ਖ਼ਬਰਾਂ ਅਨੁਸਾਰ ਤਰਨਤਾਰਨ ਦੇ ਸੰਦੀਪ ਸਿੰਘ ਨੇ ਕਮੇਟੀ ਨੂੰ ਦੱਸਿਆ ਕਿ ਉਹ 26 ਜਨਵਰੀ ਨੂੰ ਹੋਈ ਟਰੈਕਟਰ ਰੈਲੀ ਵਿੱਚ ਹਿੱਸਾ ਲੈਣ ਲਈ ਜਥੇ ਨਾਲ 20 ਜਨਵਰੀ ਨੂੰ ਗਿਆ ਸੀ ਅਤੇ ਉਸ ਨੂੰ 29 ਜਨਵਰੀ ਨੂੰ ਗ੍ਰਿਫ਼ਤਾਰ ਕਰਕੇ ਤਿਹਾੜ ਜੇਲ੍ਹ ਵਿੱਚ ਰੱਖਿਆ ਗਿਆ। ਇੱਥੇ ਉਸ ਦੀ ਕੁੱਟਮਾਰ ਵੀ ਹੋਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਨਾਲ ਮਾਰਚ ਵਿੱਚ ਰਿਹਾਈ ਹੋਈ।

ਇੱਕ ਹੋਰ ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਟਰੈਕਟਰ ਰੈਲੀ ਵਿੱਚ ਹਿੱਸਾ ਲੈਣ ਗਿਆ ਸੀ ਪਰ ਹਿੱਸਾ ਨਹੀਂ ਲਿਆ ਬਾਵਜੂਦ ਇਸ ਦੇ ਪੁਲਿਸ ਨੇ ਉਸ ਨੂੰ ਤਿਹਾੜ ਜੇਲ੍ਹ ਵਿੱਚ ਪਾ ਦਿੱਤਾ।

ਇਹ ਕਮੇਟੀ 31 ਜੁਲਾਈ ਤੱਕ ਆਪਣੀ ਰਿਪੋਰਟ ਸੌਂਪੇਗੀ ਅਤੇ ਕੁਲਦੀਪ ਸਿੰਘ ਵੈਦ ਅਨੁਸਾਰ ਕਿਸਾਨਾਂ ਦੀ ਕਾਨੂੰਨੀ ਅਤੇ ਆਰਥਿਕ ਸਹਾਇਤਾ ਦਾ ਪ੍ਰਸਤਾਵ ਰਿਪੋਰਟ ਵਿੱਚ ਰੱਖੇਗੀ।

ਅਫਗਾਨ ਔਰਤਾਂ ਨੇ ਤਾਲਿਬਾਨ ਖ਼ਿਲਾਫ਼ ਹਥਿਆਰ ਚੁੱਕ ਕੇ ਕੀਤਾ ਪ੍ਰਦਰਸ਼ਨ

ਅਫ਼ਗਾਨਿਸਤਾਨ ਦੇ ਕਈ ਇਲਾਕਿਆਂ ਵਿੱਚ ਮਹਿਲਾਵਾਂ ਨੇ ਤਾਲਿਬਾਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਔਰਤਾਂ ਦੇ ਹੱਥ ਵਿੱਚ ਹਥਿਆਰ ਅਤੇ ਬੰਦੂਕਾਂ ਨਜ਼ਰ ਆਈਆਂ। ਅੰਗਰੇਜ਼ੀ ਅਖ਼ਬਾਰ 'ਦਿ ਗਾਰਡੀਅਨ' ਦੀ ਰਿਪੋਰਟ ਮੁਤਾਬਕ ਅਫ਼ਗਾਨਿਸਤਾਨ ਦੇ ਕੇਂਦਰੀ ਅਤੇ ਉੱਤਰੀ ਹਿੱਸੇ ਵਿੱਚ ਸੈਂਕੜੇ ਮਹਿਲਾਵਾਂ ਨੇ ਪ੍ਰਦਰਸ਼ਨ ਕੀਤਾ ਅਤੇ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀਆਂ ਤਸਵੀਰਾਂ ਨਜ਼ਰ ਆਈਆਂ।ਅਫਗਾਨਿਸਤਾਨ ਦੇ ਘੋਰ ਇਲਾਕੇ ਵਿੱਚ ਸਭ ਤੋਂ ਵੱਡਾ ਪ੍ਰਦਰਸ਼ਨ ਹੋਇਆ ਜਿੱਥੇ ਤਾਲਿਬਾਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਹ ਪ੍ਰਦਰਸ਼ਨ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਕੀਤਾ ਗਿਆ। ਖ਼ਬਰਾਂ ਅਨੁਸਾਰ ਤਾਲਿਬਾਨ ਅਧੀਨ ਇਲਾਕਿਆਂ ਵਿੱਚ ਔਰਤਾਂ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੇ ਕੱਪੜਿਆਂ ਤੋਂ ਲੈ ਕੇ ਸਿੱਖਿਆ ਉੱਪਰ ਪਾਬੰਦੀ ਸ਼ਾਮਿਲ ਹੈ। ਪਿਛਲੇ ਦੋ ਦਹਾਕਿਆਂ ਵਿੱਚ ਔਰਤਾਂ ਅਫਗਾਨਿਸਤਾਨ ਦੀ ਸਿਕਿਉਰਿਟੀ ਫੋਰਸ ਦਾ ਹਿੱਸਾ ਵੀ ਬਣੀਆਂ ਹਨ। ਘੋਰ ਦੇ ਕੁਝ ਇਲਾਕੇ ਜੋ ਤਾਲਿਬਾਨ ਦੇ ਕਬਜ਼ੇ ਵਿੱਚ ਹਨ, ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਇਲਾਕੇ ਵਿੱਚ ਰਵਾਇਤੀ ਤੌਰ 'ਤੇ ਔਰਤਾਂ ਬੁਰਕੇ ਦੀ ਜਗ੍ਹਾ ਸਿਰ ਢੱਕ ਕੇ ਕੰਮ ਕਰਦੀਆਂ ਹਨ ਅਤੇ ਖੇਤਾਂ ਵਿੱਚ ਵੀ ਮਰਦਾਂ ਦਾ ਹੱਥ ਵਟਾਉਂਦੀਆਂ ਹਨ।ਤਾਲਿਬਾਨ ਨੇ ਹੁਣ ਔਰਤਾਂ ਉੱਪਰ ਪਾਬੰਦੀਆਂ ਲਗਾਈਆਂ ਹਨ ਜਿਨ੍ਹਾਂ ਵਿੱਚ ਸਕੂਲ ਜਾਣ 'ਤੇ ਮਨਾਹੀ, ਖੇਤਾਂ ਵਿੱਚ ਜਾਣ 'ਤੇ ਮਨਾਹੀ ਸ਼ਾਮਿਲ ਹੈ।

ਉਨ੍ਹਾਂ ਨੂੰ ਵਿਆਹ ਸ਼ਾਦੀ ਵਿੱਚ ਸ਼ਮੂਲੀਅਤ ਕਰਨ ਉੱਪਰ ਵੀ ਪਾਬੰਦੀ ਲਗਾਈ ਗਈ ਹੈ ਤੇ ਘਰ ਤੋਂ ਬਾਹਰ ਵੀ ਕੇਵਲ ਆਦਮੀਆਂ ਨਾਲ ਜਾਣ ਦੀ ਇਜਾਜ਼ਤ ਦਿੱਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)