ਜਲਿਆਂਵਾਲਾ ਬਾਗ਼ ਮੁਰੰਮਤ ਤੋਂ ਬਾਅਦ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ- ਤਸਵੀਰਾਂ

1650 ਗੋਲੀਆਂ ਅਤੇ 379 ਲਾਸ਼ਾਂ। ਇਹ ਦੋਵੇਂ ਅੰਕੜੇ ਜਿਲ੍ਹਿਆਂਵਾਲ਼ਾ ਬਾਗ਼ ਦੇ ਹਨ। 1650 ਗੋਲ਼ੀਆਂ ਅੰਗਰੇਜ਼ ਅਫ਼ਸਰ ਜਨਰਲ ਡਾਇਰ ਨੇ ਚਲਵਾਈਆਂ ਸਨ ਅਤੇ 379 ਭਾਰਤੀਆਂ ਦੀ ਜਾਨ ਗਈ ਸੀ।

ਇਹ ਇੱਕ ਅਜਿਹੀ ਘਟਨਾ ਸੀ ਜਿਸ ਨੇ 102 ਸਾਲ ਪਹਿਲਾਂ ਦੁਨੀਆਂ ਭਰ ਦੇ ਸਾਹਮਣੇ ਅੰਗਰੇਜ਼ੀ ਰਾਜ ਦੇ ਦਮਨਕਾਰੀ ਪੱਖ ਨੂੰ ਸਾਹਮਣੇ ਰੱਖਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਇਸ ਘਟਨਾ ਦੇ ਮੁੜ ਉਸਾਰੀ ਗਈ ਯਾਦਗਾਰ ਦੇਸ਼ ਨੂੰ ਸਮਰਪਿਤ ਕਰਨੀ ਹੈ।

ਪ੍ਰੈੱਸ ਸੂਚਨਾ ਬਿਊਰੋ ਵੱਲੋਂ ਦੱਸਿਆ ਗਿਆ ਹੈ ਕਿ ਮੁੜ ਨਿਰਮਾਣ ਲੰਬੇ ਸਮੇਂ ਤੋਂ ਵਿਹਲੀਆਂ ਪਈਆਂ ਅਤੇ ਘੱਟ ਵਰਤੀਆਂ ਜਾ ਰਹੀਆਂ ਇਮਾਰਤਾਂ ਉੱਪਰ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ।

ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਕੰਪਲੈਕਸ ਵਿੱਚ ਚਾਰ ਅਜਾਇਬ ਘਰ ਬਣਾਏ ਗਏ ਹਨ ਜੋ ਕਿ ਤਤਕਾਲੀ ਪੰਜਾਬ ਵਿੱਚ ਵਾਪਰੀਆਂ ਵੱਖੋ-ਵੱਖ ਘਟਨਾਵਾਂ ਦੇ ਇਤਿਹਾਸਕ ਮਹੱਤਵ ਨੂੰ ਦਰਸਾਉਂਦੇ ਹਨ।

3ਡੀ ਅਤੇ ਪ੍ਰੋਜੈਕਟਰ ਤਕਨੀਕ ਦੇਵੇਗੀ ਜਾਣਕਾਰੀ

ਪੀਆਈਬੀ ਨੇ ਦੱਸਿਆ ਹੈ ਕਿ ਇਸ ਦੌਰ ਦੇ ਇਤਿਹਾਸ ਤੋਂ ਦੁਨੀਆਂ ਨੂੰ ਜਾਣੂੰ ਕਰਵਾਉਣ ਲਈ ਦ੍ਰਿਸ਼ਟੀ-ਸਰੋਤ ਮਾਧਿਆਮ ਨਾਲ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ।

ਇਸ ਦੇ ਨਾਲ ਹੀ 3ਡੀ, ਪ੍ਰੋਜੈਕਸ਼ਨ ਮੈਪਿੰਗ, ਕਲਾ, ਮੂਰਤੀਕਲਾ ਆਦਿ ਦੀ ਮਦਦ ਨਾਲ਼ ਇਨ੍ਹਾਂ ਘਟਨਾਵਾਂ ਨੂੰ ਪੇਸ਼ ਕੀਤਾ ਜਾਵੇਗਾ।

ਇਤਿਹਾਸਕਾਰ ਹਰਜੇਸ਼ਵਰ ਸਿੰਘ ਨੇ ਬੀਬੀਸੀ ਲਈ ਲਿਖੇ ਇੱਕ ਲੇਖ ਵਿੱਚ ਦੱਸਿਆ ਸੀ ਕਿ ਕਿਸ ਤਰ੍ਹਾਂ ਅਤੇ ਕਿਹੜੇ ਹਾਲਾਤ ਵਿੱਚ ਜਨਰਲ ਡਾਇਰ ਨੂੰ ਅੰਮ੍ਰਿਤਸਰ ਵਿੱਚ ਭੇਜਿਆ ਗਿਆ ਸੀ।

13 ਅਪ੍ਰੈਲ 1919 ਦੀ ਸ਼ਾਮ ਸਾਢੇ ਚਾਰ ਵੱਜੇ ਸਨ। ਜਨਰਲ ਡਾਇਰ ਨੇ ਜਲਿਆਂਵਾਲ਼ਾ ਬਾਗ਼ ਵਿੱਚ ਮੌਜੂਦ ਕਰੀਬਨ 25-30 ਹਜ਼ਾਰ ਲੋਕਾਂ ਉੱਪਰ ਅੰਨ੍ਹੇਵਾਹ ਗੋਲ਼ੀਆਂ ਚਲਵਾਈਆਂ।

ਉਹ ਵੀ ਬਿਨਾਂ ਕਿਸੇ ਚੇਤਾਵਨੀ ਦੇ ਅਤੇ ਬਾਹਰ ਨਿਕਲਣ ਦਾ ਇੱਕੋ-ਇੱਕ ਰਾਹ ਬੰਦ ਕਰਕੇ।

ਕਰੀਬ ਦੱਸ ਮਿੰਟ ਤੱਕ ਨਿਹੱਥੇ ਲੋਕਾਂ ਉੱਪਰ ਗੋਲ਼ੀਆਂ ਚਲਾਈਆਂ ਗਈਆਂ ਅਤੇ ਗੋਲ਼ੀਆਂ ਮੁੱਕ ਜਾਣ 'ਤੇ ਫਾਇਰਿੰਗ ਰੋਕੀ ਗਈ।

ਇਸ ਦੌਰਾਨ 1650 ਰਾਉਂਡ ਗੋਲ਼ੀਆਂ ਚਲਾਈਆਂ ਗਈਆਂ। ਗੋਲ਼ੀਆਂ ਚਲਾਉਣ ਵਾਲ਼ੇ ਥੱਕ ਚੁੱਕੇ ਸਨ ਅਤੇ 379 ਲੋਕ ਲੋਥਾਂ ਵਿੱਚ ਬਦਲ ਗਏ ਸਨ।

(ਗੈਰ-ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਕੇ ਵਿੱਚ ਇੱਕ ਹਜ਼ਾਰ ਦੇ ਲਗਭਗ ਜਾਨਾਂ ਗਈਆਂ ਸਨ)

ਭਾਰਤ ਵਿੱਚ ਜਨਮਿਆ ਸੀ ਜਨਰਲ ਡਾਇਰ

ਬਹੁਤ ਥੋੜ੍ਹੇ ਲੋਕ ਜਾਣਦੇ ਹਨ ਕਿ ਜਨਰਲ ਡਾਇਰ ਦਾ ਜਨਮ ਭਾਰਤ ਵਿੱਚ ਹੀ ਹੋਇਆ ਸੀ।

ਹਰਜੇਸ਼ਵਰ ਲਿਖਦੇ ਹਨ, "ਡਾਇਰ ਦਾ ਜਨਮ ਭਾਰਤ ਵਿੱਚ ਹੀ ਹੋਇਆ ਸੀ ਅਤੇ ਉੁਨ੍ਹਾਂ ਦੇ ਪਿਤਾ ਸ਼ਰਾਬ ਕੱਢਣ ਦਾ ਕੰਮ ਕਰਦੇ ਸਨ। ਡਾਇਰ ਨੂੰ ਉਰਦੂ ਅਤੇ ਹਿੰਦੁਸਤਾਨੀ ਜ਼ੁਬਾਨਾਂ ਬਹੁਤ ਚੰਗੀ ਤਰ੍ਹਾਂ ਆਉਂਦੀਆਂ ਸਨ।"

"ਇਤਿਹਾਸ ਵਿੱਚ ਡਾਇਰ ਨੂੰ ਅੰਮ੍ਰਿਤਸਰ ਦੇ ਕਸਾਈ ਵਜੋਂ ਜਾਣਿਆਂ ਜਾਂਦਾ ਹੈ।"

ਮਸ਼ੀਨ ਗੰਨ ਦੀ ਵਰਤੋਂ

ਜਲਿਆਂਵਾਲ਼ੇ ਬਾਗ਼ ਵਿੱਚ ਵਾਪਰੇ ਇਸ ਦੁਖਾਂਤ ਬਾਰੇ ਪੂਰੀ ਦੁਨੀਆਂ ਵਿੱਚ ਪ੍ਰਤੀਕਿਰਿਆ ਦੇਖੀ ਗਈ।

ਹਰਜੇਸ਼ਵਰ ਲਿਖਦੇ ਹਨ, "ਸਰਕਾਰੀ ਹੰਟਰ ਕਮਿਸ਼ਨ ਦੀ ਜਾਂਚ ਅਤੇ ਗੈਰ-ਸਰਕਾਰੀ ਤੌਰ 'ਤੇ ਹੋਈ ਕਾਂਗਰਸ ਦੀ ਜਾਂਚ ਵਿੱਚ ਪਾਇਆ ਗਿਆ ਕਿ ਜਨਰਲ ਡਾਇਰ ਇਸ ਤਰ੍ਹਾਂ ਦੀ ਸੋਚ ਰੱਖਣ ਵਾਲ਼ਾ ਅਤੇ ਫਿਰ ਉਸ ਨੂੰ ਅੰਜਾਮ ਦੇਣ ਵਾਲ਼ਾ ਆਪਣੇ ਹੀ ਵਰਗਾ ਅਨੋਖਾ ਇਨਸਾਨ ਸੀ।"

ਹੰਟਰ ਕਮਿਸ਼ਨ ਦੇ ਸਾਹਮਣੇ ਡਾਇਰ ਨੇ ਮੰਨਿਆ ਕਿ ਉਸ ਨੇ ਲੋਕਾਂ ਉੱਪਰ ਮਸ਼ੀਨ ਗੰਨ ਦੀ ਵਰਤੋਂ ਕੀਤੀ ਸੀ। ਅਤੇ ਬਾਗ਼ ਦੇ ਲਈ ਇੱਕ ਤੰਗ ਰਸਤਾ ਸੀ ਅਤੇ ਫ਼ੌਜੀਆਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਜਿਸ ਪਾਸੇ ਜ਼ਿਆਦਾ ਲੋਕ ਦੇਖਣ ਉਸੇ ਪਾਸੇ ਗੋਲ਼ੀ ਚਲਾਉਣ।

ਜਦੋਂ ਫਾਇਰਿੰਗ ਬੰਦ ਹੋਈ ਤਾਂ ਉੱਥੇ ਨਾ ਫਟੱੜਾਂ ਲਈ ਡਾਕਟਰੀ ਮਦਦ ਦਾ ਬੰਦੋਬਸਤ ਸੀ ਅਤੇ ਨਾ ਹੀ ਲਾਸ਼ਾਂ ਦੀਆਂ ਅੰਤਿਮ ਰਸਮਾਂ ਲਈ। ਉਨ੍ਹਾਂ ਨੇ ਵਿਆਪਕ ਰੂਪ ਵਿੱਚ "ਬ੍ਰਿਟਿਸ਼ ਸਾਮਰਾਜ ਦੇ ਉਧਾਰਕਰਤਾ" ਵਜੋਂ ਸਨਮਾਨਿਤ ਕੀਤਾ ਗਿਆ ਸੀ।

ਕਿਸੇ ਬ੍ਰਟਿਸ਼ ਅਫ਼ਸਰ ਵੱਲੋਂ ਕੀਤਾ ਗਿਆ ਇਹ ਆਪਣੀ ਕਿਸਮ ਦਾ ਪਹਿਲਾ ਕਤਲੇਆਮ ਸੀ।

ਹਿੰਸਾ, ਕਰੂਰਤਾ ਅਤੇ ਸਿਆਸੀ ਦਮਨ ਬ੍ਰਿਟਿਸ਼ ਰਾਜ ਵਿੱਚ ਪਹਿਲੀ ਵਾਰ ਨਹੀਂ ਹੋਈ ਸੀ ਅਤੇ ਨਾ ਹੀ ਇਹ ਕੋਈ ਅਪਵਾਦ ਸੀ ਪਰ ਇਹ ਆਪਣੇ-ਆਪ ਵਿੱਚ ਇੱਕ ਵੱਖਰੇ ਕਿਸਮ ਦੀ ਕਰੂਰਤਾ ਸੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)