ਜਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਪਾਕਿਸਤਾਨ ਲਈ ਖ਼ਾਸ ਨਹੀਂ - ਨਜ਼ਰੀਆ

ਜਲ੍ਹਿਆਂਵਾਲਾ ਬਾਗ ਸਾਕੇ ਨੂੰ 100 ਸਾਲ ਹੋ ਗਏ ਹਨ ਪਰ ਇਸ ਬਾਰੇ ਪਾਕਿਸਤਾਨ ਵਿੱਚ ਕੋਈ ਜ਼ਿਕਰ ਹੈ ਜਾਂ ਨਹੀਂ?

ਇਸ ਬਾਰੇ ਪਾਕਿਸਤਾਨ ਦੇ ਇਤਿਹਾਸਕਾਰ ਅਹਿਮਦ ਸਲੀਮ ਨੇ ਬੀਬੀਸੀ ਪੱਤਰਕਾਰ ਸ਼ੁਮਾਇਲ ਜਾਫ਼ਰੀ ਨਾਲ ਖਾਸ ਗੱਲਬਾਤ ਕੀਤੀ।

ਉਹ ਕਹਿੰਦੇ ਹਨ, “ਪਾਕਿਸਤਾਨ ਵਿੱਚ ਇਸ ਸਬੰਧੀ ਨਾ ਤਾਂ ਕੋਈ ਤਿਆਰੀਆਂ ਹਨ ਅਤੇ ਨਾ ਹੀ ਕੋਈ ਜ਼ਿਕਰ ਨਜ਼ਰ ਆਉਂਦਾ ਹੈ। ਪਾਕਿਸਤਾਨ ਦੀਆਂ ਕਿਤਾਬਾਂ ਵਿੱਚ ਇਸ ਸਬੰਧੀ ਸਿਰਫ਼ ਮੁਸਲਮਾਨਾ ਦਾ ਜ਼ਿਕਰ ਹੈ, ਜੇਕਰ ਹਿੰਦੂਆਂ ਦਾ ਜ਼ਿਕਰ ਹੈ ਤਾਂ ਉਹ ਸਿਰਫ਼ ‘ਨਕਾਰਾਤਮਕ ਰਵੱਈਏ’ ਬਾਰੇ।”

“ਨਕਾਰਾਤਮਕ ਇਸ ਤਰ੍ਹਾਂ ਕਿ ‘ਅੰਗਰੇਜ਼ ਅਤੇ ਹਿੰਦੂ ਮਿਲ ਕੇ ਮੁਸਲਮਾਨਾਂ ਖ਼ਿਲਾਫ਼ ਸਾਜ਼ਿਸ਼’ ਕਰ ਰਹੇ ਸਨ, ਕਿਉਂਕਿ ‘ਉਨ੍ਹਾਂ ਨੇ 1000 ਸਾਲ ਤੱਕ ਹਿੰਦੂਆਂ 'ਤੇ ਹਕੂਮਤ’ ਕੀਤੀ ਸੀ।”

ਇਹ ਵੀ ਪੜ੍ਹੋ:

ਅਹਿਮਦ ਸਲੀਮ ਅੱਗੇ ਕਹਿੰਦੇ ਹਨ, “ਕੌਮੀ ਪੱਧਰ 'ਤੇ ਸਾਡਾ ਹਮੇਸ਼ਾ ਇਹੀ ਕਹਿਣਾ ਹੁੰਦਾ ਹੈ — ਸਿਆਸਤ ਹੋਵੇ, ਤਾਰੀਖ਼ ਹੋਵੇ, ਤਹਿਜ਼ੀਬ ਹੋਵੇ, ਇਸ ਵਿੱਚ ਇਹ ਸਾਰੀਆਂ ਚੀਜ਼ਾਂ ਸ਼ਾਮਲ ਹਨ।''

“ਹਕੀਕਤ ਇਹ ਹੈ ਕਿ ਜਲ੍ਹਿਆਂਵਾਲਾ ਬਾਗ ਸਾਕੇ ਨੂੰ 100 ਸਾਲ ਪੂਰੇ ਹੋ ਗਏ ਅਤੇ 1947 ਤੋਂ ਬਾਅਦ ਵੀ 70 ਸਾਲ ਪੂਰੇ ਹੋ ਗਏ ਪਰ ਅਸੀਂ 70 ਸਾਲ ਤੋਂ ਇਸ ਨੂੰ ਯਾਦ ਨਹੀਂ ਕਰ ਰਹੇ।”

“ਹਿੰਦੂਸਤਾਨ ਵਿੱਚ ਜਿਵੇਂ ਇਸ ਨੂੰ ਬਕਾਇਦਾ ਸੋਗ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਉਸ ਤਰ੍ਹਾਂ ਪਾਕਿਸਤਾਨ ਵਿੱਚ ਨਹੀਂ ਕੀਤਾ ਜਾਂਦਾ।”

ਵੀਡੀਓ - ਜਲ੍ਹਿਆਂਵਾਲਾ ਬਾਗ: ਮਾਰੇ ਗਏ ਲੋਕਾਂ ਦੇ ਪਰਿਵਾਰ ਦਾ ਦਰਦ ਕਿਉਂ ਹੈ ਕਾਇਮ

ਸਵਾਲ - ਕੀ ਪਾਕਿਸਤਾਨ ਵਿੱਚ ਸਕੂਲਾਂ ਦੀਆਂ ਕਿਤਾਬਾਂ ਦੇ ਸਿਲੇਬਸ ਵਿੱਚ ਇਹ ਜ਼ਿਕਰ ਹਨ?

ਇਤਿਹਾਸਕਾਰ ਅਹਿਮਦ ਸਲੀਮ - ਸਕੂਲਾਂ ਦੀਆਂ ਕਿਤਾਬਾਂ ਵਿੱਚ ਜ਼ਿਕਰ ਤਾਂ ਰਿਹਾ ਹੈ ਪਰ ਉਸ ਨੂੰ ਇਸਲਾਮੀ ਵਿਸ਼ੇ ਦੇ ਤੌਰ 'ਤੇ ਹੀ ਦਰਸਾਇਆ ਗਿਆ ਹੈ ਜਿਸ ਵਿੱਚ ਇਹ ਜ਼ਿਕਰ ਹੈ ਕਿ ਮੁਸਲਮਾਨ ਵੱਡੀ ਗਿਣਤੀ ਵਿੱਚ ਮਾਰੇ ਗਏ. ਹਾਲਾਂਕਿ ਉਸ ਦੇ ਵਿੱਚ ਸਿੱਖ ਵੀ ਸਨ, ਹਿੰਦੂ ਵੀ ਸਨ। ਵਿਸਾਖੀ ਦਾ ਮੇਲਾ ਇਕੱਠਾ ਹੁੰਦਾ ਸੀ।

ਸਾਡੇ ਜ਼ਮਾਨੇ ਦੀਆਂ ਕਿਤਾਬਾਂ ਵਿੱਚ ਤਾਂ ਜ਼ਿਕਰ ਹੁੰਦਾ ਸੀ।

ਇਹ ਵੀ ਪੜ੍ਹੋ:

ਬਾਕੀ ਬੱਚਿਆਂ ਨੂੰ ਇਸ ਬਾਰੇ ਨਹੀਂ ਪਤਾ। ਇਹ ਵੀ ਨਹੀਂ ਪਤਾ ਕਿ, ਕੀ ਇਹ ਵਾਕਿਆ ਹਿੰਦੂ, ਮੁਸਲਮਾਨਾਂ ਅਤੇ ਸਿੱਖਾਂ ਦਾ ਇਕੱਠਾ ਵਾਕਿਆ ਸੀ ਜਾਂ ਸਿਰਫ਼ ਇਕੱਲ਼ੇ ਮੁਸਲਮਾਨਾਂ ਦਾ ਸੀ। ਕੋਈ ਸਪਸ਼ਟ ਜਾਣਕਾਰੀ ਨਹੀਂ ਹੈ।

ਪਾਕਿਸਤਾਨ ਦੇ ਪੰਜਾਬ ਵਿੱਚ ਇਸ ਵਾਕਿਆ ਨੂੰ ਯਾਦ ਕੀਤਾ ਜਾਂਦਾ ਹੈ?

ਸਾਡੇ ਇੱਥੇ ਬੁਨਿਆਦੀ ਗੱਲ 'ਟੂ-ਨੇਸ਼ਨ ਥਿਊਰੀ' ਦੀ ਹੈ। ਯਾਨਿ ਆਜ਼ਾਦੀ ਲਈ ਸਾਰੇ ਸੰਘਰਸ਼ ਮੁਸਲਮਾਨਾਂ ਨੇ ਕੀਤੇ, ਸਾਰੇ ਜ਼ੁਲਮ ਮੁਸਲਮਾਨਾਂ 'ਤੇ ਹੋਏ ਅਤੇ 1947 ਵਿੱਚ ਮੁਸਲਮਾਨਾ ਦੇ ਹੀ ਕਤਲ ਹੋਏ। ਇਹ ਸਾਰੀ ਗੱਲ ਇੱਕਤਰਫ਼ਾ ਹੈ ਇਸ ਲਈ ਸਾਰੀਆਂ ਚੀਜ਼ਾਂ ਵੀ ਇੱਕਤਰਫ਼ਾ ਹੀ ਹਨ।

ਫਿਲਮ, ਥੀਏਟਰ, ਲਿਟਰੇਚਰ ਵਿੱਚ ਜਲ੍ਹਿਆਂਵਾਲਾ ਬਾਗ ਦਾ ਕੋਈ ਜ਼ਿਕਰ ਹੈ?

ਲਿਟਰੇਚਰ ਵਿੱਚ ਤਾਂ ਇਸਦਾ ਕਾਫ਼ੀ ਜ਼ਿਕਰ ਹੈ। ਇੱਕ-ਦੋ ਫ਼ਿਲਮਾਂ ਵੀ ਬਣੀਆਂ ਹਨ। ਟੈਲੀਵੀਜ਼ਨ ਦੇ ਡਰਾਮਿਆਂ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ।

ਲਿਟਰੇਚਰ ਵਿੱਚ ਦੋ ਤਿੰਨ ਨਾਮ ਹਨ — ਕੁਰੁਤਲੈਨ ਹੈਦਰ ਹਨ — ਅਬਦੁੱਲ ਹੁਸੈਨ ਦਾ ਨਾਵਲ ‘ਉਦਾਸ ਨਸਲੇਂ’ ਹੈ ਜਿਸ ਵਿੱਚ ਜਲ੍ਹਿਆਂਵਾਲਾ ਬਾਗ ਬਾਰੇ ਕਾਫ਼ੀ ਜ਼ਿਕਰ ਹੈ। ਇਸੇ ਤਰ੍ਹਾਂ ਮੰਟੋ ਸਾਹਿਬ ਨੇ ਕਹਾਣੀ ਲਿਖੀ ਜਿਹੜੀ ਇੱਕ ਬੱਚੇ 'ਤੇ ਆਧਾਰਿਤ ਸੀ।

ਉਨ੍ਹਾਂ ਨੇ ਆਪਣਾ 1919 ਦਾ ਤਜ਼ਰਬਾ ਬਿਆਨ ਕੀਤਾ ਹੈ। ਭਾਵੇਂ ਉਦੋਂ ਉਹ 7-8 ਸਾਲ ਦੇ ਹੋਣਗੇ ਪਰ ਉਸ ਨੂੰ ਇੱਕ ਕਹਾਣੀ ਦੀ ਸ਼ਕਲ ਵਿੱਚ ਬਿਆਨ ਕੀਤਾ ਹੈ। ਨਾਵ ਦਾ ਨਾਂ ਹੈ ‘ਅੰਮ੍ਰਿਤਸਰ ਦੀ 'ਏਕ ਸ਼ਾਮ'।

ਜਲ੍ਹਿਆਂਵਾਲਾ ਬਾਗ ਦੇ ਵਾਕਿ ਨੂੰ ਭਾਰਤੀ ਉਪ-ਮਹਾਂਦੀਪ ਦੇ ਇਤਿਹਾਸ ਵਿੱਚ ਇੱਕ ਅਹਿਮ ਮੋੜ ਸਮਝਿਆ ਜਾਂਦਾ ਹੈ। ਗਾਂਧੀ ਜੀ ਨੇ ਨੋਨ-ਕੋਪਰੇਸ਼ਨ ਮੂਵਮੈਂਟ ਸ਼ੁਰੂ ਕੀਤੀ, ਟੈਗੋਰ ਨੇ ਆਪਣੀ ਨਾਈਟਹੁੱਡ ਦੀ ਉਪਾਧੀ ਵਾਪਿਸ ਕਰ ਦਿੱਤੀ ਸੀ। ਇਸ ਜਜ਼ਬੇ ਨੂੰ ਪਾਕਿਸਤਾਨ ਪੰਜਾਬ ਵਿੱਚ ਵੀ ਸਮਝਿਆ ਗਿਆ?

ਜੇਕਰ ਤੁਸੀਂ ਮੈਨੂੰ ਖੁੱਲ੍ਹ ਕੇ ਬੋਲਣ ਦੀ ਇਜਾਜ਼ਤ ਦਿਓ ਤਾਂ ਮੈਂ ਕੁਝ ਅਰਜ਼ ਕਰਾਂ, ਉੱਧਰ ਟੈਗੋਰ ਸਾਹਿਬ ਨੇ ਇਹ ਕਹਿ ਕੇ, ਕਿ ‘ਮੈਂ ਆਪਣੇ ਲੋਕਾਂ ਦੇ ਨਾਲ ਖੜ੍ਹਾ ਰਹਿਣਾ ਚਾਹੁੰਦਾ ਹਾਂ’, ਖਿਤਾਬ ਵਾਪਿਸ ਕਰ ਦਿੱਤਾ।

ਇੱਥੇ ਸਾਡੇ ਕੌਮੀ ਸ਼ਾਇਰ ਅੱਲਾਮਾ ਇਕਬਾਲ ਨੂੰ ‘ਸਰ’ ਦਾ ਖਿਤਾਬ ਮਿਲਿਆ ਕਿਉਂਕਿ ਉਨ੍ਹਾਂ ਨੇ ਮਲਿਕਾ ਦੀ ਸ਼ਾਨ ਵਿੱਚ ਪਹਿਲੀ ਜੰਗੇ-ਅਜ਼ੀਮ ਜਿੱਤਣ ਦੀ ਖੁਸ਼ੀ 'ਚ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਸੀ, ਉਸ ਦਾ ਕਸੀਦਾ ਲਿਖਿਆ ਹੈ, ਜਿਹੜਾ ਬਦਕਿਸਮਤੀ ਨਾਲ ਹੁਣ ਉਪਲਬਧ ਹੈ।

ਕਸੂਰ ਦੇ ਰੇਲਵੇ ਸਟੇਸ਼ਨ 'ਤੇ ਫਾਂਸੀ ਘਾਟ ਬਣਿਆ ਸੀ। ਮੇਰੇ ਕੋਲ ਕਈ ਅਜਿਹੀਆਂ ਤਸਵੀਰਾਂ ਹਨ, ਜਿਸ ਵਿੱਚ ਲੋਕ ਫਾਂਸੀ 'ਤੇ ਲਟਕੇ ਹੋਏ ਹਨ ਅਤੇ ਕੋਹੜੇ ਮਾਰਨ ਦੀ ਸਜ਼ਾ ਦਿੱਤੀ ਜਾ ਰਹੀ ਹੈ, ਉਹ ਵੀ ਤਸਵੀਰਾਂ ਮੇਰੇ ਕੋਲ ਹਨ। ਗੁਜਰਾਂਵਾਲਾ ਵਿੱਚ ਬਹੁਤ ਵੱਡਾ ਫਸਾਦ ਹੋਇਆ ਸੀ। ਗੁਜਰਾਂਵਾਲਾ ਦੇ ਸਰਕਾਰੀ ਕਾਲਜ ਤੱਕ ਫਾਇਰਿੰਗ ਹੋਈ ਸੀ ਜਿਹੜੀ ਅੰਗਰੇਜ਼ਾਂ ਨੇ ਕੀਤੀ ਸੀ। ਇਹ ਸਾਰਾ ਕੁਝ ਸਾਡੇ ਇਤਿਹਾਸ ਵਿੱਚ ਹੈ।

ਉਦੋਂ ਸਾਂਝਾ ਹਿੰਦੁਸਤਾਨ ਸੀ। ਹਿੰਦੂ ਸਿੱਖ ਅਤੇ ਮੁਸਲਮਾਨ ਮਿਲ ਕੇ ਰਹਿੰਦੇ ਸਨ ਇਸ ਲਈ ਅਸੀਂ ਇਹ ਧਿਆਨ ਰੱਖਦੇ ਹਾਂ ਕਿ ਕੋਈ ਇੱਕ ਖਾਸ ਕੌਮ ਨੂੰ ਇਸ ਦਾ ਸਿਹਰਾ ਨਾ ਮਿਲ ਜਾਵੇ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)