ਬੱਦਲ ਫਟਣਾ ਕੀ ਹੈ ਅਤੇ ਇਹ ਘਟਨਾ ਇੰਨੀ ਖ਼ਤਰਨਾਕ ਕਿਉਂ ਹੁੰਦੀ ਹੈ

ਪਿਛਲੇ 24 ਘੰਟਿਆਂ ਵਿੱਚ ਭਾਰਤ ਦੇ ਉੱਤਰੀ ਭਾਗ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿੰਨ ਥਾਵਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜੰਮੂ ਦੇ ਕਿਸ਼ਤਵਾੜ ਵਿੱਚ, ਅਮਰਨਾਥ ਦੀ ਗੁਫ਼ਾ ਨੇੜੇ ਅਤੇ ਲੱਦਾਖ਼ ਵਿੱਚ।

ਜੰਮੂ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਹੋਂਜ਼ਾਰ ਪਿੰਡ ਵਿੱਚ ਬੱਦਲ ਫਟਣ ਅਤੇ ਅਚਾਨਕ ਆਏ ਹੜ੍ਹ ਕਾਰਨ 20 ਤੋਂ ਵੱਧ ਲੋਕ ਲਾਪਤਾ ਹੋ ਗਏ ਹਨ ਅਤੇ ਕਰੀਬ ਅੱਠ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।

ਸ਼ੁਰੂਆਤੀ ਜਾਂਚ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ ਸੱਤ ਲਾਸ਼ਾਂ ਮਿਲ ਚੁੱਕੀਆਂ ਹਨ ਜਦਕਿ 12 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ।

ਪੁਲਿਸ ਅਤੇ ਐੱਨਡੀਆਰਐਫ ਦੀਆਂ ਟੀਮਾਂ ਘਟਨਾ ਵਾਲੀ ਥਾਂ 'ਤੇ ਪਹੁੰਚਣ ਲਈ ਰਵਾਨਾ ਹੋ ਗਈਆਂ ਹਨ।

ਹਾਲਾਂਕਿ, ਉਨ੍ਹਾਂ ਨੂੰ ਉਥੋਂ ਤੱਕ ਪਹੁੰਚਣ ਵਿੱਚ ਸਮਾਂ ਲੱਗੇਗਾ ਕਿਉਂਕਿ ਉਨ੍ਹਾਂ ਨੂੰ ਚਾਰ ਤੋਂ ਪੰਜ ਘੰਟੇ ਪੈਦਲ ਚੱਲਣਾ ਪਵੇਗਾ।

ਹੋਂਜ਼ਾਰ ਪਿੰਡ ਤੱਕ ਪਹੁੰਚਣ ਲਈ ਕੋਈ ਸੜਕ ਨਹੀਂ ਹੈ। ਇਸ ਕਾਰਨ ਦੇਰੀ ਹੋ ਸਕਦੀ ਹੈ। ਕਈ ਪਿੰਡਵਾਸੀ ਲਾਪਤਾ ਹਨ ਅਤੇ ਸਥਾਨਕ ਲੋਕ ਹੀ ਆਪਣੇ ਪੱਧਰ 'ਤੇ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ।

ਪਰ ਕੀ ਇਸ ਤਰ੍ਹਾਂ ਬੱਦਲ ਫਟਣ ਦੀ ਜਾਣਕਾਰੀ ਮੌਸਮ ਵਿਭਾਗ ਪਹਿਲਾਂ ਜਾਰੀ ਕਰਦਾ ਹੈ? ਆਖ਼ਿਰ ਬੱਦਲ ਫਟਣ ਪਿੱਛੇ ਕੀ ਕਾਰਨ ਹੁੰਦੇ ਹਨ?

ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਲਈ ਅਸੀਂ ਦਿੱਲੀ ਦੇ ਰੀਜਨਲ ਵੈਦਰ ਫੋਰਕਾਸਟਿੰਗ ਸੈਂਟਰ ਦੇ ਹੈੱਡ ਡਾਕਟਰ ਕੁਲਦੀਪ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ-

ਬੱਦਲ ਫਟਣਾ ਕੀ ਹੁੰਦਾ ਹੈ?

ਮੌਸਮ ਵਿਭਾਗ ਦੀ ਪਰਿਭਾਸ਼ਾ ਮੁਤਾਬਕ ਇੱਕ ਘੰਟੇ ਵਿੱਚ 10 ਸੈਂਟੀਮੀਟਰ ਜਾਂ ਉਸ ਤੋਂ ਜ਼ਿਆਦਾ ਮੀਂਹ, ਛੋਟੇ ਇਲਾਕੇ ਵਿੱਚ (ਇੱਕ ਤੋਂ ਦੱਸ ਕਿਲੋਮੀਟਰ) ਪੈ ਜਾਵੇ ਤਾਂ ਉਸ ਘਟਨਾ ਨੂੰ ਬੱਦਲ ਫਟਣਾ ਕਹਿੰਦੇ ਹਨ।

ਕਦੇ-ਕਦੇ ਇੱਕ ਥਾਂ 'ਤੇ ਇੱਕ ਤੋਂ ਜ਼ਿਆਦਾ ਵਾਰ ਬੱਦਲ ਫਟ ਸਕਦੇ ਹਨ। ਅਜਿਹੇ ਹਾਲਾਤ ਵਿੱਚ ਜਾਨ-ਮਾਲ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ, ਜਿਵੇਂ ਉੱਤਰਾਖੰਡ ਵਿੱਚ ਸਾਲ 2013 ਵਿੱਚ ਹੋਇਆ ਸੀ, ਪਰ ਹਰ ਭਾਰੀ ਬਰਸਾਤ ਦੀ ਘਟਨਾ ਨੂੰ ਬੱਦਲ ਫਟਣਾ ਨਹੀਂ ਕਹਿੰਦੇ।

ਬੱਦਲ ਫਟਣ ਦੇ ਕੀ ਕਾਰਨ ਹੁੰਦੇ ਹਨ?

ਇਹ ਭੂਗੌਲਿਕ ਅਤੇ ਮੌਸਮੀ ਹਾਲਾਤ 'ਤੇ ਨਿਰਭਰ ਕਰਦਾ ਹੈ। ਜਿਵੇਂ ਇਸ ਵੇਲੇ ਜੰਮੂ ਦਾ ਮੌਸਮ ਹੈ।

ਉੱਥੇ ਮਾਨਸੂਨ ਦਾ ਵੀ ਅਸਰ ਹੈ ਅਤੇ ਇਸ ਦੇ ਨਾਲ ਹੀ ਪੱਛਮੀ ਉਲਟ-ਪਲਟ (ਵੈਸਟਰਨ ਡਿਸਟਰਬੈਂਸ) ਵੀ ਹੈ।

ਮਾਨਸੂਨ ਦੀਆਂ ਹਵਾਵਾਂ ਦੱਖਣ ਵਿੱਚ ਅਰਬ ਸਾਗਰ ਤੋਂ ਆਪਣੇ ਨਾਲ ਕੁਝ ਨਮੀ ਲੈ ਕੇ ਆਉਦੀਆਂ ਹਨ ਅਤੇ ਵੈਸਟਰਨ ਡਿਸਟਰਬੈਂਸ ਕਾਰਨ ਭੂ-ਮੱਧਸਾਗਰ ਤੋਂ ਚੱਲਣ ਵਾਲੀਆਂ ਹਵਾਵਾਂ ਪੱਛਮ ਵਿੱਚ ਇਰਾਨ, ਪਾਕਿਸਤਾਨ, ਅਫ਼ਗਾਨਿਸਤਾਨ ਤੋਂ ਨਮੀ ਲੈ ਕੇ ਆਉਂਦੀਆਂ ਹਨ।

ਅਜਿਹੇ ਵਿੱਚ ਜਦੋਂ ਇਹ ਦੋਵੇਂ ਆਪਸ ਵਿੱਚ ਟਕਰਾਉਂਦੀਆਂ ਹਨ ਤਾਂ ਅਜਿਹੀ ਸਥਿਤੀ ਬਣਦੀ ਹੈ ਕਿ ਘੱਟ ਸਮੇਂ ਵਿੱਚ ਜ਼ਿਆਦਾ ਨਮੀ ਨਾਲ ਭਰੇ ਬੱਦਲ ਛੋਟੇ ਇਲਾਕੇ ਉੱਤੇ ਛਾ ਜਾਂਦੇ ਹਨ ਅਤੇ ਅਚਾਨਕ ਹੀ ਘੱਟ ਸਮੇਂ ਵਿੱਚ ਜ਼ਿਆਦਾ ਮੀਂਹ ਪੈ ਜਾਂਦਾ ਹੈ।

ਇਸ ਤੋਂ ਇਲਾਵਾ ਪਹਾੜਾਂ 'ਤੇ ਸਥਾਨਕ ਪੱਧਰ 'ਤੇ ਵੀ ਕਈ ਅਜਿਹੇ ਮੌਸਮੀ ਹਾਲਾਤ ਬਣ ਜਾਂਦੇ ਹਨ, ਜੋ ਘੱਟ ਸਮੇਂ ਵਿੱਚ ਜ਼ਿਆਦਾ ਮੀਂਹ ਪਵਾ ਸਕਦੇ ਹਨ।

ਇਸੇ ਕਾਰਨ ਵੀ ਪਹਾੜਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਹੋ ਸਕਦੀਆਂ ਹਨ।

ਕੀ ਬੱਦਲ ਫਟਣ ਦੀ ਘਟਨਾ ਸਿਰਫ਼ ਮਾਨਸੂਨ ਵਿੱਚ ਹੀ ਹੁੰਦੀ ਹੈ?

ਮਾਨਸੂਨ ਅਤੇ ਮਾਨਸੂਨ ਦੇ ਕੁਝ ਸਮਾਂ ਪਹਿਲਾਂ (ਪ੍ਰੀ-ਮਾਨਸੂਨ) ਇਸ ਤਰ੍ਹਾਂ ਦੀ ਘਟਨਾ ਜ਼ਿਆਦਾ ਵਾਪਰਦੀ ਹੈ।

ਮਹੀਨਿਆਂ ਦੀ ਗੱਲ ਕਰੀਏ ਤਾਂ ਮਈ ਤੋਂ ਲੈ ਕੇ ਜੁਲਾਈ-ਅਗਸਤ ਤੱਕ ਭਾਰਤ ਦੇ ਉੱਤਰੀ ਇਲਾਕੇ ਵਿੱਚ ਇਸ ਤਰ੍ਹਾਂ ਦਾ ਮੌਸਮੀ ਅਸਰ ਦੇਖਣ ਨੂੰ ਮਿਲਦਾ ਹੈ।

ਇਹ ਵੀ ਪੜ੍ਹੋ-

ਕੀ ਸਿਰਫ਼ ਪਹਾੜਾਂ ਵਿੱਚ ਹੀ ਬੱਦਲ ਫਟ ਸਕਦੇ ਹਨ?

ਦਿੱਲੀ, ਪੰਜਾਬ, ਹਰਿਆਣਾ ਵਰਗੇ ਸਮਤਲ ਇਲਾਕੇ ਵਿੱਚ ਵੀ ਬੱਦਲ ਫਟ ਸਕਦੇ ਹਨ, ਪਰ ਭਾਰਤ ਵਿੱਚ ਅਕਸਰ ਉੱਤਰੀ ਇਲਾਕੇ ਵਿੱਚ ਹੀ ਇਸ ਤਰ੍ਹਾਂ ਦੀ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ।

ਅਜਿਹਾ ਇਸ ਲਈ ਕਿਉਂਕਿ ਛੋਟੇ ਪਹਾੜੀ ਇਲਾਕੇ ਵਿੱਚ ਉਨ੍ਹਾਂ ਨੂੰ ਅਨੁਕੂਲ ਹਾਲਾਤ ਜ਼ਿਆਦਾ ਮਿਲਦੇ ਹਨ ਕਿਉਂਕਿ ਉੱਥੇ ਉੱਚਾਈ ਜ਼ਿਆਦਾ ਹੈ।

ਕੀ ਨਾਰਥ-ਈਸਟ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਹੁੰਦੀਆਂ ਹਨ?

ਚੇਰਾਪੂੰਜੀ ਵਰਗੇ ਇਲਾਕਿਆਂ ਵਿੱਚ ਤਾਂ ਸਾਲ ਭਰ ਜ਼ਿਆਦਾ ਬਾਰਿਸ਼ ਹੁੰਦੀ ਹੈ। ਬੰਗਾਲ ਦੀ ਖਾੜੀ ਤੋਂ ਨਮੀ ਲੈ ਕੇ ਹਵਾਵਾਂ ਆਉਂਦੀਆਂ ਹਨ ਮਾਨਸੂਨ ਵੇਲੇ ਉੱਥੇ ਵੀ ਅਜਿਹੇ ਹਾਲਾਤ ਬਣਦੇ ਹਨ।

ਪਰ ਇੱਥੋਂ ਦੇ ਲੋਕ ਇਸ ਲਈ ਪਹਿਲਾਂ ਤਿਆਰ ਰਹਿੰਦੇ ਹਨ। ਪਾਣੀ ਇੱਕ ਥਾਂ ਜਮਾ ਨਹੀਂ ਹੁੰਦਾ, ਤੇਜ਼ੀ ਨਾਲ ਨਿਕਲ ਜਾਂਦਾ ਹੈ, ਉਨ੍ਹਾਂ ਇਲਾਕਿਆਂ ਵਿੱਚ ਲੋਕ ਨਹੀਂ ਰਹਿੰਦੇ ਹਨ। ਇਸ ਕਾਰਨ ਜਾਨਮਾਲ ਦੇ ਨੁਕਸਾਨ ਦੀਆਂ ਖ਼ਬਰਾਂ ਨਹੀਂ ਆਉਂਦੀਆਂ ਹਨ।

ਇੱਥੇ ਇਹ ਸਮਝਣ ਵਾਲੀ ਗੱਲ ਹੈ ਕਿ ਕੇਵਲ ਇੱਕ ਘੰਟੇ ਵਿੱਚ 10 ਸੈਂਟੀਮੀਟਰ ਭਾਰੀ ਬਾਰਿਸ਼ ਕਾਰਨ ਨੁਕਸਾਨ ਨਹੀਂ ਹੁੰਦਾ, ਪਰ ਜੇ ਨੇੜੇ ਕੋਈ ਨਦੀ, ਝੀਲ ਹੈ ਅਤੇ ਉਸ ਵਿੱਚ ਅਚਾਨਕ ਪਾਣੀ ਜ਼ਿਆਦਾ ਭਰ ਜਾਂਦਾ ਹੈ ਤਾਂ ਨੇੜਲੇ ਰਿਹਾਇਸ਼ੀ ਇਲਾਕਿਆਂ ਵਿੱਚ ਨੁਕਸਾਨ ਜ਼ਿਆਦਾ ਹੁੰਦਾ ਹੈ।

ਇਸ ਕਾਰਨ ਤੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਿੱਚ ਜਾਨਮਾਲ ਦੇ ਨੁਕਸਾਨ ਦੀਆਂ ਖ਼ਬਰਾਂ ਜ਼ਿਆਦਾ ਆਉਂਦੀਆਂ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੀ ਬੱਦਲ ਫਟਣ ਦਾ ਪਹਿਲਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ?

ਬੱਦਲ ਫਟਣ ਦੀਆਂ ਘਟਨਾਵਾਂ ਇੱਕ ਤੋਂ ਦੱਸ ਕਿਲੋਮੀਟਰ ਦੀ ਦੂਰੀ ਵਿੱਚ ਛੋਟੇ ਪੈਮਾਨੇ 'ਤੇ ਹੋਏ ਮੌਸਮੀ ਬਦਲਾਅ ਦੇ ਕਾਰਨ ਹੁੰਦੀਆਂ ਹਨ।

ਇਸ ਕਾਰਨ ਇਨ੍ਹਾਂ ਦਾ ਪਹਿਲਾਂ ਤੋਂ ਅੰਦਾਜ਼ਾ ਲਗਾਉਣਾ ਮੁਸ਼ਕਲ ਹੁੰਦਾ ਹੈ। ਰਡਾਰ ਤੋਂ ਇੱਕ ਇਲਾਕੇ ਬਹੁਤ ਭਾਰੀ ਮੀਂਹ ਦਾ ਪੂਰਬ ਅੰਦਾਜ਼ਾ ਮੌਸਮ ਵਿਭਾਗ ਲਗਾ ਸਕਦਾ ਹੈ, ਪਰ ਕਿਸ ਇਲਾਕੇ ਵਿੱਚ ਬੱਦਲ ਫਟਣਗੇ, ਇਹ ਪਹਿਲਾਂ ਤੋਂ ਦੱਸਣਾ ਮੁਸ਼ਕਲ ਹੁੰਦਾ ਹੈ।

ਜੰਮੂ ਦੇ ਕਿਸ਼ਤਵਾੜ ਵਿੱਚ ਅੱਜ ਭਾਰੀ ਮੀਂਹ ਦਾ ਪੂਰਬ-ਅੰਦਾਜ਼ਾ ਸੀ, ਪਰ ਬੱਦਲ ਫਟਣ ਦੀ ਘਟਨਾ ਹੋਵੇਗੀ, ਇਸ ਦੇ ਬਾਰੇ ਜਾਣਕਾਰੀ ਨਹੀਂ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)