You’re viewing a text-only version of this website that uses less data. View the main version of the website including all images and videos.
ਟੋਕੀਓ ਓਲੰਪਿਕ 2020 : ਨਾਰਵੇ ਤੇ ਜਰਮਨੀ ਦੀਆਂ ਕੁੜੀਆਂ ਦੀ ਡਰੈੱਸ ਉੱਤੇ ਕਿਉਂ ਛਿੜੀ ਹੋਈ ਹੈ ਬਹਿਸ
ਟੋਕੀਓ ਓਲੰਪਿਕ ਵਿੱਚ ਜਰਮਨੀ ਦੀ ਮਹਿਲਾ ਜਿਮਨਾਸਟਿਕ ਟੀਮ ਨੇ ਇਸ ਵਾਰ ਪੂਰਾ ਬਾਡੀ ਸੂਟ ਯਾਨੀ ਕਿ ਸਾਰੇ ਸਰੀਰ ਨੂੰ ਢਕਣ ਵਾਲੀ ਪੁਸ਼ਾਕ ਪਾ ਕੇ ਇਸ ਖੇਡ ਵਿੱਚ ਹਿੱਸਾ ਲਿਆ।
ਟੀਮ ਦੀਆਂ ਖਿਡਾਰਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਜਿਮਨਾਸਟਿਕ ਵਿੱਚ ਔਰਤਾਂ ਦੇ 'ਸੈਕਸ਼ੁਲਾਈਜ਼ੇਸਨ' ਦੇ ਵਿਰੋਧ ਵਿੱਚ ਅਤੇ ਇਸ ਵਿੱਚ ਰੋਕ ਲਗਾਉਣ ਦੇ ਇਰਾਦੇ ਨਾਲ ਕੀਤਾ ਹੈ।
ਜਰਮਨ ਟੀਮ ਨੇ ਕਿਹਾ ਹੈ ਕਿ ਉਹ ਖਿਡਾਰਨਾਂ ਨੂੰ ਆਪਣੀ ਪਸੰਦ ਅਤੇ ਸੁਵਿਧਾ ਦੇ ਹਿਸਾਬ ਨਾਲ ਕੱਪੜੇ ਪਹਿਨਣ ਦੀ ਆਜ਼ਾਦੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ।
ਇਸ ਮਕਸਦ ਨਾਲ ਟੀਮ ਦੀਆਂ ਮਹਿਲਾ ਜਿਮਨਾਸਟਸ ਨੇ ਫੁੱਲ ਬਾਡੀ ਸੂਟ ਪਾਇਆ। ਜਿਸ ਦਾ ਉਪਰਲਾ ਹਿੱਸਾ ਉਨ੍ਹਾਂ ਦੀਆਂ ਬਾਹਵਾਂ ਅਤੇ ਪੇਟ ਨੂੰ ਢਕਦਾ ਸੀ ਅਤੇ ਲੱਤਾਂ ਢਕਣ ਲਈ ਲੈਗਿੰਗ ਉਨ੍ਹਾਂ ਦੀਆਂ ਅੱਡੀਆਂ ਤੱਕ ਸੀ।
ਜਰਮਨ ਟੀਮ ਦੇ ਇਸ ਫ਼ੈਸਲੇ ਦੀ ਹਰ ਪਾਸੇ ਕਾਫੀ ਸ਼ਲਾਘਾ ਹੋ ਰਹੀ ਹੈ।
ਓਲੰਪਿਕਸ ਵਰਗੇ ਖੇਡਾਂ ਦੇ ਵੱਡੇ ਅਤੇ ਮਹੱਤਵਪੂਰਨ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਅਜਿਹੇ ਫ਼ੈਸਲੇ ਨੂੰ ਖੇਡਾਂ ਦੀ ਦੁਨੀਆਂ ਵਿੱਚ ਔਰਤਾਂ ਨੂੰ ਸੈਕਸੂਅਲ ਨਜ਼ਰ ਨਾਲ ਦੇਖੇ ਜਾਣ ਦੇ ਮਸਲੇ ਨੂੰ ਇੱਕ ਵਾਰ ਫੇਰ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ-
ਬਿਕਨੀ ਬੌਟਮ ਨਾ ਪਹਿਨਣ ਤੇ ਜੁਰਮਾਨਾ
ਦੂਜੇ ਪਾਸੇ ਨੌਰਵੇ ਦੀ ਮਹਿਲਾ ਬੀਚ ਹੈਂਡਬਾਲ ਟੀਮ ਨੂੰ ਜੁਰਮਾਨਾ ਲਗਾ ਦਿੱਤਾ ਗਿਆ ਹੈ। ਅਜਿਹਾ ਇਸ ਕਰਕੇ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਟੂਰਨਾਮੈਂਟ ਦੌਰਾਨ ਬਿਕਨੀ ਬੌਟਮਜ਼ ਪਾਉਣ ਦੀ ਬਜਾਏ ਸ਼ਾਰਟਸ ਪਾਏ।
ਨੌਰਵੇ ਦੀ ਮਹਿਲਾ ਟੀਮ ਨੇ ਯੂਰਪੀਅਨ ਬੀਚ ਹੈਂਡਬਾਲ ਚੈਂਪੀਅਨਸ਼ਿਪ ਦੇ ਦੌਰਾਨ ਬਿਕਨੀ ਬੌਟਮ ਪਾਉਣ ਤੋਂ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਉਨ੍ਹਾਂ ਉੱਪਰ 1,295 ਪਾਉਂਡ ਦਾ ਜੁਰਮਾਨਾ ਲਗਾਇਆ ਗਿਆ।
ਹੁਣ ਵੱਡੀ ਗਿਣਤੀ ਵਿੱਚ ਲੋਕ ਨੌਰਵੇ ਦੀ ਟੀਮ ਦੇ ਸਮਰਥਨ ਵਿਚ ਆਏ ਹਨ ਅਤੇ ਖੇਡਾਂ ਵਿਚ ਔਰਤਾਂ ਦੇ ਸਰੀਰ ਦੇ ਪ੍ਰਦਰਸ਼ਨ ਨੂੰ ਲੈ ਕੇ ਉਨ੍ਹਾਂ ਉੱਪਰ ਦਬਾਅ ਬਣਾਏ ਜਾਣ ਦਾ ਵਿਰੋਧ ਕਰ ਰਹੇ ਹਨ।
ਗ੍ਰੈਮੀ ਐਵਾਰਡ ਵਿਜੇਤਾ ਅਤੇ ਮਸ਼ਹੂਰ ਗਾਇਕਾ ਪਿੰਕ ਨੇ ਵੀ ਨੌਰਵੇ ਦੀ ਟੀਮ ਦਾ ਸਮਰਥਨ ਕੀਤਾ ਹੈ। ਸਮਰਥਨ ਦੇ ਨਾਲ-ਨਾਲ ਪਿੰਕ ਨੇ ਖਿਡਾਰਨਾਂ ਉੱਪਰ ਲੱਗੇ ਜੁਰਮਾਨੇ ਦੀ ਰਾਸ਼ੀ ਭਰਨ ਦੀ ਪੇਸ਼ਕਸ਼ ਵੀ ਕੀਤੀ ਹੈ।
ਪਿੰਕ ਨੇ ਟਵੀਟ ਵਿੱਚ ਲਿਖਿਆ," ਮੈਨੂੰ ਨੌਰਵੇ ਦੀ ਮਹਿਲਾ ਬੀਚ ਹੈਂਡਬਾਲ ਟੀਮ ਉੱਪਰ ਮਾਣ ਹੈ। ਉਨ੍ਹਾਂ ਨੇ ਆਪਣੇ ਯੂਨੀਫਾਰਮ ਨਾਲ ਜੁੜੇ ਬੇਹੱਦ ਮਹਿਲਾ ਵਿਰੋਧੀ ਨਿਯਮ ਦਾ ਵਿਰੋਧ ਕੀਤਾ।
ਅਸਲ ਵਿੱਚ ਤਾਂ ਯੂਰਪੀਅਨ ਹੈਂਡਬਾਲ ਫੈਡਰੇਸ਼ਨ ਉੱਪਰ 'ਸੈਕਸਸਿਸਮ' ਲਈ ਜੁਰਮਾਨਾ ਲਗਾਉਣਾ ਚਾਹੀਦਾ ਹੈ। ਤੁਹਾਡੇ ਲਈ ਚੰਗੀ ਗੱਲ ਹੈ ਲੇਡੀਜ਼! ਮੈਨੂੰ ਖ਼ੁਸ਼ੀ ਹੋਵੇਗੀ ਜੇਕਰ ਮੈਂ ਤੁਹਾਡੇ ਉਤੇ ਲੱਗਿਆ ਜੁਰਮਾਨਾ ਭਰ ਸਕਾਂ। ਇਸ ਨੂੰ ਜਾਰੀ ਰੱਖੋ।"
ਪਿੰਕ ਦੇ ਸਮਰਥਨ ਅਤੇ ਟਵੀਟ ਤੋਂ ਬਾਅਦ ਨਾਰਵੇ ਦੀ ਟੀਮ ਹੈਰਾਨ ਅਤੇ ਖ਼ੁਸ਼ ਹੈ।
ਉੱਧਰ ਦੂਜੇ ਪਾਸੇ ਯੂਰਪੀਅਨ ਹੈਂਡਬਾਲ ਫੈਡਰੇਸ਼ਨ ਨੇ ਆਪਣੇ ਬਚਾਅ ਵਿੱਚ ਆਖਿਆ ਹੈ ਕਿ ਨੌਰਵੇ ਮਹਿਲਾ ਟੀਮ ਦੀ ਪੁਸ਼ਾਕ 'ਅਣਉਚਿਤ' ਸੀ।
ਸੋਸ਼ਲ ਮੀਡੀਆ ਉੱਪਰ ਵੀ ਨਾਰਵੇ ਦੀ ਟੀਮ ਉੱਪਰ ਲੱਗੇ ਇਸ ਜੁਰਮਾਨੇ ਦਾ ਭਾਰੀ ਵਿਰੋਧ ਹੋ ਰਿਹਾ ਹੈ।
ਉੱਥੇ ਹੀ ਟੀਮ ਦਾ ਕਹਿਣਾ ਹੈ ਕਿ ਉਹ ਖੇਡ ਵਿੱਚ ਸੈਕਸਿਸਟ ਨਿਯਮਾਂ ਦਾ ਵਿਰੋਧ ਜਾਰੀ ਰੱਖੇਗੀ ਅਤੇ ਅਗਲੇ ਮੈਚ ਵਿੱਚ ਵੀ ਬਿਕਨੀ ਪਾਰਟਮ ਦੀ ਬਜਾਏ ਸ਼ਾਰਟਸ ਸੀ ਪਹਿਨੀ ਜਾਵੇਗੀ।
ਇਹ ਵੀ ਪੜ੍ਹੋ-
ਨਵਾਂ ਨਹੀਂ ਹੈ ਖਿਡਾਰਨਾਂ ਨੂੰ ਕਾਮੁਕ ਨਜ਼ਰਾਂ ਨਾਲ ਦੇਖਿਆ ਜਾਣਾ
ਖੇਡਾਂ ਵਿੱਚ ਔਰਤਾਂ ਦੇ ਸੈਕਸਲਾਈਜੇਸ਼ਨ ਦਾ ਮੁੱਦਾ ਕੋਈ ਨਵਾਂ ਨਹੀਂ ਹੈ।
ਕਦੇ ਖਿਡਾਰਨਾਂ ਨੂੰ ਘੱਟ ਅਤੇ ਛੋਟੇ ਕੱਪੜੇ ਪਾਉਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕਦੇ ਉਨ੍ਹਾਂ ਉੱਪਰ ਛੋਟੇ ਕੱਪੜੇ ਪਾਉਣ ਦਾ ਦਬਾਅ ਬਣਾਇਆ ਜਾਂਦਾ ਹੈ।
ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਜਦੋਂ ਟੈਨਿਸ ਖੇਡਣਾ ਸ਼ੁਰੂ ਕੀਤਾ ਤਾਂ ਛੋਟੀ ਸਕਰਟ ਪਾਉਣ ਦੇ ਕਾਰਨ ਇੱਕ ਤਬਕੇ ਨੇ ਉਨ੍ਹਾਂ ਦੇ ਖ਼ਿਲਾਫ਼ ਫਤਵਾ ਤੱਕ ਜਾਰੀ ਕਰ ਦਿੱਤਾ ਸੀ।
ਉੱਥੇ ਹੀ ਸਾਲ ਵਿੱਚ ਬੈਡਮਿੰਟਨ ਵਰਲਡ ਫੈਡਰੇਸ਼ਨ ਨੇ ਖੇਡ ਵਿੱਚ 'ਗਲੈਮਰ' ਲੈ ਕੇ ਆਉਣ ਲਈ ਖਿਡਾਰਨਾਂ ਨੂੰ ਸ਼ਾਰਟਸ ਦੀ ਬਜਾਏ ਸਕਰਟ ਪਹਿਨਣ ਦੇ ਨਿਰਦੇਸ਼ ਦਿੱਤੇ ਸਨ ਪਰ ਵਿਰੋਧ ਹੋਣ ਕਾਰਨ ਉਨ੍ਹਾਂ ਨੂੰ ਆਪਣਾ ਇਹ ਫ਼ੈਸਲਾ ਵਾਪਸ ਲੈਣਾ ਪਿਆ ਸੀ।
(ਬੀਬੀਸੀ ਨਿਊਜ਼ ਬੀਟ ਸੰਵਾਦਦਾਤਾ ਡੇਨੀਅਲ ਰੌਜ਼ਨੇ ਅਤੇ ਮਨੀਸ਼ ਪਾਂਡੇ ਦੇ ਇਨਪੁਟ ਨਾਲ)
ਇਹ ਵੀ ਪੜ੍ਹੋ: