You’re viewing a text-only version of this website that uses less data. View the main version of the website including all images and videos.
ਟੋਕੀਓ ਓਲੰਪਿਕ: ਖਾਲੀ ਸਟੇਡੀਅਮ 'ਚ ਬਿਨਾਂ ਦਰਸ਼ਕਾਂ ਦੀਆਂ ਤਾੜੀਆਂ ਸੁਣੇ ਖੇਡਣਾ ਕਿਸ ਤਰ੍ਹਾਂ ਲਗਦਾ ਹੈ - ਟੋਕੀਓ ਡਾਇਰੀ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ, ਟੋਕੀਓ ਤੋਂ
ਟੋਕੀਓ ਵਿਖੇ ਚੱਲ ਰਹੀਆਂ ਓਲੰਪਿਕ ਖੇਡਾਂ ਵਿੱਚ ਸ਼ਨੀਵਾਰ 24 ਜੁਲਾਈ ਨੂੰ ਆਸਟਰੇਲੀਆ ਖ਼ਿਲਾਫ਼ ਆਪਣੇ ਹਾਕੀ ਮੈਚ ਵਿੱਚ ਅੱਧੇ ਸਮੇਂ ਤੱਕ, ਇਹ ਸਾਫ ਹੋ ਗਿਆ ਸੀ ਕਿ ਭਾਰਤ ਹਾਰਨ ਵਾਲਾ ਹੈ।
ਉਹ ਅੱਧੇ ਸਮੇਂ ਤਕ ਹੀ 0-4 ਨਾਲ ਪਿਛੇ ਰਹਿ ਗਿਆ ਸੀ।
ਪਰ ਜਿਵੇਂ ਕਿ ਕਹਿੰਦੇ ਹਨ ਪ੍ਰਸ਼ੰਸਕ ਕਦੇ ਹਾਰ ਨਹੀਂ ਮੰਨਦੇ। ਦੂਜਾ ਹਾਫ ਸ਼ੁਰੂ ਹੁੰਦਿਆ ਹੀ ਭਾਰਤ ਦੇ ਦਿਲਪ੍ਰੀਤ ਸਿੰਘ ਨੇ ਹਰਮਨਪ੍ਰੀਤ ਸਿੰਘ ਦੇ ਇੱਕ ਲੌਂਗ ਸ਼ਾਟ ਨੂੰ ਗੋਲ ਵਿੱਚ ਬਦਲ ਦਿੱਤਾ।
ਇੱਕ ਆਦਮੀ ਭਾਰਤ ਦਾ ਤਿਰੰਗਾ ਲੈ ਕੇ ਮੇਰੇ ਨੇੜੇ ਹੀ ਬੈਠਾ ਸੀ ਤੇ ਬੜੀ ਉਚੀ ਚੀਕਿਆ: "ਗੋਲ, ਸ਼ਾਨਦਾਰ ਸ਼ਾਟ, ਇੰਡੀਆ।"
ਹਾਲਾਂਕਿ ਅਫ਼ਸੋਸ ਦੀ ਗੱਲ ਇਹ ਹੈ ਕਿ ਸ਼ਾਇਦ ਉਹ ਸਟੇਡੀਅਮ ਵਿੱਚ ਇਕਲੌਤਾ ਵਿਅਕਤੀ ਸੀ ਜੋ ਭਾਰਤ ਲਈ ਚੀਅਰ ਕਰ ਰਿਹਾ ਸੀ ਅਤੇ ਆਸਟਰੇਲੀਆ ਦਾ ਵੀ ਇਹੀ ਹਾਲ ਸੀ।
ਕੁਝ ਅਜਿਹਾ ਹੀ ਹੈ ਇਥੋਂ ਦਾ ਦ੍ਰਿਸ਼, ਕੋਈ ਦਰਸ਼ਕ ਨਹੀਂ, ਕਿਸੇ ਵੀ ਸਟੇਡੀਅਮ ਦੀ, ਕਿਸੇ ਵੀ ਖੇਡ ਦੀ ਤੁਸੀਂ ਗੱਲ ਕਰਦੇ ਹੋ ਬਸ ਖਿਡਾਰੀ, ਸਹਾਇਤਾ ਕਰਮਚਾਰੀ, ਮੀਡੀਆ ਆਦਿ ਦੇ ਕੁਝ ਗਿਣਤੀ ਦੇ ਹੀ ਲੋਕ ਮੌਜੂਦ ਹੁੰਦੇ ਹਨ।
ਇਹ ਵੀ ਪੜ੍ਹੋ-
ਕੋਵਿਡ ਦੇ ਫੈਲਣ ਦੇ ਡਰ ਕਾਰਨ ਦਰਸ਼ਕਾਂ ਨੂੰ ਮੈਦਾਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ।
ਪਰ ਬਿਨਾਂ ਕਿਸੇ ਦਰਸ਼ਕ ਦੇ ਮੈਚ ਵੇਖਣਾ ਅਤੇ ਰਿਪੋਰਟ ਕਰਨਾ ਬਿਲਕੁਲ ਵੱਖਰਾ ਹੀ ਲਗਦਾ ਹੈ।
ਓਲੰਪਿਕ ਸਥਾਨ ਸੁੰਨਸਾਨ
ਹਾਕੀ ਦੇ ਮੈਚ ਸਵੇਰੇ ਅਤੇ ਫਿਰ ਸ਼ਾਮ ਨੂੰ ਆਯੋਜਿਤ ਕੀਤੇ ਜਾਂਦੇ ਹਨ ਜੋ ਦੇਰ ਰਾਤ ਤੱਕ ਚੱਲਦੇ ਹਨ ਪਰ ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਕੋਈ ਓਲੰਪਿਕ ਸਥਾਨ ਸੁੰਨਸਾਨ ਦਿੱਖ ਸਕਦਾ ਹੈ।
ਜਦਕਿ ਮੈਚ ਜਾਰੀ ਹੈ? ਓਈ ਹਾਕੀ ਸਟੇਡੀਅਮ ਜਿਥੇ ਮੈਂ ਕਈ ਦਿਨਾਂ ਤੋਂ ਜਾ ਰਿਹਾ ਹਾਂ, ਵਿੱਚ ਤਾਂ ਅਜਿਹਾ ਹੀ ਹੈ, ਖ਼ਾਸਕਰ ਰਾਤ ਨੂੰ ਨਿਸ਼ਚਤ ਤੌਰ 'ਤੇ ਕਮਜ਼ੋਰ ਦਿਲ ਵਾਲਿਆਂ ਨੂੰ ਤਾਂ ਇਥੇ ਡਰ ਵੀ ਲਗ ਸਕਦਾ ਹੈ।
ਬੇਸ਼ਕ, ਇਹ ਚੰਗੀ ਤਰ੍ਹਾਂ ਪ੍ਰਕਾਸ਼ਮਾਨ ਹੈ ਪਰ ਫਿਰ ਇਹ ਉੱਤਰੀ ਪਿੱਚ ਤੋਂ ਦੱਖਣੀ ਪਿਚ (ਇਹ ਇੱਥੇ ਦੋ ਮੈਦਾਨਾਂ ਦੇ ਨਾਮ ਹਨ) ਵੱਲ ਤਕਰੀਬਨ ਆਉਂਦੇ ਜਾਂਦੇ ਇਹੀ ਪ੍ਰਤੀਤ ਹੁੰਦਾ ਹੈ।
ਵੈਸੇ ਜਾਪਾਨੀਆਂ ਨੇ ਸ਼ਾਨਦਾਰ ਢਾਂਚਾ ਬਣਾਇਆ ਹੈ! ਖੂਬਸੂਰਤ ਨੀਲਾ ਟਰਫ਼ ਤੇ ਖਿਡਾਰੀ ਦੂਸਰੀ ਟੀਮ ਨੂੰ ਪਛਾੜਨ ਲਈ ਪੂਰਾ ਜ਼ੋਰ ਲਾ ਦਿੰਦੇ ਹਨ।
ਪ੍ਰਬੰਧਕਾਂ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਸ਼ਾਨਦਾਰ ਨੀਲੀਆਂ ਕੁਰਸੀਆਂ ਆਖਰਕਾਰ ਮੈਦਾਨ ਦੇ ਰੰਗ ਨਾਲ ਇੰਨੀਆਂ ਮਿਲਣਗੀਆਂ।
ਉਹ ਚਾਹੁੰਦੇ ਹੋਣਗੇ ਕਿ ਇਸ ਦੀ ਬਜਾਇ ਦਰਸ਼ਕ ਇਸ 'ਤੇ ਬੈਠੇ ਹੋਣ। ਬਿਨਾਂ ਕਿਸੇ ਦਰਸ਼ਕ ਦੇ, ਬਿਨਾਂ ਕੋਈ ਤਾਲੀਆਂ ਅਤੇ ਚੀਅਰਿੰਗ ਦੇ ਜਦੋਂ ਮੈਚ ਹੁੰਦੇ ਹਨ ਤਾਂ ਮੈਂ ਸੋਚਦਾ ਹਾਂ ਕਿ ਕੀ ਐਥਲੀਟ ਆਪਣੀ ਐਡਰੇਨਾਲੀਨ ਨੂੰ ਵਧਾਉਣ ਲਈ ਵੀ ਕਾਫ਼ੀ ਊਰਜਾ ਹਾਸਲ ਕਰ ਰਹੇ ਹਨ।
ਸਟੇਡੀਅਮ ਵਿੱਚ ਕੋਈ ਸਾਫਟ ਡਰਿੰਕ ਅਤੇ ਆਈਸ-ਕਰੀਮ ਵੇਚਣ ਵਾਲਾ ਨਹੀਂ ਹੈ। ਤੁਹਾਡੀਆਂ ਗੱਲਾਂ ਨੂੰ ਉਸ ਦੇਸ਼ ਦੇ ਝੰਡੇ ਨਾਲ ਰੰਗਣ ਲਈ ਕੋਈ ਨਹੀਂ ਹੈ ਜਿਸ ਦੀ ਤੁਸੀਂ ਜਿੱਤ ਵੇਖਣਾ ਚਾਹੁੰਦੇ ਹੋ।
ਦੱਖਣ ਅਤੇ ਉੱਤਰ ਦੀਆਂ ਪਿੱਚਾਂ ਦੇ ਵਿਚਕਾਰ, ਆਯੋਜਕਾਂ ਨੇ ਕੁਝ ਦੁਕਾਨਾਂ ਸਥਾਪਿਤ ਕੀਤੀਆਂ ਹਨ ਜਿਨ੍ਹਾਂ ਦਾ ਨਾਮ ਉਨ੍ਹਾਂ ਨੇ ਦਿੱਤਾ ਹੈ, "ਅਧਿਕਾਰਤ ਦੁਕਾਨ ਟੋਕਿਓ 2020."
'ਦਰਸ਼ਕਾਂ ਤੋਂ ਬਿਨਾਂ ਮਜ਼ਾ ਨਹੀਂ'
ਪਰ ਇਹ ਦੁਕਾਨਾਂ ਕਦੇ ਖੁੱਲ੍ਹੀਆਂ ਹੀ ਨਹੀਂ ਹਨ। ਉਨ੍ਹਾਂ ਨੇ ਬੇਬੀ ਕੇਅਰ ਰੂਮ ਅਤੇ ਪ੍ਰਾਰਥਨਾ ਕਮਰੇ ਵੀ ਸਥਾਪਤ ਕੀਤੇ ਹਨ ਪਰ ਅਫ਼ਸੋਸ ਹੈ ਕਿ ਇਨ੍ਹਾਂ ਵਿੱਚ ਜਾਣ ਲਈ ਕੋਈ ਨਹੀਂ! ਇਥੋਂ ਤੱਕ ਕਿ ਉਨ੍ਹਾਂ ਦੇ ਜ਼ਿਆਦਾਤਰ ਬਾਥਰੂਮ ਵੀ ਇਸਤੇਮਾਲ ਨਾ ਹੋਣ ਕਰਕੇ ਸਾਫ ਹੀ ਰਹਿੰਦੇ ਹਨ।
ਆਓ ਵਾਪਸ ਚਲਦੇ ਹਾਂ ਓਮ ਪ੍ਰਕਾਸ਼ ਕੋਲ ਜੋ ਇਕੱਲੇ ਆਦਮੀ ਹਨ ਜੋ ਭਾਰਤੀ ਟੀਮ ਨੂੰ ਉਤਸ਼ਾਹਿਤ ਕਰ ਰਹੇ ਹਨ।
ਮਹਾਰਾਸ਼ਟਰ ਦੇ ਨਾਗਪੁਰ ਦੇ ਰਹਿਣ ਵਾਲੇ ਓਮ ਪ੍ਰਕਾਸ਼ ਕਹਿੰਦੇ ਹਨ, "ਮੈਂ ਹਮੇਸ਼ਾਂ ਸੋਚਿਆ ਸੀ ਕਿ ਇਹ ਸਰਬੋਤਮ ਓਲੰਪਿਕ ਖੇਡਾਂ ਵਿੱਚੋਂ ਇੱਕ ਹੋਵੇਗਾ। ਪਰ ਹੁਣ ਅਜਿਹਾ ਜਾਪਦਾ ਹੈ ਕਿ ਇਹ ਖੇਡਾਂ ਬੱਸ ਇਸ ਲਈ ਹੋ ਰਹੀਆਂ ਹਨ ਕਿਉਂਕਿ ਉਹ ਇਸ ਨੂੰ ਕਰਾਉਣ ਲਈ ਵਚਨਬੱਧ ਸੀ ਪਰ ਇੱਥੇ ਦਰਸ਼ਕਾਂ ਤੋਂ ਬਿਨਾਂ ਕੋਈ ਮਜ਼ਾ ਨਹੀਂ ਹੈ।"
ਉਹ ਕਹਿੰਦੇ ਹਨ, "ਅਸੀਂ ਸ਼ਨੀਵਾਰ ਨੂੰ ਆਸਟਰੇਲੀਆ ਖਿਲਾਫ 7-1 ਨਾਲ ਹਾਰੇ। ਜੇ ਉਥੇ ਭਾਰਤੀ ਸਮਰਥਕ ਹੁੰਦੇ ਤਾਂ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਹ ਮੈਚ ਇੰਨੀ ਬੁਰੀ ਤਰ੍ਹਾਂ ਨਹੀਂ ਹਾਰਣਾ ਸੀ।"
"ਚੀਅਰਿੰਗ ਇੱਕ ਟੀਮ ਨੂੰ ਉਪਰ ਚੁੱਕ ਸਕਦੀ ਹੈ। ਮੈਂ ਵੇਖਿਆ ਹੈ ਕਿ ਖਿਡਾਰੀ ਦਰਸ਼ਕਾਂ ਦੇ ਜੈਕਾਰਿਆਂ ਅਤੇ ਸਮਰਥਨ ਕਾਰਨ ਜਿੱਤ ਲਈ ਨਾਟਕੀ ਢੰਗ ਨਾਲ ਵਾਪਸ ਆਉਂਦੇ ਹਨ।"
ਸ਼ਾਇਦ ਖਿਡਾਰੀ ਵੀ ਇਹ ਗੱਲ ਜ਼ਰੂਰ ਮਹਿਸੂਸ ਕਰਦੇ ਹੋਣਗੇ। ਮੈਂ ਭਾਰਤ ਦੇ ਹਾਕੀ ਕੋਚ ਗ੍ਰਾਹਮ ਰੀਡ ਨੂੰ ਉਹੀ ਸਵਾਲ ਪੁੱਛਿਆ ਅਤੇ ਉਹਨਾਂ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਮੈਦਾਨਾਂ ਨੂੰ ਖਾਲੀ ਰੱਖਣਾ ਪੈ ਰਿਹਾ ਹੈ।
"ਇਹ ਬੇਸ਼ਕ ਅਜੀਬ ਹੈ ਪਰ ਖਿਡਾਰੀਆਂ ਵਾਸਤੇ ਇਹ ਕਦੇ ਮੁੱਦਾ ਨਹੀਂ ਰਿਹਾ। ਮੈਨੂੰ ਲਗਦਾ ਹੈ ਕਿ ਤੁਸੀਂ ਹਜ਼ਾਰਾਂ ਦੇ ਸਾਹਮਣੇ ਖੇਡ ਸਕਦੇ ਹੋ ਜਾਂ ਤੁਸੀਂ ਜ਼ੀਰੋ (ਦਰਸ਼ਕ) ਦੇ ਸਾਹਮਣੇ ਵੀ ਖੇਡ ਸਕਦੇ ਹੋ। ਪਰ ਹਾਂ ਇਹ ਨਿਰਾਸ਼ਾਜਨਕ ਹੈ।"
ਇਹ ਵੀ ਪੜ੍ਹੋ: