ਟੋਕੀਓ ਓਲੰਪਿਕ: ਕੀ ਭਾਰਤੀ ਮਹਿਲਾ ਹਾਕੀ ਟੀਮ ਨੇ ਬਹੁਤ ਸਾਰੇ ਮੌਕੇ ਗਵਾ ਦਿੱਤੇ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ ਟੋਕੀਓ (ਜਪਾਨ ਤੋਂ)

ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਸੋਰਡ ਮਾਰੀਨੇ ਨੇ ਕਿਹਾ ਕਿ ਭਾਰਤੀ ਟੀਮ ਸੋਮਵਾਰ ਨੂੰ ਜਰਮਨੀ ਖਿਲਾਫ਼ ਆਪਣਾ ਮੈਚ ਹਾਰ ਗਈ ਕਿਉਂਕਿ ਉਹ ਮੈਚ ਵਿੱਚ ਮਿਲੇ ਮੌਕਿਆਂ ਨੂੰ ਸਫਲਤਾ ਵਿੱਚ ਨਹੀਂ ਬਦਲ ਸਕੀ।

ਟੋਕੀਓ ਓਲੰਪਿਕ ਵਿੱਚ ਭਾਰਤ ਆਪਣੇ ਦੂਜੇ ਮੈਚ ਵਿੱਚ ਦੋ ਗੋਲਾਂ ਨਾਲ ਹਾਰ ਗਿਆ। ਇਨ੍ਹਾਂ ਮੈਚਾਂ ਵਿੱਚ ਇਹ ਭਾਰਤੀ ਟੀਮ ਦੀ ਦੂਜੀ ਹਾਰ ਸੀ, ਪਹਿਲੀ ਹਾਰ ਨੀਦਰਲੈਂਡਜ਼ ਤੋਂ 5-1 ਨਾਲ ਹੋਈ।

ਜਦੋਂ ਬੀਬੀਸੀ ਨੇ ਮਾਰੀਨੇ ਨੂੰ ਪੁੱਛਿਆ ਕਿ ਕੀ ਭਾਰਤੀ ਟੀਮ ਨੇ ਬਹੁਤ ਸਾਰੇ ਮੌਕੇ ਗਵਾ ਦਿੱਤੇ ਹਨ, ਤਾਂ ਉਨ੍ਹਾਂ ਨੇ ਹਾਂ ਵਿੱਚ ਜਵਾਬ ਦਿੱਤਾ।

ਉਨ੍ਹਾਂ ਨੇ ਕਿਹਾ, "ਜਰਮਨੀ ਵਰਗੀ ਟੀਮ ਦੇ ਖਿਲਾਫ਼ ਤੁਹਾਨੂੰ ਪੰਜ-ਛੇ ਮੌਕੇ ਨਹੀਂ ਮਿਲਦੇ ਅਤੇ ਜੋ ਮਿਲਦੇ ਹਨ, ਉਨ੍ਹਾਂ ਦਾ ਫਾਇਦਾ ਚੁੱਕਣਾ ਚਾਹੀਦਾ ਹੈ। ਉਦਾਹਰਣ ਲਈ ਪੈਨਲਟੀ ਸਟਰੋਕ।''

ਮਾਰੀਨੇ ਨੇ ਕਿਹਾ, "ਉਨ੍ਹਾਂ (ਜਰਮਨੀ) ਨੂੰ ਆਪਣੇ ਮੌਕੇ ਮਿਲਦੇ ਹਨ ਅਤੇ ਉਹ ਉਨ੍ਹਾਂ ਦਾ ਸਹੀ ਫਾਇਦਾ ਚੁੱਕਿਆ।"

ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਇਹੀ ਫਰਕ ਹੈ।

ਇਹ ਵੀ ਪੜ੍ਹੋ:

"ਪਰ ਅਸੀਂ ਇਸ 'ਤੇ ਸਖ਼ਤ ਮਿਹਨਤ ਕਰ ਰਹੇ ਹਾਂ। ਅਸੀਂ ਸਚਮੁੱਚ ਉਨ੍ਹਾਂ ਦਾ ਮੁਕਾਬਲਾ ਕਰ ਸਕਦੇ ਹਾਂ।"

ਉਨ੍ਹਾਂ ਨੇ ਕਿਹਾ, "ਮੈਂ ਐਨਰਜੀ ਤੋਂ ਖੁਸ਼ ਸੀ ਅਤੇ ਸਾਡੇ ਕੋਲ ਲੰਬਾ ਸਮਾਂ ਸੀ ਪਰ ਬਦਕਿਸਮਤੀ ਨਾਲ ਅਸੀਂ ਆਪਣੇ ਮੌਕੇ ਖੁੰਝਾ ਦਿੱਤੇ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਦੋ ਗੋਲ ਆਸਾਨੀ ਨਾਲ ਗੁਆ ਦਿੱਤੇ।"

ਗੁਰਜੀਤ ਕੌਰ ਮੈਚ ਦੇ ਤੀਜੇ ਕੁਆਰਟਰ ਵਿੱਚ ਪੈਨਲਟੀ ਸਟਰੋਕ ਤੋਂ ਖੁੰਝ ਗਈ। ਉਸ ਤੋਂ ਤੁਰੰਤ ਬਾਅਦ ਜਰਮਨਾਂ ਨੇ ਆਪਣਾ ਦੂਜਾ ਗੋਲ ਕਰਕੇ ਭਾਰਤ ਨੂੰ ਇਸ ਦੀ ਸਜ਼ਾ ਦਿੱਤੀ।

ਪੈਨਲਟੀ ਸਟਰੋਕ ਤੋਂ ਇਲਾਵਾ ਭਾਰਤੀ ਟੀਮ ਨੇ ਕੁਝ ਮੌਕੇ ਪੈਦਾ ਕੀਤੇ, ਪਰ ਉਨ੍ਹਾਂ ਦਾ ਫਾਇਦਾ ਚੁੱਕਣ ਵਿੱਚ ਨਾਕਾਮ ਰਹੀ।

ਉਨ੍ਹਾਂ ਨੇ ਅੱਗੇ ਕਿਹਾ, "ਮੈਂ ਕੁੜੀਆਂ ਨੂੰ ਕਹਾਂਗਾ ਕਿ ਹਰ ਮੈਚ ਵਿੱਚ ਸੁਧਾਰ ਦੇਖਣਾ ਚਾਹੁੰਦਾ ਹਾਂ ਅਤੇ ਅਸੀਂ ਇਸ ਵਿੱਚ ਇਹ ਕਰ ਵੀ ਰਹੇ ਹਾਂ ਅਤੇ ਇਸ ਦੇ ਨਤੀਜੇ ਆਉਣਗੇ।"

ਉਨ੍ਹਾਂ ਮੁਤਾਬਕ ਗ੍ਰੇਟ ਬ੍ਰਿਟੇਨ ਖਿਲਾਫ਼ ਅਗਲੇ ਮੈਚ ਲਈ ਟੀਮ ਇਸ ਮੈਚ ਵਿੱਚੋਂ ਚੰਗੀਆਂ ਚੀਜ਼ਾਂ ਲੈ ਕੇ ਜਾ ਰਹੀ ਹੈ।

ਕੋਚ ਨੇ ਇਹ ਵੀ ਇੱਕ ਦਿਲਚਸਪ ਗੱਲ ਕਹੀ ਕਿ ਟੀਮ ਨੇ ਅਜਿਹਾ ਕੋਈ ਮੈਚ ਨਹੀਂ ਖੇਡਿਆ ਜਿਸ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਦਿਖ ਰਿਹਾ ਹੋਵੇ।

ਉਨ੍ਹਾਂ ਨੇ ਕਿਹਾ "ਅਸਲ ਗੱਲ ਇਹ ਹੈ ਕਿ ਅਸੀਂ ਪੰਜ ਮਹੀਨਿਆਂ ਤੋਂ ਕੋਈ ਮੈਚ ਨਹੀਂ ਖੇਡਿਆ ਅਤੇ ਇਹ ਕੋਈ ਬਹਾਨਾ ਨਹੀਂ ਹੈ। ਮੈਂ ਸਚਮੁੱਚ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿਉਂਕਿ ਇਹ ਇਸ ਤਰ੍ਹਾਂ ਹੀ ਹੈ।"

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਹਾਲਾਂਕਿ, ਜਦੋਂ ਬੀਬੀਸੀ ਨੇ ਇਹੀ ਸਵਾਲ ਭਾਰਤੀ ਕਪਤਾਨ ਰਾਣੀ ਰਾਮਪਾਲ ਨੂੰ ਪੁੱਛਿਆ, ਤਾਂ ਉਨ੍ਹਾਂ ਨੇ ਇਸ ਨੂੰ ਟਾਲਦਿਆਂ ਕਿਹਾ, "ਦੂਜੀਆਂ ਟੀਮਾਂ ਨਾਲ ਵੀ ਅਜਿਹਾ ਹੀ ਹੈ।"

ਕੋਚ ਨੇ ਕਿਹਾ ਕਿ ਉਨ੍ਹਾਂ ਲਈ ਲੜਾਈ ਦੀ ਗੁਣਵੱਤਾ ਮਾਅਨੇ ਰੱਖਦੀ ਹੈ।

ਕੋਚ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਦੋਵਾਂ ਟੀਮਾਂ ਖਿਲਾਫ਼ ਅਸੀਂ ਵਿਖਾਇਆ ਹੈ ਕਿ ਅਸੀਂ ਖੇਡ ਸਕਦੇ ਹਾਂ ਅਤੇ ਅਸੀਂ ਮੈਚ ਵਿੱਚ ਹਾਂ।"

ਭਾਰਤੀ ਟੀਮ ਦਾ ਪ੍ਰਦਰਸ਼ਨ ਨਿਸ਼ਚਿਤ ਰੂਪ ਨਾਲ ਨੀਦਰਲੈਂਡਜ਼ ਦੇ ਖ਼ਿਲਾਫ਼ ਆਪਣੀ ਪਹਿਲੀ ਆਉਟਿੰਗ ਤੋਂ ਬਿਹਤਰ ਸੀ, ਖ਼ਾਸਕਰ ਦੂਜੇ ਅੱਧ ਵਿੱਚ ਜਦੋਂ ਟੀਮ ਨੇ ਕੁਝ ਹਮਲਾਵਰ ਪ੍ਰਦਰਸ਼ਨ ਕੀਤਾ। ਹਾਲਾਂਕਿ ਇਹ ਅਜੇ ਵੀ ਨੰਬਰ 3 ਰੈਂਕ ਵਾਲੀ ਜਰਮਨ ਟੀਮ ਨੂੰ ਪਿੱਛੇ ਕਰਨ ਲਈ ਨਾਕਾਫ਼ੀ ਸੀ।

ਭਾਰਤ ਬੁੱਧਵਾਰ ਨੂੰ ਆਪਣੇ ਅਗਲੇ ਪੂਲ ਮੈਚ ਵਿੱਚ ਗ੍ਰੇਟ ਬ੍ਰਿਟੇਨ ਨਾਲ ਖੇਡੇਗਾ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)