ਟੋਕੀਓ ਓਲੰਪਿਕ 2020: ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਨੇ ਆਸਟਰੇਲੀਆ ਤੋਂ ਮਿਲੀ ਹਾਰ ਮਗਰੋਂ ਕੀ ਕਿਹਾ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ, ਟੋਕੀਓ ਤੋਂ

ਭਾਰਤੀ ਹਾਕੀ ਟੀਮ ਦੇ ਇੱਕ ਅਹਿਮ ਮੈਂਬਰ ਦਿਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਐਤਵਾਰ ਨੂੰ ਆਸਟਰੇਲੀਆ ਦੇ ਹੱਥੋਂ ਭਾਰਤ ਦੀ ਸੱਤ ਗੋਲ਼ਾਂ ਦੇ ਮੁਕਾਬਲੇ ਇੱਕ ਗੋਲ ਨਾਲ ਹੋਈ ਨਿਰਾਸ਼ਾਜਨਕ ਹਾਰ ਵਿੱਚ ਸਿੱਖਣ ਲਈ ਕਈ ਸਾਰੇ ਸਬਕ ਹਨ।

ਬੀਬੀਸੀ ਪੰਜਾਬੀ ਨਾਲ ਵਿਸ਼ੇਸ਼ ਤੌਰ ’ਤੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਟੀਮ ਦੇ ਹਾਰਨ ਦੀ ਮੁੱਖ ਵਜ੍ਹਾ ਇਸ ਦੀਆਂ ਗਲਤੀਆਂ ਸਨ ਨਾ ਕਿ ਕੋਈ ਇੱਕ ਖਿਡਾਰੀ।

ਉਨ੍ਹਾਂ ਨੇ ਕਿਹਾ, "ਅਸੀਂ ਇੱਕ ਵੱਡਾ ਸਬਕ ਸਿੱਖਿਆ ਹੈ ਅਤੇ ਸਾਡੇ ਕੋਲ ਵਾਪਸੀ ਕਰਨ ਦੇ ਕਈ ਮੌਕੇ ਹਨ।"

ਮੈਚ ਬਾਰੇ ਉਨ੍ਹਾਂ ਨੇ ਕਿਹਾ, "ਅਜਿਹਾ ਨਹੀਂ ਹੈ ਕਿ ਉਨ੍ਹਾਂ ਨੇ ਸਾਡੇ ਉੱਪਰ ਹਮਲਾ ਕਰ ਦਿੱਤਾ ਜਾਂ ਕੁਝ ਹੋਰ। ਅਸੀਂ ਮੈਚ ਦੀਆਂ ਵੀਡੀਓਜ਼ ਦੇਖਾਂਗੇ ਤਾਂ ਜੋ ਅਸੀਂ ਆਪਣੀਆਂ ਗ਼ਲਤੀਆਂ 'ਤੇ ਕੰਮ ਕਰ ਸਕੀਏ।"

ਇਹ ਵੀ ਪੜ੍ਹੋ:

ਟੋਕੀਓ ਓਲੰਪਿਕ ਵਿੱਚ ਨਿਊਜ਼ੀਲੈਂਡ ਤੋਂ ਪਹਿਲਾ ਮੈਚ ਜਿੱਤਣ ਤੋਂ ਬਾਅਦ ਟੂਰਨਾਮੈਂਟ ਵਿੱਚ ਇਹ ਭਾਰਤ ਦੀ ਪਹਿਲੀ ਹਾਰ ਹੈ।

ਅੰਮ੍ਰਿਤਸਰ ਦੇ ਸਰਹੱਦੀ ਜ਼ਿਲ੍ਹੇ ਨਾਲ ਸੰਬੰਧਿਤ 21 ਸਾਲਾ ਖਿਡਾਰੀ ਨੇ ਕਿਹਾ ਕਿ 'ਸਾਨੂੰ ਫਿਨਿਸ਼ਿੰਗ ਅਤੇ ਸਟਰਾਈਕਿੰਗ ਉੱਪਰ ਮਿਹਨਤ ਕਰਨ ਦੀ ਲੋੜ ਹੈ'।

"ਤਿੰਨ ਮੈਚ ਹੋਰ ਰਹਿੰਦੇ ਹਨ ਅਤੇ ਸਾਨੂੰ ਪਤਾ ਹੈ ਕਿ ਕੁਆਰਟਰ ਫ਼ਾਈਨਲ ਵਿੱਚ ਪਹੁੰਚਣ ਲਈ ਸਾਨੂੰ ਨੌਂ ਪੁਆਂਇੰਟ ਹੋਰ ਚਾਹੀਦੇ ਹਨ।"

ਟੀਮ ਦੇ ਓਲੰਪਿਕ ਪਿੰਡ ਵਿੱਚ ਚੰਗੀ-ਤਰ੍ਹਾਂ ਰਚ-ਮਿਚ ਜਾਣ ਬਾਰੇ ਉਨ੍ਹਾਂ ਨੇ ਦੱਸਿਆ, ਅਜਿਹੀ ਕੋਈ ਸਮੱਸਿਆ ਨਹੀਂ ਹੈ।

"ਮੌਸਮ ਠੀਕ ਹੈ ਤੇ ਬੈਂਗਲੌਰ ਵਰਗਾ ਹੀ ਹੈ, ਜਿੱਥੇ ਕਿ ਸਾਡੀ ਸਿਖਲਾਈ ਹੋਈ ਹੈ।"

'ਅਸੀਂ ਨਿਰਾਸ਼ ਹਾਂ'

ਭਾਰਤੀ ਹਾਕੀ ਟੀਮ ਦੇ ਕਪਤਾਲ ਮਨਪ੍ਰੀਤ ਸਿੰਘ ਨੇ ਕਿਹਾ ਕਿ ਟੀਮ "ਨਿਰਾਸ਼" ਸੀ।

"ਟੂਰਨਾਮੈਂਟ ਅਜੇ ਸਿਰਫ਼ ਸ਼ੁਰੂ ਹੋਇਆ ਹੈ। ਜੇ ਅਸੀਂ ਇਸੇ ਮੈਚ ਬਾਰੇ ਸੋਚਦੇ ਰਹਾਂਗੇ ਤਾਂ ਅਸੀਂ ਅਗਲੀ ਗੇਮ ਉੱਪਰ ਧਿਆਨ ਨਹੀਂ ਲਗਾ ਸਕਾਂਗੇ। ਅਸੀਂ ਆਪਣੀ ਟੀਮ ਨੂੰ ਪ੍ਰੇਰਿਤ ਕਰਾਂਗੇ।"

ਇਹ ਵੀ ਪੜ੍ਹੋ:

ਦਰਸ਼ਕਾਂ ਤੋਂ ਸੱਖਣੇ ਸਟੇਡੀਅਮ ਵਿੱਚ ਖੇਡਣ ਦੇ ਤਜ਼ਰਬੇ ਬਾਰੇ ਸਕਿੱਪਰ ਨੇ ਕਿਹਾ, "ਬਿਲਕੁਲ ਇੱਕ ਟੀਮ ਵਜੋਂ ਅਸੀਂ ਦਰਸ਼ਕਾਂ ਦੁਆਰਾ ਮੈਦਾਨ ਵਿੱਚ ਹੱਲਾਸ਼ੇਰੀ ਚਾਹੁੰਦੇ ਹਾਂ ਪਰ ਫਿਰ ਕੋਵਿਡ ਇੱਕ ਗੰਭੀਰ ਮੁੱਦਾ ਹੈ। ਫਿਰ ਵੀ ਉਹ ਸਾਨੂੰ ਦੇਖ ਰਹੇ ਹਨ ਅਤੇ ਸਪੋਰਟ ਕਰ ਰਹੇ ਹਨ।"

ਕੀ ਟੀਮ ਜਪਾਨੀ ਖਾਣੇ ਪ੍ਰਤੀ ਗਿੱਝ ਗਈ ਹੈ?

ਸਾਨੂੰ ਓਲੰਪਕ ਪਿੰਡ ਵਿੱਚ ਵਧੀਆ ਖਾਣਾ ਮਿਲ ਰਿਹਾ ਹੈ। ਸਾਨੂੰ ਉਹ ਖਾਣਾ ਮਿਲ ਰਿਹਾ ਹੈ ਜੋ ਇੱਕ ਖਿਡਾਰੀ ਨੂੰ ਚਾਹੀਦਾ ਹੈ। ਇਸ ਲਈ ਅਸੀਂ ਖਾਣੇ ਦਾ ਅਨੰਦ ਮਾਣ ਰਹੇ ਹਾਂ।"

ਜਦੋਂ ਮੈਂ ਕਿਸੇ ਖ਼ਾਸ ਪਕਵਾਨ ਬਾਰੇ ਪੁੱਛਿਆ ਤਾਂ ਮਨਪ੍ਰੀਤ ਨੇ ਆਪਮੁਹਾਰੇ ਕਿਹਾ, "ਸੂਸ਼ੀ"।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)