You’re viewing a text-only version of this website that uses less data. View the main version of the website including all images and videos.
ਧਿਆਨ ਚੰਦ ਨੂੰ ਜਦੋਂ ਹਿਟਲਰ ਨੇ ਜਰਮਨ ਫੌਜ ’ਚ ਨੌਕਰੀ ਦੀ ਆਫ਼ਰ ਦਿੱਤੀ
- ਲੇਖਕ, ਗੌਤਮ ਮੁਰਾਰੀ
- ਰੋਲ, ਬੀਬੀਸੀ ਪੱਤਰਕਾਰ
ਇੱਕ ਉੱਚ ਅਧਿਕਾਰੀ ਦਾ ਹੁਕਮ ਸੀ, "ਧਿਆਨ ਚੰਦ, ਤੁਹਾਨੂੰ ਓਲੰਪਿਕ ਕੈਂਪ 'ਚ ਨਹੀਂ ਜਾਣਾ ਚਾਹੀਦਾ ਹੈ।"
ਇਸ ਹੁਕਮ ਦਾ ਸਨਮਾਨ ਕਰਦਿਆਂ ਧਿਆਨ ਚੰਦ ਆਪਣੇ ਸਾਥੀ ਫੌਜੀਆਂ ਨਾਲ ਕੰਮ 'ਤੇ ਵਾਪਸ ਪਰਤ ਗਏ ਸਨ।
ਧਿਆਨ ਚੰਦ ਉੱਥੇ ਫੌਜ 'ਚ ਕੀ ਕਰ ਰਹੇ ਸਨ, ਇਸ ਬਾਰੇ ਜਾਨਣ ਤੋਂ ਬਾਅਦ ਉਨ੍ਹਾਂ ਦੇ ਕਮਾਂਡਿੰਗ ਅਫ਼ਸਰ ਨੇ ਉਨ੍ਹਾਂ ਨੂੰ ਸਾਲ 1936 ਦੇ ਬਰਲਿਨ ਓਲੰਪਿਕ ਲਈ ਅਭਿਆਸ ਕਰਨ ਲਈ ਭੇਜਿਆ।
ਧਿਆਨ ਚੰਦ ਦੇ ਪੁੱਤਰ ਅਤੇ ਸਾਬਕਾ ਭਾਰਤੀ ਹਾਕੀ ਖਿਡਾਰੀ ਅਸ਼ੋਕ ਕੁਮਾਰ ਨੇ ਧਿਆਨ ਚੰਦ ਦੇ ਜੀਵਨ ਦੇ ਇੰਨ੍ਹਾਂ ਨਾਜ਼ੁਕ ਅਤੇ ਉਦਾਸੀਨ ਪਲਾਂ ਨੂੰ ਸਾਂਝਾ ਕੀਤਾ।
(ਮੇਜਰ ਧਿਆਨ ਚੰਦ ਦੇ ਜਨਮ ਦਿਹਾੜੇ ਮੌਕੇ ਪੜ੍ਹੋ ਇਹ ਲੇਖ। ਇਸ ਲੇਖ ਨੂੰ ਪਹਿਲੀ ਵਾਲ ਸਾਲ 2021 ’ਚ ਪ੍ਰਕਾਸ਼ਿਤ ਕੀਤਾ ਗਿਆ ਸੀ)
ਕ੍ਰਿਕਟ ਦੇ ਗੌਡਫਾਦਰ ਵੱਜੋਂ ਮਸ਼ਹੂਰ ਡੌਨ ਬ੍ਰੈਡਮੈਨ ਆਮ ਤੌਰ 'ਤੇ ਕਹਿੰਦੇ ਸਨ ਕਿ "ਉਹ ਇਸ ਤਰ੍ਹਾਂ ਗੋਲ ਕਰਦਾ ਹੈ, ਜਿਸ ਤਰ੍ਹਾਂ ਨਾਲ ਕਿ ਅਸੀਂ ਦੌੜਾਂ ਬਣਾਉਂਦੇ ਹਾਂ।"
ਪੂਰੀ ਦੁਨੀਆਂ ਦੇ ਲੋਕ ਜਾਣਦੇ ਸਨ ਕਿ ਜਦੋਂ ਧਿਆਨ ਚੰਦ ਹਾਕੀ ਹੱਥ 'ਚ ਫੜਦੇ ਸਨ ਤਾਂ ਉਹ ਇੱਕ ਜਾਦੂਗਰ ਬਣ ਜਾਂਦੇ ਸਨ, ਜੋ ਕਿ ਆਪਣੀ ਹਾਕੀ ਨਾਲੋਂ ਗੇਂਦ ਨੂੰ ਵੱਖ ਹੀ ਨਹੀਂ ਹੋਣ ਦਿੰਦੇ ਸਨ।
29 ਅਗਸਤ ਧਿਆਨ ਚੰਦ ਦਾ ਜਨਮ ਦਿਹਾੜਾ ਹੁੰਦਾ ਹੈ ਅਤੇ ਭਾਰਤ ਵਿਚ ਇਸ ਨੂੰ ਨੈਸ਼ਨਲ ਸਪੋਰਟਸ ਡੇਅ ਵਜੋਂ ਮਨਾਇਆ ਜਾਂਦਾ ਹੈ।
ਸਾਲ 1936 'ਚ ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਬਣੇ ਸਨ ਜਿਸ ਟੀਮ ਤੋਂ ਹਰ ਕੋਈ ਡਰਦਾ ਸੀ। ਉਹ ਜਹਾਜ਼ ਰਾਹੀਂ ਜਰਮਨੀ ਪਹੁੰਚੀ।
ਉਨ੍ਹਾਂ ਨੇ ਜਰਮਨੀ ਪਹੁੰਚਦਿਆਂ ਹੀ ਆਰਾਮ ਕਰਨ ਦੀ ਬਜਾਇ ਅਭਿਆਸ ਮੈਚ ਖੇਡਣ ਦੇ ਪ੍ਰਸਤਾਵ ਨੂੰ ਸਵੀਕਾਰਿਆ ਸੀ।
ਇਹ ਵੀ ਪੜ੍ਹੋ-
ਭਾਰਤੀ ਹਾਕੀ ਟੀਮ ਨੇ ਜਰਮਨੀ ਹਾਕੀ ਕਲੱਬ ਦੇ ਨਾਲ ਜਰਮਨੀ ਦੀ ਇੱਕ ਸਥਾਨਕ ਟੀਮ ਨਾਲ ਅਭਿਆਸ ਮੈਚ ਖੇਡਣ ਦੀ ਗੁਜ਼ਾਰਿਸ ਕੀਤੀ ਸੀ। ਇਸ ਸਥਾਨਕ ਟੀਮ ਨੇ ਮੈਦਾਨ 'ਚ ਭਾਰਤੀ ਹਾਕੀ ਟੀਮ ਨੂੰ ਤਾਰੇ ਵਿਖਾ ਦਿੱਤੇ ਸਨ।
ਸ਼ਫ਼ਰ ਦੀ ਥਕਾਨ ਕਾਰਨ ਭਾਰਤੀ ਖਿਡਾਰੀ ਜਰਮਨੀ ਦਾ ਖਿਡਾਰੀਆਂ ਦੀ ਤਾਲ ਨਾਲ ਤਾਲ ਨਾ ਮਿਲਾ ਸਕੇ।
ਜਰਮਨ ਟੀਮ ਦੇ ਹੌਸਲੇ ਹੋਏ ਬੁਲੰਦ
ਬਹੁਤ ਹੀ ਤੇਜ਼ੀ ਨਾਲ ਹਮਲਾਵਰ ਨੀਤੀ ਅਤੇ ਸ਼ਾਨਦਾਰ ਡਿਫੈਂਸ ਦੇ ਤਾਲਮੇਲ ਨਾਲ ਜਰਮਨੀ ਦੀ ਟੀਮ ਨੇ ਭਾਰਤ ਨੂੰ 4-1 ਨਾਲ ਮਾਤ ਦਿੱਤੀ।
ਉਸ ਦਿਨ ਤਾਂ ਧਿਆਨ ਚੰਦ ਵੀ ਆਊਟ ਆਫ਼ ਫਾਰਮ ਸਨ। ਉਨ੍ਹਾਂ ਦਾ ਪ੍ਰਦਰਸ਼ਨ ਵੀ ਕੋਈ ਖਾਸ ਨਹੀਂ ਰਿਹਾ ਸੀ।
ਭਾਰਤੀ ਟੀਮ ਇਹ ਸਭ ਵੇਖ ਕੇ ਹੈਰਾਨ ਰਹਿ ਗਈ। ਉਹ ਇਹ ਸੋਚ ਰਹੇ ਸਨ ਕਿ ਉਹ ਜਰਮਨੀ ਦੀ ਕੌਮੀ ਹਾਕੀ ਟੀਮ ਦਾ ਮੁਕਾਬਲਾ ਕਿਵੇਂ ਕਰਨਗੇ, ਕਿਉਂਕਿ ਉਹ ਜਰਮਨੀ ਦੀ ਇੱਕ ਸਥਾਨਕ ਟੀਮ ਤੋਂ ਬੁਰੀ ਤਰ੍ਹਾਂ ਨਾਲ ਹਾਰ ਗਏ ਸਨ।
ਫਿਰ ਜਰਮਨ ਹਾਕੀ ਕਲੱਬ ਨੇ ਦੱਸਿਆ ਕਿ ਉਨ੍ਹਾਂ ਨੂੰ ਅਸਲ 'ਚ ਰਾਸ਼ਟਰੀ ਟੀਮ ਦਾ ਸਾਹਮਣਾ ਕਰਨਾ ਪਿਆ ਸੀ।
ਜਰਮਨ ਟੀਮ ਦੇ ਮੈਂਬਰ ਤਤਕਾਲੀਨ ਅਜੇਤੂ ਭਾਰਤੀ ਟੀਮ ਨਾਲ ਅਭਿਆਸ ਮੈਚ ਖੇਡਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਇਸ ਤਰ੍ਹਾਂ ਨਾਲ ਆਪਣੀ ਇੱਛਾ ਪੂਰਨ ਕੀਤੀ।
ਇਸ ਜਿੱਤ ਤੋਂ ਬਾਅਦ ਜਰਮਨੀ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਅਤੇ ਉਨ੍ਹਾਂ ਨੂੰ ਸੋਨ ਤਗਮਾ ਜਿੱਤਣ ਦਾ ਪੂਰਾ ਭਰੋਸਾ ਹੋ ਗਿਆ ਸੀ।
ਦੂਜੇ ਪਾਸੇ ਭਾਰਤੀ ਟੀਮ ਨੇ ਆਪਣੇ ਖੇਡ ਦੀਆਂ ਖਾਮੀਆਂ ਦਾ ਚੰਗੀ ਤਰ੍ਹਾਂ ਵਿਸ਼ੇਲਸ਼ਣ ਕੀਤਾ।
ਲੇਫਟ ਵਿੰਗ ਜਾਫ਼ਰ ਵਧੀਆ ਖੇਡ ਰਿਹਾ ਸੀ ਅਤੇ ਰਾਈਟ ਵਿੰਗ ਸਹਿਬ-ਉਦ-ਦੀਨ ਵੀ ਵਧੀਆ ਪ੍ਰਦਰਸ਼ਨ ਕਰ ਰਿਹਾ ਸੀ। ਧਿਆਨ ਚੰਦ ਆਪਣੇ ਵਿਲੱਖਣ ਢੰਗ ਨਾਲ ਪਾਸ ਹਾਸਲ ਕਰ ਰਹੇ ਸਨ ਅਤੇ ਉਨ੍ਹਾਂ ਦਾ ਭਰਾ ਰੂਪ ਸਿੰਘ ਵੀ ਵਧੀਆ ਖੇਡ ਰਿਹਾ ਸੀ। ਉਹ ਵਿਸ਼ਲੇਸ਼ਣ ਕਰਦੇ ਰਹੇ।
ਫਿਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਲਿਓਨਲ ਐਮਟ ਨਾਮ ਦਾ ਖਿਡਾਰੀ ਜਿਸ ਢੰਗ ਨਾਲ ਖੇਡ ਰਿਹਾ ਸੀ, ਉਸ ਦੇ ਤਰੀਕੇ 'ਚ ਛੋਟੀ ਜਿਹੀ ਕਮੀ ਮੌਜੂਦ ਸੀ।
ਅਲੀ ਦਾਰਾ ਨੂੰ ਬੁਲਾਓ
ਉਨ੍ਹਾਂ ਨੇ ਫ਼ੈਸਲਾ ਲਿਆ ਕਿ ਜੇਕਰ ਐਮਟ ਦੀ ਜਗ੍ਹਾ 'ਤੇ ਅਲੀ ਇਖ਼ਤਿਆਰ ਦਾਰਾ ਨੂੰ ਖੇਡਾਇਆ ਜਾਵੇ ਤਾਂ ਜਰਮਨੀ ਦੀ ਟੀਮ ਨੂੰ ਆਸਾਨੀ ਨਾਲ ਹਰਾਇਆ ਜਾ ਸਕਦਾ ਹੈ।
ਅਲੀ ਦਾਰਾ ਨੂੰ ਟੀਮ 'ਚ ਬੁਲਾਇਆ ਗਿਆ। ਦੱਸਣਯੋਗ ਹੈ ਕਿ ਇਹ ਉਹੀ ਅਲੀ ਦਾਰਾ ਸੀ ਜਿਸ ਨੇ ਕਿ ਦੇਸ਼ ਦੀ ਵੰਡ ਤੋਂ ਬਾਅਦ 1948 'ਚ ਪਾਕਿਸਤਾਨੀ ਟੀਮ ਵੱਲੋਂ ਓਲੰਪਿਕ 'ਚ ਹਿੱਸਾ ਲਿਆ ਸੀ।
ਉਸ ਨੂੰ ਪਾਕਿਸਾਨੀ ਟੀਮ 'ਚ ਅਹਿਮ ਸਥਾਨ ਹਾਸਲ ਹੋਇਆ ਸੀ।
ਓਲੰਪਿਕ ਮੁਕਾਬਲੇ ਸ਼ੂਰੂ ਹੋਏ। ਆਮ ਤੌਰ 'ਤੇ ਜਿਵੇਂ-ਜਿਵੇਂ ਇੱਕ ਟੀਮ ਫਾਈਨਲ ਵੱਲ ਵੱਧਦੀ ਹੈ, ਸਕੋਰ ਕਰਨਾ ਹੋਰ ਵੀ ਮੁਸ਼ਕਲ ਹੁੰਦਾ ਜਾਂਦਾ ਹੈ।
ਪਰ ਭਾਰਤ ਲਈ, ਜਿਵੇਂ-ਜਿਵੇਂ ਉਹ ਫਾਈਨਲ ਵੱਲ ਵੱਧਦਾ ਗਿਆ, ਉਹ ਜਿੱਤ ਦੇ ਅੰਤਰ ਨੂੰ ਹੋਰ ਵਧਾਉਂਦਾ ਗਿਆ।
ਭਾਰਤ ਨੇ ਹੰਗਰੀ ਨੂੰ 4-0 ਅਤੇ ਅਮਰੀਕਾ ਨੂੰ 7-0 ਨਾਲ ਮਾਤ ਦਿੱਤੀ। ਇਸ ਤੋਂ ਬਾਅਦ ਜਾਪਾਨ ਨੂੰ 9-0 ਨਾਲ ਹਰਾ ਕੇ ਭਾਰਤ ਅੱਗੇ ਵਧਿਆ।
ਸੈਮੀ ਫਾਈਨਲ 'ਚ ਭਾਰਤ ਦਾ ਮੁਕਾਬਲਾ ਫਰਾਂਸ ਦੇ ਨਾਲ ਸੀ। ਇਸ ਮੁਕਾਬਲੇ ਦੌਰਾਨ ਭਾਰਤ ਨੇ ਫਰਾਂਸ ਨੂੰ 10-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ।
ਇਹ ਵੀ ਪੜ੍ਹੋ-
ਅਲੀ ਦਾਰਾ ਸੈਮੀਫਾਈਨਲ ਦੇ ਦੌਰਾਨ ਹੀ ਟੀਮ 'ਚ ਸ਼ਾਮਲ ਹੋਏ ਸਨ। ਇਸ ਸਮੇਂ ਭਾਰਤੀ ਟੀਮ ਆਪਣੀ ਜਿੱਤ ਦੀ ਇਬਾਦਤ ਲਿਖਦਿਆਂ ਪੂਰੀ ਤਰ੍ਹਾਂ ਨਾਲ ਛਾਈ ਹੋਈ ਸੀ।
ਹਰ ਕਿਸੇ ਦੀਆਂ ਉਮੀਦਾਂ 'ਤੇ ਖਰਾ ਉਤਰਦਿਆਂ ਭਾਰਤ ਨੇ ਫਾਈਨਲ 'ਚ ਜਰਮਨੀ ਦਾ ਸਾਹਮਣਾ ਕੀਤਾ।
ਫਾਈਨਲ ਮੁਕਾਬਲਾ ਸ਼ੁਰੂ ਹੋਇਆ।
ਇਹ ਓਲੰਪਿਕ ਖੇਡਾਂ ਜਰਮਨੀ ਦੀ ਸਰਜ਼ਮੀਨ 'ਤੇ ਹੀ ਆਯੋਜਿਤ ਹੋ ਰਹੀਆਂ ਸਨ, ਜਿਸ ਕਰਕੇ ਘਰੇਲੂ ਮੈਦਾਨ 'ਤੇ ਖੇਡਣ ਕਾਰਨ ਜਰਮਨੀ ਦੀ ਟੀਮ ਨੂੰ ਕਈ ਫਾਈਦੇ ਵੀ ਹੋਏ।
ਉਹ ਉੱਥੋਂ ਦੇ ਮੌਸਮ ਅਤੇ ਖੇਡ ਮੈਦਾਨਾਂ ਤੋਂ ਭਲੀ ਭਾਂਤੀ ਜਾਣੂ ਸਨ। ਮੈਚ ਦੇ ਸ਼ੁਰੂਆਤੀ 30 ਮਿੰਟਾਂ 'ਚ ਦੋਵੇਂ ਹੀ ਟੀਮਾਂ ਪੂਰੇ ਜ਼ੋਰ-ਸ਼ੋਰ ਨਾਲ ਇੱਕ ਦੂਜੇ ਨੂੰ ਟੱਕਰ ਦੇ ਰਹੀਆਂ ਸਨ।
ਭਾਰਤੀ ਟੀਮ ਦੇ ਕਪਤਾਨ ਧਿਆਨ ਚੰਦ ਨੇ 32ਵੇਂ ਮਿੰਟ 'ਚ ਗੋਲ ਕਰਕੇ ਆਪਣੀ ਟੀਮ ਦਾ ਖਾਤਾ ਖੋਲ੍ਹਿਆ ਜਿਸ ਨਾਲ ਪਹਿਲੇ ਅੱਧ ਤੋਂ ਬਾਅਦ ਭਾਰਤ 1-0 ਨਾਲ ਅੱਗੇ ਸੀ।
ਫਾਈਨਲ ਮੁਕਾਬਲੇ ਤੋਂ ਇੱਕ ਦਿਨ ਪਹਿਲਾਂ ਉੱਥੇ ਮੀਂਹ ਪਿਆ ਸੀ, ਜਿਸ ਕਰਕੇ ਮੈਦਾਨ 'ਚ ਨਮੀ ਮੌਜੂਦ ਸੀ।
ਜਰਮਨ ਖਿਡਾਰੀਆਂ ਨੇ ਖੇਡਣ ਲਈ ਅੰਡਰਕੱਟ ਤਕਨੀਕ ਦੀ ਵਰਤੋਂ ਕੀਤੀ। ਭਾਰਤੀ ਖਿਡਾਰੀਆਂ ਨੇ ਖੇਡ ਨੂੰ ਕੰਟ੍ਰੋਲ 'ਚ ਲਿਆਉਣ ਲਈ ਬਹੁਤ ਹੀ ਸ਼ਾਨਦਾਰ ਢੰਗ ਨਾਲ ਹਾਫ਼ ਵੋਲੀ ਅਤੇ ਲਾਂਗ ਸ਼ਾਟ ਰਣਨੀਤੀ ਦੀ ਵਰਤੋਂ ਕੀਤੀ ਸੀ।
ਧਿਆਨ ਚੰਦ ਆਪਣੀ ਗਤੀ ਵਧਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਨੰਗੇ ਪੈਰੀਂ ਖੇਡਣਾ ਸ਼ੁਰੂ ਕਰ ਦਿੱਤਾ ਸੀ।
16 ਅਗਸਤ, 1936 ਨੂੰ ਹਿੰਦੂ ਅਖ਼ਬਾਰ ਨੇ ਲਿਖਿਆ ਸੀ, "ਇਸ ਤਰੀਕੇ ਨੇ ਉਸ ਦੀ ਕੁਦਰਤੀ ਗਤੀ ਨੂੰ ਪ੍ਰਦਰਸ਼ਿਤ ਕਰਨ 'ਚ ਮਦਦ ਕੀਤੀ ਸੀ।"
ਦੂਜੇ ਅੱਧ ਦੌਰਾਨ, 8ਵੇਂ ਮਿੰਟ 'ਤੇ ਕਾਰਲੀਲ ਟੇਪਸਲ ਨੇ ਇੱਕ ਗੋਲ ਦਾਗਿਆ। ਇਸ ਤੋਂ ਬਾਅਦ ਜਾਫ਼ਰ, ਦਾਰਾ ਅਤੇ ਧਿਆਨ ਚੰਦ ਨੇ ਗੋਲ ਕੀਤੇ।
ਜਰਮਨੀ ਦੇ ਗੋਲ ਕੀਪਰ ਟੀਟੋ ਵਾਰਨਹੋਲਟਜ਼ ਦੀ ਹਿੱਟ ਦਾ ਸਾਹਮਣਾ ਕਰਦਿਆਂ ਧਿਆਨ ਚੰਦ ਨੇ ਆਪਣਾ ਦੰਦ ਗਵਾਇਆ ਸੀ।
ਮੈਚ ਦੇ 51ਵੇਂ ਮਿੰਟ ਦੌਰਾਨ ਜਰਮਨੀ ਦੇ ਵੇਸ ਨੇ ਇੱਕ ਗੋਲ ਦਾਗਿਆ।
ਉਸ ਦਿਨ ਭਾਰਤੀ ਗੋਲਕੀਪਰ ਏਲਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਜਰਮਨੀ ਦੇ ਸਕੋਰ ਕਰਨ ਦੇ ਕਈ ਯਤਨਾਂ ਨੂੰ ਅਸਫਲ ਕੀਤਾ ਸੀ।
70ਵੇਂ ਮਿੰਟ ਦੌਰਾਨ ਧਿਆਨ ਚੰਦ ਨੇ ਇੱਕ ਹੋਰ ਗੋਲ ਕੀਤਾ ਅਤੇ ਭਾਰਤ ਨੇ ਜਰਮਨੀ ਨੂੰ 8-1 ਨਾਲ ਹਰਾਇਆ। ਇਸ ਤਰ੍ਹਾਂ ਨਾਲ ਭਾਰਤ ਨੇ ਲਗਾਤਾਰ ਤੀਜੀ ਵਾਰ ਓਲੰਪਿਕ ਹਾਕੀ ਦਾ ਸੋਨ ਤਗਮਾ ਜਿੱਤਿਆ ਸੀ।
ਧਿਆਨ ਚੰਦ ਅਤੇ ਅਲੀ ਦਾਰਾ ਦੀ ਭਾਈਵਾਲੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਹਿਟਲਰ ਨੇ ਵੀ ਧਿਆਨ ਚੰਦ ਦੇ ਹੁਨਰ ਨੂੰ ਵੇਖਿਆ ਅਤੇ ਉਸ ਨੂੰ ਜਰਮਨੀ ਫੌਜ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਸੀ।
ਹਿਟਲਰ ਨੇ ਧਿਆਨ ਚੰਦ ਨੂੰ ਉੱਚ ਅਹੁਦਾ ਦੇਣ ਦਾ ਵਾਅਦਾ ਵੀ ਕੀਤਾ ਸੀ। ਧਿਆਨ ਚੰਦ, ਜੋ ਕਿ ਉਸ ਸਮੇਂ ਭਾਰਤੀ ਫੌਜ 'ਚ ਲਾਂਸ ਨਾਇਕ ਸਨ, ਉਨ੍ਹਾਂ ਨੇ ਬਿਨ੍ਹਾਂ ਕਿਸੇ ਹਿੱਚਕਿਚਾਹਟ ਦੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।
ਧਿਆਨ ਚੰਦ ਨੇ ਬਰਲਿਨ ਓਲੰਪਿਕ 'ਚ ਵਿਅਕਤੀਗਤ ਤੌਰ 'ਤੇ 11 ਗੋਲ ਕੀਤੇ ਸਨ ਅਤੇ ਭਾਰਤੀ ਟੀਮ ਨੇ ਕੁੱਲ ਮਿਲਾ ਕੇ ਇੰਨ੍ਹਾਂ ਖੇਡਾਂ 'ਚ 38 ਗੋਲ ਦਾਗੇ ਸਨ।
ਬਰਲਿਨ ਓਲੰਪਿਕ ਦੌਰਾਨ ਭਾਰਤ ਖ਼ਿਲਾਫ ਸਿਰਫ ਇੱਕ ਹੀ ਗੋਲ ਹੋਇਆ ਸੀ, ਜੋ ਕਿ ਫਾਈਨਲ ਮੈਚ ਦੌਰਾਨ ਜਰਮਨੀ ਵੱਲੋਂ ਕੀਤਾ ਗਿਆ ਸੀ।
1936 ਓਲੰਪਿਕ ਖੇਡਾਂ ਤੋਂ ਬਾਅਦ ਧਿਆਨ ਚੰਦ ਨੇ ਕਈ ਅੰਤਰਰਾਸ਼ਟਰੀ ਖੇਡਾਂ 'ਚ ਹਿੱਸਾ ਲਿਆ, ਪਰ 1936 ਦਾ ਟੂਰਨਾਮੈਂਟ ਉਨ੍ਹਾਂ ਦਾ ਆਖਰੀ ਓਲੰਪਿਕ ਮੁਕਾਬਲਾ ਸੀ, ਜਿਸ 'ਚ ਉਹ ਖੇਡ ਸਕੇ ਸਨ।
1940 ਅਤੇ 1944 ਦੀਆਂ ਓਲੰਪਿਕ ਖੇਡਾਂ ਦੂਜੇ ਵਿਸ਼ਵ ਯੁੱਧ ਦੇ ਕਾਰਨ ਰੱਦ ਹੋ ਗਈਆਂ ਸਨ।
ਹਾਕੀ ਦਾ ਜਾਦੂਗਰ ਅਤੇ ਭਾਰਤੀ ਹਾਕੀ ਦਾ ਰੱਬ ਕਹੇ ਜਾਣ ਵਾਲੇ ਧਿਆਨ ਚੰਦ ਓਲੰਪਿਕ 'ਚ ਆਜ਼ਾਦ ਭਾਰਤ ਦੀ ਪ੍ਰਤੀਨਿਧਤਾ ਨਹੀਂ ਕਰ ਸਕੇ ਸਨ।
ਇਹ ਵੀ ਪੜ੍ਹੋ: