ਹਜ਼ਾਰਾਂ ਔਰਤਾਂ ਆਪਣੇ ਵਾਲ਼ ਕਟਾ ਕੇ ਫੋਟੋਆਂ ਸੋਸ਼ਲ ਮੀਡੀਆ ਉੱਤੇ ਕਿਉਂ ਪਾ ਰਹੀਆਂ ਹਨ

    • ਲੇਖਕ, ਵੈਤੇ ਤਾਨ ਅਤੇ ਵਾਈਈ ਯਿਪ
    • ਰੋਲ, ਬੀਬੀਸੀ ਪੱਤਰਕਾਰ

ਦੱਖਣੀ ਕੋਰੀਆ ਦੀ ਤੀਰਅੰਦਾਜ਼ ਐਨ ਸਾਨ ਨੇ ਟੋਕੀਓ ਓਲੰਪਿਕ ਵਿੱਚ ਇੱਕ-ਦੋ ਨਹੀਂ ਬਲਕਿ ਤਿੰਨ ਸੋਨੇ ਦੇ ਤਮਗੇ ਜਿੱਤ ਕੇ ਆਪਣੇ ਦੇਸ਼ ਦਾ ਮਾਣ ਵਧਾਇਆ।

ਪਰ ਘਰ ਵਾਪਸੀ 'ਤੇ ਉਨ੍ਹਾਂ ਦਾ ਸੁਆਗਤ ਸਿਰਫ਼ ਵਧਾਈਆਂ ਨੇ ਨਹੀਂ ਕੀਤਾ ਬਲਕਿ ਉਨ੍ਹਾਂ ਨੂੰ ਸਖ਼ਤ ਆਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ।

ਇਹ ਸਭ ਕਿਉਂ ਹੋਇਆ? ਕਿਉਂਕਿ, ਉਨ੍ਹਾਂ ਨੇ ਆਪਣੇ ਵਾਲ ਮੁੰਡਿਆਂ ਵਾਂਗ ਕਟਾਏ ਹੋਏ ਹਨ।

ਓਲੰਪੀਅਨ ਐਨ ਨੂੰ ਇਸ ਦੇ ਲਈ ਬਹੁਤ ਸਾਰਾ ਅਪਮਾਨ ਝੱਲਣਾ ਪਿਆ ਅਤੇ ਸਿਰਫ ਇੰਨਾਂ ਹੀ ਨਹੀਂ, ਉਨ੍ਹਾਂ ਉੱਤੇ ਨਾਰੀਵਾਦੀ (ਫੈਮੀਨਿਸਟ) ਹੋਣ ਦਾ ਲੇਬਲ ਵੀ ਲਗਾ ਦਿੱਤਾ ਗਿਆ।

ਦੱਖਣੀ ਕੋਰੀਆ ਵਿੱਚ ਨਾਰੀਵਾਦੀ ਸ਼ਬਦ ਨੂੰ ਅਕਸਰ ਪੁਰਸ਼ਾਂ ਨਾਲ ਨਫ਼ਰਤ ਰੱਖਣ ਵਾਲੇ ਦੇ ਤੌਰ 'ਤੇ ਦੇਖਿਆ ਜਾਂਦਾ ਹੈ।

ਇਹ ਵੀ ਪੜ੍ਹੋ-

ਇੱਕ ਆਦਮੀ ਨੇ ਇੱਕ ਪੋਸਟ ਵਿੱਚ ਕਿਹਾ "ਇਹ ਚੰਗਾ ਹੈ ਕਿ ਉਸ ਨੂੰ ਗੋਲਡ ਮਿਲਿਆ ਹੈ ਪਰ ਉਸ ਦੇ ਛੋਟੇ ਵਾਲ ਉਸ ਨੂੰ ਨਾਰੀਵਾਦੀ ਵਜੋਂ ਪੇਸ਼ ਕਰਦੇ ਹਨ। ਜੇ ਉਹ ਹੈ, ਤਾਂ ਮੈਂ ਆਪਣਾ ਸਮਰਥਨ ਵਾਪਸ ਲੈਂਦਾ ਹਾਂ। ਸਾਰੇ ਨਾਰੀਵਾਦੀਆਂ ਨੂੰ ਮਰ ਜਾਣਾ ਚਾਹੀਦਾ ਹੈ।"

ਪਰ ਜਿਵੇਂ-ਜਿਵੇਂ ਉਸ ਦੀ ਆਲੋਚਨਾ ਵੱਧਦੀ ਗਈ, ਉਸੇ ਤਰ੍ਹਾਂ ਉਸ ਦੇ ਬਚਾਅ ਲਈ ਇੱਕ ਮੁਹਿੰਮ ਵੀ ਚੱਲ ਪਈ।

ਦੇਸ਼ ਭਰ ਦੀਆਂ ਹਜ਼ਾਰਾਂ ਔਰਤਾਂ ਨੇ ਛੋਟੇ ਵਾਲਾਂ ਨਾਲ ਆਪਣੀਆਂ ਤਸਵੀਰਾਂ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ, ਇਹ ਉਨ੍ਹਾਂ ਵੱਲੋਂ ਇੱਕ ਸੰਦੇਸ਼ ਸੀ ਕਿ ਇਸ ਨਾਲ ਉਨ੍ਹਾਂ ਦੇ ਔਰਤ ਹੋਣ ਵਿੱਚ ਕੋਈ ਕਮੀ ਜਾਂ ਬਦਲਾਅ ਨਹੀਂ ਹੋਇਆ।

ਦੱਖਣੀ ਕੋਰੀਆ ਵਿੱਚ ਔਰਤਾਂ ਨੇ ਲੰਬੇ ਸਮੇਂ ਤੋਂ ਔਰਤਾਂ ਨਾਲ ਵਿਤਕਰੇ ਅਤੇ ਉਨ੍ਹਾਂ ਪ੍ਰਤੀ ਹੀਣ ਭਾਵਨਾ ਦਾ ਟਾਕਰਾ ਕੀਤਾ ਹੈ, ਪਰ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਵਿੱਚ #MeToo ਮੁਹਿੰਮ ਤੋਂ ਲੈ ਕੇ ਗਰਭਪਾਤ 'ਤੇ ਪਾਬੰਦੀ ਨੂੰ ਖ਼ਤਮ ਕਰਨ ਤੱਕ, ਕੁਝ ਬਦਲਾਅ ਆਏ ਹਨ।

ਕੀ ਇਹ ਨਵੀਨਤਮ ਲਹਿਰ ਭਵਿੱਖ ਵਿੱਚ ਹੋਰ ਤਬਦੀਲੀ ਲਈ ਪ੍ਰੇਰਣਾ ਬਣੇਗੀ?

'ਇਸਦੇ ਨਾਲ ਮੇਰੇ ਔਰਤ ਹੋਣ ਵਿੱਚ ਕੋਈ ਕਮੀ ਨਹੀਂ ਆਉਂਦੀ'

ਛੋਟੇ ਵਾਲਾਂ ਵਾਲੀ ਇਸ ਲਹਿਰ ਪਿੱਛੇ ਮੁੱਖ ਚਿਹਰਾ ਹਨ, ਹਾਨ ਜਿਓਂਗ, ਉਹ ਮਹਿਲਾ ਜਿਨ੍ਹਾਂ ਨੇ ਟਵਿੱਟਰ 'ਤੇ #women_shortcut_campaign ਮੁਹਿੰਮ ਚਲਾਈ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਇੰਟਰਨੈੱਟ 'ਤੇ ਪੁਰਸ਼ ਪ੍ਰਧਾਨ ਪੇਜਾਂ/ ਕਮਿਊਨਿਟੀਜ਼ 'ਤੇ "ਇੱਕ-ਦੋ ਨਹੀਂ, ਬਲਕਿ ਬਹੁਤ ਸਾਰੀਆਂ ਨਫ਼ਰਤ ਭਰੀਆਂ ਟਿੱਪਣੀਆਂ (ਐਨ ਬਾਰੇ) ਦੇਖੀਆਂ" ਤਾਂ ਉਹ ਪਰੇਸ਼ਾਨ ਹੋ ਗਏ ਸਨ।

ਨਾਰੀਵਾਦ ਦਾ ਵਿਰੋਧ ਕਰਨ ਵਾਲੇ ਇਨ੍ਹਾਂ ਜ਼ਿਆਦਾਤਰ ਲੋਕਾਂ ਵਿੱਚ ਨੌਜਵਾਨ ਮਰਦ ਹਨ, ਪਰ ਇਸ ਵਿੱਚ ਬਜ਼ੁਰਗ ਮਰਦ ਅਤੇ ਇੱਥੋਂ ਤੱਕ ਕਿ ਕੁਝ ਔਰਤਾਂ ਵੀ ਸ਼ਾਮਲ ਹਨ।

ਉਨ੍ਹਾਂ ਨੇ ਕਿਹਾ, "ਇਸ ਤਰ੍ਹਾਂ ਦੇ ਵੱਡੇ ਹਮਲੇ... ਇਹ ਸੰਦੇਸ਼ ਦਿੰਦੇ ਹਨ ਕਿ ਪੁਰਸ਼, ਔਰਤਾਂ ਦੇ ਸਰੀਰ ਨੂੰ ਕੰਟਰੋਲ ਕਰ ਸਕਦੇ ਹਨ ਅਤੇ ਨਾਲ ਹੀ ਇਹ ਸੰਦੇਸ਼ ਵੀ ਦਿੰਦੇ ਹਨ ਕਿ ਔਰਤਾਂ ਨੂੰ ਆਪਣੀ ਨਾਰੀਵਾਦੀ ਪਛਾਣ ਨੂੰ ਲੁਕਾਉਣ ਦੀ ਲੋੜ ਹੈ।"

"ਮੈਂ ਸੋਚਿਆ ਕਿ ਔਰਤਾਂ ਲਈ ਆਪਣੇ ਛੋਟੇ ਵਾਲ ਦਿਖਾਉਣ ਲਈ ਅਤੇ ਮਹਿਲਾ ਓਲੰਪੀਅਨ ਖਿਡਾਰੀਆਂ ਪ੍ਰਤੀ ਏਕਤਾ ਦਿਖਾਉਣ ਲਈ, ਇੱਕ ਮੁਹਿੰਮ ਸ਼ੁਰੂ ਕਰਨਾ ਚੰਗਾ ਰਹੇਗਾ, ਜਿਸ ਨਾਲ ਇਨ੍ਹਾਂ ਦੋਵਾਂ ਮੁੱਦਿਆਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।"

ਹਜ਼ਾਰਾਂ ਦੀ ਗਿਣਤੀ ਵਿੱਚ ਤਸਵੀਰਾਂ ਆਉਣੀਆਂ ਸ਼ੁਰੂ ਹੋ ਗਈਆਂ, ਬਹੁਤ ਸਾਰੀਆਂ ਔਰਤਾਂ ਨੇ ਵਾਲ ਕਟਵਾਉਣ ਤੋਂ ਪਹਿਲਾਂ ਲੰਬੇ ਵਾਲਾਂ ਵਾਲੀਆਂ ਅਤੇ ਕਟਵਾਉਣ ਤੋਂ ਬਾਅਦ ਛੋਟੇ ਵਾਲਾਂ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

ਕਈ ਹੋਰ ਔਰਤਾਂ ਨੇ ਕਿਹਾ ਕਿ ਐਨ ਸਾਨ ਦੇ ਵਾਲਾਂ ਨੇ ਉਨ੍ਹਾਂ ਨੂੰ ਘਰੋਂ ਬਾਹਰ ਜਾਣ ਅਤੇ ਆਪਣੇ ਵਾਲ ਕਟਵਾਉਣ ਲਈ ਪ੍ਰੇਰਿਤ ਕੀਤਾ।

ਛੋਟੇ ਵਾਲਾਂ ਨੂੰ ਨਾਰੀਵਾਦ (ਫੈਮੀਨਿਜ਼ਮ) ਨਾਲ ਕਿਉਂ ਜੋੜਿਆ ਜਾਂਦਾ ਹੈ?

ਦੱਖਣੀ ਕੋਰੀਆ ਦੇ #MeToo ਅੰਦੋਲਨ 'ਤੇ ਪ੍ਰਕਾਸ਼ਿਤ ਹੋਣ ਜਾ ਰਹੀ ਕਿਤਾਬ ਦੀ ਲੇਖਿਕਾ, ਹਾਨ ਜਿਓਂਗ ਨੇ ਕਿਹਾ ਕਿ 2018 ਵਿੱਚ ਹੋਏ 'ਕੱਟ ਦਿ ਕਾਰਸੇਟ' ਅੰਦੋਲਨ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਇੱਕ ਦੂਜੇ ਦੇ ਰੂਪ ਵਿੱਚ ਦੇਖਿਆ ਗਿਆ।

ਇਸ ਅੰਦੋਲਨ ਵਿੱਚ ਨੌਜਵਾਨ ਔਰਤਾਂ ਨੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਆਦਰਸ਼ ਸੁੰਦਰਤਾ ਦੇ ਪੈਮਾਨੇ ਨੂੰ ਚੁਣੌਤੀ ਦਿੰਦਿਆਂ ਹੋਇਆਂ ਕੋਈ ਮੇਕਅੱਪ ਨਹੀਂ ਕੀਤਾ ਅਤੇ ਛੋਟੇ ਵਾਲ ਕਟਵਾਏ।

ਉਹ ਕਹਿੰਦੇ ਹਨ,"ਉਦੋਂ ਤੋਂ ਹੀ ਛੋਟੇ ਕੱਟੇ ਹੋਏ ਵਾਲ ਨਾਰੀਵਾਦੀ ਔਰਤਾਂ ਵਿੱਚ ਇੱਕ ਰਾਜਨੀਤਕ ਪ੍ਰਤੀਕ ਵਰਗੇ ਬਣ ਗਏ ਹਨ।"

"ਇਸ ਨਾਰੀਵਾਦੀ ਜਾਗ੍ਰਿਤੀ ਨੂੰ ਉਨ੍ਹਾਂ ਮਰਦਾਂ ਦਾ ਸਖ਼ਤ ਵਿਰੋਧ ਝੱਲਣਾ ਪਿਆ, ਜਿਨ੍ਹਾਂ ਨੂੰ ਲੱਗਦਾ ਸੀ ਕਿ ਉਹ ਬਹੁਤ ਅੱਗੇ ਨਿਕਲ ਗਏ ਹਨ।"

ਇਹ ਵੀ ਪੜ੍ਹੋ-

ਇੱਕ ਵਿਵਾਦਪੂਰਨ ਇਸ਼ਾਰਾ

ਛੋਟੇ ਵਾਲਾਂ ਵਾਲੀ ਇਸ ਮੁਹਿੰਮ ਤੋਂ ਮਹਿਜ਼ ਕੁਝ ਹਫ਼ਤੇ ਪਹਿਲਾਂ ਹੀ 'ਨਾਰੀਵਾਦੀਆਂ' ਦੇ ਵਿਰੁੱਧ ਇੱਕ ਹਮਲਾਵਰ ਮੁਹਿੰਮ ਵੀ ਸੀ।

ਇਹ ਵਿਵਾਦ ਉਂਗਲੀ ਦੇ ਇੱਕ ਇਸ਼ਾਰੇ ਨੂੰ ਲੈ ਕੇ ਸੀ, ਜਿਸ ਬਾਰੇ ਕੁਝ ਆਦਮੀਆਂ ਦੁਆਰਾ ਦਾਅਵਾ ਕੀਤਾ ਗਿਆ ਸੀ, ਇਹ ਇਸ਼ਾਰਾ ਨਾਰੀਵਾਦੀ ਔਰਤਾਂ ਦੁਆਰਾ ਪੁਰਸ਼ਾਂ ਦੇ ਲਿੰਗ ਦੇ ਘੱਟ ਆਕਾਰ ਨੂੰ ਦਰਸਾਉਂਦਾ ਸੀ।

ਇਸ ਇਸ਼ਾਰੇ ਵਿੱਚ ਅੰਗੂਠੇ ਅਤੇ ਤਰਜਨੀ ਉਂਗਲੀ ਨੂੰ ਇਕੱਠੇ ਜੋੜਿਆ ਗਿਆ ਸੀ ਅਤੇ ਇਹ ਮੇਗਾਲੀਆ ਦਾ ਲੋਗੋ ਸੀ, ਜੋ ਕਿ ਇੱਕ ਬੰਦ ਹੋ ਚੁੱਕੀ ਕੱਟੜਪੰਥੀ ਨਾਰੀਵਾਦੀ ਆਨਲਾਈਨ ਕਮਿਊਨਿਟੀ ਹੈ। ਜਿਸ ਨੂੰ ਵਿਆਪਕ ਤੌਰ 'ਤੇ ਪੁਰਸ਼ ਵਿਰੋਧੀ ਮੰਨਿਆ ਗਿਆ ਸੀ।

ਇਸ ਦੇ ਚੱਲਦਿਆਂ ਹੀ, ਸੁਵਿਧਾ ਸਟੋਰ GS 25, ਫ੍ਰਾਈਡ ਚਿਕਨ ਚੇਨ BBQ Genesis (ਬੀਬੀਕਿਊ ਜੈਨੇਸਿਸ) ਅਤੇ Kyochon (ਕਿਓਚੋਨ) ਵਰਗੇ ਬ੍ਰਾਂਡਾਂ ਨੂੰ, ਇਸ ਸਾਲ ਦੇ ਸ਼ੁਰੂ ਵਿੱਚ ਬਾਈਕਾਟ ਦੀਆਂ ਧਮਕੀਆਂ ਮਿਲੀਆਂ, ਜਿਸ ਤੋਂ ਬਾਅਦ ਕੰਪਨੀਆਂ ਨੂੰ ਅਜਿਹੇ ਇਸ਼ਾਰੇ ਵਾਲੇ ਆਪਣੇ ਪ੍ਰਿੰਟ ਵਿਗਿਆਪਨ ਹਟਾਉਣ ਲਈ ਮਜਬੂਰ ਹੋਣਾ ਪਿਆ ਸੀ।

ਹਾਲਾਂਕਿ, ਕੰਪਨੀਆਂ ਨੇ ਇਸ ਮਾਮਲੇ ਵਿੱਚ ਕਦੇ ਵੀ ਕੋਈ ਰਾਜਨੀਤਿਕ ਬਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਇਸ ਨਾਲ ਪੁਰਸ਼ਾਂ ਵਿੱਚ ਅਜਿਹੀਆਂ ਮਿਲਦੀਆਂ-ਜੁਲਦੀਆਂ ਤਸਵੀਰਾਂ ਲੱਭਣ ਅਤੇ ਉਨ੍ਹਾਂ ਨੂੰ ਹਟਵਾਉਣ ਦਾ ਇੱਕ ਚਲਨ ਜਿਹਾ ਸ਼ੁਰੂ ਹੋ ਗਿਆ।

ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਏਂਜਲਸ ਵਿੱਚ ਲਿੰਗ ਅਧਿਐਨ ਦੇ ਪ੍ਰੋਫੈਸਰ ਡਾ. ਜੂਡੀ ਹਾਨ ਨੇ ਕਿਹਾ, "ਕੁਝ ਪੁਰਸ਼ ਇਸ ਚਿੱਤਰ ਨੂੰ ਹਟਾਉਣਾ ਚਾਹੁੰਦੇ ਹਨ ਕਿਉਂਕਿ ਉਹ ਇਸ ਨੂੰ ਨਾਰੀਵਾਦ ਦੇ ਇੱਕ ਵਿਸ਼ੇਸ਼ ਬ੍ਰਾਂਡ ਨਾਲ ਜੋੜ ਕੇ ਦੇਖਦੇ ਹਨ ਅਤੇ ਜਿਸ ਦੇ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਚਿੱਤਰ ਉਨ੍ਹਾਂ ਨੂੰ ਨੀਵਾਂ ਜਾਂ ਨੀਚਾ ਦਿਖਾਉਂਦਾ ਹੈ।"

ਕਈ ਵਾਰ ਵਿਰੋਧ ਇੰਨਾਂ ਜ਼ਿਆਦਾ ਹੋ ਗਿਆ ਕਿ ਕੰਪਨੀਆਂ ਨੂੰ ਮੁਆਫੀ ਮੰਗਣ ਲਈ ਵੀ ਮਜਬੂਰ ਹੋਣਾ ਪਿਆ।

ਉਦਾਹਰਣ ਦੇ ਤੌਰ 'ਤੇ, GS 25 ਦੇ ਪ੍ਰਧਾਨ ਚੋ ਯੂਨ-ਸੁੰਗ ਨੂੰ ਅਜਿਹੇ ਹੀ ਇੱਕ ਇਸ਼ਤਿਹਾਰ ਦੇ ਕਾਰਨ ਉਨ੍ਹਾਂ ਦੇ ਪਦ ਤੋਂ ਹਟਾ ਦਿੱਤਾ ਗਿਆ ਜਦਕਿ ਉਨ੍ਹਾਂ ਨੇ 'ਤਕਲੀਫ਼' ਦੇਣ ਲਈ ਮੁਆਫੀ ਵੀ ਮੰਗ ਲਈ ਸੀ ਅਤੇ ਕਿਹਾ ਸੀ ਕਿ ਇਸ਼ਾਰੇ ਦੇ ਚਿੱਤਰ ਅਤੇ ਸੌਸੇਜ ਵਾਲੇ ਪੋਸਟਰਾਂ ਦੇ ਡਿਜ਼ਾਈਨ ਬਣਾਉਣ ਵਿੱਚ ਸ਼ਾਮਲ ਲੋਕਾਂ 'ਤੇ ਕੰਪਨੀ ਵੱਲੋਂ ਕਾਰਵਾਈ ਕੀਤੀ ਜਾਵੇਗੀ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਮੁਆਫ਼ੀ ਨੇ ਇਨ੍ਹਾਂ ਨਾਰਾਜ਼ ਆਦਮੀਆਂ ਨੂੰ ਹੋਰ ਉਤਸ਼ਾਹਿਤ ਕੀਤਾ ਹੈ।

ਲੇਖਿਕਾ ਜਿਓਂਗ ਦਾ ਕਹਿਣਾ ਹੈ, "ਉਨ੍ਹਾਂ ਨੂੰ ਆਪਣਾ ਅਗਲਾ ਨਿਸ਼ਾਨਾ ਐਨ ਸਾਨ ਮਿਲ ਗਿਆ ਹੈ। ਇੱਕ ਨੌਜਵਾਨ ਓਲੰਪੀਅਨ, ਜੋ ਉਨ੍ਹਾਂ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰਤੀਕ ਸੀ ਜਿਨ੍ਹਾਂ ਨੂੰ ਉਹ ਨਫ਼ਰਤ ਕਰਦੇ ਹਨ।"

"ਉਸ ਦੇ ਛੋਟੇ ਵਾਲ ਸਨ। ਉਹ ਇੱਕ ਮਹਿਲਾ ਕਾਲਜ ਵਿੱਚ ਪੜ੍ਹੀ ਸੀ ਅਤੇ ਉਸਨੇ ਕੁਝ ਅਹਿਜੇ ਹਾਵ-ਭਾਵ ਦਿੱਤੇ, ਜਿਨ੍ਹਾਂ ਨੂੰ ਇਸ ਆਨਲਾਈਨ ਵਿਰੋਧੀਆਂ ਦੀ ਭੀੜ ਨੇ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ 'misandrist expressions' ਵਜੋਂ ਪਰਿਭਾਸ਼ਿਤ ਕਰ ਦਿੱਤਾ।"

ਔਰਤਾਂ ਲਈ ਇਸ ਤੋਂ ਅੱਗੇ ਕੀ?

ਇਸ ਆਨਲਾਈਨ ਗੁਸੈਲ ਭੀੜ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹਨ। ਜਿਨ੍ਹਾਂ ਦਾ ਗੁੱਸਾ ਮੁੱਖ ਤੌਰ 'ਤੇ ਇਸ ਤੱਥ ਤੋਂ ਪੈਦਾ ਹੋਇਆ ਹੈ ਕਿ ਉਨ੍ਹਾਂ ਅਨੁਸਾਰ ਔਰਤਾਂ ਦੀ ਸਫ਼ਲਤਾ ਦਾ ਮੁੱਲ ਉਨ੍ਹਾਂ ਨੂੰ ਚੁਕਾਉਣਾ ਪੈਂਦਾ ਹੈ।

ਹੈਨ ਦਾ ਕਹਿਣਾ ਹੈ, "ਮਰਦ-ਪ੍ਰਧਾਨ ਆਨਲਾਈਨ ਕਮਿਊਨਿਟੀਜ਼ ਨੌਜਵਾਨਾਂ ਨੂੰ ਸਿਖਾਉਂਦੀਆਂ ਹਨ ਕਿ ਉਨ੍ਹਾਂ ਉੱਤੇ ਸਾਰਾ ਦਬਾਅ ਔਰਤਾਂ ਕਾਰਨ ਆ ਰਿਹਾ ਹੈ। ਉਦਾਹਰਣ ਵਜੋਂ ਔਰਤਾਂ ਟੈਸਟਾਂ ਵਿੱਚ ਬਹਿਤਰ ਪ੍ਰਦਰਸ਼ਨ ਕਰਕੇ ਉਨ੍ਹਾਂ ਦੀਆਂ ਸੀਟਾਂ ਚੋਰੀ ਕਰ ਰਹੀਆਂ ਹਨ।"

ਦੱਖਣੀ ਕੋਰੀਆ ਵਿੱਚ ਯੂਨੀਵਰਸਿਟੀ ਵਿੱਚ ਸੀਟਾਂ ਅਤੇ ਨੌਕਰੀਆਂ ਲਈ ਮੁਕਾਬਲਾ ਕਾਫੀ ਮੁਸ਼ਕਿਲ ਹੈ ਅਤੇ ਕੁਝ ਮਰਦਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਇਨ੍ਹਾਂ ਚੀਜ਼ਾਂ ਤੋਂ ਵਾਂਝੇ ਰੱਖਿਆ ਗਿਆ ਹੈ।

ਉਦਾਹਰਣ ਵਜੋਂ, ਸਾਰੇ ਪੁਰਸ਼ਾਂ ਨੂੰ 18 ਮਹੀਨਿਆਂ ਲਈ ਫੌਜ ਵਿੱਚ ਸ਼ਾਮਲ ਹੋਣਾ ਪੈਂਦਾ ਹੈ।

ਪੁਰਸ਼ਾਂ ਦੇ ਅਨੁਸਾਰ, ਅਜਿਹਾ ਕਰਨ ਕਾਰਨ ਉਨ੍ਹਾਂ ਦੇ ਅੱਗੇ ਵੱਧਣ ਦੀ ਸੰਭਾਵਨਾ ਘੱਟ ਜਾਂਦੀ ਹੈ।

ਇਸ ਤੋਂ ਇਲਾਵਾ ਇੱਕ ਦਰਜਨ ਤੋਂ ਵੀ ਜ਼ਿਆਦਾ ਯੂਨੀਵਰਸਿਟੀਆਂ ਅਜਿਹੀਆਂ ਹਨ। ਜਿੱਥੇ ਕੇਵਲ ਔਰਤਾਂ ਪੜ੍ਹ ਸਕਦੀਆਂ ਹਨ ਅਤੇ ਜਿੱਥੇ ਬਹੁਤ ਸਾਰੇ ਅਜਿਹੇ ਕੋਰਸ ਪੜ੍ਹਾਏ ਜਾਂਦੇ ਹਨ, ਜਿਨ੍ਹਾਂ ਦੀ ਮੰਗ ਜ਼ਿਆਦਾ ਹੈ।

ਪਰ ਹਕੀਕਤ ਇਹ ਹੈ ਕਿ ਦੱਖਣੀ ਕੋਰੀਆ ਦੀਆਂ ਔਰਤਾਂ, ਮਰਦਾਂ ਦੀਆਂ ਤਨਖਾਹਾਂ ਦਾ ਸਿਰਫ 63% ਕਮਾਉਂਦੀਆਂ ਹਨ ਜੋ ਕਿ ਵਿਕਸਤ ਦੇਸ਼ਾਂ ਵਿੱਚ ਦੇਖੇ ਗਏ ਸਭ ਤੋਂ ਵੱਧ ਤਨਖਾਹ ਦੇ ਅੰਤਰਾਂ (pay gaps) ਵਿੱਚੋਂ ਇੱਕ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

'ਦਿ ਇਕੋਨਾਮਿਸਟ' ਗਲਾਸ ਸੀਲਿੰਗ ਇੰਡੈਕਸ ਵੀ ਇਸ ਦੇਸ਼ ਨੂੰ ਸਭ ਤੋਂ ਘਟੀਆ ਵਿਕਸਤ ਦੇਸ਼ ਵਜੋਂ ਦਰਜਾ ਦਿੰਦਾ ਹੈ, ਜਿੱਥੇ ਔਰਤਾਂ ਕੰਮਕਾਜੀ ਹਨ।

ਤਾਂ ਫਿਰ ਦੱਖਣੀ ਕੋਰੀਆ ਦੀਆਂ ਔਰਤਾਂ ਲਈ ਅੱਗੇ ਕੀ ਹੈ ਅਤੇ ਕੀ ਸਾਨੂੰ ਨਵੀਂ ਮੁਹਿੰਮ ਦੇ ਨਤੀਜੇ ਵਜੋਂ ਕੋਈ ਅਸਲ ਤਬਦੀਲੀ ਦੇਖਣ ਨੂੰ ਮਿਲੇਗੀ?

ਜਿਓਂਗ ਨੇ ਕਿਹਾ, "(ਮੈਨੂੰ ਲੱਗਦਾ ਹੈ) ਇੱਥੇ ਪਹਿਲਾਂ ਹੀ ਪਿਛਲੇ ਕੁਝ ਸਾਲਾਂ ਵਿੱਚ ਅਸਲ ਤਬਦੀਲੀ ਆਈ ਹੈ।"

"ਔਰਤਾਂ ਹੁਣ ਆਪਣੀ ਜ਼ਿੰਦਗੀ ਲਈ ਨਵੇਂ ਰਸਤੇ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਆਪਣੀ ਪਸੰਦ ਅਤੇ ਆਰਾਮ ਦੇ ਅਨੁਸਾਰ ਵਾਲਾਂ ਦੇ ਸਟਾਈਲ ਚੁਣਨ ਦੀ ਆਜ਼ਾਦੀ ਲਈ ਰਿਵਾਇਤੀ ਸਮਾਜਿਕ ਦਬਾਅ ਨੂੰ ਦਰਕਿਨਾਰ ਕਰ ਰਹੀਆਂ ਹਨ। ਇਹ ਤਬਦੀਲੀ ਦਾ ਇੱਕ ਛੋਟਾ ਜਿਹਾ ਹਿੱਸਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)