ਕੀ ਜਰਮਨੀ ਵਾਂਗ ਉੱਤਰੀ ਤੇ ਦੱਖਣੀ ਕੋਰੀਆ ਕਦੇ ਇੱਕ ਹੋ ਸਕਦੇ ਹਨ?

    • ਲੇਖਕ, ਵਾਤਸਲਿਆ ਰਾਏ
    • ਰੋਲ, ਬੀਬੀਸੀ ਪੱਤਰਕਾਰ

'ਹੁਣ ਇੱਕ ਨਵਾਂ ਇਤਿਹਾਸ ਸ਼ੁਰੂ ਹੋ ਰਿਹਾ ਹੈ। ਸ਼ਾਂਤੀ ਯੁੱਗ।'

ਉੱਤਰੀ ਕੋਰੀਆ ਦੇ ਆਗੂ ਕਿੰਮ ਯੋਂਗ ਉਨ ਨੇ ਦੱਖਣੀ ਕੋਰੀਆ 'ਚ ਦਾਖਲ ਹੋਣ ਮਗਰੋਂ ਗੈਸਟ ਬੁੱਕ ਵਿੱਚ ਇਹ ਸ਼ਬਦ ਲਿਖੇ।

ਸ਼ੁੱਕਰਵਾਰ ਨੂੰ ਦੁਨੀਆਂ ਦੀ ਸਭ ਤੋਂ ਖ਼ਤਰਨਾਕ ਸਰਹੱਦ 'ਤੇ ਵੱਖਰਾ ਹੀ ਰੰਗ ਸੀ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਨੇ ਕਿੰਮ ਦਾ ਸੱਦਾ ਪ੍ਰਵਾਨ ਕਰਕੇ ਉਨ੍ਹਾਂ ਦੇ ਦੇਸ ਵਿੱਚ ਦਾਖ਼ਲ ਹੋਏ ਅਤੇ ਫੇਰ ਦੱਖਣੀ ਕੋਰੀਆ ਵਿੱਚ ਵਾਪਸ ਆ ਗਏ।

ਮੁਸਕਰਾਉਂਦੇ ਹੋਏ ਮੂਨ ਨੇ ਕਿੰਮ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਭਵਿੱਖ ਵੱਲ ਵਧਣ ਦੀ ਗੱਲ ਕੀਤੀ ਤਾਂ ਦੋਹਾਂ ਦੇਸਾਂ ਦੇ ਨਾਗਰਿਕਾਂ ਦੀਆਂ ਉਮੀਦਾਂ ਵਧ ਗਈਆਂ।

ਇਸ ਦਾ ਕਾਰਨ ਵੀ ਹੈ। ਉੱਤਰੀ ਕੋਰੀਆ ਦੇ ਕਿਸੇ ਨੇਤਾ ਨੇ 65 ਸਾਲ ਬਾਅਦ ਇਹ ਸਰਹੱਦ ਪਾਰ ਕੀਤੀ ਹੈ ਅਤੇ ਦੋਹਾਂ ਆਗੂਆਂ ਨੂੰ ਇਸ ਗੱਲਬਾਤ ਦੀ ਘੜੀ ਤੱਕ ਪਹੁੰਚਣ ਵਿੱਚ ਗਿਆਰਾਂ ਸਾਲ ਲੱਗੇ।

ਇਤਿਹਾਸ ਦਾ ਦਰਦ

ਕਿੰਮ ਨੇ ਵੀ ਕਿਹਾ, "ਜੇ ਅਸੀਂ ਸੋਚ ਦੇ ਪੱਧਰ 'ਤੇ ਨਜ਼ਦੀਕ ਆ ਸਕੀਏ ਤਾਂ 11 ਸਾਲਾਂ ਵਿੱਚ ਹੋਏ ਨੁਕਸਾਨ ਨੂੰ ਪੂਰਾ ਕੀਤਾ ਜਾ ਸਕਦਾ ਹੈ।"

ਦੇਖਿਆ ਜਾਵੇ ਤਾਂ ਇਸ ਭਰਪਾਈ ਦਾ ਘੇਰਾ ਬੜਾ ਵਿਸ਼ਾਲ ਹੈ ਜਿਸ ਇਤਿਹਾਸ ਦੀ ਗੱਲ ਕੀਤੀ ਜਾਂਦੀ ਹੈ ਉਸ ਦਾ ਇੱਕ ਸਿਰਾ ਦੋਹਾਂ ਦੇਸਾਂ ਨੂੰ ਇਕੱਠੇ ਖੜ੍ਹੇ ਕਰ ਦਿੰਦਾ ਹੈ।

ਇਸੇ ਦੌਰਾਨ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਦੋਵੇਂ ਕੋਰੀਆ ਇੱਕ ਕਿਉਂ ਨਹੀਂ ਹੋ ਸਕਦੇ?

ਜਿਵੇਂ 1990 ਵਿੱਚ ਪੂਰਬੀ ਅਤੇ ਪੱਛਮੀਂ ਜਰਮਨੀ ਨੇ ਬਰਲਿਨ ਦੀ ਕੰਧ ਤੋੜ ਦਿੱਤੀ ਸੀ। ਦੂਜੀ ਸੰਸਾਰ ਜੰਗ ਤੋਂ ਬਾਅਦ ਵੰਡਿਆ ਗਿਆ ਜਰਮਨੀ ਇੱਕ ਹੋ ਗਿਆ ਸੀ।

ਜਰਮਨੀ ਵਾਂਗ ਕੋਰੀਆ ਪ੍ਰਾਇਦੀਪ ਵੀ ਕਦੇ ਇੱਕ ਹੀ ਹੁੰਦਾ ਸੀ। ਸਾਲ 1910 ਤੋਂ 1945 ਤੱਕ ਇੱਥੇ ਜਪਾਨ ਦਾ ਰਾਜ ਸੀ।

ਦੂਜੀ ਸੰਸਾਰ ਜੰਗ ਤੋਂ ਬਾਅਦ ਜਪਾਨ ਨੇ ਹਥਿਆਰ ਸੁੱਟ ਦਿੱਤੇ। ਉਸ ਮਗਰੋਂ ਉੱਤਰੀ ਹਿੱਸੇ 'ਤੇ ਸੋਵੀਅਤ ਰੂਸ ਅਤੇ ਦੱਖਣੀ ਹਿੱਸੇ 'ਤੇ ਅਮਰੀਕਾ ਨੇ ਕਬਜ਼ਾ ਕਰ ਲਿਆ।

ਕੀ ਇੱਕ ਹੋਣਗੇ ਦੋਵੇਂ ਦੇਸ?

ਸਾਲ 1948 ਵਿੱਚ ਦੋਹਾਂ ਹਿੱਸਿਆਂ ਨੇ ਗਣਰਾਜ ਬਣਨ ਦਾ ਐਲਾਨ ਕਰ ਦਿੱਤਾ ਪਰ 1950 ਵਿੱਚ ਵਿਰੋਧ ਸ਼ੁਰੂ ਹੋ ਗਿਆ।

ਸਾਲ 1953 ਵਿੱਚ ਇਹ ਸੰਘਰਸ਼ ਮੁੱਕਿਆ ਪਰ ਚੀਸ ਨਹੀਂ ਮੁੱਕੀ।

ਇਸ ਦੌਰਾਨ ਕੋਈ ਸੰਧੀ ਨਹੀਂ ਹੋਈ। ਇਸ ਦੌਰਾਨ ਏਕੇ ਦੇ ਸਵਾਲ ਵੀ ਉੱਠਦੇ ਰਹੇ।

ਕੁਝ ਮਹੀਨੇ ਪਹਿਲਾਂ ਦੱਖਣੀ ਕੋਰੀਆ ਦਾ ਦੌਰਾ ਕਰਨ ਵਾਲੇ ਨਿਤਿਨ ਸ਼੍ਰੀਵਾਸਤਵ ਦੱਸਦੇ ਹਨ,"ਦੱਖਣੀ ਕੋਰੀਆ ਵਿੱਚ ਕਈ ਬਜ਼ੁਰਗ ਹਨ ਜਿਨ੍ਹਾਂ ਵਿੱਚ ਏਕੀਕਰਨ ਦੀ ਭਾਵਨਾ ਬਹੁਤ ਤੇਜ਼ ਹੈ। ਉਹ ਇਤਿਹਾਸ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੂੰ ਇੱਕ ਹੋ ਸਕਣ ਦੀ ਉਮੀਦ ਹੈ।"

ਏਜੰਡੇ 'ਤੇ ਰਲੇਵਾਂ ਨਹੀਂ ਹੈ

ਬਦਲਦੇ ਘਟਨਾਕ੍ਰਮ 'ਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਦੋਵੇਂ ਦੇਸ ਇੱਕ ਹੋਣ ਬਾਰੇ ਨਹੀਂ ਸੋਚ ਰਹੇ ਹਨ।

ਦਿੱਲੀ ਦੀ ਜਵਾਹਰ ਲਾਲ ਨਹਿਰੂ ਡਾਕਟਰ ਸਵਰਣ ਸਿੰਘ ਕਹਿੰਦੇ ਹਨ, "ਦੋਵਾਂ ਦੇਸਾਂ ਦੇ ਇੱਕ ਹੋਣ ਦੀ ਉਮੀਦ ਕਰਨਾ ਗਲਤ ਨਹੀਂ ਹੋਵੇਗਾ। ਇਸ ਸਮੇਂ ਹੋ ਰਹੀ ਗੱਲਬਾਤ ਦਾ ਮਕਸਦ ਇਹ ਹੈ ਕਿ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੂੰ ਕਿਵੇਂ ਰੋਕਿਆ ਜਾਵੇ।" ਉਨ੍ਹਾਂ ਨੂੰ ਨਹੀਂ ਲਗਦਾ ਕਿ ਦੋਵੇਂ ਦੇਸ ਇਸ ਬੈਠਕ ਦੌਰਾਨ ਆਪਸੀ ਰਲੇਵੇਂ ਦੀ ਗੱਲ ਕਰਨਗੇ।

ਉਹ ਕਹਿੰਦੇ ਹਨ, "ਜੇ ਦੱਖਣੀ ਕੋਰੀਆ ਅਤੇ ਅਮਰੀਕਾ ਕਿੰਮ ਯੋਂਗ-ਉਨ ਨਾਲ ਮੁਲਾਕਾਤ ਕਰਦੇ ਹਨ ਤਾਂ ਉਨ੍ਹਾਂ ਦੇ ਦੇਸ ਨੂੰ ਇੱਕ ਦੇਸ ਵਜੋਂ ਮਾਨਤਾ ਮਿਲਦੀ ਹੈ।

ਅਜਿਹੀਆਂ ਬੈਠਕਾਂ ਨਾਲ ਉੱਤਰੀ ਕੋਰੀਆ ਆਪਣੇ ਆਪ ਨੂੰ ਇੱਕ ਪ੍ਰਭੂਸੱਤਾ ਸੰਪਨ ਦੇਸ ਵਜੋਂ ਪੇਸ਼ ਕਰਨ ਦੇ ਸਮਰੱਥ ਹੋਵੇਗਾ।"

ਰਲੇਵੇਂ ਦੇ ਰਾਹ ਵਿੱਚ ਕਈ ਰੁਕਾਵਟਾਂ

ਕਈ ਸਾਂਝਾਂ ਦੇ ਬਾਵਜੂਦ ਸਰਹੱਦੀ ਲਾਈਨ ਮਿਟਾਉਣਾ ਸੌਖ ਨਹੀਂ ਹੈ। ਨਿਤਿਨ ਇਸ ਵਿਚਲੀਆ ਵਿਹਾਰਕ ਦਿੱਤਕਾਂ ਬਾਰੇ ਗੱਲ ਕਰਦੇ ਹਨ।

ਉਨ੍ਹਾਂ ਕਿਹਾ, "ਬੀਤੇ 25 ਸਾਲਾਂ ਵਿੱਚ ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ਵਿੱਚ ਆਰਥਿਕ ਪਾੜਾ ਵਧਿਆ ਹੈ। ਦੱਖਣ ਕੋਰੀਆ ਮਜ਼ਬੂਤ ਹੋਇਆ ਹੈ ਜਦਕਿ ਉੱਤਰੀ ਕੋਰੀਆ ਹਾਲੇ ਵੀ ਪੁਰਾਣੇ ਫੈਕਟਰੀਆਂ ਵਾਲੇ ਮਾਡਲ ਮੁਤਾਬਕ ਚਲਦਾ ਹੈ।''

"ਦੱਖਣੀ ਕੋਰੀਆ ਦੀ ਨਵੀਂ ਪੀੜ੍ਹੀ ਆਪਣੇ ਆਪ ਨੂੰ ਉੱਤਰੀ ਕੋਰੀਆ ਦੇ ਸਟਾਈਲ ਨਾਲ ਨਹੀਂ ਜੋੜ ਪਾਉਂਦੀ। ਮੇਰੀ ਕਈ ਲੋਕਾਂ ਨਾਲ ਗੱਲ ਹੋਈ ਜਿਨ੍ਹਾਂ ਨੂੰ ਲਗਦਾ ਹੈ ਕਿ ਜੇ ਰਲੇਵਾਂ ਹੋ ਗਿਆ ਤਾਂ ਇਹ ਇੱਕ ਅਜਿਹਾ ਬੋਝ ਹੋਵੇਗਾ ਜਿਹੜਾ ਉਨ੍ਹਾਂ ਨੂੰ ਦਸ ਸਾਲ ਪਿੱਛੇ ਧੱਕ ਦੇਵੇਗਾ।"

ਡਾ਼ ਸਿੰਘ ਦਾ ਕਹਿਣਾ ਹੈ ਕਿ ਜਰਮਨੀ ਦੇ ਰਲੇਵੇਂ ਤੋਂ ਪਹਿਲਾਂ ਉੱਥੇ ਵੀ ਅਜਿਹੇ ਸਵਾਲ ਸਨ।

ਉਨ੍ਹਾਂ ਦਾ ਕਹਿਣਾ ਹੈ, "ਪੱਛਮੀਂ ਜਰਮਨੀ ਵਿੱਚ ਵਿੱਚ ਕਾਫੀ ਸ਼ੱਕ ਸੀ ਕਿ ਰਲੇਵੇਂ ਦਾ ਲਾਭ ਨਹੀਂ ਹੋਵੇਗਾ, ਕਿਉਂਕਿ ਪੂਰਬੀ ਜਰਮਨੀ ਵਿਕਸਿਤ ਸੀ। ਇਹੀ ਸੋਚ ਦੱਖਣੀ ਕੋਰੀਆ ਵਿੱਚ ਹੋ ਸਕਦੀ ਹੈ ਕਿਉਂਕਿ ਉੱਤਰੀ ਕੋਰੀਆ ਪਿਛੜਿਆ ਹੋਇਆ ਦੇਸ ਹੈ।"

ਦੱਖਣੀ ਕੋਰੀਆ ਦੇ ਲੋਕ ਭਾਵੇ ਰਲੇਵੇਂ ਦੀ ਗੱਲ ਨਾ ਕਰਦੇ ਹੋਣ ਪਰ ਉੱਤਰ ਵਿੱਚ ਜਿਗਿਆਸਾ ਹੈ।

ਨਿਤਿਨ ਸ਼੍ਰੀਵਾਸਤਵ ਦਸਦੇ ਹਨ,"ਦੱਖਣੀ ਕੋਰੀਆ ਦੇ ਲੋਕਾਂ ਨੂੰ ਇਹ ਜਾਣਨ ਵਿੱਚ ਜਿਗਿਆਸਾ ਹੈ ਕਿ ਉੱਤਰ ਵਿੱਚ ਕੀ ਹੋ ਰਿਹਾ ਹੈ। ਕਈਆਂ ਦੇ ਰਿਸ਼ਤੇਦਾਰ ਹਾਲੇ ਵੀ ਉੱਤਰ ਵਿੱਚ ਰਹਿੰਦੇ ਹਨ ਜਿਨ੍ਹਾਂ ਮੁਤਾਬਕ ਉੱਥੇ ਹਾਲਾਤ ਚੁਣੌਤੀਪੂਰਨ ਹਨ।"

ਕੂਟਨਿਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਤਬਦੀਲੀ ਦੀ ਗੱਲ ਕਰਨ ਨਾਲੋਂ ਜਰੂਰੀ ਇਹ ਹੈ ਜ਼ਮੀਨੀ ਅਸਲੀਅਤ ਨੂੰ ਸਮਝਿਆ ਜਾਵੇ।

ਡਾ਼ ਸਿੰਘ ਕਹਿੰਦੇ ਹਨ, "ਦੋਹਾਂ ਦੇਸਾਂ ਵਿੱਚ ਦੋਸਤੀ ਅਤੇ ਹਿੱਸੇਦਾਰੀ ਬਣੀ ਰਹੇ। ਇਹੀ ਯਥਾਰਥਵਾਦੀ ਸੋਚ ਹੋਵੇਗੀ ਜੇ ਦੋਸਤੀ ਕਾਇਮ ਰਹੀ ਤਾਂ ਦੋਵੇਂ ਦੇਸ ਰਲੇਵੇਂ ਬਾਰੇ ਵੀ ਸੋਚ ਸਕਦੇ ਹਨ ਜਿਸਦੇ ਚੰਗੇ ਮਾੜੇ ਨਤੀਜੇ ਸਾਰਿਆਂ ਨੂੰ ਸੋਚਣੇ ਪੈਣਗੇ।"

ਉਹ ਇਹ ਵੀ ਕਹਿੰਦੇ ਹਨ, "ਦੱਖਣੀ ਕੋਰੀਆ ਕੋਲ ਆਰਥਿਕ ਤਾਕਤ ਹੈ। ਉੱਤਰ ਕੋਰੀਆ ਕੋਲ ਪਰਮਾਣੂ ਤਾਕਤ ਹੈ। ਮਜਬੂਤ ਅਤੇ ਸੰਪਨ ਕੋਰੀਆ ਦੂਸਰੇ ਦੇਸਾਂ ਲਈ ਵੀ ਚੁਣੌਤੀ ਖੜ੍ਹੀ ਕਰ ਸਕਦੇ ਹਨ। ਇਸ ਦਿਸ਼ਾ ਵਿੱਚ ਯਤਨ ਹੌਲੀ-ਹੌਲੀ ਹੀ ਹੋ ਸਕਣਗੇ।"

ਦੋਹਾਂ ਦੇਸਾਂ ਦੇ ਆਗੂਆਂ ਨੂੰ ਵੀ ਪਤਾ ਹੈ ਕਿ ਦਿਲ ਜੋੜਨ ਤੋਂ ਪਹਿਲਾਂ ਦੂਰੀਆਂ ਮੇਟਣਾ ਜ਼ਰੂਰੀ ਹੈ।

ਕਿੰਮ ਨੇ ਫੌਜੀ ਰੇਖਾ ਨੂੰ ਸ਼ੁਰੂਆਤੀ ਬਿੰਦੂ ਕਿਹਾ ਹੈ ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਅਗਲਾ ਰਾਹ ਕਿੱਧਰ ਨੂੰ ਜਾਵੇਗਾ।

ਰਲੇਵੇਂ ਜਾਂ ਏਕੇ ਦੇ ਹਮਾਇਤੀਆਂ ਦਾ ਹੌਂਸਲਾ ਕਿੰਮ ਦੇ ਇਹ ਸ਼ਬਦ ਵਧਾ ਸਕਦੇ ਹਨ, "ਜਦੋਂ ਅਸੀਂ ਮਿਲੇ ਤਾਂ ਮੈਂ ਮਹਿਸੂਸ ਕੀਤਾ ਕਿ ਅਸੀਂ ਵੱਖ ਨਹੀਂ ਹੋ ਸਕਦੇ ਅਸੀਂ ਇੱਕ ਦੇਸ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)