ਕੀ ਬੀਜਿੰਗ ਪਹੁੰਚੀ ਇਸ ਟਰੇਨ ਵਿੱਚ ਕਿਮ ਜੋਂਗ ਉਨ ਸਨ ?

ਜਪਾਨੀ ਮੀਡੀਆ ਨੇ ਖ਼ਬਰ ਦਿੱਤੀ ਹੈ ਕਿ ਉੱਤਰੀ ਕੋਰੀਆ ਦੇ ਇੱਕ ਸੀਨੀਅਰ ਅਹੁਦੇਦਾਰ ਨੂੰ ਲੈ ਕੇ ਇੱਕ ਟਰੇਨ ਬੀਜਿੰਗ ਪਹੁੰਚੀ ਹੈ।

ਬਲੂਮਬਰਗ ਨਿਊਜ਼ ਨੇ ਤਿੰਨ ਬੇਨਾਮ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਇਹ ਸ਼ਖ਼ਸ ਕੋਈ ਹੋਰ ਨਹੀਂ ਸਗੋਂ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਹਨ।

ਚੀਨ ਉੱਤਰ-ਕੋਰੀਆ ਦਾ ਇਕੱਲਾ ਦੋਸਤ ਦੇਸ ਮੰਨਿਆ ਜਾਂਦਾ ਹੈ। ਹਾਲਾਂਕਿ ਉੱਤਰੀ ਕੋਰੀਆ ਦੇ ਉਤਸ਼ਾਹਿਤ ਪਰਮਾਣੂ ਪ੍ਰੋਗਰਾਮਾਂ ਦੇ ਕਾਰਨ ਬਾਅਦ ਦੇ ਦਿਨਾਂ ਵਿੱਚ ਦੋਹਾਂ ਦੇਸਾਂ ਵਿਚਾਲੇ ਰਿਸ਼ਤਿਆਂ ਵਿੱਚ ਤਣਾਅ ਆਇਆ ਹੈ।

ਮੰਨਿਆ ਜਾਂਦਾ ਹੈ ਕਿ ਸੱਤ ਸਾਲ ਪਹਿਲਾਂ ਉੱਤਰੀ ਕੋਰੀਆ ਦੀ ਸੱਤਾ ਸਾਂਭਣ ਤੋਂ ਬਾਅਦ ਕਿਮ ਜੋਂਗ ਉਨ ਆਪਣੇ ਦੇਸ ਤੋਂ ਬਾਹਰ ਨਹੀਂ ਨਿਕਲੇ।

ਕੋਈ ਅਧਿਕਾਰਿਕ ਪ੍ਰਤੀਕਰਮ ਨਹੀਂ

ਟਰੇਨ ਵਿੱਚ ਕਿਮ ਜੋਂਗ ਉਨ ਦੇ ਹੋਣ ਦੀ ਖਬਰ ਨੂੰ ਚੀਨ ਅਤੇ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਕਵਰ ਨਹੀਂ ਕੀਤਾ ਹੈ ਅਤੇ ਨਾ ਹੀ ਇਸ 'ਤੇ ਕੋਈ ਰਸਮੀ ਪ੍ਰਤੀਕਰਮ ਆਇਆ ਹੈ। ਜੇ ਕਿਮ ਵਾਕਈ ਚੀਨ ਦੌਰੇ 'ਤੇ ਆਏ ਹਨ ਤਾਂ ਇਸ ਨੂੰ ਇੱਕ ਅਹਿਮ ਕੂਟਨੀਤਿਕ ਕਦਮ ਮੰਨਿਆ ਜਾ ਸਕਦਾ ਹੈ।

ਇੱਕ ਦੱਖਣੀ-ਕੋਰੀਆਈ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਸੀ, "ਸਰਕਾਰ ਸਬੰਧਤ ਦੇਸਾਂ ਨਾਲ ਸੰਵਾਦ ਕਰ ਰਹੀ ਹੈ ਅਤੇ ਹਾਲਾਤ 'ਤੇ ਨਜ਼ਰ ਰੱਖੀ ਹੋਈ ਹੈ।"

ਟੋਕੀਓ ਸਥਿਤ ਨਿਪੌਨ ਨੈੱਟਵਰਕ ਨੇ ਹਰੇ ਡੱਬਿਆਂ 'ਤੇ ਪੀਲੀਆਂ ਧਾਰੀਆਂ ਵਾਲੀ ਟਰੇਨ ਦੀਆਂ ਤਸਵੀਰਾਂ ਪ੍ਰਸਾਰਿਤ ਕੀਤੀਆਂ ਹਨ।

ਚੈਨਲ ਦਾ ਕਹਿਣਾ ਹੈ ਕਿ ਕਿਮ ਜੋਂਗ ਉਨ ਦੇ ਪਿਤਾ ਅਤੇ ਉੱਤਰੀ ਕੋਰੀਆ ਦੇ ਆਗੂ ਰਹੇ ਕਿਮ ਜੋਂਗ ਇਲ 2011 ਵਿੱਚ ਜਿਸ ਟਰੇਨ ਨਾਲ ਬੀਜਿੰਗ ਪਹੁੰਚੇ ਸਨ ਉਹ ਵੀ ਕੁਝ ਅਜਿਹੀ ਹੀ ਦਿਖਦੀ ਸੀ।

ਕਿਮ ਜੋਂਗ ਇਲ ਦੇ ਚੀਨ ਦੌਰੇ ਦੀ ਪੁਸ਼ਟੀ ਵੀ ਉਨ੍ਹਾਂ ਦੇ ਰਵਾਨਾ ਹੋਣ ਤੋਂ ਬਾਅਦ ਹੋਈ ਸੀ।

'ਅਨੋਖਾ ਦ੍ਰਿਸ਼'

ਬੀਜਿੰਗ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਦੁਕਾਨ ਦੇ ਮੈਨੇਜਰ ਦਾ ਕਹਿਣਾ ਹੈ ਕਿ ਸੋਮਵਾਰ ਸ਼ਾਮ ਉਨ੍ਹਾਂ ਨੇ 'ਅਨੋਖਾ' ਦ੍ਰਿਸ਼ ਦੇਖਿਆ।

ਖਬਰ ਏਜੰਸੀ ਏਐੱਫ਼ਪੀ ਨੂੰ ਉਨ੍ਹਾਂ ਨੇ ਕਿਹਾ, "ਬਾਹਰ ਸੜਕ 'ਤੇ ਅਤੇ ਸਟੇਸ਼ਨ ਦੇ ਸਾਹਮਣੇ ਕਾਫ਼ੀ ਸਾਰੇ ਪੁਲਿਸ ਅਫ਼ਸਰ ਸਨ। ਸਟੇਸ਼ਨ ਨੂੰ ਅੰਦਰੋਂ ਬੰਦ ਕਰ ਦਿੱਤਾ ਗਿਆ ਸੀ।"

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਪੁਲਿਸ ਨੇ ਬੀਜਿੰਗ ਦੇ ਥਏਨਆਨਮਨ ਸਕੁਆਇਰ 'ਚੋਂ ਵੀ ਸੈਲਾਨੀਆਂ ਨੂੰ ਹਟਾ ਦਿੱਤਾ ਸੀ।

ਇਸ ਮਹੀਨੇ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਦੀ ਸਟਾਕਹੌਮ ਵਿੱਚ ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫ਼ਨ ਲੌਫਵੇਨ ਨਾਲ ਮੁਲਾਕਾਤ ਹੋਈ ਸੀ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆਈ ਆਗੂ ਕਿਮ ਜੋਂਗ ਉਨ ਵਿਚਾਲੇ ਮੁਲਾਕਾਤ ਲਈ ਸਹਿਮਤੀ ਦੀ ਖ਼ਬਰ ਆਈ ਸੀ।

ਹਾਲਾਂਕਿ ਇਸ ਦੀ ਥਾਂ ਅਤੇ ਬਾਕੀ ਬਿਓਰੇ ਸਾਹਮਣੇ ਨਹੀਂ ਆਏ ਸਨ। ਸਿਰਫ਼ ਇਨਾਂ ਹੀ ਕਿਹਾ ਗਿਆ ਸੀ ਕਿ ਅਮਰੀਕਾ ਅਤੇ ਉੱਤਰੀ ਕੋਰੀਆ ਦੇ ਉੱਚ ਪੱਧਰੀ ਆਗੂਆਂ ਵਿਚਾਲੇ ਇਹ ਇਤਿਹਾਸਕ ਅਤੇ ਪਹਿਲੀ ਮੁਲਾਕਾਤ ਮਈ ਲਈ ਤੈਅ ਕੀਤੀ ਗਈ ਹੈ।

ਕਿਮ ਜੋਂਗ ਉਨ ਆਪਣੇ ਦੱਖਣੀ ਕੋਰੀਆ ਦੇ ਹਮਰੁਤਬਾ ਮੂਨ ਜੇ-ਇਨ ਨੂੰ ਅਗਲੇ ਮਹੀਨੇ ਮਿਲਣ ਵਾਲੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)