ਸੋਸ਼ਲ: ਕਿਸ ਨੂੰ ਹੈ ਡਾਇਨਾ ਹੈਡਨ ਦੇ ਮਿਸ ਵਰਲਡ ਬਣਨ 'ਤੇ ਇਤਰਾਜ਼?

ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਨੇ ਇੱਕ ਵਾਰ ਫਿਰ ਤੋਂ ਅਜਿਹਾ ਬਿਆਨ ਦਿੱਤਾ ਹੈ ਕਿ ਸੋਸ਼ਲ ਮੀਡੀਆ 'ਤੇ ਹੱਲਚਲ ਹੋ ਗਈ।

ਉਨ੍ਹਾਂ ਕਿਹਾ, "ਲਗਾਤਾਰ 5 ਸਾਲ ਕੌਮਾਂਤਰੀ ਖੂਬਸੂਰਤੀ ਦੇ ਮੁਕਾਬਲਿਆਂ ਵਿੱਚ ਅਸੀਂ ਮਿਸ ਵਰਲਡ ਜਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ। ਡਾਇਨਾ ਹੇਡਨ ਵੀ ਜਿੱਤੀ। ਕੀ ਤੁਹਾਨੂੰ ਲਗਦਾ ਹੈ ਕਿ ਉਸ ਨੂੰ ਜਿੱਤਣਾ ਚਾਹੀਦਾ ਸੀ?"

ਉਨ੍ਹਾਂ ਅੱਗੇ ਕਿਹਾ "ਅਸੀਂ ਔਰਤਾਂ ਵਿੱਚ ਲਕਸ਼ਮੀ ਅਤੇ ਸਰਸਵਤੀ ਮਾਤਾ ਦੇਖਦੇ ਹਾਂ। ਐਸ਼ਵਰਿਆ ਰਾਏ ਭਾਰਤੀ ਔਰਤਾਂ ਦੀ ਨੁਮਾਇੰਦਗੀ ਕਰਦੀ ਹੈ। ਉਹ ਵਿਸ਼ਵ ਸੁੰਦਰੀ ਬਣੀ ਜੋ ਕਿ ਬਿਲਕੁਲ ਵਾਜਿਬ ਸੀ। ਡਾਇਨਾ ਹੇਡਨ ਖੂਬਸੂਰਤੀ ਦੇ ਉਸ ਵਰਗ ਵਿੱਚ ਫਿੱਟ ਨਹੀਂ ਬੈਠਦੀ।"

ਹਾਲਾਂਕਿ ਡਾਇਨਾ ਹੇਡਨ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ, "ਮੈਂ ਬਚਪਨ ਤੋਂ ਆਪਣੇ ਭੂਰੇ ਰੰਗ ਕਾਰਨ ਰੰਗਭੇਦ ਨਾਲ ਲੜ ਰਹੀ ਹਾਂ ਤੇ ਮੈਂ ਸਫ਼ਲ ਹੋਈ ਹਾਂ। ਲੋਕਾਂ ਨੂੰ ਮੇਰੀ ਕਾਮਯਾਬੀ 'ਤੇ ਮਾਣ ਹੋਣਾ ਚਾਹੀਦਾ ਹੈ।"

ਬਿਪਲਬ ਦੇਬ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ।

ਜਿਓਤੀ ਪ੍ਰਸਾਦ ਨਾਥ ਨੇ ਟਵੀਟ ਕੀਤਾ, "ਕੀ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦਾ ਬੰਦ ਹੋਣਾ ਅਤੇ ਬਿਪਲਬ ਦੇਬ ਦਾ ਤ੍ਰਿਪੁਰਾ ਦਾ ਮੁੱਖ ਮੰਤਰੀ ਬਣਨਾ ਮਹਿਜ਼ ਇੱਕ ਇਤਫ਼ਾਕ ਹੈ? ਕਮਾਂਡ ਸਾਂਭਣ ਤੋਂ ਬਾਅਦ ਉਹ ਲਗਾਤਾਰ ਆਪਣੇ ਗਿਆਨ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।"

ਤੇਜਸ ਤਮਹਨੇ ਨੇ ਟਵੀਟ ਕੀਤਾ, "ਚਲੋਂ ਪਿਛਕੋੜ ਵਿੱਚ ਚੱਲਦੇ ਹਾਂ ਅਤੇ 1997 'ਤੇ ਨਜ਼ਰ ਮਾਰਦੇ ਹਾਂ ਤੇ ਚਰਚਾ ਕਰਦੇ ਹਾਂ ਕਿ ਅਜਿਹਾ ਕੀ ਗਲਤ ਹੋਇਆ ਕਿ ਕੌਮੀ ਨਿਰਾਸ਼ਾ ਫੈਲ ਗਈ। ਜਿਵੇਂ ਹੁਣ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੈ!"

ਸ੍ਰੀਨਿਵਾਸ ਸਿੱਦਾਰਥ ਨੇ ਮਜ਼ਾਕੀਆ ਅੰਦਾਜ਼ ਵਿੱਚ ਟਵੀਟ ਕੀਤਾ, "ਤਾਂ ਫਿਰ ਉਹ ਖੁਦ ਹੀ ਮਿਸ ਵਰਲਡ ਦੇ ਜੱਜ ਕਿਉਂ ਨਹੀਂ ਬਣ ਗਏ?"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)