ਕੇਰਲ ਹੜ੍ਹ: ਕਈ ਜ਼ਿਲ੍ਹਿਆਂ ਵਿੱਚ ਹਾਲਾਤ ਨਾਜ਼ੁਕ, ਤਿੰਨ ਲੱਖ ਲੋਕ ਹੋਏ ਬੇਘਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲ ਵਿੱਚ ਹੜ੍ਹ ਕਾਰਨ ਹੋਈ ਤਬਾਹੀ ਦਾ ਜਾਇਜ਼ਾ ਲੈਣ ਪਹੁੰਚ ਚੁੱਕੇ ਹਨ। ਪ੍ਰਸ਼ਾਸਨ ਅਨੁਸਾਰ ਇਹ ਕੇਰਲ ਵਿੱਚ ਇਸ ਸਦੀ ਦੀ ਸਭ ਤੋਂ ਵੱਧ ਤਬਾਹੀ ਮਚਾਉਣ ਵਾਲੀ ਹੜ੍ਹ ਹੈ।

ਫੌਜ ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਰਾਹੀਂ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਬੀਬੀਸੀ ਨੇ ਕੇਰਲ ਦੇ ਏਡੀਜੀਪੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਕਿਹਾ, "ਜੂਨ ਤੋਂ ਲੈ ਕੇ ਹੁਣ ਤੱਕ ਮੀਂਹ ਕਾਰਨ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹਾਲ ਵਿੱਚ ਆਏ ਹੜ੍ਹ ਕਾਰਨ ਹੁਣ ਤੱਕ 170 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਹੁਣ ਤੱਕ ਤਿੰਨ ਲੱਖ ਲੋਕ ਬੇਘਰ ਹੋ ਚੁੱਕੇ ਹਨ।

ਸਰਕਾਰ ਨੇ ਕਿਹਾ ਹੈ ਕਿ ਇਹ 100 ਸਾਲਾਂ ਵਿੱਚ ਸਭ ਤੋਂ ਭਿਆਨਕ ਹੜ੍ਹ ਹੈ। ਇਸ ਕਾਰਨ ਹੁਣ ਤੱਕ 223139 ਲੋਕ ਬੇਘਰ ਹੋ ਗਏ ਹਨ। ਬਚਾਅ ਕਾਰਜ ਜਾਰੀ ਹਨ ਅਤੇ 1500 ਤੋਂ ਵੱਧ ਰਾਹਤ ਕੈਂਪ ਲਾਏ ਗਏ ਹਨ।

ਸਰਕਾਰ ਨੇ ਪ੍ਰਭਾਵਿਤ ਲੋਕਾਂ ਦੀ ਮਦਦ ਦੀ ਅਪੀਲ ਕੀਤੀ ਹੈ। ਇਸ ਲਈ ਟਵੀਟ ਵਿੱਚ ਮਦਦ ਲਈ ਇੱਕ ਲਿੰਕ ਵੀ ਦਿੱਤਾ ਗਿਆ ਹੈ।

ਐੱਮ ਉੱਨੀਕ੍ਰਿਸ਼ਨਨ ਨਾਮ ਦੇ ਟਵਿੱਟਰ ਯੂਜ਼ਰ ਨੇ ਇੱਕ ਹੜ੍ਹ ਨਾਲ ਤਬਾਹ ਹੋ ਰਹੇ ਇੱਕ ਘਰ ਦਾ ਵੀਡੀਓ ਸ਼ੇਅਰ ਕੀਤਾ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੇਰਲ ਵਿੱਚ ਹੜ੍ਹ ਕਾਰਨ ੜਬਾਹੀ ਦਾ ਪੱਧਰ ਕੀ ਹੋ ਸਕਦਾ ਹੈ।

ਆਈਪੀਐੱਸ ਰਮਾ ਰਾਜੇਸ਼ਵਰੀ ਨੇ ਵੀ ਟਵਿੱਟਰ ਉੱਤੇ ਕਈ ਭਿਆਨਕ ਤਸਵੀਰਾਂ ਪਾਈਆਂ ਹਨ। ਉਨ੍ਹਾਂ ਲਿਖਿਆ, ''ਤਬਾਹੀ ਦੇਖ ਕੇ ਮੇਰਾ ਦਿਲ ਟੁੱਟ ਗਿਆ।''

'ਗਲੀ ਵਿੱਚ ਪੈਰ ਧਰਿਆ ਤਾਂ ਗਲੇ ਤੱਕ ਡੁੱਬ ਗਏ'

ਬੀਬੀਸੀ ਤਮਿਲ ਸੇਵਾ ਦੀ ਪੱਤਰਕਾਰ ਪ੍ਰਮਿਲਾ ਕ੍ਰਿਸ਼ਨਨ ਨੇ ਹੜ੍ਹ ਕਾਰਨ ਬੇਘਰ ਹੋਏ ਕਈ ਲੋਕਾਂ ਨਾਲ ਗੱਲ ਕੀਤੀ।

ਹੜ੍ਹ ਕਾਰਨ ਬੇਘਰ ਹੋਏ 33 ਸਾਲ ਦੇ ਸ਼ੱਬੀਰ ਸਾਹੀਲ ਆਪਣੀ ਪਤਨੀ ਨਾਲ ਇੱਕ ਰਾਹਤ ਕੈਂਪ ਵਿੱਚ ਰਹਿ ਰਹੇ ਹਨ। ਭਿਆਨਕ ਮੰਜ਼ਰ ਨੂੰ ਯਾਦ ਕਰਕੇ ਸ਼ੱਬੀਰ ਨੂੰ ਕੰਬਣੀ ਛਿੜ ਜਾਂਦੀ ਹੈ, ਉਨ੍ਹਾਂ ਦੱਸਿਆ, ''ਹੜ੍ਹ ਦੇ ਪਾਣੀ ਵਿੱਚ ਡੁੱਬੀ ਗਲੀ ਵਿੱਚ ਮੈਂ ਆਪਣੀ ਦੋ ਸਾਲ ਦੀ ਧੀ ਨੂੰ ਮੋਢੇ ਚੁੱਕ ਕੇ ਕਿਵੇਂ ਪਾਰ ਕੀਤਾ ਮੈਂ ਹੀ ਜਾਣਦਾ ਹਾਂ।''

ਕੋਚੀ ਜ਼ਿਲ੍ਹੇ ਦੀ ਸਰਕਾਰੀ ਮਹਿਲਾ ਅਫ਼ਸਰ ਮਿਲੀ ਐਲਢੋ ਨੇ ਵੀ ਰਾਹਤ ਕੈਂਪ ਵਿੱਚ ਪਨਾਹ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਭਾਰੀ ਬਾਰਿਸ਼ ਹੁੰਦੀ ਹੈ ਪਰ ਸਾਡੇ ਸ਼ਹਿਰ ਨੇ ਇੰਨਾ ਬੁਰੇ ਹੜ੍ਹ ਕਦੇ ਨਹੀਂ ਦੇਖੇ ਸਨ ।

58 ਸਾਲ ਦੀ ਕ੍ਰਿਸ਼ਨਾ ਜਯਨ ਦੱਸਦੀ ਹੈ ਕਿ ਉਹ ਆਪਣੇ ਘਰ ਵਿੱਚ ਸੁੱਤੀ ਪਈ ਜਦੋਂ ਇੱਕ ਗੁਆਂਢਣ ਨੇ ਆ ਕੇ ਉਸ ਨੂੰ ਜਗਾਇਆ।

ਕ੍ਰਿਸ਼ਨਾ ਮੁਤਾਬਕ, ''ਜਦੋਂ ਮੈਂ ਬੂਹਾ ਖੋਲ੍ਹਿਆ ਤਾਂ ਪਾਣੀ ਬਹੁਤ ਤੇਜ਼ੀ ਨਾਲ ਅੰਦਰ ਆਇਆ। ਜਦੋਂ ਅਸੀਂ ਗਲੀ ਵਿੱਚ ਪੈਰ ਧਰਿਆ ਤਾਂ ਗਲੇ ਤੱਕ ਡੁੱਬ ਗਏ।''

ਇਹ ਵੀ ਪੜ੍ਹੋ

ਏਰਨਾਕੁਲਮ ਦੇ ਵਿਧਾਇਕ ਹਿਬੀ ਏਡਨ ਕੇਰਲ ਦੀ ਕੈਬੀਨੇਟ ਦੇ ਸਭ ਤੋਂ ਨੌਜਵਾਨ ਮੰਤਰੀ ਹਨ। ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, "ਸਾਡੇ ਕੋਲ ਦੱਸਣ ਲਈ ਕੋਈ ਸੰਖਿਆ ਨਹੀਂ ਹੈ। ਇੱਥੇ ਸਾਰੇ ਪੀੜਤ ਹਨ। ਹਾਜ਼ਾਰਾਂ ਲੋਕ ਰਾਹਤ ਕੈਂਪਾਂ ਵਿੱਚ ਹਨ। ਇਹ ਪਹਿਲੀ ਵਾਰ ਹੈ ਜਦੋਂ ਮੇਰੇ ਹਲਕੇ ਵਿੱਚ ਇਸ ਤਰ੍ਹਾਂ ਦੀ ਤਬਾਹੀ ਹੋਈ ਹੈ। ਲੋਕ ਆਪਣੇ ਲਾਪਤਾ ਮੈਂਬਰਾਂ ਬਾਰੇ ਪੁੱਛ ਰਹੇ ਹਨ। ਇਹ ਬਹੱਦ ਪ੍ਰੇਸ਼ਾਨ ਕਰਨ ਵਾਲਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)