ਹਿੱਪ ਰਿਪਲੇਸਮੈਂਟ ਦਾ ਤੁਹਾਡੀ ਸੈਕਸ ਲਾਈਫ਼ 'ਤੇ ਕਿਵੇਂ ਪੈਂਦਾ ਹੈ ਅਸਰ

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਆਪਣੇ ਵਿਆਹ ਵਿੱਚ ਮੈਂ ਘੋੜੀ ਨਹੀਂ ਚੜ੍ਹਿਆ, ਮੈਨੂੰ ਬੱਗੀ 'ਤੇ ਬੈਠਣਾ ਪਿਆ। ਵਿਆਹ ਦੀਆਂ ਸਾਰੀਆਂ ਰਸਮਾਂ ਮੈਂ ਜ਼ਮੀਨ ਦੀ ਥਾਂ ਸੋਫੇ 'ਤੇ ਬੈਠ ਕੇ ਪੂਰੀਆਂ ਕੀਤੀਆਂ। ਮੈਨੂੰ ਇਸ ਗੱਲ ਦਾ ਬਹੁਤ ਦੁਖ਼ ਹੋਇਆ। ਵਿਆਹ ਤਾਂ ਜ਼ਿੰਦਗੀ ਵਿੱਚ ਇੱਕ ਵਾਰ ਹੀ ਹੁੰਦਾ ਹੈ ਪਰ ਮੈਂ ਸਾਰੀਆਂ ਰੀਝਾਂ ਪੂਰੀਆਂ ਨਹੀਂ ਕਰ ਸਕਿਆ।''

ਇਹ ਦਰਦ ਦਿੱਲੀ ਵਿੱਚ ਰਹਿਣ ਵਾਲੇ 30 ਸਾਲਾ ਇਸ਼ਾਨ ਸ਼ਰਮਾ ਦਾ ਹੈ। ਢਾਈ ਸਾਲ ਪਹਿਲਾਂ ਇਸ਼ਾਨ ਦਾ ਵਿਆਹ ਹੋਇਆ। ਵਿਆਹ ਦੀ ਤਰੀਕ ਪੱਕੀ ਹੋ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਹਿੱਪ ਰਿਪਲੇਸਮੈਂਟ ਸਰਜਰੀ ਕਰਵਾਉਣੀ ਪਵੇਗੀ।

ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਇਸ਼ਾਨ ਕਹਿੰਦੇ ਹਨ, "ਸਭ ਕੁਝ ਠੀਕ ਚੱਲ ਰਿਹਾ ਸੀ। ਇੱਕ ਦਿਨ ਮੈਂ ਆਪਣੇ ਇੱਕ ਦੋਸਤ ਨੂੰ ਛੱਡਣ ਰੇਲਵੇ ਸਟੇਸ਼ਨ ਗਿਆ।"

"ਪਰਤਦੇ ਸਮੇਂ ਪੌੜੀਆਂ 'ਤੇ ਝਟਕਾ ਲੱਗਾ ਅਤੇ ਮੈਂ ਲੰਗੜਾ ਕੇ ਚੱਲਣ ਲੱਗਾ। ਮੈਨੂੰ ਲੱਗਿਆ ਕੋਈ ਨਸ ਖਿੱਚੀ ਗਈ ਹੈ। ਪਹਿਲਾਂ ਤਾਂ ਮੈਂ ਪੇਨ ਕਿਲਰ ਖਾ ਕੇ ਸੋਣ ਦੀ ਕੋਸ਼ਿਸ਼ ਕੀਤੀ। ਪਰ ਇਸ ਨਾਲ ਕੋਈ ਫ਼ਰਕ ਨਹੀਂ ਪਿਆ।"

ਇਹ ਵੀ ਪੜ੍ਹੋ:

ਦਰਦ ਵਧਦਾ ਦੇਖ ਕੇ ਪਰਿਵਾਰ ਵਾਲਿਆਂ ਨੇ ਮੈਨੂੰ ਡਾਕਟਰ ਨਾਲ ਮਿਲਣ ਦੀ ਸਲਾਹ ਦਿੱਤੀ। ਡਾਕਟਰ ਕੋਲ ਗਿਆ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਐਮਆਰਆਈ ਕਰਵਾਉਣ ਲਈ ਕਿਹਾ। ਐਮਆਰਆਈ ਵਿੱਚ ਪਤਾ ਲੱਗਾ ਕਿ ਮੇਰੀਆਂ ਨਸਾਂ ਵਿੱਚ ਖ਼ੂਨ ਪੁੱਜਣ ਵਿੱਚ ਦਿੱਕਤ ਹੈ ਅਤੇ ਇੱਕ ਦਿੱਕਤ ਅਡਵਾਂਸ ਸਟੇਜ ਵਿੱਚ ਹੈ।

ਦਵਾਈਆਂ ਨਾਲ ਠੀਕ ਹੋਣ ਦਾ ਸਮਾਂ ਲੰਘ ਚੁੱਕਿਆ ਸੀ। ਇਸ ਲਈ ਮੇਰੇ ਕੋਲ ਹਿੱਪ ਰਿਪਲੇਸਮੈਂਟ ਸਰਜਰੀ ਕਰਵਾਉਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ।

ਘੱਟ ਉਮਰ ਵਿੱਚ ਨਹੀਂ ਹੁੰਦੀ ਹਿੱਪ ਰਿਪਲੇਸਮੈਂਟ ਸਰਜਰੀ?

ਇਸ਼ਾਨ ਨੇ ਦੋ ਸਾਲ ਪਹਿਲਾਂ ਇਹ ਸਰਜਰੀ ਕਰਵਾਈ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 28 ਸਾਲ ਸੀ।

ਹਿੱਪ ਰਿਪਲੇਸਮੈਂਟ ਸਰਜਰੀ ਬਾਰੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਕੰਸਲਟੈਂਟ ਔਰਥੋਸਰਜਨ ਰਹਿ ਚੁੱਕੇ ਡਾ. ਹਿਮਾਂਸ਼ੂ ਤਿਆਗੀ ਕਹਿੰਦੇ ਹਨ, "ਅਸੀਂ ਸਿਰਫ਼ 55 ਸਾਲ ਦੀ ਉਮਰ ਤੋਂ ਬਾਅਦ ਹੀ ਹਿੱਪ ਰਿਪਲੇਸਮੈਂਟ ਸਰਜਰੀ ਕਰਵਾਉਣ ਦੀ ਸਲਾਹ ਦਿੰਦੇ ਹਾਂ। ਅਜਿਹਾ ਇਸ ਲਈ ਕਿਉਂਕਿ ਇਸਦੀ ਲਾਈਫ਼ 20 ਤੋਂ 25 ਸਾਲ ਤੱਕ ਹੀ ਹੁੰਦੀ ਹੈ।"

"55 ਸਾਲ ਤੋਂ ਬਾਅਦ ਸਰਜਰੀ ਕਰਵਾਉਣ 'ਤੇ ਲਗਭਗ 75-80 ਸਾਲ ਤੱਕ ਦੀ ਉਮਰ ਤੱਕ ਕੰਮ ਚੱਲ ਜਾਂਦਾ ਹੈ। ਇਸ ਉਮਰ ਵਿੱਚ ਹਿੱਪ ਰਿਪਲੇਸਮੈਂਟ ਤੋਂ ਬਾਅਦ ਉਸ ਵਿੱਚ ਖ਼ਰਾਬੀ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ ਕਿਉਂਕਿ ਜਵਾਨੀ ਦੇ ਦਿਨਾਂ ਦੇ ਮੁਕਾਬਲੇ ਕੰਮ ਘੱਟ ਹੁੰਦੀ ਹੈ।"

ਆਮ ਤੌਰ 'ਤੇ ਇਹ ਸਰਜਰੀ ਐਨੀ ਘੱਟ ਉਮਰ ਵਿੱਚ ਕਰਵਾਈ ਨਹੀਂ ਜਾਂਦੀ। ਪਰ ਇਸ਼ਾਨ ਕਹਿੰਦੇ ਹਨ ਕਿ ਮੈਂ ਇਹ ਸਰਜਰੀ ਕਰਵਾਈ ਕਿਉਂਕਿ ਉਨ੍ਹਾਂ ਦੇ ਸਾਹਮਣੇ ਕੋਈ ਦੂਜਾ ਬਦਲ ਨਹੀਂ ਸੀ।

ਦਰਅਸਲ ਹਿੱਪ ਰਿਪਲੇਸਮੈਂਟ ਤੋਂ ਪਹਿਲਾਂ ਇਸ਼ਾਨ ਨੇ ਬੋਨ ਡਿਕੰਪ੍ਰੇਸ਼ਨ ਸਰਜਰੀ ਕਰਵਾਈ ਸੀ। ਉਸ ਨਾਲ ਉਨ੍ਹਾਂ ਨੂੰ ਪੂਰਾ ਆਰਾਮ ਨਹੀਂ ਮਿਲਿਆ ਸੀ ਅਤੇ ਫਿਰ ਡਾਕਟਰਾਂ ਮੁਤਾਬਕ ਇਸ਼ਾਨ ਦੇ ਕੋਲ ਹਿੱਪ ਰਿਪਲੇਸਮੈਂਟ ਸਰਜਰੀ ਹੀ ਇਕਲੌਤਾ ਉਪਾਅ ਬਚਿਆ ਸੀ।

ਹਿੱਪ ਰਿਪਲੇਸਮੈਂਟ ਦੀ ਲੋੜ ਕਿਉਂ ਪੈਂਦੀ ਹੈ?

ਡਾ. ਹਿਮਾਂਸ਼ੂ ਦੇ ਮੁਤਾਬਕ, "ਆਮ ਤੌਰ 'ਤੇ ਤਿੰਨ ਸੂਰਤਾਂ ਵਿੱਚ ਇਸ ਸਰਜਰੀ ਨੂੰ ਕਰਵਾਉਣ ਦੀ ਲੋੜ ਪੈਂਦੀ ਹੈ। ਜੇ ਕਿਸੇ ਨੂੰ ਲੱਕ ਦਾ ਆਰਥਰਾਇਟਸ ਹੋਵੇ, ਜਾਂ ਫਿਰ ਲੱਕ ਵਿੱਚ ਖ਼ੂਨ ਸਪਲਾਈ 'ਚ ਦਿੱਕਤ ਹੋਵੇ ਜਾਂ ਫਿਰ ਬਹੁਤ ਭਿਆਨਕ ਸੱਟ ਲੱਗੀ ਹੋਵੇ।"

"ਇਸ ਤੋਂ ਇਲਾਵਾ ਕਦੇ-ਕਦੇ ਹੱਡੀਆਂ ਵਿੱਚ ਇਨਫੈਕਸ਼ਨ ਤੋਂ ਬਾਅਦ ਵੀ ਇਸਦੀ ਲੋੜ ਪੈ ਸਕਦੀ ਹੈ। ਪਰ ਅਜਿਹੇ ਮਾਮਲੇ ਬਹੁਤ ਘੱਟ ਹੁੰਦੇ ਹਨ।"

ਇਹ ਵੀ ਪੜ੍ਹੋ:

ਡਾਕਟਰਾਂ ਦੀ ਮੰਨੀਏ ਤਾਂ ਸਿਗਰੇਟ ਪੀਣ ਵਾਲਿਆਂ, ਸ਼ਰਾਬ ਪੀਣ ਵਾਲਿਆਂ, ਸਟੇਰੌਇਡ ਜਾਂ ਡਰੱਗਜ਼ ਲੈਣ ਵਾਲਿਆਂ ਵਿੱਚ ਹਿੱਪ ਰਿਪਲੇਸਮੈਂਟ ਦੀ ਵੱਧ ਲੋੜ ਪੈ ਸਕਦੀ ਹੈ।

ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਲਤ ਕਾਰਨ ਖ਼ੂਨ ਦੀਆਂ ਧਮਨੀਆਂ ਸਮੇਂ ਦੇ ਨਾਲ ਸੁੰਗੜ ਜਾਂਦੀਆਂ ਹਨ ਜਿਸ ਨਾਲ ਖ਼ੂਨ ਦੇ ਵਹਾਅ ਵਿੱਚ ਦਿੱਕਤ ਆਉਂਦੀ ਹੈ।

ਹਿੱਪ ਰਿਪਲੇਸਮੈਂਟ ਦੇ ਪ੍ਰਕਾਰ

ਹਿੱਪ ਰਿਪਲੇਸਮੈਂਟ ਕਈ ਪ੍ਰਕਾਰ ਦੇ ਹੁੰਦੇ ਹਨ। ਕੁਝ ਮਾਮਲਿਆਂ ਵਿੱਚ ਮੈਟਲ ਦੀ ਵਰਤੋਂ ਕੀਤੀ ਜਾਂਦੀ ਹੈ, ਕੁਝ ਮਾਮਲਿਆਂ ਵਿੱਚ ਸੇਰਾਮਿਕ ਦਾ ਅਤੇ ਕੁਝ ਮਾਮਲਿਆਂ ਵਿੱਚ ਖ਼ਾਸ ਤਰ੍ਹਾਂ ਦੇ ਪਲਾਸਟਿਕ ਮਟੀਰੀਅਲ ਦੀ ਵਰਤੋਂ ਕੀਤੀ ਜਾਂਦੀ ਹੈ।

ਪਰ ਇਨ੍ਹਾਂ ਤਿੰਨਾਂ ਵਿੱਚ ਸਭ ਤੋਂ ਸਹੀ ਕਿਹੜਾ ਹੁੰਦਾ ਹੈ ਇਹ ਸਾਫ਼ ਤੌਰ 'ਤੇ ਨਹੀਂ ਕਿਹਾ ਜਾ ਸਕਦਾ।

ਡਾਕਟਰ ਹਿਮਾਂਸ਼ੂ ਮੁਤਾਬਕ ਕਿਸ ਮਰੀਜ਼ ਵਿੱਚ ਕਿਹੜਾ ਹਿੱਪ ਰਿਪਲੇਸਮੈਂਟ ਲੱਗਣਾ ਹੈ ਇਹ ਮਰੀਜ਼ ਦੀਆਂ ਦਿੱਕਤਾਂ, ਉਸਦੀ ਉਮਰ, ਲੋੜ ਅਤੇ ਹੱਡੀਆਂ ਦੀ ਕੁਆਲਿਟੀ ਦੇ ਹਿਸਾਬ ਨਾਲ ਤੈਅ ਹੁੰਦਾ ਹੈ।

ਕਈ ਮਾਮਲਿਆਂ ਵਿੱਚ ਡਾਕਟਰ ਚਾਹੇ ਤਾਂ ਮੈਟਲ ਅਤੇ ਸੇਰਾਮਿਕ ਦੇ ਹਾਈਬ੍ਰਿਡ ਦੀ ਵੀ ਵਰਤੋਂ ਕਰਦੇ ਹਨ।

ਪਰ ਇੱਥੇ ਇਹ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਸਰੀਰ ਵਿੱਚ ਮੈਟਲ ਦੀ ਮਾਤਰਾ ਤੈਅ ਤੋਂ ਵੱਧ ਪਾਈ ਜਾਂਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਮੈਟਲ ਹਿੱਪ ਟਰਾਂਸਪਲਾਂਟ ਕਰਨ ਵਿੱਚ ਦਿੱਕਤ ਹੋ ਸਕਦੀ ਹੈ।

ਕੀ ਸਰਜਰੀ ਤੋਂ ਬਾਅਦ ਸਭ ਠੀਕ ਹੋ ਜਾਂਦਾ ਹੈ?

ਇਹੀ ਸਵਾਲ ਅਸੀਂ ਇਸ਼ਾਨ ਤੋਂ ਪੁੱਛਿਆ ਅਤੇ ਡਾਕਟਰਾਂ ਤੋਂ ਵੀ।

ਇਸ਼ਾਨ ਦੇ ਮੁਤਾਬਕ ਕੁਝ ਗੱਲਾਂ ਹਨ ਜਿਨ੍ਹਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਜਿਵੇਂ ਸਕਵੈਟ ਕਰਨਾ (ਇੱਕ ਤਰ੍ਹਾਂ ਪੱਟਾਂ ਦੀ ਕਸਰਤ), ਕਰੌਸ ਲੈੱਗ ਕਰਕੇ ਬੈਠਣਾ, ਲੱਕ ਦੇ ਸਹਾਰੇ ਝੁਕ ਕੇ ਬੈਠਣਾ। ਇਨ੍ਹਾਂ ਸਾਰੀਆਂ ਗੱਲਾਂ ਤੋਂ ਇਲਾਵਾ ਇਸ਼ਾਨ ਮੰਨਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਹੁਣ ਜ਼ਿਆਦਾ ਆਸਾਨ ਹੈ।

ਆਮ ਤੌਰ 'ਤੇ ਇਸ ਸਰਜਰੀ ਤੋਂ ਬਾਅਦ ਡਾਕਟਰ ਮਰੀਜ਼ ਨੂੰ ਪੰਜ ਦਿਨ ਤੱਕ ਹਸਪਤਾਲ ਵਿੱਚ ਰੱਖਦੇ ਹਨ।

ਦੂਜੇ ਦਿਨ ਤੋਂ ਫਿਜ਼ੀਓਥੈਰਿਪੀ ਦੇ ਸਹਾਰੇ ਚੱਲਣ ਫਿਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਪਰ ਪੂਰੀ ਉਮਰ ਮਰੀਜ਼ ਨੂੰ ਆਪਣੇ ਭਾਰ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ।

ਡਾ. ਹਿਮਾਂਸ਼ੂ ਦੇ ਮੁਤਾਬਕ ਜ਼ਿਆਦਾ ਭਾਰ ਹੋਣ ਨਾਲ ਹਿੱਪ 'ਤੇ ਭਾਰ ਵੱਧ ਪੈਂਦਾ ਹੈ, ਇਸ ਲਈ ਇਸਦਾ ਖਾਸ ਧਿਆਨ ਰੱਖਣਾ ਪੈਂਦਾ ਹੈ।

ਹਿੱਪ ਰਿਪਲੇਸਮੈਂਟ ਦਾ ਸੈਕਸ ਲਾਈਫ਼ 'ਤੇ ਕੀ ਅਸਰ?

ਇਸ਼ਾਨ ਦੀ ਮੰਨੀਏ ਤਾਂ ਉਨ੍ਹਾਂ ਦੀ ਸੈਕਸ ਲਾਈਫ਼ 'ਤੇ ਇਸ ਸਰਜਰੀ ਤੋਂ ਬਾਅਦ ਕੋਈ ਅਸਰ ਨਹੀਂ ਪਿਆ ਹੈ। ਉਨ੍ਹਾਂ ਮੁਤਾਬਕ ਬਿਨਾਂ ਸਰਜਰੀ ਤੋਂ ਸੈਕਸ ਲਾਈਫ਼ ਜ਼ਿਆਦਾ ਦਿੱਕਤ ਭਰੀ ਹੋ ਸਕਦੀ ਸੀ।

ਪਰ ਇਸ਼ਾਨ ਖੁਸ਼ਨਸੀਬ ਸੀ ਕਿ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਹੀ ਸਰਜਰੀ ਕਰਵਾ ਲਈ ਸੀ। ਅੱਜ ਇਸ਼ਾਨ ਦਾ ਇੱਕ ਮੁੰਡਾ ਵੀ ਹੈ।

ਡਾਕਟਰ ਹਿਮਾਂਸ਼ੂ ਕਹਿੰਦੇ ਹਨ ਕਿ ਜਿਨ੍ਹਾਂ ਦੀ ਹਿੱਪ ਰਿਪਲੇਸਮੈਂਟ ਸਰਜਰੀ ਹੁੰਦੀ ਹੈ ਉਨ੍ਹਾਂ ਨੂੰ ਸੈਕਸ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।

ਸਰਜਰੀ ਤੋਂ ਦੋ ਹਫ਼ਤੇ ਬਾਅਦ ਹੀ ਸੈਕਸ ਮੁੜ ਸ਼ੁਰੂ ਕਰ ਸਕਦੇ ਹਨ। ਪੁਰਸ਼ਾਂ ਅਤੇ ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ।

ਸੈਕਸ ਦੌਰਾਨ ਜ਼ਰੂਰੀ ਹੈ ਕਿ ਕੁਝ ਤਰ੍ਹਾਂ ਦੇ ਪੋਜ਼ ਤੋਂ ਬਚੋ ਜਿਵੇਂ ਔਰਤਾਂ ਦੇ ਦੋਵੇਂ ਪੇਰ ਬਹੁਤੇ ਕੋਲ ਨਾ ਹੋਣ। ਹਾਲਾਂਕਿ ਸਾਈਡ ਪੋਜ਼ੀਸ਼ਨ 'ਤੇ ਲੰਮੇ ਪਿਆ ਜਾ ਸਕਦਾ ਹੈ, ਪਰ ਧਿਆਨ ਰਹੇ ਕਿ ਗੋਡਿਆਂ ਵਿਚਾਲੇ ਸਰਾਣਾ ਲੱਗਿਆ ਹੋਵੇ।

ਡਾ. ਹਿਮਾਂਸ਼ੂ ਮੁਤਾਬਕ ਹਿੱਪ ਰਿਪਲੇਸਮੈਂਟ ਕਰਨ ਤੋਂ ਪਹਿਲਾਂ ਵੀ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ।

ਮਰੀਜ਼ ਨੂੰ ਚਾਹੀਦਾ ਹੈ ਕਿ ਕੁਝ ਦਿਨਾਂ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਕਸਰਤ ਕਰੇ ਤਾਂ ਜੋ ਮਾਸਪੇਸ਼ੀਆ ਵਿੱਚ ਤਣਾਅ ਨਾ ਹੋਵੇ।

ਆਪਣਾ ਸ਼ੁਗਰ ਪਹਿਲਾਂ ਤੋਂ ਹੀ ਕੰਟਰੋਲ ਕਰੋ। ਜੇਕਰ ਤੁਸੀਂ ਸ਼ਰਾਬ ਪੀਂਦੇ ਹੋ ਜਾਂ ਸਮੋਕਿੰਗ ਕਰਦੇ ਹੋ ਤਾਂ ਪਹਿਲਾਂ ਇਹ ਆਦਤ ਛੱਡੋ ਅਤੇ ਫਿਰ ਸਰਜਰੀ ਕਰਵਾਓ।

ਇਸ ਪੂਰੀ ਪ੍ਰਕਿਰਿਆ ਵਿੱਚ 2 ਤੋਂ 5 ਲੱਖ ਰੁਪਏ ਦਾ ਖਰਚ ਆ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)