You’re viewing a text-only version of this website that uses less data. View the main version of the website including all images and videos.
ਪਟਿਆਲਾ ਸ਼ਾਹੀ ਸਲਵਾਰ ਦੀ ਦਿਲਚਸਪ ਕਹਾਣੀ
- ਲੇਖਕ, ਮਨੀਸ਼ਾ ਭੱਲਾ
- ਰੋਲ, ਬੀਬੀਸੀ ਲਈ
ਪੰਜਾਬ ਦੀ ਫੈਸ਼ਨ ਇੰਡਸਟਰੀ ਦੀ ਗੱਲ ਕਰੀਏ ਤਾਂ ਬਾਜ਼ਾਰ ਵਿੱਚ ਧੂਮ ਭਾਵੇਂ ਪਲਾਜ਼ੋ ਜਾਂ ਸ਼ਰਾਰੇ ਦੀ ਹੋਵੇ ਪਰ ਪਟਿਆਲਾ ਸ਼ਾਹੀ ਸਲਵਾਰ ਦੀ ਵੱਖਰੀ ਪਛਾਣ ਹੈ।
ਇਹ ਉਹ ਪਹਿਰਾਵਾ ਹੈ ਜਿਸ ਦੀ ਪਛਾਣ ਪਟਿਆਲਾ ਜਾਂ ਪੰਜਾਬ ਤੱਕ ਸੀਮਿਤ ਨਹੀਂ ਬਲਕਿ ਗੋਆ ਤੋਂ ਲੈ ਕੇ ਬਿਹਾਰ ਤੱਕ ਔਰਤਾਂ ਇਸ ਦੀਆਂ ਦੀਵਾਨੀਆਂ ਹਨ।
ਲੋਕ ਗੀਤਾਂ ਅਤੇ ਬਾਲੀਵੁੱਡ ਨੇ ਵੀ ਇਸਦੀ ਪਛਾਣ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਤੱਕ ਕਾਇਮ ਕਰ ਦਿੱਤੀ ਹੈ।
ਲੱਖ ਫੈਸ਼ਨ ਆਏ ਅਤੇ ਚਲੇ ਗਏ ਪਰ ਪੰਜਾਬ ਦੀ ਇਹ ਰਵਾਇਤੀ ਪੋਸ਼ਾਕ, ਪਟਿਆਲਾ ਸ਼ਾਹੀ ਸਲਵਾਰ ਦੀ ਚਮਕ ਫਿੱਕੀ ਨਹੀਂ ਪਈ ਹੈ।
ਪਟਿਆਲਾ ਪੈਗ ਤੇ ਖਾਸ ਅੰਦਾਜ਼ ਵਿੱਚ ਬੰਨੀ ਜਾਣ ਵਾਲੀ ਪਟਿਆਲਾ ਸ਼ਾਹੀ ਪੱਗ ਵਾਂਗ ਪਟਿਆਲਾ ਸ਼ਾਹੀ ਸਲਵਾਰ ਦੀ ਵੀ ਇੱਕ ਕਹਾਣੀ ਹੈ।
ਕਿਹਾ ਜਾਂਦਾ ਹੈ ਕਿ ਜਦੋਂ ਪੰਜਾਬ ਵਿੱਚ ਰਿਆਸਤਾਂ ਦਾ ਦੌਰ ਸੀ ਉਸ ਵੇਲੇ ਪਟਿਆਲਾ ਰਿਆਸਤ ਦੇ ਅਸਰਦਾਰ ਜਿਮੀਂਦਾਰ ਘਰਾਣਿਆਂ ਦੀਆਂ ਔਰਤਾਂ ਇਸ ਨੂੰ ਪਹਿਨਿਆ ਕਰਦੀਆਂ ਸਨ।
ਇਹ ਵੀ ਪੜ੍ਹੋ:
ਕਿਵੇਂ ਹੋਂਦ ਵਿੱਚ ਆਈ ਪਟਿਆਲਾ ਸ਼ਾਹੀ ਸਲਵਾਰ?
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿਤ ਵਿਭਾਗ ਤੋਂ ਰਿਟਾਇਰਡ ਪ੍ਰੋਫੈਸਰ ਕਿਰਪਾਲ ਸਿੰਘ ਕਜਾਕ ਦੱਸਦੇ ਹਨ, "ਸਲਵਾਰ ਨੂੰ ਹਿੰਦੁਸਤਾਨੀਆਂ ਨੇ ਮੁਗਲਾਂ ਜ਼ਰੀਏ ਜਾਣਿਆ। ਪੁਰਾਣੇ ਪੰਜਾਬ ਵਿੱਚ ਔਰਤਾਂ ਲਾਚਾ (ਧੋਤੀ ਜਾਂ ਚਾਦਰ ਵਾਂਗ) ਪਾਉਂਦੀਆਂ ਸਨ। ਪਰ ਫਿਰ ਸਲਵਾਰ ਨੂੰ ਨੰਗੇਜ਼ ਢੱਕਣ ਦਾ ਸਭ ਤੋਂ ਚੰਗਾ ਕੱਪੜਾ ਮੰਨਿਆ ਜਾਣ ਲੱਗਾ। ਸਿਲਵਟਾਂ ਇਸ ਦੀਆਂ ਪਛਾਣ ਸਨ।''
ਪਟਿਆਲਾ ਸ਼ਾਹੀ ਸਲਵਾਰ ਰਜਵਾੜਿਆਂ ਵਿੱਚ ਉਹੀ ਔਰਤਾਂ ਪਾਉਂਦੀਆਂ ਸਨ ਜੋ ਘਰ ਦਾ ਕੰਮ ਨਹੀਂ ਕਰਦੀਆਂ ਸਨ।
ਪ੍ਰੋਫੈਸਰ ਕਜ਼ਾਕ ਅਨੁਸਾਰ ਪੰਜਾਬ ਦੀਆਂ ਤਿੰਨ ਰਿਆਸਤਾਂ ਕਪੂਰਥਲਾ, ਨਾਭਾ ਅਤੇ ਪਟਿਆਲਾ ਵਿੱਚੋਂ ਪਟਿਆਲਾ ਸਭ ਤੋਂ ਵੱਡੀ ਰਿਆਸਤ ਸੀ। ਇਸ ਲਈ ਇਸ ਦੀ ਪਛਾਣ ਬਤੌਰ ਪਟਿਆਲਾ ਸ਼ਾਹੀ ਸਲਵਾਰ ਰੱਖ ਦਿੱਤੀ ਗਈ। ਇਸ ਸਲਵਾਰ ਨੂੰ ਸ਼ਾਹੀ ਦਰਜੀ ਸਿਓਂਦੇ ਸਨ।
ਪਟਿਆਲਾ ਦੇ ਅਦਾਲਤ ਬਾਜ਼ਾਰ ਵਿੱਚ ਇੱਕ ਗਲੀ ਹੈ ਜਿਸ ਦਾ ਨਾਂ ਹੈ ਦਰਜੀਆਂ ਵਾਲੀ ਗਲੀ।
ਭਾਵੇਂ ਸ਼ਾਹੀ ਦੌਰ ਦੇ ਦਰਜੀ ਤਾਂ ਹੁਣ ਜ਼ਿੰਦਾ ਨਹੀਂ ਹਨ ਪਰ ਦਲੀਪ ਟੇਲਰਜ਼ ਉਹ ਦੁਕਾਨ ਹੈ ਜੋ ਪਟਿਆਲਾ ਸ਼ਾਹੀ ਸਲਵਾਰ ਦੀ ਸਿਲਾਈ ਲਈ ਦੇਸ-ਵਿਦੇਸ਼ ਵਿੱਚ ਮਸ਼ਹੂਰ ਹੈ।
ਭਾਵੇਂ ਦੇਸ ਦੇ ਹਰ ਹਿੱਸੇ ਵਿੱਚ ਦਰਜੀ ਇਸ ਨੂੰ ਸਿਓਣ ਦਾ ਦਾਅਵਾ ਕਰਦੇ ਹਨ ਪਰ ਇਸ ਦੀਆਂ ਆਪਣੀਆਂ ਖੂਬੀਆਂ ਹਨ ਜੋ ਕੁਝ ਦਰਜੀ ਹੀ ਜਾਣਦੇ ਹਨ।
ਵਿਦੇਸ਼ਾਂ ਤੱਕ ਹਨ ਪਟਿਆਲਾ ਸਲਵਾਰਾਂ ਦੀਆਂ ਧੂੰਮਾਂ
ਮਾਸਟਰ ਗੁਰਵਿੰਦਰ ਪਾਲ ਸਿੰਘ, ਮਾਸਟਰ ਦਲੀਪ ਦੇ ਪੁੱਤਰ ਹਨ।
ਉਹ ਦੱਸਦੇ ਹਨ, "ਪਟਿਆਲਾ ਸ਼ਾਹੀ ਸਲਵਾਰ ਪਟਿਆਲਾ ਵਿੱਚ ਕੇਵਲ ਮਾਸਟਰ ਸੰਤੋਖ ਸਿੰਘ ਬਣਾਉਣਾ ਜਾਣਦੇ ਸਨ ਜੋ ਕਿ ਸ਼ਾਹੀ ਪਰਿਵਾਰ ਦੇ ਟੇਲਰ ਵੀ ਸਨ।''
ਉਨ੍ਹਾਂ ਨੇ ਸ਼ਾਹੀ ਪਰਿਵਾਰਾਂ ਨਾਲ ਉੱਠਣ-ਬੈਠਣ ਵਾਲੀਆਂ ਅੰਗਰੇਜ਼ੀ ਔਰਤਾਂ ਦੀ ਸਕਰਟ ਦੀ ਤਰਜ 'ਤੇ ਚੌਣਾਂ ਵਾਲੀ ਪਟਿਆਲਾ ਸ਼ਾਹੀ ਸਲਵਾਰ ਇਜਾਦ ਕੀਤੀ।
1970 ਵਿੱਚ ਉਨ੍ਹਾਂ ਦੇ ਪਿਤਾ ਮਾਸਟਰ ਦਲੀਪ ਸਿੰਘ ਨੇ ਇਸ ਨੂੰ ਬਣਾਉਣਾ ਸ਼ੁਰੂ ਕੀਤਾ।
ਪਟਿਆਲਾ ਸ਼ਾਹੀ ਸਲਵਾਰ ਦੀ ਪਛਾਣ ਇਸ ਉੱਤੇ ਵਾਧੂ ਪਲੇਟਾਂ ਹਨ ਜਿਸ ਵਿੱਚ ਵੱਡੇ ਅਰਜ਼ ਦਾ ਚਾਰ ਮੀਟਰ ਕੱਪੜਾ ਲੱਗਦਾ ਹੈ।
ਮਾਸਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਟੇਲਰ ਖੁੱਲ੍ਹੀ-ਡੁੱਲ੍ਹੀ ਜਿਹੀ ਸਲਵਾਰ ਸਿਓਂ ਕੇ ਉਸ ਨੂੰ ਪਟਿਆਲਾ ਸ਼ਾਹੀ ਸਲਵਾਰ ਦੱਸ ਦਿੰਦਾ ਹੈ ਜੋ ਕਿ ਗਲਤ ਹੈ।
ਇਸ ਦੀ ਕਟਿੰਗ, ਇਸ ਦੀ ਬੈਲਟ 'ਤੇ ਚੌਣਾਂ ਅਤੇ ਉਨ੍ਹਾਂ ਚੌਣਾਂ ਵਿੱਚ ਕਿੰਨੀ ਖਾਲੀ ਥਾਂ ਹੋਵੇ, ਇਸੇ ਆਧਾਰ 'ਤੇ ਪਿਛਲੀਆਂ ਚੌਣਾਂ ਪੈਣਗੀਆਂ।
ਇੱਥੋਂ ਅਮਰੀਕਾ, ਆਸਟਰੇਲੀਆ, ਕੈਨੇਡਾ ਜਰਮਨੀ ਤੱਕ ਪਟਿਆਲਾ ਸ਼ਾਹੀ ਸਲਵਾਰਾਂ ਜਾਂਦੀਆਂ ਹਨ।
ਸਖ਼ਤ ਮੁਕਾਬਲੇ 'ਚ ਡਟੀ ਰਹੀ ਪਟਿਆਲਾ ਸਲਵਾਰ
ਮਾਸਟਰ ਗੁਰਵਿੰਦਰ ਸਿੰਘ ਨੇ ਮੈਨੂੰ 250 ਸਲਵਾਰਾਂ ਦੀ ਇੱਕ ਗੰਢ ਦਿਖਾਈ ਜੋ ਕਿ ਤ੍ਰਿਪੁਰਾ ਜਾਣੀ ਸੀ।
ਇਨ੍ਹਾਂ ਦੀ ਦੁਕਾਨ 'ਤੇ ਪਟਿਆਲਾ ਸ਼ਾਹੀ ਸਲਵਾਰ ਬਣਵਾਉਣ ਲਈ ਆਈ ਅਮਰਜੀਤ ਕੌਰ ਮੁਤਾਬਕ, "ਮੈਨੂੰ ਇਹ ਪੋਸ਼ਾਕ ਚੰਗੀ ਲੱਗਦੀ ਹੈ। ਮੈਂ ਹਮੇਸ਼ਾ ਤੋਂ ਹੀ ਇਹ ਪਾਉਂਦੀ ਹਾਂ।''
ਮਾਸਟਰ ਗੁਰਵਿੰਦਰ ਅਨੁਸਾਰ ਭਾਵੇਂ ਪਾਕਿਸਤਾਨੀ ਸਲਵਾਰ, ਪਲਾਜ਼ੋ, ਧੋਤੀ ਸਲਵਾਰ ਅਤੇ ਸ਼ਰਾਰੇ ਨੇ ਪਟਿਆਲਾ ਸ਼ਾਹੀ ਸਲਵਾਰ ਦੀ ਖਰੀਦ ਨੂੰ ਕੁਝ ਪ੍ਰਭਾਵਿਤ ਤਾਂ ਕੀਤਾ ਹੈ ਪਰ ਅਜਿਹੇ ਫੈਸ਼ਨ ਆ ਕੇ ਚਲੇ ਜਾਂਦੇ ਹਨ।
ਪਟਿਆਲਾ ਸ਼ਾਹੀ ਸਲਵਾਰ ਦਾ ਟਰੈਂਡ ਸਦਾਬਹਾਰ ਰਹਿੰਦਾ ਹੈ। ਜੋ ਇਸ ਨੂੰ ਪਾਉਂਦਾ ਹੈ ਉਹ ਦੇਸ-ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਵੇ,ਇਸ ਨੂੰ ਹੀ ਪਾਉਂਦਾ ਹੈ।
ਨਵਦੀਪ ਕੌਰ ਮੁਹਾਲੀ ਵਿੱਚ 22 ਸਾਲ ਪੁਰਾਣੀ ਨਾਰਦਰਨ ਇੰਸਟੀਟਿਊਟ ਆਫ ਫੈਸ਼ਨ ਟੈਕਨੌਲੌਜੀ ਵਿੱਚ ਡਿਜ਼ਾਈਨ ਵਿਸ਼ੇ ਦੀ ਅਸਿਸਟੈਂਟ ਪ੍ਰੋਫੈਸਰ ਹਨ।
ਉਨ੍ਹਾਂ ਕਿਹਾ ਕਿ ਇੰਸਟਿਊਟ ਜ਼ਰੀਏ ਪੰਜਾਬ ਦੀ ਰਵਾਇਤੀ ਪੋਸ਼ਾਕ ਦਾ ਖੂਬ ਪ੍ਰਚਾਰ ਕੀਤਾ ਜਾਂਦਾ ਹੈ।
ਡਿਜ਼ਾਈਨ ਦੀ ਪੜ੍ਹਾਈ ਦੇ ਦੂਜੇ ਸਾਲ ਵਿੱਚ ਇੱਕ 'ਕਰਾਫਟ ਡਾਕਿਊਮੈਂਟੇਸ਼ਨ' ਪ੍ਰੋਗਰਾਮ ਹੁੰਦਾ ਹੈ। ਇਸ ਪ੍ਰੋਗਾਮ ਤਹਿਤ ਵਿਦਿਆਰਥੀਆਂ ਨੂੰ ਹਰ ਸੂਬੇ ਦੀ ਰਵਾਇਤੀ ਪੋਸ਼ਾਕ ਸਿਓਣ ਵਾਲਿਆਂ ਨਾਲ ਵਕਤ ਬਿਤਾਉਣਾ ਹੁੰਦਾ ਹੈ।
ਇਸ ਨਾਲ ਉਹ ਉਸ ਪੋਸ਼ਾਕ ਨੂੰ ਸਿਓਣ ਬਾਰੇ ਅਤੇ ਰਵਾਇਤੀ ਪੋਸ਼ਾਕ ਦੇ ਮੌਜੂਦਾ ਬਾਜ਼ਾਰ ਦੀ ਮੰਗ ਅਨੁਸਾਰ ਰੰਗ ਅਤੇ ਡਿਜ਼ਾਈਨ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ।
ਇਸ ਦਾ ਟੀਚਾ ਰਵਾਇਤੀ ਪੋਸ਼ਾਕ ਨੂੰ ਜ਼ਿੰਦਾ ਰੱਖਣਾ ਹੈ। ਵਿਦਿਆਰਥੀਆਂ ਲਈ ਸਭ ਤੋਂ ਵੱਡੀ ਚੁਣੌਤੀ ਪਟਿਆਲਾ ਸ਼ਾਹੀ ਸਲਵਾਰ ਬਣਾਉਣਾ ਦਾ ਹੁਨਰ ਸਿੱਖਣਾ ਹੁੰਦਾ ਹੈ।
ਨਵਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਰਿਸਰਚ ਅਨੁਸਾਰ ਪਟਿਆਲਾ ਸ਼ਾਹੀ ਸਲਵਾਰ ਦੀ ਸ਼ੁਰੂਆਤ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਜੁੜੇ ਲੋਕਾਂ ਨੇ ਕੀਤੀ।
ਪੰਜਾਬ ਦੇ ਪਿੰਡਾਂ ਵਿੱਚ ਤਾਂ ਅੱਜ ਵੀ ਇਹੀ ਪਹਿਰਾਵਾ ਹੈ ਖਾਸਕਰ ਮਾਲਵਾ ਵਿੱਚ।
ਉਹ ਕਹਿੰਦੇ ਹਨ ਕਿ ਇਸ ਪੋਸ਼ਾਕ ਦੀ ਦੀਵਾਨਗੀ ਅਜਿਹੀ ਹੈ ਕਿ ਇਨ੍ਹਾਂ ਦੇ ਇੰਸਟੀਚਿਊਟ ਵਿੱਚ 90 ਫੀਸਦੀ ਵਿਦਿਆਰਥਣਾਂ ਪੰਜਾਬ ਦੇ ਬਾਹਰ ਤੋਂ ਆਉਂਦੀਆਂ ਹਨ।
ਇਹ ਵੀ ਪੜ੍ਹੋ:
ਇੱਥੇ ਆਉਣ ਦੇ ਇੱਕ ਸਾਲ ਬਾਅਦ ਉਹ ਪਟਿਆਲਾ ਸ਼ਾਹੀ ਸਲਵਾਰ ਵਿੱਚ ਨਜ਼ਰ ਆਉਂਦੀਆਂ ਹਨ।
ਸ਼ਾਦੀ-ਵਿਆਹ ਹੋਵੇ ਜਾਂ ਕੋਈ ਤਿਉਹਾਰ ਪੰਜਾਬ ਵਿੱਚ ਪਟਿਆਲਾ ਸ਼ਾਹੀ ਸਲਵਾਰ ਦਾ ਜ਼ਮਾਨਾ ਕਦੇ ਵੀ ਪੁਰਾਣਾ ਨਹੀਂ ਪੈਂਦਾ ਹੈ।
ਪੰਜਾਬ ਦੀ ਮਸ਼ਹੂਰ ਨਾਟਕਕਾਰ ਅਤੇ ਅਦਾਕਾਰਾ ਅਨੀਤਾ ਸ਼ਬਦੀਸ਼ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਇੱਥੋਂ ਵਿਦੇਸ਼ ਨਾਟਕ ਕਰਨ ਜਾਂਦੇ ਹਨ ਤਾਂ ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਦੇ ਜਾਣਕਾਰ ਉਨ੍ਹਾਂ ਤੋਂ ਪਟਿਆਲਾ ਸ਼ਾਹੀ ਸਲਵਾਰ ਜ਼ਰੂਰ ਮੰਗਵਾਉਂਦੇ ਹਨ।
ਉਨ੍ਹਾਂ ਅਨੁਸਾਰ ਕੋਈ ਵੀ ਮੌਕਾ ਹੋਵੇ ਵਧੇਰੇ ਸੋਚਣ ਦੀ ਲੋੜ ਨਹੀਂ ਪੈਂਦੀ ਹੈ। ਪਟਿਆਲਾ ਤੋਂ ਲੈ ਕੇ ਕੈਨੇਡਾ ਤੱਕ ਫੁਲਕਾਰੀ ਨਾਲ ਪਟਿਆਲਾ ਸ਼ਾਹੀ ਸਲਵਾਰ ਹਰ ਮੌਕੇ ਨੂੰ ਖ਼ਾਸ ਬਣਾ ਦਿੰਦੀ ਹੈ।
ਇਹ ਵੀ ਪੜ੍ਹੋ: