ਨਵਜੋਤ ਸਿੰਘ ਸਿੱਧੂ: ਬੇਅਦਬੀ ਦੇ ਮੁੱਦੇ ਤੋਂ ਜ਼ਿਆਦਾ ਸਾਡੇ ਲਈ ਕੋਈ ਵੀ ਚੀਜ਼ ਮਹੱਤਵਪੂਰਨ ਨਹੀਂ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਡਰੱਗਜ਼, ਬੇਰੁਜ਼ਗਾਰੀ ਵਰਗੇ ਮੁੱਦਿਆਂ ਤੋਂ ਉੱਤੇ ਹੈ।

ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਕਰਦਿਆਂ ਕਿਹਾ - "ਬੇਅਦਬੀ ਮੁੱਦੇ ਤੋਂ ਵੱਧ ਮਹੱਤਵਪੂਰਨ ਸਾਡੇ ਲਈ ਹੋਰ ਕੁਝ ਨਹੀਂ ਹੈ।"

ਨਾਲ ਹੀ ਸਿੱਧੂ ਨੇ ਕਰਤਾਰਪੁਰ ਸਾਹਿਬ ਲਾਂਘੇ ਉੱਤੇ ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਨੋਖਾ ਜਵਾਬ ਦਿੱਤਾ।

ਪਾਕ ਫੌਜ ਮੁਖੀ ਜਨਰਲ ਬਾਜਵਾ ਨੂੰ ਉਨ੍ਹਾਂ ਵੱਲੋਂ ਜੱਫ਼ੀ ਪਾਏ ਜਾਣ 'ਤੇ ਸਿੱਧੂ ਨੇ ਕਿਹਾ,''ਜਨਰਲ ਬਾਜਵਾ ਨੂੰ ਪਾਈ ਗਈ ਮੇਰੀ ਜੱਫ਼ੀ ਰਾਫ਼ੇਲ ਡੀਲ ਨਹੀਂ ਸੀ। ਮੈਂ ਜੋ ਆਖ ਰਿਹਾ ਹਾਂ ਜੇਕਰ ਉਹ ਹੋ ਜਾਵੇ ਤਾਂ ਸਰਹੱਦ ਉੱਤੇ ਇੱਕ ਵੀ ਜਵਾਨ ਦੀ ਜਾਨ ਨਹੀਂ ਜਾਵੇਗੀ।''

ਇਹ ਵੀ ਪੜ੍ਹੋ:-

ਨਵਜੋਤ ਸਿੰਘ ਸਿੱਧੂ ਨਾਲ ਵਿਸਥਾਰਪੂਰਬਕ ਗੱਲਬਾਤ ਦੇ ਕੁਝ ਖਾਸ ਅੰਸ਼ ਇਸ ਤਰ੍ਹਾਂ ਹਨ:-

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਸਥਿਤੀ ਅਜੇ ਵੀ ਸਪਸ਼ਟ ਨਹੀਂ ਹੈ। ਇਸ ਬਾਰੇ ਤੁਸੀਂ ਕੀ ਕਹੋਗੇ?

ਦੇਖੋ ਪਿਆਸਾ ਖੂਹ ਕੋਲ ਜਾਂਦਾ ਹੈ, ਖੂਹ ਪਿਆਸੇ ਕੋਲ ਨਹੀਂ ਆਉਂਦਾ। ਇਸ ਕਰ ਕੇ ਇਸ ਮੁੱਦੇ ਉੱਤੇ ਭਾਰਤ ਸਰਕਾਰ ਨੂੰ ਪਾਕਿਸਤਾਨ ਕੋਲ ਖ਼ੁਦ ਪਹੁੰਚ ਕਰਨੀ ਚਾਹੀਦੀ ਹੈ।

ਉਨ੍ਹਾਂ ਨੇ ਲਾਂਘਾ ਖੋਲ੍ਹਣ ਲਈ ਸਕਾਰਾਤਮਕ ਹੁੰਗਾਰਾ ਦੇ ਦਿੱਤਾ ਹੈ ਜਿਸ ਥਾਂ ਤੋਂ ਲਾਂਘਾ ਮਿਲਣਾ ਹੈ ਉਹ ਪਾਕਿਸਤਾਨ ਦੀ ਜ਼ਮੀਨ ਉੱਤੇ ਹੈ ਇਸ ਲਈ ਭਾਰਤ ਸਰਕਾਰ ਨੂੰ ਇਸ ਮੁੱਦੇ ਉੱਤੇ ਰਸਮੀ ਕਾਰਵਾਈ ਕਰਨੀ ਚਾਹੀਦੀ ਹੈ।

ਮੈ ਖ਼ੁਸ਼ ਹਾਂ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਉਹ ਇਸ ਸਬੰਧੀ ਡਰਾਫ਼ਟ ਤਿਆਰ ਕਰ ਰਹੇ ਹਾਂ।

ਉਨ੍ਹਾਂ ਆਖਿਆ ਹੈ ਕਿ ਭਾਰਤ ਸਰਕਾਰ ਨੂੰ ਇਸ ਮੁੱਦੇ ਉੱਤੇ ਸਟੈਂਡ ਲੈਣਾ ਚਾਹੀਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਸਾਰਾ ਦੇਸ ਇਸ ਦਾ ਸਵਾਗਤ ਕਰੇਗਾ।

ਕਰਤਾਰਪੁਰ ਸਾਹਿਬ ਉਹ ਥਾਂ ਹੈ ਜਿੱਥੇ ਗੁਰੂ ਨਾਨਕ ਦੇਵ ਨੇ ਕਿਰਤ ਕਰੋ ਵੰਡ ਛਕੋ ਦਾ ਸੰਦੇਸ਼ ਦਿੱਤਾ ਸੀ। ਸਿੱਖ ਭਾਈਚਾਰਾ 70 ਸਾਲ ਤੋਂ ਇਸ ਦੇ ਖੁੱਲ੍ਹੇ ਦਰਸ਼ਨਾਂ ਲਈ ਤਰਸ ਰਿਹਾ ਹੈ।

ਇਸ ਮੁੱਦੇ ਉੱਤੇ ਕਰੈਡਿਟ ਲੈਣ ਦੀ ਹੋੜ ਨਹੀਂ ਹੈ। ਲਾਂਘਾ ਖੁੱਲਣਾ ਚਾਹੀਦਾ ਹੈ ਭਾਵੇਂ ਇਸ ਲਈ ਕੋਈ ਵੀ ਕੰਮ ਕਰੇ। ਮੈਂ ਇਸ ਲਈ ਸ਼ੁਕਰੀਆ ਕਰਾਂਗਾ।

ਹਿੰਦੁਸਤਾਨ ਦੀ ਰੱਖਿਆ ਮੰਤਰੀ ਤੁਹਾਡੇ ਵੱਲੋਂ ਪਾਕ ਫ਼ੌਜ ਮੁਖੀ ਨੂੰ ਪਾਈ ਜੱਫੀ ਤੋਂ ਨਾਖ਼ੁਸ਼ ਹਨ?

ਦੇਖੋ ਜੋ ਮੈਂ ਆਖ ਰਿਹਾ ਹਾਂ ਜੇਕਰ ਉਹ ਸਭ ਕੁਝ ਹੋ ਜਾਵੇ ਤਾਂ ਸਰਹੱਦ ਉੱਤੇ ਇੱਕ ਵੀ ਜਵਾਨ ਦੀ ਜਾਨ ਨਹੀਂ ਜਾਵੇਗੀ।

ਮੈਂ ਜਨਰਲ ਬਾਜਵਾ ਨੂੰ ਜੱਫ਼ੀ ਪਾਈ ਹੈ ਜੋ ਕਿ ਸੈਕੰਡ ਲਈ ਸੀ ਇਹ ਕੋਈ ਰਾਫੇਲ ਡੀਲ ਨਹੀਂ ਸੀ।

ਮੇਰੇ ਖ਼ਿਆਲ ਨਾਲ ਮੇਰਾ ਕੱਦ ਇੰਨਾ ਵੱਡਾ ਨਹੀਂ ਹੋ ਗਿਆ ਕਿ ਦੇਸ ਦੀ ਰੱਖਿਆ ਮੰਤਰੀ ਨੂੰ ਟਿੱਪਣੀ ਕਰਨੀ ਪਏ।

ਜੇਕਰ ਕੁਝ ਗ਼ਲਤ ਹੈ ਤਾਂ ਫਿਰ ਸ਼ਾਂਤੀ ਬਹਾਲੀ ਲਈ ਕੀਤੀਆਂ ਜਾਣ ਵਾਲੀਆਂ ਸਾਰੀਆਂ ਗੱਲਬਾਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।

ਕ੍ਰਿਕਟ ਮੈਚ ਦੌਰਾਨ ਵੀ ਦੋਵਾਂ ਦੇਸ਼ਾਂ ਦੇ ਖਿਡਾਰੀ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਹਨ ਉਸ ਸਮੇਂ ਕੋਈ ਨਹੀਂ ਬੋਲਦਾ।

ਮੇਰੇ ਖ਼ਿਆਲ ਨਾਲ ਜਿੰਨੀ ਗੱਲਬਾਤ ਹੋਵੇਗੀ ਉਸ ਨਾਲ ਮੇਲ-ਜੋਲ ਹੋਵੇਗਾ। ਦੋਵਾਂ ਪਾਸਿਆਂ ਦੇ ਪੰਜਾਬ ਨੂੰ ਫ਼ਾਇਦਾ ਪਹੁੰਚੇਗਾ।

ਤੁਹਾਡੀ ਜੱਫ਼ੀ ਤੋਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਾਖ਼ੁਸ਼ ਹਨ ?

ਤੁਸੀਂ ਜੋ ਮੁੱਖ ਮੰਤਰੀ ਨੇ ਆਖਿਆ ਉਸ ਸਬੰਧੀ ਸਵਾਲ ਕਰ ਰਹੇ ਹੋ ਪਰ ਉਨ੍ਹਾਂ ਹਜ਼ਾਰਾਂ ਕਾਂਗਰਸੀਆਂ ਦਾ ਜ਼ਿਕਰ ਨਹੀਂ ਕਰ ਰਹੇ ਜਿੰਨਾ ਨੇ ਇਸ ਦਾ ਸਵਾਗਤ ਕੀਤਾ ਹੈ।

ਇਸ ਮੁੱਦੇ ਨੂੰ ਵੱਡੇ ਪੱਧਰ ਉੱਤੇ ਦੇਖਣ ਦੀ ਲੋੜ ਹੈ ਕਿਉਂਕਿ ਇਹ ਕਿਸੇ ਦਾ ਨਿੱਜੀ ਮਸਲਾ ਨਹੀਂ ਹੈ ਸਗੋਂ 10 ਕਰੋੜ ਲੋਕਾਂ ਦੀ ਆਸਥਾ ਦਾ ਸਵਾਲ ਹੈ ਜਿਸ ਨੂੰ ਦਿਮਾਗ ਵਿਚ ਰੱਖਦੇ ਹੋਏ ਭਾਰਤ ਸਰਕਾਰ ਨੂੰ ਪਹਿਲ ਕਰਨ ਦੀ ਲੋੜ ਹੈ।

ਪੰਜਾਬ ਵਿਚ ਬੇਅਦਬੀ ਦੇ ਮੁੱਦੇ ਉੱਤੇ ਰੈਲੀਆਂ ਦੀ ਰਾਜਨੀਤੀ ਹੋ ਰਹੀ ਹੈ। ਇਸ 'ਤੇ ਤੁਹਾਡੇ ਕੀ ਵਿਚਾਰ ਹਨ?

ਦੇਖੋ ਬੇਅਦਬੀ ਦੇ ਮੁੱਦੇ ਉੱਤੇ ਸਿਆਸਤ ਨਹੀਂ। ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਸਰਵੋਤਮ ਹੈ ਅਤੇ ਜੋ ਇਸ ਦੀ ਬੇਅਦਬੀ ਕਰੇਗਾ ਅਸੀਂ ਉਸ ਨੂੰ ਛੱਡ ਨਹੀਂ ਸਕਦੇ।

ਜਿਨ੍ਹਾਂ ਲੋਕਾਂ ਨੇ ਬੇਅਦਬੀ ਕੀਤੀ ਹੈ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ ਮੁੱਦਾ ਉਹ ਹੈ। ਉਸ ਦਿਸ਼ਾ ਵਿਚ ਗੱਲ ਕੀਤੀ ਜਾਵੇ ਇਹ ਮੇਰੇ ਵਿਚਾਰ ਨਹੀਂ ਸਗੋਂ ਪੂਰੇ ਪੰਜਾਬ ਦੀ ਆਵਾਜ਼ ਹੈ।

ਜੇਕਰ ਕੋਈ ਇਸ ਤੋਂ ਪਰ੍ਹੇ ਹਟ ਕੇ ਗੱਲ ਕਰੇਗਾ ਤਾਂ ਫਿਰ ਉਹ ਸ਼ਤਰਮੁਰਗ ਹੈ। ਗੁਰੂ ਗ੍ਰੰਥ ਸਾਹਿਬ ਸਭ ਤੋਂ ਸਰਵੋਤਮ ਹੈ। ਪੂਰੇ ਵਿਸ਼ਵ ਵਿਚ ਬੈਠੇ ਪੰਜਾਬੀਆਂ ਦੀ ਆਵਾਜ਼ ਹੈ।

ਵਿਧਾਨ ਸਭਾ ਵਿਚ ਰੱਖੀ ਬਹਿਸ ਵਿੱਚੋਂ ਉਹ ਭਗੌੜੇ ਹੋ ਗਏ। ਲੋਕਾਂ ਨੇ ਇਹਨਾਂ ਨੂੰ ਵਿਧਾਨ ਸਭਾ ਵਿਚ ਜਿਤਾ ਕੇ ਭੇਜਿਆ ਹੈ ਇਹ ਉੱਥੇ ਵੜਦੇ ਨਹੀਂ, ਕੋਈ ਜਵਾਬ ਨਹੀਂ, ਕਿਉਂਕਿ ਸਾਰਾ ਕੁਝ ਸਪਸ਼ਟ ਹੈ।

ਦੂਜੀ ਗੱਲ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ 2007 ਵਿਚ ਜਾਰੀ ਕੀਤੇ ਹੁਕਮਨਾਮੇ ਨੂੰ ਭਟਕਾਉਣ ਦਾ ਯਤਨ ਕੀਤਾ ਜਾ ਨਹੀਂ ਕੀਤਾ।

ਆਪਣੀ ਨੂੰਹ ਨੂੰ ਜਿਤਾਉਣ ਲਈ ਡੀਲ ਕੀਤੀ ਕਿ ਨਹੀਂ ਕੀਤੀ ਡੇਰਾ ਵਾਲਿਆਂ ਨਾਲ। ਜਿਸ ਨਾਲ ਸਾਂਝ ਨਾ ਰੱਖਣ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਸੀ ਤੁਸੀਂ ਉਸ ਨਾਲ ਸਾਂਝ ਪਾ ਲਈ।

ਇਸ ਤੋਂ ਇਹ ਇਨਕਾਰ ਵੀ ਨਹੀਂ ਕਰਦੇ ਅਤੇ ਬਹਿਸ ਵੀ ਨਹੀਂ ਕਰਦੇ। ਇਸ ਦਾ ਇਹਨਾਂ ਕੋਲ ਕੋਈ ਜਵਾਬ ਵੀ ਨਹੀਂ ਹੈ।

ਇਹ ਵੀ ਪੜ੍ਹੋ:-

ਇਹਨਾਂ ਨੇ ਨਿਹੱਥੇ ਸਿੱਖਾਂ ਉੱਤੇ ਗੋਲੀ ਚਲਾਈ। ਦੂਜੇ ਪਾਸੇ ਡੇਰਾ ਪ੍ਰੇਮੀ ਆਪਣੀ ਫ਼ਿਲਮ ਰਿਲੀਜ਼ ਕਰਵਾਉਣ ਲਈ ਖੜੇ ਸਨ ਉਨ੍ਹਾਂ ਨੂੰ ਕੁਝ ਨਹੀਂ ਆਖਿਆ।

ਜਿਨ੍ਹਾਂ ਲੋਕਾਂ ਉੱਤੇ ਪੁਲਿਸ ਨੇ ਗੋਲੀ ਚਲਾਈ ਉਸ ਦੀ ਇਹ ਖ਼ਬਰ ਵੀ ਨਹੀਂ ਲੈਣ ਗਏ। ਜੇਕਰ ਕੋਈ ਛੋਟਾ ਜਿਹਾ ਕੁੱਤਾ ਮਰ ਜਾਵੇ ਤਾਂ ਤੁਸੀਂ ਉਸ ਦੀ ਖ਼ਬਰ ਲੈਣ ਲਈ ਪਹੁੰਚ ਜਾਂਦੇ ਹੋ।

ਕੈਪਟਨ ਅਮਰਿੰਦਰ ਸਰਕਾਰ ਨੇ ਪੀੜਤਾਂ ਨੂੰ ਇੱਕ ਇੱਕ ਕਰੋੜ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ। ਪੰਜਾਬ ਵਿਚ ਵਿਆਨਾ ਕਾਂਡ ਹੋਇਆ। ਆਈ ਜੀ, ਡੀ ਆਈ ਜੀ ਗੱਡੀਆਂ ਛੱਡ ਕੇ ਭੱਜ ਗਏ ਪਰ ਗੋਲੀ ਨਹੀਂ ਚੱਲੀ।

ਇਹ ਇੰਨੇ ਤਾਕਤਵਰ ਕਿੱਥੋਂ ਹੋ ਗਏ ਕਿ ਇਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਘਰ ਸੰਮਨ ਕਰਨ ਲੱਗੇ। ਕਿ ਇਹ ਧਰਮ ਤੋਂ ਵੀ ਉੱਚੇ ਹੋ ਗਏ?

ਇਸ ਦਾ ਇਹਨਾਂ ਕੋਲ ਜਵਾਬ ਨਹੀਂ ਹੈ। ਇਹ ਜੋ ਰੈਲੀਆਂ ਕਰ ਰਹੇ ਹਨ ਇਸ ਨਾਲ ਕੁਝ ਨਹੀਂ ਹੋਣਾ। ਸੱਤ ਇਲੈੱਕਸ਼ਨ ਇਹ ਹਾਰ ਗਏ ਹਨ।

ਇਹ ਅਕਾਲੀ ਦਲ ਦੀ ਅਸਲ ਵਿਚਾਰਧਾਰਾ ਤੋਂ ਦੂਰ ਹੋ ਗਏ ਹਨ। ਅਕਾਲੀ ਦਲ ਨੂੰ ਇਹਨਾਂ ਨੇ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਹੈ।

ਇਹ ਗੱਲ ਕਰਨ ਕਿ ਇਹਨਾਂ ਦੀ ਡੇਰਾ ਸਿਰਸਾ ਨਾਲ ਡੀਲ ਹੋਈ ਸੀ ਜਾਂ ਨਹੀਂ।

ਬੇਅਦਬੀ ਕਾਨੂੰਨ ਦੇ ਮੁੱਦੇ ਉੱਤੇ ਤੁਹਾਡੀ ਕੀ ਰਾਏ ਹੈ?

ਇਹ ਪੰਜਾਬ ਸਰਕਾਰ ਦਾ ਸਾਂਝਾ ਫ਼ੈਸਲਾ ਹੈ। ਇਸ ਮੁੱਦੇ ਉੱਤੇ ਜੋ ਵੀ ਕਿੰਤੂ ਪ੍ਰੰਤੂ ਹੋਏ ਉਹ ਸਭ ਕੈਬਨਿਟ ਵਿਚ ਹੋਏ ਮੈਂ ਇਸ ਦਾ ਖ਼ੁਲਾਸਾ ਨਹੀਂ ਕਰ ਸਕਦਾ ਕਿਉਂਕਿ ਅਸੀਂ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁੱਕਦੇ ਹਾਂ।

ਉਹ ਗੱਲ ਵੱਖਰੀ ਕਿ ਮੈ ਨਿੱਜੀ ਤੌਰ ਉੱਤੇ ਸਹੁੰ ਨੂੰ ਮੰਨਦਾ ਨਹੀਂ ਪਰ ਮੈ ਵਚਨਾਂ ਨੂੰ ਮੰਨਦਾ ਹਾਂ। ਅਸਲ ਵਿਚ ਇਸ ਕਾਨੂੰਨ ਨੂੰ ਬਣਾਉਣ ਦਾ ਮਕਸਦ ਸਿਰਫ਼ ਇੰਨਾ ਹੈ ਕਿ ਪੰਜਾਬ ਵਿਚ ਕਿਸੇ ਵੀ ਧਾਰਮਿਕ ਗ੍ਰੰਥ ਦਾ ਅਪਮਾਨ ਲੋਕਾਂ ਦੀ ਭਾਵਨਾ ਦਾ ਅਪਮਾਨ ਹੈ।

ਇਸ ਲਈ ਇਸ ਕਾਨੂੰਨ ਦੇ ਪਿੱਛੇ ਦਾ ਮਕਸਦ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਹੈ। ਬਾਕੀ ਇਸ ਗੱਲ ਦਾ ਜਵਾਬ ਤੁਹਾਨੂੰ ਮੁੱਖ ਮੰਤਰੀ ਜ਼ਿਆਦਾ ਤਰਤੀਬ ਵਿਚ ਦੇ ਸਕਦੇ ਹਨ।

ਕੀ ਇਸ ਕਾਨੂੰਨ ਦੀ ਗ਼ਲਤ ਵਰਤੋਂ ਨਹੀਂ ਹੋ ਸਕਦੀ?

ਮੁੱਖ ਮੰਤਰੀ ਤੋਂ ਤੁਸੀਂ ਜਵਾਬ ਲੈ ਸਕਦੇ ਹੋ।

ਡਰੱਗਜ਼, ਬੇਰੁਜ਼ਗਾਰੀ ਅਤੇ ਹੋਰ ਅਹਿਮ ਮੁੱਦੇ ਉੱਤੇ ਪੰਜਾਬ ਵਿਚ ਗੱਲਬਾਤ ਨਹੀਂ ਹੋ ਰਹੀ?

ਇਹ ਹੋ ਰਿਹਾ ਹੈ। ਨੌਕਰੀਆਂ ਦੇਣ ਲਈ ਮੇਲੇ ਲਗਾਏ ਜਾ ਰਹੇ ਹਨ, ਲੋਨ ਦਿੱਤੇ ਜਾ ਰਹੇ ਹਨ...

ਪਿਛਲੀ ਸਰਕਾਰ ਨੇ ਕੀ ਕੀਤਾ? ਉਨ੍ਹਾਂ ਨੇ 10 ਸਾਲਾਂ ਵਿੱਚ ਕੁਝ ਵੀ ਕੀਤਾ।

ਸਾਨੂੰ ਸਰਕਾਰ ਬਣਾਏ ਢੇਡ ਸਾਲ ਹੀ ਹੋਇਆ ਹੈ। ਸਾਨੂੰ ਪਿਛਲੀ ਸਰਕਾਰ ਤੋਂ 192000 ਕਰੋੜ ਦਾ ਕਰਜ਼ਾ ਮਿਲਿਆ ਹੈ।

ਇਹ ਸੌਖਾ ਨਹੀਂ ਹੈ। ਅਸੀਂ ਕਮਜ਼ੋਰੀ ਨੂੰ ਆਪਣੀ ਤਾਕਤ ਵਿੱਚ ਬਦਲ ਰਹੇ ਹਾਂ।

ਬੇਅਦਬੀ ਦਾ ਮੁੱਦਾ ਵੱਡਾ ਹੈ। ਘਰ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਮਾਪਿਆਂ ਤੋਂ ਉੱਚਾ ਗੁਰੂ ਦਾ ਦਰਜਾ ਹੈ।

ਇਸ ਤੋਂ ਜ਼ਿਆਦਾ ਸਾਡੇ ਲਈ ਕੋਈ ਵੀ ਚੀਜ਼ ਮਹੱਤਵਪੂਰਨ ਨਹੀਂ ਹੈ। ਇਸ ਮੁੱਦੇ ਉੱਤੇ ਲੋਕਾਂ ਨੂੰ ਵੰਡਣ ਦੀ ਗੱਲ ਕੀਤੀ ਗਈ।

ਮੈਂ ਉਨ੍ਹਾਂ ਨੂੰ (ਬਾਦਲਾਂ) ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਇਕੱਠੇ ਹਾਂ। ਪੰਜਾਬ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ ਕੁਝ ਵੱਖਰਾ ਨਹੀਂ ਸਭ ਇਕੱਠੇ ਹਨ ਕਿਉਂਕਿ ਪੰਜਾਬ ਜੀਵੇ ਗੁਰੂਆਂ ਦੇ ਨਾਮ ਉੱਤੇ।

ਜੇਕਰ ਲੋਕ ਅਕਾਲੀ ਦਲ ਦੇ ਖ਼ਿਲਾਫ਼ ਖੜੇ ਹਨ ਤਾਂ ਉਹ ਸਿਰਫ਼ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਉਹ ਇਨਸਾਫ਼ ਹੋਣਾ ਵੀ ਚਾਹੀਦਾ ਹੈ। ਗੁਰੂ ਤੋਂ ਵੱਧ ਕੇ ਸਾਡੇ ਲਈ ਕੁਝ ਵੀ ਨਹੀਂ ਹੈ।

ਤੁਸੀਂ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਕਿਵੇਂ ਦੇਖਦੇ ਹੋ?

ਪੰਜਾਬ ਵਿਚ 2017 ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਇਹਨਾਂ ਨੂੰ ਸੱਤਾ ਜਾਂਦੀ ਦਿਸ ਰਹੀ ਸੀ, ਤਾਂ ਉਸ ਸਮੇਂ ਆਮ ਆਦਮੀ ਪਾਰਟੀ ਨੇ ਇੱਕ ਵੱਡੀ ਪ੍ਰੈੱਸ ਕਾਨਫਰੰਸ ਕੀਤੀ ਸੀ ਜਿਸ ਵਿਚ ਆਖਿਆ ਗਿਆ ਸੀ ਕਿ ਇਹ ਆਈ ਐਸ ਆਈ ਦੇ ਨਾਮ ਉੱਤੇ ਲਾਸ਼ਾਂ ਦੀ ਰਾਜਨੀਤੀ ਕਰਦੇ ਹਨ।

ਉਨ੍ਹਾਂ ਆਖਿਆ ਕਿ ਪੰਜਾਬ ਪੁਲਿਸ ਹੁਣ ਵੀ ਓਹੀ ਹੈ ਜੋ ਅਕਾਲੀਆਂ ਦੇ ਰਾਜ ਸਮੇਂ ਸੀ। ਸਾਰੇ ਮਾਮਲੇ ਸੁਲਝਾਏ ਜਾ ਰਹੇ ਹਨ ਇਹਨਾਂ ਦੇ ਵਕਤ ਕੁਝ ਵੀ ਅਜਿਹਾ ਨਹੀਂ ਸੀ ਕਿਉਂਕਿ ਉਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਸੂਬੇ ਨੂੰ ਆਪਣੇ ਨਿੱਜੀ ਹਿਤਾਂ ਲਈ ਵਰਤਿਆ।

ਇਹ ਵੀ ਪੜ੍ਹੋ:-

ਇਹ ਸਭ ਤੋਂ ਵੱਡੇ ਡਰਪੋਕ ਹਨ। 100-100 ਗੰਨਮੈਨਾਂ ਦੇ ਨਾਲ ਇਹ ਘੁੰਮਦੇ ਹਨ। ਪਰ ਲੋਕਾਂ ਨੂੰ ਇਹ ਇਸਤੇਮਾਲ ਕਰਦੇ ਹਨ, ਉਨ੍ਹਾਂ ਨੂੰ ਵੰਡਦੇ ਹਨ ਅਤੇ ਜੋ ਵਾਰਦਾਤਾਂ ਹੁਣੇ ਹੋਈਆਂ ਹਨ ਉਨ੍ਹਾਂ ਦੇ ਪਿੱਛੇ ਕੌਣ ਹੈ ਲੋਕ ਸਭ ਸਮਝਦੇ ਹਨ।

ਪਰ ਅਸੀਂ ਸਾਰੇ ਇੱਕ ਹਾਂ ਅਤੇ ਸਾਰੇ ਇਕੱਠੇ ਹੋ ਕੇ ਪੂਰੀ ਤਾਕਤ ਨਾਲ ਇਸ ਦਾ ਸਾਹਮਣਾ ਕਰਾਂਗੇ। ਸਾਨੂੰ ਸਾਰਿਆਂ ਨੂੰ ਇਹਨਾਂ ਸਾਰੀਆਂ ਗੱਲਾਂ ਤੋ ਉੱਪਰ ਉੱਠਣਾ ਚਾਹੀਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਆਪਸੀ ਭਾਈਚਾਰਕ ਦੀ ਸਾਂਝ ਦੇ ਸੰਦੇਸ਼ ਉੱਤੇ ਟਿਕੇ ਹਨ ਉਸ ਤੋਂ ਹੀ ਅਸੀਂ ਸੰਦੇਸ਼ ਲੈਂਦੇ ਹਨ।

ਪਰ ਫਿਰ ਜੇਕਰ ਕੁਝ ਤਾਕਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਨਿੱਜੀ ਹਿਤਾਂ ਲਈ ਵਰਤਦੀਆਂ ਹਨ ਅਤੇ ਲੋਕਾਂ ਵਿਚ ਫ਼ਿਰਕੂ ਵੰਡੀਆਂ ਪੈਦਾ ਪਾਉਣ ਦੀ ਕੋਸ਼ਿਸ਼ ਕਰਦੀਆਂ ਹਨ ,ਆਈ ਐਸ ਆਈ ਦਾ ਨਾਮ ਇਸਤੇਮਾਲ ਕਰਦੀਆਂ ਹਨ , ਉਨ੍ਹਾਂ ਦਾ ਪਰਦਾ ਫਾਸ਼ ਹੋ ਚੁੱਕਾ ਹੈ।

ਇਹਨਾਂ ਕੋਲ 13 ਸੀਟਾਂ ਹਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਇਹ ਵੀ ਇਹਨਾਂ ਕੋਲ ਨਹੀਂ ਰਹਿਣੀਆਂ। 40 ਸਾਲ ਜਿਸ ਦੇ ਨਾਮ ਉੱਤੇ ਇਹਨਾਂ ਨੇ ਰਾਜ ਕੀਤਾ ਉਸ ਦਾ ਜੋ ਹਸ਼ਰ ਕੀਤਾ, ਉਹ ਸਭ ਦੇ ਸਾਹਮਣੇ ਹੈ। ਸਭ ਨੋਟਾਂ ਅਤੇ ਵੋਟਾਂ ਅਤੇ ਨਿੱਜੀ ਸਵਾਰਥਾਂ ਲਈ। ਲੋਕ ਹੁਣ ਸਭ ਕੁਝ ਸਮਝਦੇ ਹਨ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਦੀ ਸੀਰੀਜ਼ ਹੋਣ ਬਾਰੇ ਤੁਹਾਡੇ ਕੀ ਵਿਚਾਰ ਹਨ?

ਇਹ ਇੱਕ ਵੱਡਾ ਕਦਮ ਹੈ। ਕਲਾਕਾਰ ਅਤੇ ਖਿਡਾਰੀ ਦੋ ਦੇਸ਼ਾਂ ਦੀ ਸਾਂਝ ਵਧਾਉਣ ਵਿਚ ਪੁਲ ਦਾ ਕੰਮ ਕਰਦੇ ਹਨ।

ਉਹ ਭਾਵੇਂ ਨੁਸਰਤ ਫ਼ਤਿਹ ਅਲੀ ਖ਼ਾਨ ਹੋਣ, ਜਾਂ ਵੱਡੇ ਗ਼ੁਲਾਮ ਖ਼ਾਨ ਹੋਣ, ਇਮਰਾਨ ਖ਼ਾਨ ਜਾਂ ਫਿਰ ਵਸੀਮ ਅਕਰਮ ਹੋਵੇ।

ਲੋਕਾਂ ਦੀ ਸਰਕਾਰ ਲੋਕਾਂ ਦੇ ਵਾਸਤੇ ਹੁੰਦੀ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਦਸ ਕਰੋੜ ਲੋਕਾਂ ਦੀ ਆਵਾਜ਼ ਸਰਕਾਰ ਸਮਝ ਨਹੀਂ ਪਾਉਂਦੀ।

ਇਸ ਦੇ ਪਿੱਛੇ ਕੀ ਕਾਰਨ ਹਨ ਉਹ ਹੀ ਦੱਸ ਸਕਦੇ ਹਨ। ਅਸੀਂ ਤਾਂ ਸਿਰਫ਼ ਅਪੀਲ ਹੀ ਕਰ ਸਕਦੇ ਹਾਂ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)