You’re viewing a text-only version of this website that uses less data. View the main version of the website including all images and videos.
'ਤਿਉਹਾਰ ਨਹੀਂ ਇਹ ਹਿੰਸਾ ਹੈ, ਰੇਪ ਕਲਚਰ ਦਾ ਹਿੱਸਾ ਹੈ'
- ਲੇਖਕ, ਸੁਨੀਲ ਕਟਾਰੀਆ
- ਰੋਲ, ਬੀਬੀਸੀ ਪੱਤਰਕਾਰ
'ਹੋਲੀ 'ਤੇ ਵੀ ਹਿੰਸਾ ਨਹੀਂ ਸਹਾਂਗੇ' ਦੇ ਨਾਅਰਿਆਂ ਨਾਲ ਗਲੀ-ਗਲੀ 'ਚ ਕੁੜੀਆਂ ਵੱਲੋਂ ਹੋਕਾ ਦਿੱਤਾ ਗਿਆ।
ਹੋਲੀ ਦੇ ਨਾਂ 'ਤੇ ਕੁੜੀਆਂ ਨਾਲ ਹੁੰਦੀ ਛੇੜ-ਛਾੜ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਸੜਕਾਂ 'ਤੇ ਆ ਗਈਆਂ।
ਉਨ੍ਹਾਂ ਇਸ ਵਰਤਾਰੇ ਨੂੰ ਲੈ ਕੇ ਦਿੱਲੀ ਦੇ ਵਿਜੇ ਨਗਰ ਇਲਾਕੇ ਵਿੱਚ ਇੱਕ ਰੋਸ ਮਾਰਚ ਕੀਤਾ।
ਹੱਥਾਂ ਵਿੱਚ ਬੈਨਰ ਅਤੇ ਪੋਸਟਰਾਂ ਰਾਹੀਂ ਹੋਲੀ ਬਹਾਨੇ ਕੁੜੀਆਂ ਨਾਲ ਹੁੰਦੀ ਛੇੜ-ਛਾੜ ਦਾ ਮੁੱਦਾ ਉਨ੍ਹਾਂ ਆਪਣੇ ਹੀ ਅੰਦਾਜ਼ 'ਚ ਚੁੱਕਿਆ।
ਗੈਰ-ਸਰਕਾਰੀ ਸੰਸਥਾ 'ਪਿੰਜਰਾ ਤੋੜ' ਦੇ ਬੈਨਰ ਹੇਠਾਂ ਕੀਤੇ ਗਏ ਇਸ ਮਾਰਚ ਦਾ ਨਾਮ ਰੱਖਿਆ ਗਿਆ 'ਬੁਰਾ ਕਿਉਂ ਨਾ ਮਾਨੂੰ?'
ਹੋਲੀ 'ਤੇ ਵੀ ਹਿੰਸਾ ਨਹੀਂ ਸਹਾਂਗੇ ਦੇ ਨਾਅਰਿਆਂ ਨਾਲ ਗਲੀ-ਗਲੀ 'ਚ ਇਨ੍ਹਾਂ ਕੁੜੀਆਂ ਵੱਲੋਂ ਹੋਕਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ 'ਬੁਰਾ ਕਿਉਂ ਨਾ ਮੰਨੀਏ?'
ਇਨ੍ਹਾਂ ਕੁੜੀਆਂ ਦਾ ਵਿਰੋਧ ਸੀ ਕਿ ਹੋਲੀ ਦੇ ਦਿਨਾਂ 'ਚ ਛੇੜ-ਛਾੜ ਦੇ ਨਾਲ-ਨਾਲ ਸਾਡੇ ਉੱਤੇ ਪਾਣੀ ਤੋਂ ਇਲਾਵਾ ਸੀਮਿੰਟ ਅਤੇ ਚਿੱਕੜ ਨਾਲ ਭਰੇ ਗੁਬਾਰੇ ਮਾਰੇ ਜਾਂਦੇ ਹਨ।
ਇਹੀ ਨਹੀਂ ਕੰਡੋਮ ਵਿੱਚ ਵੀ ਪਾਣੀ ਆਦਿ ਸਮੱਗਰੀ ਭਰ ਕੇ ਸਾਡੇ ਸਰੀਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਇਸ ਦੌਰਾਨ ਆਸ਼ੀ ਨੇ ਕਿਹਾ, ''ਜਿਨਸੀ ਤੌਰ 'ਤੇ ਛੇੜਛਾੜ ਤਿਉਹਾਰਾਂ ਅਤੇ ਧਰਮ ਦੇ ਨਾਂ ਉੱਤੇ ਆਮ ਗੱਲ ਹੋ ਗਈ ਹੈ। ਸਾਡੀ ਸਹਿਮਤੀ ਤੋਂ ਬਗੈਰ ਹੀ ਸਾਨੂੰ ਰੰਗ ਲਾਇਆ ਜਾਂਦਾ ਹੈ।''
''ਇਸ ਵਰਤਾਰੇ ਨੂੰ ਸਮਾਜ ਨੇ ਅਪਣਾਇਆ ਹੈ ਤੇ ਇਸ ਵਿਰੁੱਧ ਸਾਡੀ ਲੜਾਈ ਹੈ। ਸਾਨੂੰ ਵੀ ਬਾਹਰ ਗਲੀਆਂ 'ਚ ਚੱਲਣ ਦਾ ਹੱਕ ਹੈ। ਅਸੀਂ ਘਰਾਂ 'ਚ ਡਰ ਕੇ ਕਿਉਂ ਬੈਠੀਏ?''
ਇਸ ਦੌਰਾਨ ਕੁੜੀਆਂ ਦੇ ਇੱਕਠ ਵੱਲੋਂ ਕਈ ਤਰ੍ਹਾਂ ਦੇ ਨਾਅਰਿਆਂ ਨਾਲ ਆਪਣੀ ਗੱਲ ਗਲੀ ਮੁਹੱਲਿਆਂ 'ਚ ਰੱਖੀ ਗਈ ਅਤੇ ਆਮ ਲੋਕਾਂ ਨੇ ਵੀ ਇਨ੍ਹਾਂ ਵਿਦਿਆਰਥਣਾਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ।
ਪਿੰਜਰਾ ਤੋੜ ਸੰਸਥਾ ਦੀ ਆਗੂ ਦੇਵਾਂਗਨਾ ਕਾਲੀਤਾ ਨੇ ਕਿਹਾ, ''ਗੁਬਾਰੇ ਸਾਡੇ ਸਰੀਰ ਦੇ ਅੰਗਾਂ ਨੂੰ ਨਿਸ਼ਾਨਾ ਬਣਾ ਕੇ ਮਾਰੇ ਜਾਂਦੇ ਹਨ ਤੇ ਸਾਨੂੰ ਇਸ ਮਰਦ ਪ੍ਰਧਾਨ ਸਮਾਜ ਵਿੱਚ ਆਪਣੀ ਆਵਾਜ਼ ਇਸੇ ਤਰ੍ਹਾਂ ਬੁਲੰਦ ਕਰਨੀ ਪਵੇਗੀ।''
ਵਿਦਿਆਰਥਣਾਂ ਵੱਲੋਂ ਹੋਏ ਇਸ ਰੋਸ ਮਾਰਚ ਦਾ ਆਖਰੀ ਨਾਅਰਾ ਸੀ :
'ਤਿਉਹਾਰ ਨਹੀਂ ਇਹ ਹਿੰਸਾ ਹੈ, ਰੇਪ ਕਲਚਰ ਦਾ ਹਿੱਸਾ ਹੈ'
'ਖੇਡ ਨਹੀਂ ਇਹ ਹਿੰਸਾ ਹੈ, ਪਿਤਰਸੱਤਾ ਦਾ ਜਲਸਾ ਹੈ'
'ਹੋਲਿਕਾ ਦਹਿਨ ਨਹੀਂ ਸਹਾਂਗੇ, ਤੁਹਾਡੀ ਹੋਲਿਕਾ ਨਹੀਂ ਬਣਾਂਗੇ'