ਅਫ਼ੀਮ ਦੀ ਖੇਤੀ ਚਿੱਟੇ ਤੋਂ ਚੰਗੀ - ਨਵਜੋਤ ਸਿੱਧੂ'- ਅੱਜ ਦੀਆਂ 5 ਅਹਿਮ ਖ਼ਬਰਾਂ

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਪਟਿਆਲਾ ਦੇ ਸਾਂਸਦ ਧਰਮਵੀਰ ਗਾਂਧੀ ਵੱਲੋਂ ਅਫ਼ੀਮ ਤੇ ਭੁੱਕੀ ਨੂੰ ਕਾਨੂੰਨੀ ਕਰਨ ਦੀ ਮੰਗ ਨੂੰ ਜਾਇਜ਼ ਦੱਸਿਆ ਹੈ।

ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਆਖਿਆ ਕਿ ਉਹ ਇਹ ਮੰਗ ਚੁੱਕਣ ਲਈ ਧਰਮਵੀਰ ਗਾਂਧੀ ਦੀ ਸ਼ਲਾਘਾ ਕਰਦੇ ਹਨ।

ਇਹ ਵੀ ਪੜ੍ਹੋ

ਸਿੱਧੂ ਨੇ ਇੱਕ ਅਕਾਲੀ ਦਲ ਆਗੂ ਉੱਤੇ ਪੰਜਾਬ ਵਿੱਚ 'ਚਿੱਟਾ' (ਹੈਰੋਇਨ) ਲੈ ਕੇ ਆਉਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ (ਸਿੱਧੂ) ਦੇ ਇੱਕ ਰਿਸ਼ਤੇਦਾਰ ਅਫ਼ੀਮ ਨੂੰ ਦਵਾਈ ਵਜੋਂ ਵਰਤਦੇ ਸਨ।

ਸਿੱਖ ਪੰਥ ਦੇ ਪੰਜ ਤਖਤਾਂ ਵਿੱਚੋਂ ਤਿੰਨ ਦੇ ਜਥੇਦਾਰਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਬੁਲਾਈ ਕਿਸੇ ਵੀ ਮੀਟਿੰਗ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਜਥੇਦਾਰ ਇਸ ਮਾਮਲੇ ਵਿੱਚ ਖੁੱਲ੍ਹ ਕੇ ਤਾਂ ਨਹੀਂ ਬੋਲ ਰਹੇ ਪਰ ਇੱਕ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੂਚਿਤ ਕਰ ਦਿੱਤਾ ਹੈ।

ਖ਼ਬਰ ਮੁਤਾਬਕ ਇਨ੍ਹਾਂ ਤਿੰਨਾਂ ਵਿੱਚ ਸ਼ਾਮਲ ਹਨ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਇਲਜ਼ਾਮਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਜਥੇਦਾਰ ਉੱਤੇ ਅਸਤੀਫੇ ਲਈ ਦਬਾਅ ਵੱਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ

ਲੇਖਕ ਸੁਰਜੀਤ ਗੱਗ ਹਮਲੇ ਵਿੱਚ ਘਾਇਲ

ਪੰਜਾਬੀ ਲੇਖਕ ਤੇ ਕਵੀ ਸੁਰਜੀਤ ਗੱਗ ਉੱਤੇ ਐਤਵਾਰ ਦੇਰ ਰਾਤ ਨੂੰ ਹਮਲਾ ਹੋਇਆ ਜਿਸ ਵਿੱਚ ਉਨ੍ਹਾਂ ਨੂੰ ਸੱਟਾਂ ਲੱਗੀਆਂ।

ਸੁਰਜੀਤ ਗੱਗ ਗੁਰੂ ਨਾਨਕ ਦੇਵ ਬਾਰੇ ਲਿਖੀ ਇੱਕ ਕਵਿਤਾ ਵਿੱਚ ਸ਼ਬਦਾਵਲੀ ਦੇ ਮਸਲੇ ਕਰਕੇ ਜੇਲ੍ਹ 'ਚ ਵੀ ਰਹੇ ਹਨ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਉੱਪਰ ਹਮਲਾ ਕਰਨ ਵਾਲੇ ਦੋ ਬੰਦਿਆਂ ਵਿੱਚ ਇੱਕ ਉਹ ਸੀ ਜਿਸਨੇ ਉਨ੍ਹਾਂ ਉੱਪਰ ਜੇਲ੍ਹ ਵਿੱਚ ਵੀ ਹਮਲਾ ਕੀਤਾ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਗ ਦੇ ਬਿਆਨਾਂ ਅਤੇ ਮੈਡੀਕਲ ਟੈਸਟ ਦੇ ਹਿਸਾਬ ਨਾਲ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਕੈਨੇਡਾ 'ਚ ਜਗਮੀਤ ਦੀ ਪ੍ਰਸਿੱਧੀ ਇੱਕ ਸਾਲ ਵਿੱਚ ਅੱਧੀ

ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਬਣਨ ਦੇ ਦਾਅਵੇਦਾਰ ਜਗਮੀਤ ਸਿੰਘ ਦੀ ਪ੍ਰਸਿੱਧੀ ਘੱਟ ਕੇ ਅੱਧੀ ਰਹਿ ਗਈ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਕੈਨੇਡਾ ਦੇ ਕੌਮੀ ਚੈਨਲ ਸੀ.ਬੀ.ਸੀ. ਦੇ 'ਲੀਡਰ ਮੀਟਰ' ਵਿੱਚ ਜਗਮੀਤ ਦੀ ਅਪਰੂਵਲ ਰੇਟਿੰਗ ਪਿਛਲੇ ਸਾਲ ਅਕਤੂਬਰ 'ਚ 40 ਫ਼ੀਸਦ ਸੀ, ਜੋਕਿ ਹੁਣ 19 ਫ਼ੀਸਦ ਹੈ।

ਸਿੱਖ ਧਰਮ ਨੂੰ ਮੰਨਣ ਵਾਲੇ ਜਗਮੀਤ ਸਿੰਘ ਅਕਤੂਬਰ 2017 'ਚ ਕੈਨੇਡਾ ਵਿੱਚ ਕਿਸੇ ਘੱਟਗਿਣਤੀ ਬਰਾਦਰੀ ਦੇ ਪਹਿਲੇ ਅਜਿਹੇ ਆਗੂ ਬਣੇ ਸਨ ਜਿਨ੍ਹਾਂ ਨੂੰ ਕਿਸੇ ਕੌਮੀ ਪਾਰਟੀ ਨੇ ਆਪਣਾ ਲੀਡਰ ਚੁਣਿਆ ਹੋਵੇ।

ਉਨ੍ਹਾਂ ਨੂੰ ਵਰਤਮਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਇੱਕ ਚੁਣੌਤੀ ਵਾਂਗ ਵੇਖਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ

ਡੌਨਲਡ ਟਰੰਪ ਤੇ ਕੋਰੀਆ ਦੇ ਕਿਮ ਵਿੱਚ ਚਿੱਠੀਆਂ ਨੇ ਪਾਇਆ ਪਿਆਰ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਨਾਲ ਨਵੀਂ ਦੋਸਤੀ ਹੁਣ "ਪਿਆਰ" ਦੇ ਮੁਕਾਮ ਤੱਕ ਪਹੁੰਚ ਗਈ ਹੈ।

ਦਿ ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖ਼ਬਰ ਮੁਤਾਬਕ ਟਰੰਪ ਨੇ ਵੈਸਟ ਵਰਜੀਨੀਆ ਵਿਖੇ ਇੱਕ ਰੈਲੀ ਵਿੱਚ ਸਮਰਥਕਾਂ ਸਾਹਮਣੇ ਆਖਿਆ, "ਮੈਂ ਬਹੁਤ ਸਖਤ ਸੀ — ਉਹ ਵੀ ਸਨ... ਤੇ ਫਿਰ ਸਾਨੂੰ ਪਿਆਰ ਹੋ ਗਿਆ, ਠੀਕ ਹੈ? ਨਹੀਂ, ਸੱਚੀ — ਉਨ੍ਹਾਂ ਨੇ ਮੈਨੂੰ ਖੂਬਸੂਰਤ ਚਿੱਠੀਆਂ ਲਿਖੀਆਂ, ਵਾਕਈ ਬਹੁਤ ਵਧੀਆ ਚਿੱਠੀਆਂ ਹਨ।"

ਦੋਵੇਂ ਆਗੂ ਪਹਿਲਾਂ ਤਾਂ ਇੱਕ ਦੂਜੇ ਦੇ ਖ਼ਿਲਾਫ਼ ਭਖਦੀ ਬਿਆਨਬਾਜ਼ੀ ਕਰਦੇ ਸਨ ਪਰ ਇਸੇ ਸਾਲ ਦੀ ਸ਼ੁਰੂਆਤ ਵਿੱਚ ਕੋਰੀਆ ਵਿੱਚ ਐਟਮੀ ਹਥਿਆਰ ਮੁਕਾਉਣ ਦੇ ਸਿਲਸਿਲੇ 'ਚ ਦੋਹਾਂ ਨੇ ਸਿੰਗਾਪੁਰ ਵਿਖੇ ਇੱਕ ਇਤਿਹਾਸਕ ਮੁਲਾਕਾਤ ਕੀਤੀ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)