ਕੈਪਟਨ-ਬਾਦਲ ਦੀਆਂ ਰੈਲੀਆਂ ਦੀ ਧੂੜ 'ਚ ਰੁਲੇ ਪੰਜਾਬੀਆਂ ਦੇ ਮੁੱਦੇ - ਨਜ਼ਰੀਆ

    • ਲੇਖਕ, ਜਗਰੂਪ ਸਿੰਘ ਸੇਖੋਂ
    • ਰੋਲ, ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਟੀ

ਪੰਜਾਬ ਵਿੱਚ ਸਿਆਸਤਦਾਨਾਂ ਵੱਲੋਂ ਆਪਣੇ ਵਿਰੋਧੀਆਂ ਦੇ ਇਲਾਕੇ ਵਿੱਚ ਜਾ ਕੇ ਰੈਲੀਆਂ ਕਰਨ ਦੀ ਸਿਆਸਤ ਕੋਈ ਨਵੀਂ ਨਹੀਂ ਹੈ।

ਪਰ ਕਾਂਗਰਸ ਅਤੇ ਅਕਾਲੀ ਦਲ ਵੱਲੋਂ 7 ਅਕਤੂਬਰ ਨੂੰ ਇੱਕ-ਦੂਜੇ ਦੇ ਹਲਕਿਆਂ ਵਿੱਚ ਜਾ ਕੇ ਰੈਲੀ ਕਰਨ ਦਾ ਐਲਾਨ ਦੋਵਾਂ ਵਿਰੋਧੀਆਂ ਵੱਲੋਂ ਇੱਕ ਦੂਜੇ ਦੇ ਗੜ੍ਹ ਵਿੱਚ ਜਾ ਕੇ ਇੱਕ-ਦੂਜੇ 'ਤੇ ਹਮਲਾ ਕਰਨ ਦੀ ਨਵੀਂ ਗੱਲ ਦੇਖਣ ਨੂੰ ਮਿਲੇਗੀ।

ਆਮ ਜਨਤਾ ਇਸ ਨੂੰ 'ਤਮਾਸ਼ਾ' ਜਾਂ ਦੋ ਵੱਡੇ ਖਿਡਾਰੀਆਂ ਵਿਚਾਲੇ ਫਰੈਂਡਲੀ ਮੈਚ ਤੋਂ ਵੱਧ ਕੁਝ ਨਹੀਂ ਸਮਝਦੀ, ਤਾਂ ਜੋ ਅਜਿਹਾ ਕਰਕੇ ਲੋਕਾਂ ਦਾ ਮੁੱਖ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਸਕੇ। ਉਹ ਮੁੱਦੇ ਜਿਨ੍ਹਾਂ ਨੇ ਲੋਕ ਸਭਾ ਚੋਣਾਂ 2014 ਅਤੇ ਵਿਧਾਨ ਸਭ ਚੋਣਾਂ 2017 ਵਿੱਚ ਇੱਕ ਅਹਿਮ ਥਾਂ ਲੈ ਲਈ ਸੀ।

ਸੂਬੇ ਵਿੱਚ ਚੋਣਾਂ ਤੋਂ ਬਾਅਦ ਹੋਏ ਸੀਐਸਡੀਐਸ ਦੇ ਸਰਵੇ ਦੇ ਅੰਕੜਿਆਂ ਮੁਤਾਬਕ ਪੰਜਾਬ ਦੀ ਜਨਤਾ ਦੇ ਉਹ ਮਹੱਤਵਪੂਰਨ ਮੁੱਦੇ ਜਿਹੜੇ ਇਨ੍ਹਾਂ ਚੋਣਾਂ ਵਿੱਚ ਮੁੱਖ ਕੇਂਦਰ ਬਣੇ, ਉਹ ਹਨ ਬੇਰੁਜ਼ਗਾਰੀ, ਵਿਕਾਸ ਅਤੇ ਨਸ਼ਾ। ਧਾਰਮਿਕ ਅਤੇ ਹੋਰ ਮੁੱਦੇ ਇਨ੍ਹਾਂ ਮੁੱਦਿਆਂ ਤੋਂ ਬਹੁਤ ਪਿੱਛੇ ਸਨ।

ਇਹ ਵੀ ਪੜ੍ਹੋ:

ਅਕਾਲੀ ਦਲ ਅਤੇ ਕਾਂਗਰਸ ਦੇ ਲੀਡਰਾਂ ਦੇ ਇਸ ਐਲਾਨ ਦਾ ਏਜੰਡਾ ਇੱਕ-ਦੂਜੇ ਦੇ ਮਜ਼ਬੂਤ ਹਲਕਿਆਂ ਵਿੱਚ ਜਾ ਕੇ ਸ਼ਕਤੀ ਪ੍ਰਦਰਸ਼ਨ ਕਰਨ ਦਾ ਹੈ।

ਅਕਾਲੀ ਦਲ ਦੀ ਰੈਲੀ ਪਟਿਆਲਾ ਵਿੱਚ (ਜੋ ਕਿ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮਜ਼ਬੂਤ ਗੜ੍ਹ ਹੈ) ਅਤੇ ਕਾਂਗਰਸ ਦੀ ਰੈਲੀ ਲੰਬੀ ਵਿੱਚ ( ਜੋ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮਜ਼ਬੂਤ ਗੜ੍ਹ ਹੈ)। ਇਸ ਰੈਲੀ ਦਾ ਐਲਾਨ ਉਦੋਂ ਹੋਇਆ ਜਦੋਂ ਸੂਬਾ ਪੂਰੀ ਤਰ੍ਹਾਂ ਸ਼ਾਸਨ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ।

ਰੈਲੀਆਂ ਦਾ ਮਕਸਦ

ਸੱਤਾਧਾਰੀ ਪਾਰਟੀ ਨੂੰ ਇਸ ਦਲਦਲ ਵਿੱਚੋਂ ਬਾਹਰ ਨਿਕਲਣ ਲਈ ਪੂਰਾ ਧਿਆਨ ਦੇਣ ਅਤੇ ਵਿਰੋਧੀ ਪਾਰਟੀਆਂ ਦੇ ਸਮਰਥਨ ਦੀ ਲੋੜ ਹੈ। ਜ਼ਮੀਨੀ ਪੱਧਰ 'ਤੇ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੋਵੇਂ ਹੀ ਜਨਤਾ ਦੇ ਭਰੋਸੇ ਦੀ ਕਮੀ ਨਾਲ ਜੂਝ ਰਹੀਆਂ ਹਨ।

ਕਾਂਗਰਸ ਵੱਲੋਂ ਬਾਦਲ ਦੇ ਹਲਕੇ ਵਿੱਚ ਰੈਲੀ ਕਰਨ ਦੇ ਐਲਾਨ ਦਾ ਮਕਸਦ ਅਕਾਲੀ ਦਲ ਨੂੰ ਉਨ੍ਹਾਂ ਦੇ ਗੜ੍ਹ ਵਿੱਚ ਬੇਅਦਬੀ ਦੇ ਮੁੱਦੇ ਉੱਤੇ ਘੇਰਨਾ ਹੈ।

ਦੂਜੇ ਪਾਸੇ ਅਕਾਲੀ ਦਲ ਦੇ ਰੈਲੀ ਕਰਨ ਦੇ ਐਲਾਨ ਦਾ ਮਕਸਦ ਕੈਪਟਨ ਸਰਕਾਰ ਨੂੰ ਉਸੇ ਦੇ ਗੜ੍ਹ ਵਿੱਚ ਉਨ੍ਹਾਂ ਵੱਲੋਂ ਚੋਣਾਂ ਵਿੱਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਹੋਣਾ ਅਤੇ ਸੂਬੇ ਵਿੱਚ ਮਾੜੇ ਸ਼ਾਸਨ ਨੂੰ ਗਿਣਵਾਉਣਾ ਹੈ।

ਇਹ ਦਰਸਾਉਂਦਾ ਹੈ ਕਿ ਦੋਵਾਂ ਪਾਰਟੀਆਂ ਵੱਲੋਂ ਏਜੰਡੇ ਦਾ ਵਟਾਂਦਰਾ ਕੀਤਾ ਜਾ ਰਿਹਾ ਹੈ ਜਿਵੇਂ ਕਾਂਗਰਸ ਧਾਰਮਿਕ ਮੁੱਦਿਆਂ 'ਤੇ ਰਾਗ ਅਲਾਪ ਰਹੀ ਹੈ ਤੇ ਆਪਣਾ ਬਚਾਅ ਕਰਦੀ ਅਕਾਲੀ ਦਲ ਧਾਰਮਿਕ ਮੁੱਦਿਆਂ ਤੋਂ ਹਟ ਕੇ ਗੱਲ ਕਰ ਰਹੀ ਹੈ।

ਸੱਤਾਧਾਰੀ ਕਾਂਗਰਸ ਸਰਕਾਰ ਨੇ ਜਦੋਂ ਦਾ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਮੁੱਦਾ ਸਿਆਸਤ ਵਿੱਚ ਲਿਆਂਦਾ ਹੈ ਉਦੋਂ ਦਾ 70 ਅਤੇ 80 ਦੇ ਦਹਾਕੇ ਦਾ ਕਾਲਾ ਦੌਰ ਯਾਦ ਆ ਰਿਹਾ ਹੈ।

ਇਹ ਵੀ ਪੜ੍ਹੋ:

ਕਿਸੇ ਨੂੰ ਵੀ ਦੇਖ ਕੇ ਅਜਿਹਾ ਨਹੀਂ ਲੱਗ ਰਿਹਾ ਕਿ ਕੋਈ ਵੀ ਸਿਆਸੀ ਪਾਰਟੀ ਸਮਾਜਿਕ-ਰਾਜਨੀਤਿਕ ਉਥਲ-ਪੁਥਲ ਦੀਆਂ ਜੜ੍ਹਾਂ ਦਾ ਕਾਰਨ ਲੱਭਣ ਵਿੱਚ ਸਮਰੱਥ ਹੈ ਜਾਂ ਦਿਲਚਸਪੀ ਰੱਖਦੀ ਹੈ।

ਇਨ੍ਹਾਂ ਪਾਰਟੀਆਂ ਦਾ ਅੰਤਿਮ ਟੀਚਾ ਇੱਕੋ ਜਿਹਾ ਹੀ ਲੱਗਦਾ ਹੈ। ਦੋਵੇਂ ਵਿਰੋਧੀਆਂ ਨੂੰ ਬਦਨਾਮ ਕਰਨ ਅਤੇ ਨੀਵਾਂ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਤਾਂ ਜੋ ਪੰਜਾਬ ਵਿੱਚ ਜਿਹੜੇ ਹਾਲਾਤ ਬਣੇ ਹਨ ਉਸਦਾ ਸਭ ਤੋਂ ਵੱਧ ਸਿਆਸੀ ਫਾਇਦਾ ਉਹ ਲੈ ਸਕਣ।

ਪੁਰਾਣੀ ਸਰਕਾਰ ਦੇ ਨਕਸ਼ੇ ਕਦਮ 'ਤੇ ਕਾਂਗਰਸ

ਮੌਜੂਦਾ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਨਿਰਾਸ਼ਾਵਾਦ ਵਧ ਰਿਹਾ ਹੈ ਅਤੇ ਕੋਈ ਵੀ ਸੂਬੇ ਵਿੱਚ ਨਹੀਂ ਰਹਿਣਾ ਚਾਹੁੰਦਾ।

ਬੇਅਦਬੀ ਵਰਗੇ ਮੁੱਦਿਆਂ ਉੱਤੇ ਅਕਾਲੀ ਦਲ ਨੂੰ ਘੇਰਨ ਲਈ ਸੱਤਾਧਾਰੀ ਪਾਰਟੀ ਵੱਲੋਂ ਲੰਬੀ ਵਿੱਚ ਰੈਲੀ ਕਰਨ ਦਾ ਮਕਸਦ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਕਲੀਨ ਸਵੀਪ ਕਰਨ ਦੀ ਤਿਆਰੀ ਹੈ।

ਇਸ ਤੋਂ ਇਲਾਵਾ ਇਸਦਾ ਸਿਆਸੀ ਉਦੇਸ਼ ਨਾ ਸਿਰਫ਼ ਅਕਾਲੀ ਦਲ ਨੂੰ ਉਨ੍ਹਾਂ ਦੇ ਮਜ਼ਬੂਤ ਗੜ੍ਹ ਵਿੱਚ ਨੀਵਾਂ ਦਿਖਾਉਣਾ ਹੈ ਸਗੋਂ ਬਾਦਲਾਂ ਵੱਲੋਂ 10 ਸਾਲ ਦੇ ਕਾਰਜਕਾਲ ਵਿੱਚ ਪੰਜਾਬ 'ਚ ਜੋ ਕੀਤਾ ਗਿਆ, ਉਸ ਖ਼ਿਲਾਫ਼ ਵੀ ਆਵਾਜ਼ ਚੁੱਕਣਾ ਹੈ।

2007 ਤੋਂ ਬਾਅਦ ਸੱਤਾ ਵਿੱਚ ਵਾਪਸੀ ਕਰਨ ਤੋਂ ਬਾਅਦ ਵੀ ਪਾਰਟੀ ਦਾ ਏਜੰਡਾ ਬਦਲਿਆ ਨਹੀਂ ਹੈ। ਜ਼ਮੀਨੀ ਪੱਧਰ ਉੱਤੇ ਕੁਝ ਵੀ ਨਹੀਂ ਬਦਲਿਆ। ਸੰਸਥਾਗਤ ਭ੍ਰਿਸ਼ਟਾਚਾਰ ਜਿਵੇਂ ਰੇਤ, ਸ਼ਰਾਬ, ਟਰਾਂਸਪੋਰਟ, ਰੈਵੀਨਿਊ, ਪੁਲਿਸ- ਸਭ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ।

ਸਿਆਸਤ ਅਤੇ ਅਫ਼ਸਰਸ਼ਾਹੀ ਦਾ ਜੋੜ ਬਰਕਰਾਰ ਰਿਹਾ ਕਿਉਂਕਿ 2017 ਦੀਆਂ ਚੋਣਾਂ ਵਿੱਚ ਕੀਤੇ ਗਏ ਆਮ ਜਨਤਾ ਨਾਲ ਵਾਅਦਿਆਂ ਨੂੰ ਪੂਰਾ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਹਨ।

ਪਿਛਲੇ ਡੇਢ ਸਾਲ ਵਿੱਚ ਸਰਕਾਰ ਕਈ ਵੱਡੇ ਮੁੱਦਿਆਂ ਉੱਤੇ ਫੇਲ੍ਹ ਹੋਈ ਹੈ। ਮੌਜੂਦਾ ਸਰਕਾਰ ਵੀ ਪਿਛਲੀ ਸਰਕਾਰ ਦੇ ਨਕਸ਼ੇ-ਕਦਮਾਂ ਉੱਤੇ ਚਲਦੀ ਹੋਈ ਵਿਖਾਈ ਦੇ ਰਹੀ ਹੈ।

ਸੂਬੇ ਵਿੱਚ ਮੌਜੂਦਾ ਹਾਲਾਤ ਅਜਿਹੇ ਹਨ ਜਿੱਥੇ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਾਉਮੀਦ ਜਨਤਾ ਨਸ਼ੇ ਨਾਲ ਮਰ ਰਹੀ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਬੇਰੁਜ਼ਗਾਰੀ ਵਧ ਰਹੀ ਹੈ, ਚੀਜ਼ਾਂ ਦੀਆਂ ਕੀਮਤਾਂ ਵਧ ਰਹੀਆਂ ਹਨ, ਗੈਂਗ-ਵਾਰ ਲਗਾਤਾਰ ਚੱਲ ਰਹੀਆਂ ਹਨ।

ਸ਼ਾਸਕਾਂ, ਛੋਟੇ ਸਿਆਸਤਦਾਨਾਂ, ਸਿਆਸੀ ਕਠੋਰਤਾ, ਸਿਆਸੀ ਬਦਲਾਖੋਰੀ, ਲਗਾਤਾਰ ਵਧ ਰਹੇ ਲਾਲਚ ਅਤੇ ਨੈਤਿਕ ਤੌਰ 'ਤੇ ਭ੍ਰਿਸ਼ਟ ਅਗਵਾਈ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਪਹੁੰਚਾ ਦਿੱਤਾ ਹੈ।

ਇਹ ਵੀ ਪੜ੍ਹੋ:

ਜੇ ਪੰਜਾਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਬਹੁਤ ਵੀ ਗੌਰਵ ਵਾਲਾ ਰਿਹਾ ਹੈ। ਕਈ ਸਮਾਜਿਕ ਬੁਰਾਈਆਂ ਦਾ ਅੰਤ ਪੰਜਾਬ ਦੀ ਧਰਤੀ 'ਤੇ ਹੋਇਆ।

ਭਾਵੇਂ ਉਹ ਸੁਤੰਤਰਤਾ ਸੰਗ੍ਰਾਮ ਹੋਵੇ ਜਾਂ ਆਜ਼ਾਦੀ ਤੋਂ ਬਾਅਦ ਦੇਸ ਦੀ ਅਰਥਵਿਵਸਥਾ ਦਾ ਸੁਧਾਰ ਕਰਨਾ ਹੋਵੇ। ਪੰਜਾਬ ਸੂਰਬੀਰਾਂ ਦੀ ਧਰਤੀ ਸੀ ਜਿੱਥੋਂ ਖੇਡ ਜਗਤ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨਿਕਲੀਆਂ। ਪਰ ਨਸ਼ੇ ਦੀ ਲਤ, ਗਰੀਬੀ ਅਤੇ ਕਈ ਹੋਰ ਕਾਰਨਾਂ ਕਰਕੇ ਪੰਜਾਬ ਦਾ ਨੌਜਵਾਨ ਵਿਕਸਿਤ ਦੇਸਾਂ ਦਾ ਰੁਖ ਕਰ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)