ਬਾਦਲਾਂ ਨੂੰ ਪੰਥ 'ਚੋਂ ਛੇਕਣ ਲਈ ਅਕਾਲ ਤਖਤ 'ਤੇ ਸਿੱਧੂ ਨੇ ਕੀ ਦਿੱਤੀਆਂ ਦਲੀਲਾਂ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਿੱਖਾਂ ਦੀ ਸਰਬਉੱਚ ਸੰਸਥਾ ਅਕਾਲ ਤਖ਼ਤ ਨੂੰ ਅਪੀਲ ਕੀਤੀ ਹੈ ਕਿ ਬਾਦਲਾਂ ਨੂੰ ਸਿੱਖ ਪੰਥ ਚੋ ਛੇਕਿਆ ਜਾਵੇ।

ਉਨ੍ਹਾਂ ਇਹ ਬੇਨਤੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥ 'ਚੋ ਛੇਕਣ ਕੱਢਣ ਲਈ ਕੀਤੀ ਹੈ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਗ਼ੈਰ-ਹਾਜ਼ਰੀ 'ਚ ਸਿੱਧੂ ਨੇ ਇਸ ਬਾਬਤ ਬੰਦ ਲਿਫ਼ਾਫ਼ੇ 'ਚ ਮੈਮੋਰੈਂਡਮ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਜਮ੍ਹਾਂ ਕਰਵਾਇਆ।

ਬਠਿੰਡਾ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਦੀ ਅਪੀਲ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ, ' ਮੈਂਟਲ ਬੰਦੇ ਬਾਰੇ ਮੈਂ ਕੁਝ ਨਹੀਂ ਕਹਿੰਦਾ, ਉਹ ਪਾਗਲ ਹੋਇਆ ਹੈ'।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਨਾਲ ਲੈ ਕੇ ਮੈਮੋਰੈਂਡਮ ਮੀਡੀਆ ਸਾਹਮਣੇ ਰਿਲੀਜ਼ ਕੀਤਾ।

ਡੇਰੇ ਨਾਲ ਬਾਦਲਾਂ ਦੀ ਗੰਢਤੁੱਪ

ਮੀਡੀਆ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ, ''ਦੋਵੇਂ ਪਿਉ-ਪੁੱਤਾਂ ਨੇ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਹਾਇਤਾ ਕਰਦਿਆਂ ਅਕਾਲ ਤਖ਼ਤ ਤੋਂ ਮਾਫ਼ੀ ਦੁਆਈ।''

ਨਵਜੋਤ ਸਿੰਘ ਸਿੱਧੂ ਇਸ ਮਾਮਲੇ 'ਚ ਨਿੱਜੀ ਤੌਰ 'ਤੇ ਬਤੌਰ ਸਿੱਖ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਮੰਗ ਪੱਤਰ ਸੌਂਪਿਆ।

ਆਪਣੇ ਮੰਗ ਪੱਤਰ 'ਚ ਉਨ੍ਹਾਂ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨੇ ਡੇਰਾ ਮੁਖੀ ਤੋਂ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਉਮੀਦਵਾਰਾਂ ਦੇ ਹੱਕ 'ਚ ਵੋਟਾਂ ਪੁਆਉਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ ।

ਸਿੱਧੂ ਨੇ ਅੱਗੇ ਦੋਸ਼ ਲਗਾਉਂਦਿਆਂ ਕਿਹਾ ਕਿ ਬਾਦਲਾਂ ਨੇ ਉਨ੍ਹਾਂ ਡੇਰਾ ਸਮਰਥਕਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜੋ ਬੇਅਦਬੀ ਮਾਮਲਿਆਂ 'ਚ ਸ਼ਾਮਿਲ ਸਨ।

ਇਹ ਵੀ ਪੜ੍ਹੋ:

ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਬੰਧੀ ਬਾਦਲਾਂ ਅਤੇ ਸਿਰਸਾ ਡੇਰਾ ਮੁਖੀ ਵਿਚਾਲੇ ਸਮਝੌਤਾ ਹੋਇਆ ਸੀ।

ਬਾਦਲ ਨੇ ਪਾਇਆ ਜਥੇਦਾਰਾਂ 'ਤੇ ਦਬਾਅ

ਸਿੱਧੂ ਨੇ ਅੱਗੇ ਕਿਹਾ ਕਿ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੁੱਖ ਮੰਤਰੀ ਆਵਾਸ ਚੰਡੀਗੜ੍ਹ ਵਿਖੇ ਸੱਦਿਆ ਅਤੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਾਫ਼ੀ ਦੇਣ ਲਈ ਦਬਾਅ ਪਾਇਆ।

ਸਿੱਧੂ ਨੇ ਮੀਡੀਆ ਨੂੰ ਮੁਖ਼ਾਤਿਬ ਹੁੰਦੇ ਅੱਗੇ ਕਿਹਾ ਕਿ ਡੇਰਾ ਮੁਖੀ ਨੂੰ 2015 ਵਿੱਚ ਮਾਫ਼ੀ ਦਿੱਤੀ ਗਈ ਅਤੇ ਅਗਲੇ ਹੀ ਦਿਨ ਉਸਦੀ ਫ਼ਿਲਮ ਐਮਐਸਜੀ-2 ਪੰਜਾਬ ਵਿੱਚ ਰਿਲੀਜ਼ ਹੋਈ, ਜਿਸ ਨੇ 104 ਕਰੋੜ ਦਾ ਬਿਜ਼ਨਸ ਕੀਤਾ।

ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਨੂੰ ਸੁਖਬੀਰ ਸਿੰਘ 'ਇੰਸਾ' ਕਹਿ ਕੇ ਸੰਬੋਧਨ ਕੀਤਾ।

ਇਹ ਹੀ ਨਹੀਂ ਉਨ੍ਹਾਂ ਬੇਅਦਬੀ ਮੁੱਦੇ ਬਾਬਤ ਨਵਜੋਤ ਸਿੰਘ ਸਿੱਧੂ ਨੂੰ ਅਹਿਮ ਕਦਮ ਚੁੱਕਣ ਅਤੇ ਡੇਰਾ ਮੁਖੀ ਨੂੰ ਮਾਫ਼ੀ ਦੇਣ ਸਬੰਧੀ ਬਾਦਲਾਂ ਨੂੰ ਬੇਨਕਾਬ ਕਰਨ ਲਈ ਸ਼ਾਬਾਸ਼ੀ ਦਿੱਤੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।