ਹਰਿਆਣਾ ਗੈਂਗਰੇਪ ਮਾਮਲਾ: ਪੁਲਿਸ ਨੇ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ

ਰੇਵਾੜੀ ਗੈਂਗਰੇਪ ਮਾਮਲੇ 'ਚ ਪੁਲਿਸ ਦੀ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਨੇ ਤਿੰਨ ਮੁੱਖ ਮੁਲਜ਼ਮ ਵਿੱਚੋਂ ਇੱਕ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ।

ਇੱਕ ਪ੍ਰੈਸ ਵਾਰਤਾ ਵਿੱਚ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਦੀ ਮੁੱਖੀ ਅਤੇ ਮੇਵਾਤ ਦੀ ਐਸ ਪੀ ਨਾਜ਼ਨੀਨ ਭਸੀਨ ਨੇ ਕਿਹਾ ਕਿ ਪੁਲਿਸ ਨੇ ਨੀਸ਼ੂ ਨਾਂ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਤੋਂ ਇਲਾਵਾ, ਪੁਲਿਸ ਨੇ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਨਾਂ ਵਿੱਚ ਸ਼ਾਮਿਲ ਹਨ ਦੀਨ ਦਿਆਲ ਜਿਸ ਦੇ ਟਿਊਬਵੈਲ 'ਤੇ ਕੁੜੀ ਦਾ ਰੇਪ ਹੋਇਆ ਅਤੇ ਸਨਜੀਵ ਜੋ ਇੱਕ ਡਾਕਟਰ ਹੈ।

ਇਹ ਵੀ ਪੜ੍ਹੋ:

ਜਦੋਂ ਮੁੱਖ ਮੰਤਰੀ ਨੇ ਕੀਤਾ ਗੁੱਸਾ

ਰੇਵਾੜੀ ਗੈਂਗਰੇਪ ਮਾਮਲੇ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੇ ਡੀਜੀਪੀ ਬੀ ਐਸ ਸੰਧੂ ਨੂੰ ਗੈਂਗਰੇਪ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਕਰਨ ਦੇ ਹੁਕਮ ਦਿੱਤੇ ਹਨ।

ਇਸ ਤੋਂ ਪਹਿਲਾਂ ਸਵੱਛਤਾ ਨਾਲ ਜੁੜੇ ਇੱਕ ਪ੍ਰੋਗਰਾਮ ਤੋਂ ਬਾਅਦ ਪੰਜਾਬ ਵਿੱਚ ਪੱਤਰਕਾਰਾਂ ਨੇ ਜਦੋਂ ਰੇਵਾੜੀ ਗੈਂਗਰੇਪ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਬਤ ਖੱਟਰ ਨੂੰ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕੋਈ ਸਾਫ ਜਵਾਬ ਨਹੀਂ ਦਿੱਤਾ।

ਇਹ ਪੁੱਛੇ ਜਾਣ 'ਤੇ ਕਿ ਇੰਨੇ ਘੱਟੇ ਬੀਤ ਗਏ ਹਨ ਅਜੇ ਤੱਕ ਦੋਸ਼ੀ ਗ੍ਰਿਫ਼ਤਾਰ ਕਿਉਂ ਨਹੀਂ ਹੋ ਸਕੇ, ਖੱਟਰ ਨੇ ਸਵੱਛਤਾ 'ਤੇ ਗੱਲ ਕੀਤੀ ਅਤੇ ਫ਼ਿਰ ਕਿਹਾ ਕਿ ਇਸ ਤੋਂ ਬਾਅਦ ਜੇ ਕੋਈ ਸਵਾਲ ਹਨ ਤਾਂ ਮੈਂ ਉਨ੍ਹਾਂ ਦੇ ਜਵਾਬ ਹਰਿਆਣਾ ਵਿੱਚ ਜਾ ਕੇ ਦੇਵਾਂਗਾ।

ਖੱਟਰ ਦੇ ਇਸ ਰਵੀਈਏ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀ ਹੈ।

ਇਸ ਤੋਂ ਪਹਿਲਾਂ ਖੱਟਰ ਪੰਜਾਬ ਦੇ ਪਠਾਨਕੋਟ ਅਤੇ ਜਲੰਧਰ ਵਿੱਚ ਕਈ ਪ੍ਰੋਗਰਾਮਾਂ 'ਚ ਸ਼ਾਮਿਲ ਹੋਣ ਗਏ ਸਨ, ਪਰ ਚੰਡੀਗੜ੍ਹ ਮੁੜ ਪਰਤੇ ਅਤੇ ਹਰਿਆਣਾ ਡੀਜੀਪੀ ਨੂੰ ਤਲਬ ਕਰਕੇ ਰੇਵਾੜੀ ਗੈਂਗਰੇਪ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਲਈ ਹੁਕਮ ਦਿੱਤੇ।

ਐਸ ਪੀ ਦਾ ਤਬਾਦਲਾ

ਹਰਿਆਣਾ ਸਰਕਾਰ ਨੇ ਰੇਵਾੜੀ ਦੀ ਐਸ ਪੀ ਰਾਜੇਸ਼ ਦੁੱਗਲ ਦਾ ਤਬਾਦਲਾ ਕਰ ਦਿੱਤਾ ਹੈ।

ਉਨ੍ਹਾਂ ਦੀ ਥਾਂ ਰਾਹੁਲ ਸ਼ਰਮਾ ਹੁਣ ਰੇਵਾੜੀ ਦੇ ਨਵੇਂ ਐਸ ਪੀ ਹੋਣਗੇ।

ਰਾਹੁਲ ਸ਼ਰਮਾ ਇਸ ਤੋਂ ਪਹਿਲਾ ਐਸ ਪੀ (ਸਿਕਓਰਟੀ) ਸਨ।

''ਚੈੱਕ ਨਹੀਂ, ਇਨਸਾਫ਼ ਚਾਹੀਦਾ ਹੈ''

ਰੋਹਤਕ ਤੋਂ ਬੀਬੀਸੀ ਪੰਜਾਬੀ ਲਈ ਪੱਤਰਕਾਰ ਸਤ ਸਿੰਘ ਮੁਤਾਬਕ ਰਿਵਾੜੀ ਗੈਂਗਰੇਪ ਪੀੜਤਾ ਦੀ ਮਾਂ ਨੇ ਸਰਕਾਰ ਵੱਲੋਂ ਦਿੱਤਾ ਗਿਆ ਦੋ ਲੱਖ ਰੁਪਏ ਦਾ ਚੈੱਕ ਵਾਪਿਸ ਕਰ ਦਿੱਤਾ ਹੈ।

ਪੀੜਤਾ ਦੀ ਮਾਂ ਨੇ ਕਿਹਾ, ''ਚੈੱਕ ਨਹੀਂ, ਇਨਸਾਫ਼ ਚਾਹੀਦਾ ਹੈ।''

ਇਹ ਵੀ ਪੜ੍ਹੋ:

''ਮੇਰੀ ਧੀ ਦੀ ਇੱਜ਼ਤ ਦੀ ਕੀਮਤ ਲਗਾ ਰਹੀ ਹੈ ਸਰਕਾਰ, ਉਸਨੂੰ ਸਹੀ ਇਲਾਜ ਤੱਕ ਨਹੀਂ ਮਿਲ ਰਿਹਾ।''

ਉਨ੍ਹਾਂ ਅੱਗੇ ਕਿਹਾ, ''ਡਿਪਰੈਸ਼ਨ ਦੀ ਗੱਲ ਕਹਿ ਕੇ ਧੀ ਨੂੰ ਮਿਲਣ ਤੱਕ ਨਹੀਂ ਦੇ ਰਹੇ ਡਾਕਟਰ''

ਕੀ ਸੀ ਮਾਮਲਾ?

ਕੋਚਿੰਗ ਸੈਂਟਰ ਜਾ ਰਹੀ ਇੱਕ ਕੁੜੀ ਨਾਲ ਬੁੱਧਵਾਰ ਨੂੰ ਹਰਿਆਣਾ ਦੇ ਰੇਵਾੜੀ ਵਿੱਚ ਬਲਾਤਕਾਰ ਦੀ ਘਟਨਾ ਵਾਪਰੀ।

ਪੁਲਿਸ ਨੇ ਜ਼ੀਰੋ ਐਫ਼ਆਈਆਰ ਦਰਜ ਕੀਤੀ ਸੀ।

ਦੂਜੇ ਦਿਨ ਇਹ ਮਾਮਲਾ ਮਹਿੰਦਰਗੜ੍ਹ ਜ਼ਿਲ੍ਹੇ ਵਿਚ ਪੁਲਿਸ ਨੂੰ ਤਬਦੀਲ ਕੀਤਾ ਗਿਆ।

ਸ਼ੁੱਕਰਵਾਰ ਨੂੰ ਪੁਲਿਸ ਨੇ ਲੜਕੀ ਦੇ ਧਾਰਾ 164 ਤਹਿਤ ਬਿਆਨ ਦਰਜ ਕੀਤੇ ਹਨ।

ਸ਼ਨੀਵਾਰ ਨੂੰ ਐਸ ਪੀ ਨਾਜ਼ਰੀਨ ਭਸੀਨ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕੀ ਕਹਿੰਦੇ ਹਨ ਸਰਕਾਰੀ ਅੰਕੜੇ?

ਹਰਿਆਣਾ ਦੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਕਾਂਗਰਸ ਦੇ ਮੀਡੀਆ ਪਰਭਾਰੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਸੂਬੀ ਸ਼ਰਮਸਾਰ ਹੈ।

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਸਰਕਾਰ ਦੁਆਰਾ ਦਿੱਤੇ ਅੰਕੜਿਆਂ ਮੁਤਾਬਕ, ਸਤੰਬਰ 2014 ਤੋਂ ਅਗਸਤ 2015 ਵਿਚਕਾਰ 961 ਰੇਪ ਦੀਆਂ ਘਟਨਾਵਾਂ ਹੋਈਆਂ। ਸਤੰਬਰ 2015 ਤੋਂ ਅਗਸਤ 2016 ਵਿੱਚ ਇਹ ਵਧ ਕੇ 1026 ਹੋ ਗਈਆਂ। ਸਤੰਬਰ 2017 ਤੋਂ ਜੂਨ 2018 ਤਕ, 1413 ਰੇਪ ਦੀਆਂ ਘਟਨਾਵਾਂ ਹਰਿਆਣੇ ਵਿੱਚ ਹੋਈਆਂ।

ਸੁਰਜੇਵਾਲਾ ਨੇ ਕਿਹਾ ਕਿ ਨੈਸ਼ਨਲ ਕਰਾਈਮ ਰਿਕਾਰਡਸ ਬਿਓਰੋ ਮੁਤਾਬਕ, ਸੂਬੇ ਵਿੱਚ 2016 'ਚ 1198 ਬਲਾਤਕਾਰ ਦੇ ਮਾਮਲੇ, 191 ਗੈਂਗਰੇਪ ਅਤੇ 4019 ਅਗਵਾ ਕਰਨ ਦੇ ਮਾਮਲਿਆਂ ਵਿੱਚ ਕੇਸ ਦਰਜ ਕੀਤੇ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।