ਯੂਕੇ 'ਚ ਭਾਰਤੀ ਪਰਿਵਾਰ ਦੇ ਘਰ ਨੂੰ ਲਾਈ ਅੱਗ

    • ਲੇਖਕ, ਗਗਨ ਸਭਰਵਾਲ
    • ਰੋਲ, ਪੱਤਰਕਾਰ, ਬੀਬੀਸੀ

ਡਿਜੀਟਲ ਕੰਸਲਟੈਂਟ ਮਯੂਰ ਕਾਰਲੇਕਰ, ਉਨ੍ਹਾਂ ਦੀ ਪਤਨੀ ਰਿਤੂ ਅਤੇ 9 ਤੇ 15 ਸਾਲ ਦੇ ਦੋ ਬੱਚੇ ਤਿੰਨ ਬੈੱਡਰੂਮ ਵਾਲੇ ਆਪਣੇ ਘਰ ਵਿੱਚ ਸੌਂ ਰਹੇ ਸਨ ਕਿ ਅਚਾਨਕ ਘਰ ਵਿਚ ਅੱਗ ਲਗ ਗਈ।

ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਜਗਾ ਦਿੱਤਾ। ਉਨ੍ਹਾਂ ਨੇ ਦੱਖਣ-ਪੂਰਬੀ ਲੰਡਨ ਦੇ ਬੋਰਕਵੁੱਡ ਪਾਰਕ ਖੇਤਰ ਸਥਿਤ ਘਰ ਦੇ ਬਾਹਰ ਅੱਗ-ਬੁਝਾਊ ਦਸਤੇ ਨੂੰ ਮੌਕੇ 'ਤੇ ਬੁਲਾਇਆ।

ਬੀਬੀਸੀ ਮਰਾਠੀ ਨਾਲ ਗੱਲਬਾਤ ਕਰਦਿਆਂ ਕਾਰਲੇਕਰ ਜੋ ਕਿ ਪਹਿਲਾਂ ਮੁੰਬਈ ਰਹਿੰਦੇ ਸਨ, ਨੇ ਕਿਹਾ, "ਇਹ ਸਾਡੇ ਲਈ ਬਹੁਤ ਡਰਾਉਣੇ ਪਲ ਸਨ। ਅੱਗ ਬੁਝਾਊ ਦਸਤੇ ਨੇ ਦੱਸਿਆ ਕਿ ਇਹ ਅੱਗ ਸਿਗਰਟ ਕਾਰਨ ਨਹੀਂ ਲੱਗੀ ਸਗੋਂ ਕਿਸੇ ਨੇ ਜਾਣਬੁੱਝ ਕੇ ਘਰ ਨੂੰ ਲਾਈ ਸੀ। ਇਸ ਕਾਰਨ ਅਸੀਂ ਹੋਰ ਸਹਿਮ ਗਏ ਹਾਂ।"

ਇਹ ਵੀ ਪੜ੍ਹੋ:

ਬੀਤੇ ਸ਼ਨਿਚਰਵਾਰ ਨੂੰ ਵਾਪਰੇ ਇਸ ਹਾਦਸੇ ਦੀ ਜਾਂਚ ਯੂਕੇ ਦੀ ਮੈਟਰੋਪੋਲੀਟਨ ਪੁਲਿਸ ਕਰ ਰਹੀ ਹੈ।

ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਨਸਲੀ ਹਮਲੇ ਦੇ ਤੌਰ 'ਤੇ ਕਰ ਰਹੇ ਹਨ। ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਜਾਂਚ ਜਾਰੀ ਹੈ।

ਸੀਸੀਟੀਵੀ ਵਿੱਚ ਨੌਜਵਾਨ

ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ 4-5 ਨੌਜਵਾਨ ਜਿਨ੍ਹਾਂ ਨੇ ਟੋਪੀਆਂ ਪਾਈਆਂ ਹੋਈਆਂ ਹਨ, ਕਾਰਲੇਕਰ ਦੇ ਘਰ ਦੇ ਬਾਹਰ ਵਾੜ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਹਨ।

ਕਾਰਲੇਕਰ ਜੋ ਕਿ ਭਾਰਤੀ ਮੂਲ ਦੇ ਹਨ, ਪਿਛਲੇ 20 ਸਾਲਾਂ ਤੋਂ ਯੂਕੇ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਮਲੇ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ ਅਤੇ ਉਹ ਇਹ ਵੀ ਨਹੀਂ ਸਮਝ ਪਾ ਰਹੇ ਹਨ ਕਿ ਇਹ ਨਸਲੀ ਹਮਲਾ ਹੈ ਜਾਂ ਨਹੀਂ।

44 ਸਾਲਾ ਕਾਰਲੇਕਰ ਦਾ ਕਹਿਣਾ ਹੈ, ''ਅਸੀਂ ਕਦੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਅਤੇ ਸਾਰੀ ਉਮਰ ਹੋਰਨਾਂ ਦੀ ਹੀ ਮਦਦ ਕੀਤੀ ਹੈ। ਮੈਂ ਖੁਦ ਵਿਸ਼ੇਸ਼ ਪੁਲਿਸ ਵਿੱਚ ਮਰਜ਼ੀ ਨਾਲ ਬਿਨਾਂ ਤਨਖਾਹ ਕੰਮ ਕਰ ਰਿਹਾ ਸੀ। ਇਸ ਤਰ੍ਹਾਂ ਦੇ ਹਮਲੇ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ ਹੈ।"

ਤਸਵੀਰਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਕਾਰਲੇਕਰ ਦੇ ਘਰ ਦੇ ਬਾਹਰ ਕਿੰਨਾ ਨੁਕਸਾਨ ਹੋਇਆ ਹੈ।

ਪੁਲਿਸ ਦੀ ਕਾਰਵਾਈ 'ਤੇ ਸਵਾਲ

ਹਾਲਾਂਕਿ ਕਾਰਲੇਕਰ ਨੇ ਮੈਟ ਪੁਲਿਸ ਵੱਲੋਂ 32 ਘੰਟੇ ਦੇਰੀ ਨਾਲ ਜਾਂਚ ਸ਼ੁਰੂ ਕਰਨ 'ਤੇ ਨਾਰਾਜ਼ਗੀ ਪ੍ਰਗਟਾਈ ਹੈ।

"ਪੁਲਿਸ ਇਸ ਮਾਮਲੇ ਦੀ ਜਾਂਚ ਪਹਿਲ ਦੇ ਆਧਾਰ 'ਤੇ ਨਹੀਂ ਕਰ ਰਹੀ ਹੈ। ਜਦੋਂ ਤੱਕ ਭਾਈਚਾਰੇ ਜਾਂ ਦੇਸ ਵਿੱਚ ਕਿਸੇ ਦੀ ਮੌਤ ਨਹੀਂ ਹੋ ਜਾਂਦੀ ਮਾਮਲੇ ਨੂੰ ਕੋਈ ਪਹਿਲ ਨਹੀਂ ਦਿੱਤੀ ਜਾਂਦੀ ਅਤੇ ਇਹ ਵੱਡਾ ਮਾਮਲਾ ਨਹੀਂ ਬਣਦਾ। ਇਹ ਗਲਤ ਹੈ।"

ਕਾਰਲੇਕਰ ਨੇ ਕਿਹਾ, "ਇਹ ਇਸ ਖੇਤਰ ਵਿੱਚ ਦੂਜਾ ਵੱਡਾ ਮਾਮਲਾ ਹੈ। ਪਹਿਲਾ ਮਾਮਲਾ ਲੁੱਟਮਾਰ ਦਾ ਸੀ ਪਰ ਸਾਨੂੰ ਲਗਦਾ ਹੈ ਕਿ ਅਜਿਹੀਆਂ ਵਾਰਦਾਤਾਂ ਹੋਰ ਵੀ ਹੋ ਰਹੀਆਂ ਹਨ ਪਰ ਉਨ੍ਹਾਂ ਨੂੰ ਰਿਪੋਰਟ ਨਹੀਂ ਕੀਤਾ ਜਾ ਰਿਹਾ।"

"ਅਸੀਂ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਆਪਣੀ ਆਵਾਜ਼ ਚੁੱਕਣ। ਜਦੋਂ ਤੱਕ ਅਸੀਂ ਕੁਝ ਕਰਾਂਗੇ ਨਹੀਂ ਉਦੋਂ ਤੱਕ ਅਸੀਂ ਇਨ੍ਹਾਂ ਲੋਕਾਂ ਨੂੰ ਰੋਕ ਨਹੀਂ ਸਕਾਂਗੇ।"

ਇਸੇ ਸਾਲ ਜਾਰੀ ਕੀਤੇ ਸਰਕਾਰੀ ਅੰਕੜਿਆਂ ਮੁਤਾਬਕ ਯੂਕੇ ਵਿੱਚ ਨਸਲੀ ਹਮਲੇ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ ਖਾਸ ਕਰਕੇ 2016 ਦੇ ਰੈਫ਼ਰੈਂਡਮ ਤੋਂ ਬਾਅਦ।

ਇਹ ਵੀ ਪੜ੍ਹੋ:

2016-17 ਵਿੱਚ 80,393 ਮਾਮਲੇ ਨਸਲੀ ਹਮਲਿਆਂ ਦੇ ਦਰਜ ਕੀਤੇ ਗਏ ਜਦੋਂਕਿ 2015-16 ਵਿੱਚ 62,518 ਮਾਮਲੇ ਦਰਜ ਹੋਏ ਸਨ।

2011-2012 ਵਿੱਚ ਯੂਕੇ ਦੇ ਗ੍ਰਹਿ ਮੰਤਰਾਲੇ ਨੇ ਇਹ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਸਨ। ਨਸਲੀ ਹਿੰਸਾ ਦੇ ਮਾਮਲਿਆਂ ਵਿੱਚ 29 ਫੀਸਦੀ ਵਾਧਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)