You’re viewing a text-only version of this website that uses less data. View the main version of the website including all images and videos.
#BBCShe꞉ "ਜੇ ਮੈਂ ਡਰ ਜਾਂਦੀ ਤਾਂ ਸ਼ਾਇਦ ਮੈ ਜਿਉਂਦੀ ਨਾ ਹੁੰਦੀ"
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਬੀਬੀਸੀ-ਸ਼ੀ ਮੁਹਿੰਮ ਤਹਿਤ ਬੀਬੀਸੀ ਦੀ ਟੀਮ ਪੂਰੇ ਭਾਰਤ ਵਿੱਚ ਘੁੰਮ ਕੇ ਕੁੜੀਆਂ ਨੂੰ ਮਿਲ ਰਹੀ ਹੈ। ਉਨ੍ਹਾਂ ਨਾਲ ਔਰਤਾਂ ਦੇ ਮਸਲਿਆਂ ਉੱਤੇ ਗੱਲਬਾਤ ਹੋ ਰਹੀ ਹੈ।
ਉਹ ਮੀਡੀਆ ਰਾਹੀਂ ਕਿਸ ਤਰ੍ਹਾਂ ਦੇ ਮੁੱਦਿਆਂ ਉੱਤੇ ਚਰਚਾ ਚਾਹੁੰਦੀਆਂ ਹਨ ਅਤੇ ਮੀਡੀਆ ਰਾਹੀਂ ਖੁਦ ਕੀ ਕਹਿਣਾ ਚਾਹੁੰਦੀਆਂ ਹਨ। ਇਸੇ ਲੜੀ ਤਹਿਤ ਪੰਜਾਬ ਦੇ ਜਲੰਧਰ ਦੇ ਦੋਆਬਾ ਕਾਲਜ ਵਿੱਚ ਪੱਤਰਕਾਰੀ ਦੀ ਡਿਗਰੀ ਕਰ ਰਹੀਆਂ ਕੁੜੀਆਂ ਨੇ ਆਪਣੇ ਨਿੱਜੀ ਤਜ਼ਰਬੇ ਵੀ ਸਾਂਝੇ ਕੀਤੇ।
ਜਿਨ੍ਹਾਂ ਵਿੱਚੋਂ ਕੁਝ ਕਹਾਣੀਆਂ ਇੱਥੇ ਦਿੱਤੀਆਂ ਜਾ ਰਹੀਆਂ ਹਨ।
ਪ੍ਰਾਕਸ਼ੀ ਖੰਨਾ ਜਦੋਂ ਪਿਛਲੇ ਸਾਲ ਅਗਸਤ ਵਿੱਚ ਰਾਤ ਸਮੇਂ ਡਿਊਟੀ ਤੋਂ ਘਰ ਪਰਤ ਰਹੀ ਸੀ ਕਿ ਇੱਕ ਕਾਰ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਪ੍ਰਾਕਸ਼ੀ ਖੰਨਾ ਜਲੰਧਰ ਦੀ ਇੱਕ ਸੰਗੀਤ ਕੰਪਨੀ ਵਿੱਚ ਕੰਟੈਂਟ ਰਾਈਟਰ ਹੈ।
ਆਮ ਤੌਰ 'ਤੇ ਸੜਕ ਕਾਫੀ ਚਹਿਲ ਪਹਿਲ ਰਹਿੰਦੀ ਹੈ ਪਰ ਉਸ ਦਿਨ ਐਤਵਾਰ ਦੀ ਛੁੱਟੀ ਹੋਣ ਕਾਰਨ ਸੜਕ ਸੁੰਨੀ ਸੀ।
ਪ੍ਰਾਕਸ਼ੀ ਖੰਨਾ ਨੇ ਦੱਸਿਆ," ਥੋੜ੍ਹੀ ਦੇਰ ਬਾਅਦ ਜਿਉਂ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਕਾਰ ਮੇਰੇ ਨੇੜੇ ਆ ਕੇ ਰੁਕੀ ਅਤੇ ਉਸ ਵਿੱਚ ਸਵਾਰ ਨੌਜਵਾਨ ਨੇ ਚਾਕੂ ਦੀ ਨੋਕ ਉੱਤੇ ਮੈਨੂੰ ਕਾਰ ਵਿਚ ਬੈਠਣ ਲਈ ਆਖਿਆ। ਮੈਂ ਤੁਰੰਤ ਉਸ ਨੌਜਵਾਨ ਨੂੰ ਆਪਣੀ ਪੂਰੀ ਤਾਕਤ ਨਾਲ ਧੱਕਾ ਮਾਰਿਆ ਅਤੇ ਉਹ ਕਾਰ ਦੇ ਬੋਨਟ ਉੱਤੇ ਡਿੱਗ ਗਿਆ।"
"ਇਸ ਤੋਂ ਬਾਅਦ ਮੈਂ ਉਥੋਂ ਭੱਜ ਗਈ ਥੋੜ੍ਹੀ ਦੂਰੀ ਤੋਂ ਮੈਂ ਆਟੋ ਕੀਤਾ ਅਤੇ ਉਸ ਇਲਾਕੇ ਤੋਂ ਦੂਰ ਚਲੇ ਗਈ। ਜੇ ਮੈਂ ਡਰ ਜਾਂਦੀ ਤਾਂ ਸ਼ਾਇਦ ਮੈਂ ਜਿਉਂਦੀ ਨਾ ਹੁੰਦੀ।"
ਗਾਲ਼ਾਂ ਤੇ ਕੁਟਾਪਾ
ਮੁਕਤਸਰ ਦੀ ਰਹਿਣ ਵਾਲੀ ਤੇ ਜਲੰਧਰ ਦੇ ਕਾਲਜ ਦੀ ਵਿਦਿਆਰਥਣ ਸੰਦੀਪ ਕੌਰ ਨੇ ਦੱਸਿਆ, ''ਕੁਝ ਸਮਾਂ ਪਹਿਲਾਂ ਉਹ ਰਾਤੀਂ 9.30 ਵਜੇ ਦੇ ਕਰੀਬ ਆਪਣੇ ਚਚੇਰੇ ਭਰਾ ਨੂੰ ਮਾਰਕੀਟ ਵਿੱਚੋਂ ਲੈਣ ਲਈ ਐਕਟਿਵਾ 'ਤੇ ਜਾ ਰਹੀ ਸੀ। "ਥੋੜੀ ਦੂਰ ਜਾਣ ਤੋਂ ਬਾਅਦ ਅਚਾਨਕ ਇੱਕ ਮੋਟਰਸਾਈਕਲ ਮੇਰੀ ਐਕਟਿਵਾ ਵਿੱਚ ਆ ਕੇ ਵੱਜਿਆ।"
ਇਸ ਤੋਂ ਬਾਅਦ ਜਦੋਂ ਮੈਂ ਉਸ ਨੂੰ ਦੇਖਣ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਗੁੱਸਾ ਆਇਆ ਤਾਂ ਮੈਂ ਉਸ ਨੂੰ ਕੁਟਾਪਾ ਚਾੜ੍ਹ ਦਿੱਤਾ।"
ਇਸ ਤੋਂ ਪਹਿਲਾਂ ਵੀ ਪ੍ਰਾਕਸ਼ੀ ਇੱਕ ਮੁੰਡੇ ਨੂੰ ਕੁਟਾਪਾ ਚਾੜ੍ਹ ਚੁੱਕੀ ਹੈ। ਪ੍ਰਾਕਸ਼ੀ ਮਾਣ ਨਾਲ ਦੱਸਦੀ ਹੈ ਕਿ ਬੱਸ ਵਿੱਚ ਸਫ਼ਰ ਦੌਰਾਨ ਇੱਕ ਵਿਅਕਤੀ ਨੇ ਉਸ ਨੂੰ ਛੂਹਿਆ ਅਤੇ ਉਸ ਨਾਲ ਅਣਉਚਿਤ ਵਰਤਾਓ ਕੀਤਾ ਜਿਸ ਤੋਂ ਬਾਅਦ ਉਸ ਨੇ ਉਸ ਵਿਅਕਤੀ ਨੂੰ ਵੀ ਕੁਟਾਪਾ ਚਾੜ੍ਹਿਆ।
ਇਹ ਉਹ ਕੁੜੀਆਂ ਹਨ ਜੋ ਆਪਣੇ ਨਾਲ ਗਲਤ ਵਰਤਾਓ ਕਰਨ ਵਾਲੇ ਜਾਂ ਪ੍ਰੇਸ਼ਾਨ ਕਰਨ ਵਾਲਿਆਂ ਨੂੰ ਸਬਕ ਸਿਖਾਉਂਦੀਆਂ ਹਨ।
ਸੁਰਖੀਆਂ ਵਿੱਚ ਨਹੀਂ ਪਰ ਚਰਚਾ ਵਿੱਚ
ਸ਼ਾਇਦ ਇਹ ਹਰਿਆਣਾ ਦੀ ਉਸ ਕੁੜੀ ਵਾਂਗ ਸੁਰਖੀਆਂ ਵਿਚ ਨਹੀਂ ਆਉਂਦੀਆਂ, ਜਿਸ ਨੇ ਪਿਛਲੇ ਹਫ਼ਤੇ ਹੀ ਆਟੋ ਵਿੱਚ ਸਫ਼ਰ ਦੌਰਾਨ ਤੰਗ ਪ੍ਰੇਸ਼ਾਨ ਕਰਨ ਵਾਲੇ ਪੁਲਿਸ ਕਰਮੀ ਦੀ ਕਰਾਟੇ-ਸੇਵਾ ਕੀਤੀ।
ਹਾਂ, ਇਹ ਕੁੜੀਆਂ ਆਪਣੇ ਕੈਂਪਸ ਅਤੇ ਅਦਾਰਿਆਂ ਵਿਚ ਜ਼ਰੂਰ ਚਰਚਾ ਵਿੱਚ ਹਨ।
ਸੰਦੀਪ ਨਾਲ ਗੱਲ ਹੋਈ ਤਾਂ ਉਸ ਨੇ ਪੂਰੇ ਆਤਮ ਵਿਸ਼ਵਾਸ ਨਾਲ ਆਖਿਆ ਕਿ ਛੇੜ-ਛਾੜ ਦੀਆਂ ਘਟਨਾਵਾਂ ਨੂੰ ਰੋਕਣ ਦਾ ਇਕ ਮਾਤਰ ਤਰੀਕਾ ਇਹੀ ਹੈ ਕਿ ਕੁੜੀਆਂ ਅਜਿਹੇ ਲੋਕਾਂ ਨਾਲ ਸਖਤੀ ਨਾਲ ਨਿਪਟਣ।
ਪੰਜਾਬ ਦੇ ਕਸਬਿਆਂ ਅਤੇ ਪਿੰਡਾਂ ਦੀਆਂ ਇਹਨਾਂ ਕੁੜੀਆਂ ਨੂੰ ਛੇੜ-ਛਾੜ ਦੀਆਂ ਘਟਨਾਵਾਂ ਨਾਲ ਨਜਿੱਠਣ ਦਾ ਤਰੀਕਾ ਲੱਭ ਗਿਆ ਹੈ। ਉਹ ਹੈ - ਹਮਲਾ।
ਇਸ ਸਬੰਧ ਵਿਚ ਉਹ ਆਖਦੀਆਂ ਹਨ, "ਅਸੀਂ ਆਪਣਾ ਸਨਮਾਨ ਬਰਕਰਾਰ ਰੱਖਣ ਦੇ ਸਮਰੱਥ ਹਾਂ।"
ਪ੍ਰਾਕਸ਼ੀ ਖੰਨਾ ਕਹਿੰਦੀ ਹੈ, "ਇਹ ਹੌਂਸਲਾ ਸਾਨੂੰ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਉੱਤੇ ਜਾਣ ਦੀ ਆਗਿਆ ਦਿੰਦਾ ਹੈ।"
ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ਵਿੱਚ ਸਾਲ 2016 ਵਿਚ ਔਰਤਾਂ ਵਿੱਰੁਧ ਜੁਰਮ ਦੀਆਂ 5000 ਤੋਂ ਵੱਧ ਘਟਨਾਵਾਂ ਹੋਈਆਂ। ਇਨ੍ਹਾਂ ਵਿਚੋਂ ਸਿਰਫ 1038 ਔਰਤਾਂ ਨੇ ਜਿਨਸੀ ਹਮਲੇ ਜਾਂ ਜਿਨਸੀ ਪ੍ਰੇਸ਼ਾਨੀ ਦੀਆਂ ਘਟਨਾਵਾਂ ਰਿਪੋਰਟ ਕੀਤੀਆਂ।
ਸੰਦੀਪ ਕਹਿੰਦੀ ਹੈ, "ਸਾਡੇ ਕਸਬਿਆਂ ਦੀਆਂ ਸੜਕਾਂ ਸੁਰੱਖਿਅਤ ਨਹੀਂ ਹਨ ਇਸ ਲਈ ਸਾਡੇ ਕੋਲ ਇੱਕ ਹੀ ਰਸਤਾ ਹੈ। ਉਹ ਹੈ ਗਲਤ ਹਰਕਤਾਂ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ।"
ਜਲੰਧਰ ਦੇ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਹੀ ਪ੍ਰੀਤੀ ਨੇ ਵੀ ਆਪਣੇ ਤਜ਼ਰਬੇ ਸਾਡੇ ਨਾਲ ਸਾਂਝੇ ਕੀਤੇ।
ਸਿਖਾਉਣਾ ਹੀ ਸਹੀ ਤਰੀਕਾ ਹੈ
ਪ੍ਰੀਤੀ ਨੇ ਦੱਸਿਆ ਕਿ ਉਹ ਬੈਡਮਿੰਟਨ ਦੀ ਖਿਡਾਰਨ ਹੈ ਅਤੇ "ਅਕਸਰ ਅਭਿਆਸ ਸਕਰਟ ਪਾ ਕੇ ਕਰਨਾ ਪੈਂਦਾ ਹੈ। ਆਮ ਤੌਰ 'ਤੇ ਮੁੰਡੇ ਕੁਮੈਂਟ ਕੱਸਦੇ ਹਨ।"
ਪ੍ਰੀਤੀ ਨੇ ਦੱਸਿਆ, "ਛੇੜਖਾਨੀ ਕਰਨ ਵਾਲੇ ਇੱਕ ਦੋ ਮੁੰਡਿਆਂ ਦਾ ਤਾਂ ਅਸੀਂ ਆਰਾਮ ਨਾਲ ਸਾਹਮਣਾ ਕਰ ਲੈਂਦੀਆਂ ਹਾਂ ਪਰ ਜਿੱਥੇ ਮੁੰਡਿਆਂ ਦੀ ਗਿਣਤੀ ਵੱਧ ਹੋਵੇ ਉਥੇ ਸਥਿਤੀ ਕਾਫੀ ਔਖੀ ਹੋ ਜਾਂਦੀ ਹੈ।"
ਪ੍ਰੀਤੀ ਮੁਤਾਬਕ ਅਜਿਹੇ ਮੁੰਡਿਆਂ ਨੂੰ ਸਬਕ ਸਿਖਾਉਣਾ ਹੀ ਸਹੀ ਤਰੀਕਾ ਹੈ।
ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੋਂ ਆ ਕੇ ਜਲੰਧਰ ਵਿੱਚ ਪੜ੍ਹ ਰਹੀ ਸ਼ਿਵਾਨੀ ਦੀ ਰਾਇ ਇਹਨਾਂ ਕੁੜੀਆਂ ਤੋਂ ਵੱਖ ਹੀ ਹੈ।
ਅਣਗੌਲਿਆਂ ਕਰਨਾ ਹੀ ਸਹੀ ਤਰੀਕਾ ਹੈ
ਸ਼ਿਵਾਨੀ ਮੁਤਾਬਕ, "ਤੁਸੀਂ ਹਰ ਕਿਸੇ ਨਾਲ ਨਹੀਂ ਲੜ ਸਕਦੇ ਕਿਉਂਕਿ ਜੇ ਤੁਸੀਂ ਅਜਿਹਾ ਕਰੋਗੇ ਤਾਂ ਕਿਸੇ ਨਾ ਕਿਸੇ ਦਿਨ ਉਹ ਤੁਹਾਨੂੰ ਨੁਕਸਾਨ ਪਹੁੰਚਾਉਣਗੇ।"
ਜਸਲੀਨ ਕੌਰ ਜੋ ਇੱਕ ਗ੍ਰਾਫਿਕ ਡਿਜ਼ਾਈਨਰ ਵਜੋਂ ਕੰਮ ਕਰਦੇ ਹਨ ਨੇ ਦੱਸਿਆ, "ਛੇੜ-ਛਾੜ ਦੀਆਂ ਘਟਨਾਵਾਂ ਨੂੰ ਅਣਗੌਲਿਆਂ ਕਰਨਾ ਹੀ ਸਹੀ ਤਰੀਕਾ ਹੈ।"
ਜਸਲੀਨ ਮੁਤਾਬਕ, "ਜੇਕਰ ਤੁਹਾਨੂੰ ਲਗਦਾ ਹੈ ਕਿ ਕੋਈ ਇਲਾਕਾ ਤੁਹਾਡੇ ਲਈ ਸੁਰੱਖਿਅਤ ਨਹੀਂ ਤਾਂ ਤੁਹਾਨੂੰ ਅਜਿਹੀ ਥਾਂ 'ਤੇ ਜਾਣ ਦੀ ਲੋੜ ਨਹੀਂ। ਇਹ ਤਾਂ ਸਿਖਾਉਣਾ ਹੀ ਸਹੀ ਤਰੀਕਾ ਹੈ।"
ਪ੍ਰਾਕਸ਼ੀ ਖੰਨਾ ਜਸਲੀਨ ਦੀ ਇਸ ਗੱਲ ਨਾਲ ਸਹਿਮਤ ਨਹੀਂ ਹੈ। ਉਨ੍ਹਾਂ ਮੁਤਾਬਕ ਜੇ ਹਰ ਕੋਈ ਅਜਿਹਾ ਸੋਚਣ ਲੱਗ ਜਾਵੇਗਾ ਤਾਂ ਕੰਮ ਨਹੀਂ ਚਲ ਸਕਦਾ। ਡਰ ਸਮੱਸਿਆ ਦਾ ਹੱਲ ਨਹੀਂ ਹੈ।
ਛਿੱਤਰਾਂ ਨਾਲ ਆਉ ਭਗਤ ਕਰਨੀ ਜ਼ਰੂਰੀ ਹੈ
ਸੰਦੀਪ ਦੀ ਰਾਇ ਵੀ ਕੁਝ ਅਜਿਹੀ ਹੀ ਹੈ। ਉਸ ਨੇ ਦੱਸਿਆ ਕਿ ਹੁਣ ਕੁੜੀਆਂ ਨੂੰ ਮਜ਼ਬੂਤ ਹੋਣਾ ਪਵੇਗਾ। ਜੇਕਰ ਕੁਝ ਕੁੜੀਆਂ ਚੁੱਪ ਰਹਿਣ ਵਿਚ ਆਪਣੀ ਭਲਾਈ ਸਮਝਦੀਆਂ ਹਨ ਤਾਂ ਉਹ ਬਾਕੀ ਕੁੜੀਆਂ ਲਈ ਛੇੜ-ਛਾੜ ਦੀਆਂ ਘਟਨਾਵਨਾਂ ਨੂੰ ਹੋਰ ਸੱਦਾ ਦੇ ਰਹੀਆਂ ਹਨ।
ਸੰਦੀਪ ਮੁਤਾਬਕ ਛੇੜ-ਛਾੜ ਦੀਆਂ ਘਟਨਾਵਾਂ ਲਈ ਕੁੜੀ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਸੰਦੀਪ ਨੇ ਕੁੜੀਆਂ ਨੂੰ ਸੱਦਾ ਦਿੱਤਾ ਜੇਕਰ ਕੋਈ ਰੀਰਕ ਤੌਰ ਉਤੇ ਛੇੜ-ਛਾੜ ਕਰਦਾ ਹੈ ਤਾਂ ਉਸ ਦੀ ਛਿੱਤਰਾਂ ਨਾਲ ਆਓ ਭਗਤ ਕਰਨੀ ਜ਼ਰੂਰੀ ਹੈ।
ਪਰ ਪ੍ਰਾਕਸ਼ੀ ਦੀ ਰਾਇ ਸੰਦੀਪ ਦੀ ਰਾਇ ਤੋਂ ਥੋੜ੍ਹੀ ਵੱਖਰੀ ਹੈ। ਉਸ ਅਨੁਸਾਰ ਪੁਲਿਸ ਕੋਲ ਸ਼ਿਕਾਇਤ ਕਰਨ ਦਾ ਮਤਲਬ ਹੈ ਘਰਦਿਆਂ ਨੂੰ ਪੂਰੇ ਮਾਮਲੇ ਵਿਚ ਸ਼ਾਮਲ ਕਰਨਾ। ਇਸ ਨਾਲ ਮਾਪੇ ਜਿਆਦਾ ਫਿਕਰਮੰਦ ਹੁੰਦੇ ਹਨ ਅਤੇ ਤੁਹਾਡੇ ਉਤੇ ਹੋਰ ਵਧੇਰੇ ਪਾਬੰਦੀਆਂ ਸ਼ੁਰੂ ਹੋ ਜਾਂਦੀਆਂ ਹਨ।
ਭਾਰਤੀ ਕਾਨੂੰਨ ਵਿੱਚ ਵੱਖ-ਵੱਖ ਜੁਰਮਾਂ ਲਈ ਕਾਰਵਾਈ ਦਾ ਪ੍ਰਬੰਧ ਹੈ। ਕ੍ਰਿਮੀਨਲ ਲਾਅ (ਸੋਧ) ਐਕਟ, 2013 ਦੇ ਪਾਸ ਹੋਣ ਤੋਂ ਬਾਅਦ, ਜਿਨਸੀ ਪਰੇਸ਼ਾਨੀ (354-ਏ, ਆਈਪੀਸੀ), ਡਿਸਰੋਬਿੰਗ (354-ਬੀ, ਆਈਪੀਸੀ), voyeurism (354-ਸੀ, ਆਈਪੀਸੀ) ਅਤੇ ਪਿੱਛਾ ਕਰਨਾ (354-ਡੀ,, ਆਈਪੀਸੀ) ਨੂੰ ਪੁਲਿਸ ਸ਼ਿਕਾਇਤ ਦਰਜ ਕਰਾਉਣ ਲਈ ਵਰਤਿਆ ਜਾ ਸਕਦਾ ਹੈ।
ਸਬਕ ਸਿਖਾਉਣ ਦਾ ਰੁਝਾਨ ਵਧ ਰਿਹਾ ਹੈ
ਕੁੜੀਆਂ ਦੀ ਇਸ ਦਲੇਰੀ ਸਬੰਧੀ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਮਨਜੀਤ ਸਿੰਘ ਨਾਲ ਗੱਲ ਕੀਤੀ।
ਉਹਨਾਂ ਦੱਸਿਆ, "ਇਹ ਸੱਚ ਹੈ ਕਿ ਕੁੜੀਆਂ ਵਿਚ ਛੇੜ-ਛਾੜ ਕਰਨ ਵਾਲੇ ਮੁੰਡਿਆਂ ਨੂੰ ਸਬਕ ਸਿਖਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ।"
ਪ੍ਰੋਫੈਸਰ ਮਨਜੀਤ ਮੁਤਾਬਕ ਇਹ ਕੁੜੀਆਂ ਵਿਚ ਵਧ ਰਿਹਾ ਆਤਮ ਵਿਸਵਾਸ਼ ਹੈ ਜਿਸ ਕਾਰਨ ਉਹ ਅਜਿਹਾ ਕਰ ਰਹੀਆਂ ਹਨ। ਇਸ ਦਾ ਇੱਕ ਕਾਰਨ ਇਸ ਖਿੱਤੇ ਦੀਆਂ ਕੁੜੀਆਂ ਦਾ ਖੇਡਾਂ ਦੇ ਖੇਤਰ ਵਿਚ ਮੈਡਲ ਜਿੱਤਣਾ ਹੈ ਜਿਸ ਕਾਰਨ ਦੂਜੀਆਂ ਕੁੜੀਆਂ ਵਿੱਚ ਹਿੰਮਤ ਆ ਰਹੀ ਹੈ।"
ਉਹਨਾਂ ਨਾਲ ਹੀ ਕਿਹਾ ਕਿ ਇਹ ਰੁਝਾਨ ਵਧੇਰੇ ਕਰਕੇ ਪੜ੍ਹੀਆਂ-ਲਿਖੀਆਂ ਕੁੜੀਆਂ ਅਤੇ ਔਰਤਾਂ ਵਿੱਚ ਜ਼ਿਆਦਾ ਹੈ। ਘੱਟ ਪੜ੍ਹੀਆਂ-ਲਿਖੀਆਂ ਕੁੜੀਆਂ ਇਸ ਮਾਮਲੇ ਵਿੱਚ ਅਜੇ ਵੀ ਪਿੱਛੇ ਹਨ।
ਇਹ ਕਹਿਣਾ ਮੁਸਕਿਲ਼ ਹੈ ਕਿ ਪੰਜਾਬ ਦੀਆਂ ਸੜਕਾਂ ਉਤੇ ਛੇੜ-ਛਾੜ ਦੀਆਂ ਘਟਨਾਵਾਂ ਦੇ ਖਿਲਾਫ ਆਵਾਜ਼ ਬੁਲੰਦ ਹੋ ਰਹੀ ਹੈ ਪਰ ਇਸ ਰੁਝਾਨ ਦੇ ਖਿਲਾਫ ਲੜਨ ਵਾਲੀਆਂ ਕੁੜੀਆਂ ਦੀ ਗਿਣਤੀ ਵਿਚ ਹੌਲੀ ਹੌਲੀ ਵਾਧਾ ਜ਼ਰੂਰ ਹੋ ਰਿਹਾ ਹੈ।