You’re viewing a text-only version of this website that uses less data. View the main version of the website including all images and videos.
ਗੀਤਾ ਗੋਪੀਨਾਥ - ਨੋਟਬੰਦੀ ਦੀ ਆਲੋਚਕ ਹੈ IMF ਦੀ ਨਵੀਂ ਮੁੱਖ ਅਰਥ ਸ਼ਾਸਤਰੀ
ਹਾਵਰਡ ਯੂਨੀਵਰਸਿਟੀ ਵਿੱਚ ਭਾਰਤੀ ਮੂਲ ਦੀ ਪ੍ਰੋਫੈਸਰ ਗੀਤਾ ਗੋਪੀਨਾਥ ਨੂੰ ਕੌਮਾਂਤਰੀ ਮੁਦਰਾ ਫੰਡ (ਆਈਐਮਐਫ਼) ਦਾ ਮੁਖ ਅਰਥਸ਼ਾਸਤਰੀ ਨਿਯੁਕਤ ਕੀਤਾ ਗਿਆ ਹੈ।
ਆਈਐਮਐਫ਼ ਨੇ ਇਸ ਸਬੰਧ ਵਿੱਚ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ। ਉਹ ਮੌਰੀ ਓਬਸਫੇਲਡ ਦੀ ਥਾਂ ਲੈਣਗੇ।
ਮੌਰੀ ਇਸ ਸਾਲ ਦੇ ਅਖੀਰ ਵਿੱਚ ਸੇਵਾਮੁਕਤ ਹੋ ਜਾਣਗੇ।
ਗੀਤਾ ਗੋਪੀਨਾਥ ਇਸ ਵੇਲੇ ਹਾਵਰਡ ਯੂਨੀਵਰਸਿਟੀ ਵਿੱਚ 'ਇੰਟਰਨੈਸ਼ਨਲ ਸਟੱਡੀਜ਼ ਆਫ਼ ਇਕਨਾਮਿਕਸ' ਵਿੱਚ ਪ੍ਰੋਫੈਸਰ ਹਨ। ਉਨ੍ਹਾਂ ਨੇ ਕੌਮਾਂਤਰੀ ਵਿੱਤ ਅਤੇ ਮੈਕਰੋ-ਇਕਨਾਮਿਕਸ ਵਿੱਚ ਰਿਸਰਚ ਕੀਤੀ ਹੈ।
ਇਹ ਵੀ ਪੜ੍ਹੋ:
ਆਈਐਮਐਫ਼ ਦੀ ਮੁਖੀ ਕ੍ਰਿਸਟੀਨ ਲਗਾਰਡੇ ਨੇ ਸੋਮਵਾਰ ਨੂੰ ਗੀਤਾ ਗੋਪੀਨਾਥ ਦੀ ਨਿਯੁਕਤੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ, "ਗੀਤਾ ਦੁਨੀਆ ਦੇ ਬਿਹਤਰੀਨ ਅਰਥਸ਼ਾਸਤਰੀਆਂ ਵਿੱਚੋਂ ਇੱਕ ਹਨ। ਉਨ੍ਹਾਂ ਕੋਲ ਸ਼ਾਨਦਾਰ ਅਕਾਦਮਿਕ ਗਿਆਨ, ਬੌਧਿਕ ਸਮਰੱਥਾ ਅਤੇ ਵਿਆਪਕ ਕੌਮਾਂਤਰੀ ਅਨੁਭਵ ਹੈ।"
ਆਈਐਮਐਫ਼ ਵਿੱਚ ਇਸ ਅਹੁਦੇ 'ਤੇ ਪਹੁੰਚਣ ਵਾਲੀ ਗੀਤਾ ਦੂਜੀ ਭਾਰਤੀ ਨਾਗਰਿਕ ਹੈ। ਉਨ੍ਹਾਂ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਰਾਜਪਾਲ ਰਘੁਰਾਮ ਰਾਜਨ ਵੀ ਆਈਐਮਐਫ਼ ਵਿੱਚ ਮੁੱਖ ਅਰਥਸ਼ਾਸਤਰੀ ਰਹਿ ਚੁੱਕੇ ਹਨ।
ਨੋਟਬੰਦੀ ਵਿਰੋਧੀ
ਬਿਜ਼ਨੈਸ ਸਟੈਂਡਰਡ ਨੂੰ 22 ਦਸੰਬਰ, 2017 ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਗੀਤਾ ਗੋਪੀਨਾਥ ਨੇ ਕਿਹਾ ਸੀ ਕਿ ਨੋਟਬੰਦੀ ਚੰਗਾ ਫੈਸਲਾ ਨਹੀਂ ਸੀ। ਇਸ ਦੀ ਥਾਂ ਜੀਐਸਟੀ ਵਿੱਚ ਸੁਧਾਰ ਕਰਨਾ ਚਾਹੀਦਾ ਸੀ।
ਉਨ੍ਹਾਂ ਕਿਹਾ, "ਮੈਨੂੰ ਨਹੀਂ ਲਗਦਾ ਕਿ ਕੋਈ ਵੀ ਛੋਟੇ-ਤੋਂ ਛੋਟਾ ਅਰਥਸ਼ਾਸ਼ਸਤਰੀ ਇਹ ਮੰਨੇਗਾ ਕਿ ਨੋਟਬੰਦੀ ਚੰਗਾ ਫੈਸਲਾ ਸੀ। ਮੈਨੂੰ ਨਹੀਂ ਲਗਦਾ ਕਿ ਭਾਰਤ ਵਰਗੇ ਦੇਸ ਨੂੰ ਉਸ ਵੇਲੇ ਜਦੋਂ ਉਹ ਵਿਕਾਸ ਵੱਲ ਵੱਧ ਰਿਹਾ ਹੈ ਇਹ ਫੈਸਲਾ ਲੈਣਾ ਚਾਹੀਦਾ ਹੈ। ਜੀਡੀਪੀ ਦੇ ਸੰਦਰਭ ਵਿੱਚ 10 ਫੀਸਦੀ ਨਕਦੀ ਸਰਕੁਲੇਸ਼ਨ ਵਿੱਚ ਹੈ ਜਦੋਂਕਿ ਜਪਾਨ ਵਿੱਚ 60 ਫੀਸਦੀ ਹੈ। ਇਹ ਕਾਲਾ ਧਨ ਨਹੀਂ ਹੈ, ਇਹ ਭ੍ਰਿਸ਼ਟਾਚਾਰ ਨਹੀਂ ਹੈ।"
ਕੇਰਲ ਸਰਕਾਰ ਵਿੱਚ ਭੂਮਿਕਾ
ਕੇਰਲ ਸਰਕਾਰ ਨੇ ਗੀਤਾ ਨੂੰ ਪਿਛਲੇ ਸਾਲ ਸੂਬੇ ਦਾ ਵਿੱਤੀ ਸਲਾਹਕਾਰ ਨਿਯੁਕਤ ਕੀਤਾ ਸੀ। ਗੀਤਾ ਦਾ ਜਨਮ ਕੇਰਲ ਵਿੱਚ ਹੀ ਹੋਇਆ ਸੀ। ਜਦੋਂ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਗੀਤਾ ਦੀ ਨਿਯੁਕਤੀ ਕੀਤੀ ਸੀ ਤਾਂ ਉਸ ਵੇਲੇ ਉਨ੍ਹਾਂ ਦੀ ਪਾਰਟੀ ਦੇ ਕੁਝ ਲੋਕ ਨਾਰਾਜ਼ ਵੀ ਹੋਏ ਸਨ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਸ ਵੇਲੇ ਗੀਤਾ ਨੇ ਕਿਹਾ ਸੀ ਕਿ ਇਹ ਅਹੁਦਾ ਮਿਲਣ ਤੋਂ ਬਾਅਦ ਉਹ ਸਨਮਾਨਿਤ ਮਹਿਸੂਸ ਕਰ ਰਹੀ ਹੈ।
ਦਿੱਲੀ ਤੋਂ ਗ੍ਰੈਜੁਏਸ਼ਨ
ਗੀਤਾ 'ਅਮੈਰਿਕਨ ਇਕਨਾਮਿਕਸ ਰਿਵਿਊ' ਦੀ ਸਹਿ-ਸੰਪਾਦਕ ਅਤੇ ਨੈਸ਼ਨਲ ਬਿਊਰੋ ਆਫ਼ ਇਕਨਾਮਿਕ ਰਿਸਰਚ (ਐਨਬੀਆਰ) ਵਿੱਚ ਇੰਟਰਨੈਸ਼ਨਲ ਫਾਈਨੈਂਸ ਐਂਡ ਮੈਕਰੋ-ਇਕਨੌਮਿਕ ਦੀ ਸਹਿ-ਨਿਰਦੇਸ਼ਕ ਵੀ ਹਨ।
ਇਹ ਵੀ ਪੜ੍ਹੋ:
ਗੀਤਾ ਨੇ ਵਪਾਰ ਅਤੇ ਨਿਵੇਸ਼, ਕੌਮਾਂਤਰੀ ਵਿੱਤੀ ਸੰਕਟ, ਮੁਦਰਾ ਨੀਤੀਆਂ, ਕਰਜ਼ ਅਤੇ ਉਭਰਦੇ ਬਾਜ਼ਾਰ ਦੀਆਂ ਮੁਸ਼ਕਿਲਾਂ 'ਤੇ ਤਕਰੀਬਨ 40 ਰਿਸਰਚ ਲੇਖ ਲਿਖੇ ਹਨ।
- ਗੀਤਾ ਸਾਲ 2001 ਤੋਂ 2005 ਤੱਕ ਸ਼ਿਕਾਗੋ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਸੀ।
- ਇਸ ਤੋਂ ਬਾਅਦ ਸਾਲ 2005 ਵਿੱਚ ਹਾਵਰਡ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਤੌਰ 'ਤੇ ਉਨ੍ਹਾਂ ਦੀ ਨਿਯੁਕਤੀ ਹੋਈ।
- ਸਾਲ 2010 ਵਿੱਚ ਗੀਤਾ ਇਸੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਬਣੀ ਅਤੇ ਫਿਰ 2015 ਵਿੱਚ ਉਹ ਇੰਟਰਨੈਸ਼ਨਲ ਸਟਡੀਜ਼ ਆਫ਼ ਇਕਨਾਮਿਕਸ ਦੀ ਪ੍ਰੋਫੈਸਰ ਬਣ ਗਈ।
- ਗੀਤਾ ਨੇ ਗ੍ਰੈਜੁਏਸ਼ਨ ਤੱਕ ਦੀ ਸਿੱਖਿਆ ਭਾਰਤ ਵਿੱਚ ਪੂਰੀ ਕੀਤੀ। ਗੀਤਾ ਨੇ ਸਾਲ 1992 ਵਿੱਚ ਦਿੱਲੀ ਯੂਨੀਵਰਸਿਟੀ ਦੇ ਲੇਡੀ ਸ਼੍ਰੀਰਾਮ ਕਾਲਜ ਤੋਂ ਅਰਥਸ਼ਾਸਤਰ ਵਿੱਚ ਆਨਰਜ਼ ਦੀ ਡਿਗਰੀ ਹਾਸਿਲ ਕੀਤੀ।
- ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਸਕੂਲ ਆਫ਼ ਇਕਨਾਮਿਕਸ ਤੋਂ ਅਰਥਸ਼ਾਸਤਰ ਵਿੱਚ ਹੀ ਮਾਸਟਰਜ਼ ਡਿਗਰੀ ਪੂਰੀ ਕੀਤੀ। ਸਾਲ 1994 ਵਿੱਚ ਗੀਤਾ ਵਾਸ਼ਿੰਗਟਨ ਯੂਨੀਵਰਸਿਟੀ ਚਲੀ ਗਈ।
ਸਾਲ 1996 ਤੋਂ 2001 ਤੱਕ ਉਨ੍ਹਾਂ ਨੇ ਪ੍ਰਿੰਸਟਨ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਪੀਐਚਡੀ ਪੂਰੀ ਕੀਤੀ।