You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਬਲਾਗ਼ - ਇਹ ਇਤਿਹਾਸ ਪੜ੍ਹਾ ਕੇ ਸੰਬੰਧ ਸੁਧਾਰਨ ਦੀ ਗੱਲ....!
- ਲੇਖਕ, ਵੁਸਅਤੁੱਲਾਹ ਖ਼ਾਨ
- ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਲਈ
ਪਾਕਿਸਤਾਨੀ ਬੱਚਿਆਂ ਨੂੰ ਘਰ ਜਾਂ ਸਕੂਲ ਵਿੱਚ ਪੜ੍ਹਾਇਆ ਜਾਂ ਦੱਸਿਆ ਜਾਂਦਾ ਹੈ ਕਿ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਹਨ੍ਹੇਰੇ 'ਚ ਡੁੱਬਿਆ ਹੋਇਆ ਸੀ।
ਰੋਸ਼ਨੀ ਇੱਥੇ ਇਸਲਾਮ ਲੈ ਕੇ ਆਇਆ। ਈਰਾਨ, ਮੱਧ ਏਸ਼ੀਆ ਅਤੇ ਅਰਬ ਤੋਂ ਸੂਫ਼ੀ ਲੋਕ ਆਏ ਤਾਂ ਭੇਦਭਾਵ ਤੋਂ ਤੰਗ ਆ ਕੇ ਹਿੰਦੂ ਮੁਸਲਮਾਨ ਹੋਣ ਲੱਗੇ।
ਬਾਹਰੋਂ ਆ ਕੇ ਹਿੰਦੁਸਤਾਨ ਵਿੱਚ ਵਸਣ ਵਾਲੇ ਤੁਰਕ, ਈਰਾਨੀ ਅਤੇ ਅਰਬ ਆਪਣੇ ਨਾਲ ਖਾਣ-ਪੀਣ ਦੇ ਨਵੇਂ ਤਰੀਕੇ ਵੀ ਲਿਆਏ।
ਇਹ ਵੀ ਪੜ੍ਹੋ:
....ਤਾਂ ਇੰਝ ਬਣਿਆ ਪਾਕਿਸਤਾਨ!
ਕੱਪੜਿਆਂ ਦਾ ਫੈਸ਼ਨ ਲਿਆਏ। ਤਸਵੀਰਾਂ ਬਣਾਉਣ ਦਾ ਹੁਨਰ ਆਇਆ, ਸ਼ਾਇਰੀ ਅਤੇ ਸੰਗੀਤ ਆਇਆ। ਤਾਜ ਮਹਿਲ ਵਰਗੀਆਂ ਖ਼ੂਬਸੂਰਤ ਇਮਾਰਤਾਂ ਬਣੀਆਂ।
ਮੁਸਲਮਾਨ ਬਾਦਸ਼ਾਹਾਂ ਨੇ ਮੁਕਾਮੀ ਹਿੰਦੁਸਤਾਨੀਆਂ ਨੂੰ ਤਹਿਜ਼ੀਬ ਸਿਖਾਈ। ਉਨ੍ਹਾਂ ਦਾ ਰਹਿਣ-ਸਹਿਣ ਚੰਗਾ ਹੋਇਆ। ਹਿੰਦੂ ਸਮੁੰਦਰ ਪਾਰ ਸਫ਼ਰ ਕਰਨ ਤੋਂ ਡਰਦੇ ਸਨ।
ਮੁਸਲਮਾਨਾਂ ਮਲਾਹਾਂ ਨੂੰ ਦੇਖ-ਦੇਖ ਕੇ ਉਨ੍ਹਾਂ ਦਾ ਸਮੁੰਦਰ ਦਾ ਡਰ ਘਟਿਆ ਅਤੇ ਉਹ ਹਿੰਦੁਸਤਾਨ ਤੋਂ ਬਾਹਰ ਜਾਣ ਲੱਗੇ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਦਿਮਾਗ਼ ਦੇ ਜਾਲੇ ਉਤਰਨ ਲੱਗੇ।
ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਸ਼ਾਹਜ਼ਹਾਂ, ਔਰੰਗਜ਼ੇਬ ਹੀਰੋ ਹਨ। ਪ੍ਰਿਥਵੀਰਾਜ ਚੌਹਾਨ, ਸ਼ਿਵਾਜੀ, ਗਾਂਧੀ ਜੀ ਮੁਸਲਮਾਨ ਦੁਸ਼ਮਣ ਵਿਲੇਨ ਹਨ।
1857 ਦੀ ਜੰਗ-ਏ-ਆਜ਼ਾਦੀ ਦਰਅਸਲ ਅੰਗਰੇਜ਼ਾਂ ਅਤੇ ਮੁਸਲਮਾਨਾਂ ਦੀ ਲੜਾਈ ਸੀ। ਇਸ ਜੰਗ ਤੋਂ ਬਾਅਦ ਹਿੰਦੂਆਂ ਨੇ ਮੁਸਲਮਾਨਾਂ ਨੂੰ ਹਰ ਮੈਦਾਨ 'ਚ ਨੀਵਾਂ ਦਿਖਾਉਣ ਲਈ ਅੰਗਰੇਜ਼ਾਂ ਨਾਲ ਗਠਜੋੜ ਕਰ ਲਿਆ ਸੀ।
ਇਸ ਤੋਂ ਤੰਗ ਆ ਕੇ ਮੁਸਲਿਮ ਲੀਗ ਕਾਇਮ ਹੋਈ ਅਤੇ ਫੇਰ ਮੁਸਲਿਮ ਲੀਗ ਨੇ ਹਿੰਦੂਆਂ ਅਤੇ ਅੰਗਰੇਜ਼ਾਂ ਨਾਲ ਮੁਸਲਮਾਨਾਂ ਨੂੰ ਆਜ਼ਾਦ ਕਰਵਾ ਕੇ ਪਾਕਿਸਤਾਨ ਬਣਵਾਇਆ।
ਇਹ ਵੀ ਪੜ੍ਹੋ:
ਇਤਿਹਾਸ ਦਾ ਦੂਜਾ ਪਾਸਾ
1947 'ਚ 20 ਲੱਖ ਮੁਸਲਮਾਨ ਹਿੰਦੂਆਂ ਅਤੇ ਸਿੱਖਾਂ ਹੱਥੋਂ ਮਾਰੇ ਗਏ। 1965 ਦੀ ਜੰਗ ਵਿੱਚ ਭਾਰਤ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਭਾਰਤ ਨੇ ਪੱਛਮੀ ਪਾਕਿਸਤਾਨ 'ਚ ਵਸ ਰਹੇ ਹਿੰਦੂਆਂ ਨਾਲ ਸਾਜ਼ਿਸ਼ ਕਰਕੇ ਬੰਗਲਾਦੇਸ਼ ਬਣਾ ਦਿੱਤਾ।
ਭਾਰਤੀ ਬੱਚਿਆਂ ਨੂੰ ਘਰ ਜਾਂ ਸਕੂਲ 'ਚ ਪੜ੍ਹਾਇਆ ਜਾਂ ਦੱਸਿਆ ਜਾਂਦਾ ਹੈ ਕਿ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਭਾਰਤ ਵਿੱਚ ਖੁਸ਼ਹਾਲੀ, ਚੈਨ ਅਤੇ ਵਿਕਾਸ ਸੀ।
ਸਾਇੰਸ ਅਤੇ ਗਣਿਤ 'ਚ ਪ੍ਰਾਚੀਨ ਭਾਰਤ ਸਭ ਤੋਂ ਅੱਗੇ ਸੀ ਅਤੇ ਸੋਨੇ ਦੀ ਚਿੜੀ ਕਹਾਉਂਦਾ ਸੀ।
ਮਹਿਮੂਦ ਗਜ਼ਨਵੀ ਤੋਂ ਔਰੰਗਜ਼ੇਬ ਤੱਕ ਸਭ ਗ਼ੈਰ-ਮੁਲਕੀ ਲੁਟੇਰੇ ਹਨ। ਉਨ੍ਹਾਂ ਨੇ ਮੰਦਿਰ ਤੋੜੇ, ਉਨ੍ਹਾਂ 'ਤੇ ਮਸਜਿਦਾਂ ਬਣਵਾਈਆਂ। ਲੱਖਾਂ ਹਿੰਦੂਆਂ ਦਾ ਕਤਲ ਕੀਤਾ। ਉਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ।
ਜੇਕਰ ਪ੍ਰਿਥਵੀ ਰਾਜ ਚੌਹਾਨ, ਸ਼ਿਵਾਜੀ ਆਦਿ ਨਾ ਹੁੰਦੇ ਤਾਂ ਹਿੰਦੂਆਂ ਨੂੰ ਇਹ ਗ਼ੈਰ-ਮੁਲਕੀ ਮੁਸਲਮਾਨ ਗ਼ੁਲਾਮ ਬਣਾ ਕੇ ਰੱਖਦੇ।
ਇਨਾਮ 'ਚ ਪਾਕਿਸਤਾਨ!
ਅੰਗਰੇਜ਼ਾਂ ਨੇ ਮੁਗ਼ਲਾਂ ਦਾ ਖ਼ਾਤਮਾ ਕੀਤਾ ਪਰ 1857 ਦੀ ਜੰਗ-ਏ-ਆਜ਼ਾਦੀ ਦੇ ਹੀਰੋ ਮੰਗਲ ਪਾਂਡੇ ਅਤੇ ਝਾਂਸੀ ਦੀ ਰਾਣੀ ਹੈ।
ਅੰਗਰੇਜ਼ਾਂ ਨੇ ਵੀ ਮੁਸਲਮਾਨ ਬਾਦਸ਼ਾਹਾਂ ਵਾਂਗ ਭਾਰਤ ਨੂੰ ਬਹੁਤ ਲੁੱਟਿਆ। ਮੁਸਲਮਾਨਾਂ ਨੇ ਆਜ਼ਾਦੀ ਦੀ ਲੜਾਈ 'ਚ ਕਾਂਗਰਸ ਦਾ ਸਾਥ ਦੇਣ ਦੀ ਬਜਾਇ ਅੰਗਰੇਜ਼ਾਂ ਦੀ ਹੌਸਲਾ ਅਫ਼ਜਾਈ ਨਾਲ 'ਪਾੜੋ ਅਤੇ ਰਾਜ ਕਰੋ' ਦੀ ਨੀਤੀ ਦੇ ਤਹਿਤ ਮੁਸਲਿਮ ਲੀਗ ਬਣਾਈ।
ਮੁਸਲਿਮ ਲੀਗ ਨੇ ਭਾਰਤੀ ਏਕਤਾ ਨੂੰ ਤੋੜਨ ਲਈ ਅੰਗਰੇਜ਼ੀ ਏਜੰਡਾ ਅੱਗੇ ਵਧਾਇਆ ਅਤੇ ਇਨਾਮ 'ਚ ਪਾਕਿਸਤਾਨ ਹਾਸਿਲ ਕੀਤਾ।
ਭਾਰਤ ਨੇ ਪਾਕਿਸਤਾਨ ਦੇ ਨਾਲ ਹਮੇਸ਼ਾ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਪਰ ਪਾਕਿਸਤਾਨ ਨੇ ਹਮੇਸ਼ਾ ਭਾਰਤ ਦੀ ਪਿੱਠ 'ਚ ਵਾਰ ਕਰਨ ਦੀ ਕੋਸ਼ਿਸ਼ ਕੀਤੀ।
ਭਾਰਤ 'ਚ ਰਹਿਣ ਵਾਲੇ ਮੁਸਲਮਾਨ ਮੂੰਹੋਂ ਤਾਂ ਖ਼ੁਦ ਨੂੰ ਭਾਰਤੀ ਦੱਸਦੇ ਹਨ ਪਰ ਉਨ੍ਹਾਂ ਦੇ ਦਿਲ ਪਾਕਿਸਤਾਨ ਲਈ ਧੜਕਦੇ ਹਨ। ਲਿਹਾਜ਼ਾ ਉਨ੍ਹਾਂ 'ਤੇ ਨਜ਼ਰ ਰੱਖਣ ਦੀ ਲੋੜ ਹੈ।
ਹੁਣ ਜਦੋਂ ਇਹ ਪਾਕਿਸਤਾਨੀ ਅਤੇ ਭਾਰਤੀ ਬੱਚੇ ਵੱਡੇ ਹੋ ਕੇ ਸਿਆਸਤ 'ਚ ਜਾਂਦੇ ਹਨ, ਫੌਜ ਵਿੱਚ ਭਰਤੀ ਹੁੰਦੇ ਹਨ, ਰਾਜਦੂਤ ਜਾਂ ਬਾਬੂ ਬਣਦੇ ਹਨ ਤਾਂ ਅਸੀਂ ਉਨ੍ਹਾਂ ਤੋਂ ਇਹੀ ਉਮੀਦ ਰੱਖਦੇ ਹਾਂ ਕਿ ਉਹ ਭਾਰਤ ਅਤੇ ਪਾਕਿਸਤਾਨ ਨਾਲ ਸੰਬੰਧਾਂ 'ਚ ਇੱਕ ਦਿਨ ਸੁਧਾਰ ਲਿਆਉਣਗੇ।
ਕੀ ਮੈਨੂੰ ਇਸ 'ਤੇ ਹੱਸਣ ਦੀ ਇਜਾਜ਼ਤ ਹੈ।