ਪਾਕਿਸਤਾਨ 'ਚ ਹੋਸਟਲ 'ਚ ਮੁੰਡੇ ਕਿਵੇਂ ਦੇਖਦੇ ਸੀ ਸ਼੍ਰੀਦੇਵੀ ਦੀਆਂ ਫਿਲਮਾਂ?

    • ਲੇਖਕ, ਵੁਸਤੁੱਲਾਹ ਖ਼ਾਨ
    • ਰੋਲ, ਪਾਕਿਸਤਾਨ ਤੋਂ ਬੀਬੀਸੀ ਲਈ

ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮੈਂ ਕਰਾਚੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਇੱਕ ਸਾਲ ਬਾਅਦ ਮੈਨੂੰ ਹੋਸਟਲ ਵਿੱਚ ਕਮਰਾ ਮਿਲ ਗਿਆ।

ਕਮਰਾ ਸੈਟ ਕਰਨ ਤੋਂ ਮਗਰੋਂ ਪਹਿਲਾ ਕੰਮ ਮੈਂ ਇਹ ਕੀਤਾ ਕਿ ਸਦਰ ਬਾਜ਼ਾਰ ਤੋਂ ਸ਼੍ਰੀਦੇਵੀ ਦੇ ਦੋ ਪੋਸਟਰ ਲਿਆ ਕੇ ਆਹਮੋਂ-ਸਾਹਮਣੇ ਲਾ ਦਿੱਤੇ।

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਵੀਸੀਆਰ 'ਤੇ ਭਾਰਤੀ ਫ਼ਿਲਮਾਂ ਦੇਖਣਾ ਗੈਰ-ਕਾਨੂੰਨੀ ਸੀ। ਫੜੇ ਜਾਣ 'ਤੇ ਤਿੰਨ ਤੋਂ ਛੇ ਮਹੀਨੇ ਦੀ ਕੈਦ ਹੁੰਦੀ ਸੀ।

ਪਰ ਮੰਢੀਰ ਕਿੱਥੇ ਮੰਨਦੀ ਹੈ। ਪੈਸੇ ਇਕੱਠੇ ਕਰਕੇ ਵੀਸੀਆਰ ਲੈ ਕੇ ਆਉਂਦੇ ਤੇ ਨਾਲ ਛੇ ਫਿਲਮਾਂ ਵੀ ਹੁੰਦੀਆਂ।

ਇਹ ਤਾਂ ਸੰਭਵ ਹੀ ਨਹੀਂ ਸੀ ਕਿ ਇਨ੍ਹਾਂ ਵਿੱਚੋਂ ਇੱਕ ਜਾਂ ਦੋ ਸ਼੍ਰੀਦੇਵੀ ਦੀਆਂ ਨਾ ਹੋਣ।

ਜਰਨਲ ਜ਼ਿਆ-ਉਲ-ਹੱਕ ਦਾ ਦੌਰ

'ਜਸਟਿਸ ਚੌਧਰੀ', 'ਜਾਨੀ ਦੋਸਤ', 'ਨਯਾ ਕਦਮ', 'ਆਗ ਔਰ ਸ਼ੋਲਾ', 'ਬਲਿਦਾਨ', 'ਸਲਤਨਤ', 'ਮਾਸਟਰ ਜੀ', 'ਜਾਗ ਉਠਾ ਇਨਸਾਨ', 'ਇਨਕਲਾਬ', 'ਅਕਲਮੰਦ', 'ਨਜ਼ਰਾਨਾ',

'ਆਖ਼ਰੀ ਰਾਸਤਾ', 'ਕਰਮਾ', 'ਮਕਸਦ' 'ਸੁਹਾਗਨ', 'ਨਿਗਾਹੇਂ', 'ਜਾਂਬਾਜ਼', 'ਤੋਹਫ਼ਾ', 'ਘਰ ਸੰਸਾਰ', 'ਔਲਾਦ', 'ਸਦਮਾ', 'ਹਿੰਮਤਵਾਲਾ', 'ਨਗੀਨਾ', 'ਮਿਸਟਰ ਇੰਡੀਆ', 'ਚਾਂਦਨੀ'।

ਅਸੀਂ ਸ਼੍ਰੀਦੇਵੀ ਦੀਆਂ ਫ਼ਿਲਮਾਂ ਹੋਸਟਲ ਦੇ ਵੱਡੇ ਹਾਲ ਵਿੱਚ ਆਵਾਜ਼ ਪੂਰੀ ਉੱਚੀ ਕਰ ਕੇ, ਦਰਵਾਜ਼ੇ ਖਿੜਕੀਆਂ ਖੋਲ੍ਹ ਕੇ ਦੇਖਦੇ ਸੀ ਤਾਂ ਕਿ ਆਵਾਜ਼ ਹੋਸਟਲ ਦੇ ਬਾਹਰ ਬਣੀ ਪੁਲਿਸ ਚੌਕੀ ਤੱਕ ਪਹੁੰਚ ਜਾਵੇ।

ਇਹ ਸਾਡਾ ਵਿਰੋਧ ਸੀ ਜਰਨਲ ਜ਼ਿਆ-ਉਲ-ਹੱਕ ਦੀ ਤਾਨਾਸ਼ਾਹੀ ਦੇ ਖਿਲਾਫ਼।

ਕਦੇ-ਕਦੇ ਪੁਲਿਸ ਵਾਲੇ ਹੋਲੀ ਜਿਹੀ ਆਵਾਜ਼ ਵਿੱਚ ਆ ਕੇ ਸਾਨੂੰ ਕਹਿੰਦੇ, "ਅਸੀਂ ਤੁਹਾਡੀਆਂ ਭਾਵਨਾਵਾਂ ਸਮਝਦੇ ਹਾਂ ਪਰ ਜੇ ਕਦੇ ਕੋਈ ਕੱਬਾ ਅਫ਼ਸਰ ਆ ਗਿਆ ਤਾਂ ਸਾਡੀਆਂ ਪੇਟੀਆਂ ਲਹਿੰਦੀਆਂ ਦੇਖ ਕੇ ਤੁਹਾਨੂੰ ਵਧੀਆ ਲੱਗੇਗਾ?"

ਸ਼੍ਰੀਦੇਵੀ ਦੀ ਕੋਈ ਨਵੀਂ ਫ਼ਿਲਮ ਦਿਖਾ ਦੇਵੋ...

ਇਨ੍ਹਾਂ ਸਿਪਾਹੀਆਂ ਦੀ ਥਾਂ ਹਰ ਤਿੰਨ ਮਹੀਨੇ ਬਾਅਦ ਨਵੇਂ ਸਿਪਾਹੀ ਆ ਜਾਂਦੇ। ਇੱਕ ਸਿਪਾਹੀ ਮੈਨੂੰ ਯਾਦ ਹੈ, ਜਮੀਲ ਨਾਮ ਸੀ ਸ਼ਾਇਦ ਉਸਦਾ।

ਸਪੈਸ਼ਲ ਬ੍ਰਾਂਚ ਦਾ ਹੋਣ ਕਰਕੇ ਵਰਦੀ ਨਹੀਂ ਸੀ ਪਾਉਂਦਾ। ਹੋਸਟਲ ਦੀ ਚੌਂਕੀ 'ਤੇ ਇੱਕ ਸਾਲ ਤੋਂ ਵੱਧ ਸਮਾਂ ਤਾਇਨਾਤ ਰਿਹਾ।

ਜਦੋਂ ਸਾਨੂੰ ਉਸਦੀ ਬਦਲੀ ਦਾ ਪਤਾ ਲਗਿਆ ਤਾਂ ਅਸੀਂ ਕਿਹਾ ਕਿ ਜਮੀਲ ਅੱਜ ਤੁਹਾਡੇ ਲਈ ਹੋਸਟਲ ਦੀ ਕੰਟੀਨ ਵਿੱਚ ਦਾਅਵਤ ਕਰਦੇ ਹਾਂ।

ਉਹ ਕਹਿਣ ਲੱਗਿਆ, ਦਾਅਵਤ ਛੱਡੋ ਸ਼੍ਰੀਦੇਵੀ ਦੀ ਕੋਈ ਫ਼ਿਲਮ ਦਿੱਖਾ ਦਿਓ।

ਉਸ ਰਾਤ ਸਿਪਾਹੀ ਜਮੀਲ ਨੂੰ ਮਾਣ ਦੇਣ ਲਈ 'ਜਸਟਿਸ ਚੌਧਰੀ' ਮੰਗਵਾਈ ਗਈ ਤੇ ਪੂਰੀ ਸਨਮਾਨ ਨਾਲ ਦੇਖੀ ਗਈ।

ਨੱਬੇ ਦੇ ਦਹਾਕੇ ਵਿੱਚ...

ਅੱਜ ਮੈਂ 30-35 ਸਾਲ ਮਗਰੋਂ ਸੋਚ ਰਿਹਾ ਹਾਂ ਕਿ ਜੇ ਸ਼੍ਰੀਦੇਵੀ ਨਾ ਹੁੰਦੀ ਤਾਂ ਜਰਨਲ ਜ਼ਿਆ-ਉਲ-ਹੱਕ ਦੀ 10 ਸਾਲਾਂ 'ਚ ਪਸਰੀ ਫੈਲੀ ਚੁੱਪੀ ਅਸੀਂ ਕਿਵੇਂ ਕੱਟਦੇ।

ਮੈਂ ਸ਼੍ਰੀਦੇਵੀ ਦੀ ਆਖ਼ਰੀ ਫ਼ਿਲਮ 'ਚਾਂਦਨੀ' ਦੇਖੀ, ਜ਼ਿੰਦਗੀ ਉਸ ਮਗਰੋਂ ਪਤਾ ਨਹੀਂ ਕਿਤੋਂ ਦੀ ਕਿਤੇ ਲੈ ਗਈ।

ਸ਼੍ਰੀਦੇਵੀ ਨੂੰ ਵੀ ਸ਼ਾਇਦ ਪਤਾ ਲੱਗ ਗਿਆ ਸੀ। ਇਸ ਲਈ 90 ਦੇ ਦਹਾਕੇ ਵਿੱਚ ਉਹ ਵੀ ਢਲਦੇ ਸੂਰਜ ਵਾਂਗ ਨਜ਼ਰਾਂ ਤੋਂ ਓਝਲ ਹੋ ਗਈ।

ਮੈਂ ਸੁਣਿਆ ਕਿ "ਇੰਗਲਿਸ਼-ਵਿੰਗਲਿਸ਼" ਵਧੀਆ ਫ਼ਿਲਮ ਸੀ, ਫੇਰ ਸੁਣਿਆ ਕਿ "ਮਾਮ" ਵਿੱਚ ਸ਼੍ਰੀਦੇਵੀ ਨੇ ਕਮਾਲ ਦਾ ਕੰਮ ਕਰ ਦਿਖਾਇਆ।

ਕੱਲ੍ਹ ਤਾਂ ਸ਼੍ਰੀਦੇਵੀ ਨੇ ਕਮਾਲ ਹੀ ਕਰ ਦਿੱਤੀ ਪਰ ਨਾ ਮੈਨੂੰ ਕੋਈ ਦੁੱਖ ਹੈ ਨਾ ਹੈਰਾਨੀ।

ਵੈਨ ਗਾਗ ਦੇ ਬਾਰੇ ਸੁਣਿਆ ਹੈ ਕਿ ਜਦੋਂ ਉਨ੍ਹਾਂ ਨੂੰ ਆਪਣੀ ਕੋਈ ਤਸਵੀਰ ਜ਼ਿਆਦਾ ਸੋਹਣੀ ਲੱਗਣ ਲਗਦੀ ਤਾਂ ਉਹ ਉਸ ਨੂੰ ਪਾੜ ਦਿੰਦੇ।

ਕੱਲ੍ਹ ਵੀ ਸ਼ਾਇਦ ਇਹੀ ਹੋਇਆ ਕਿ ਸ਼੍ਰੀਦੇਵੀ ਦੀ ਪੇਂਟਿੰਗ ਸ਼ਾਇਦ ਬਨਾਉਣ ਵਾਲੇ ਨੂੰ ਜ਼ਿਆਦਾ ਹੀ ਪਸੰਦ ਆ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)