ਚਿੱਟੇ ਦਾ ਹੱਲ ਅਫ਼ੀਮ ਦੀ ਖੇਤੀ: ਗਾਂਧੀ ਤੇ ਨਵਜੋਤ ਸਿੱਧੂ ਨਾਲ ਹੋਰ ਕੌਣ ਸਹਿਮਤ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿਚ ਡਰੱਗਜ਼ ਖ਼ਾਸ ਤੌਰ 'ਤੇ ਅਫ਼ੀਮ ਦੀ ਖੇਤੀ ਅਤੇ ਭੁੱਕੀ ਦੀ ਕਾਨੂੰਨੀ ਤੌਰ 'ਤੇ ਵਿੱਕਰੀ ਦੀ ਮੰਗ ਹੌਲੀ ਹੌਲੀ ਜ਼ੋਰ ਫੜਨ ਲੱਗੀ ਹੈ।

ਸਭ ਤੋਂ ਪਹਿਲਾਂ ਅਫ਼ੀਮ ਦੀ ਖੇਤੀ ਸਬੰਧੀ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਆਵਾਜ਼ ਚੁੱਕਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਕਿਸਾਨ ਯੂਨੀਅਨਾਂ ਨੇ ਵੀ ਡਾਕਟਰ ਧਰਮਵੀਰ ਗਾਂਧੀ ਦੀ ਦਲੀਲ ਨਾਲ ਸਹਿਮਤੀ ਪ੍ਰਗਟਾਈ।

ਮਾਮਲਾ ਕੁਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਹੁਣ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਡਾਕਟਰ ਗਾਂਧੀ ਦੀ ਮੰਗ ਨਾਲ ਸੁਰ ਮਿਲਾ ਕੇ ਇਸ ਨੂੰ ਜਾਇਜ਼ ਕਰਾਰ ਦਿੱਤਾ ਹੈ।

ਪਿਛਲੇ ਦਿਨੀਂ ਛਪਾਰ ਮੇਲੇ ਦੌਰਾਨ ਅਹਿਮਦਗੜ੍ਹ ਮੰਡੀ ਵਿੱਚ ਕਿਸਾਨਾਂ ਨੇ ਅਫ਼ੀਮ ਦੀ ਖੇਤੀ ਕਰਨ ਲਈ ਜ਼ਮੀਨ ਵਿਚ ਬੀਜ ਸੁੱਟੇ ਕੇ ਸੰਕੇਤਕ ਤੌਰ ਉੱਤੇ ਸ਼ੁਰੂ ਕਰਨ ਦਾ ਕਦਮ ਵੀ ਚੁੱਕਿਆ ਸੀ।

ਇਹ ਵੀ ਪੜ੍ਹੋ:-

ਇਸ ਮੁੱਦੇ ਉੱਤੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਡਾਕਟਰ ਧਰਮਵੀਰ ਗਾਂਧੀ ਨੇ ਆਖਿਆ ਹੈ ਕਿ ਸਰਕਾਰ ਦੀ ਨਿਗਰਾਨੀ ਹੇਠ ਪੰਜਾਬ ਦੇ ਰਵਾਇਤੀ ਨਸ਼ਿਆਂ, ਜਿਨ੍ਹਾਂ ਵਿੱਚ ਭੁੱਕੀ ਅਤੇ ਅਫ਼ੀਮ ਸ਼ਾਮਲ ਹੈ, ਨੂੰ ਕਾਨੂੰਨੀ ਤੌਰ 'ਤੇ ਮਾਨਤਾ ਦੇਣੀ ਚਾਹੀਦੀ ਹੈ।

ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੂਬਿਆਂ ਵਾਂਗ ਇੱਕ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਅਫ਼ੀਮ ਅਤੇ ਭੁੱਕੀ ਦੀ ਵਿੱਕਰੀ ਸਰਕਾਰੀ ਨਿਗਰਾਨੀ ਹੇਠ ਹੋਵੇ।

ਡਾਕਟਰ ਧਰਮਵੀਰ ਗਾਂਧੀ ਮੁਤਾਬਕ ਸਰਕਾਰ ਨੇ ਨਸ਼ੇ ਨੂੰ ਖ਼ਤਮ ਕਰਨ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕ ਕੇ ਅਤੇ ਕਾਨੂੰਨ ਬਣਾ ਕੇ ਦੇਖ ਲਏ ਪਰ ਨਸ਼ੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ। ਡਾਕਟਰ ਗਾਂਧੀ ਮੁਤਾਬਕ ਜਿਨ੍ਹਾਂ ਦੇਸ਼ਾਂ ਨੇ ਸਮੇਂ ਮੁਤਾਬਕ ਆਪਣੀਆਂ ਨੀਤੀਆਂ ਬਦਲੀਆਂ ਹਨ, ਉਹ ਕਾਮਯਾਬ ਹੋਏ ਹਨ।

ਉਨ੍ਹਾਂ ਆਖਿਆ ਕਿ ਪੰਜਾਬ ਅਫ਼ੀਮ ਅਤੇ ਭੁੱਕੀ ਹੁਣ ਵੀ ਮਿਲਦੀ ਹੈ ਪਰ ਡਰੱਗਜ਼ ਮਾਫ਼ੀਏ ਦੇ ਕੰਟਰੋਲ ਹੇਠ।

ਉਨ੍ਹਾਂ ਦਲੀਲ ਦਿੰਦਿਆਂ ਆਖਿਆ ਕਿ 300 ਰੁਪਏ ਪ੍ਰਤੀ ਕਿੱਲੋ ਦੀ ਕੀਮਤ ਵਾਲੀ ਭੁੱਕੀ ਪੰਜ ਹਜ਼ਾਰ ਰੁਪਏ ਪ੍ਰਤੀ ਕਿੱਲੋ ਮਿਲ ਰਹੀ ਹੈ।

ਡਾਕਟਰ ਗਾਂਧੀ ਨੇ ਦੱਸਿਆ ਕਿ ਸਰਕਾਰ ਨੂੰ ਸਮੇਂ ਦੇ ਮੁਤਾਬਕ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਨਸ਼ੇ ਦੀ ਮਾਮੂਲੀ ਡੋਜ਼ ਲੈਣ ਵਾਲੇ 20 ਹਜ਼ਾਰ ਦੇ ਕਰੀਬ ਲੋਕ ਜੇਲ੍ਹਾਂ ਵਿਚ ਬੰਦ ਹਨ।

ਡਾਕਟਰ ਗਾਂਧੀ ਨੇ ਦਲੀਲ ਦਿੰਦਿਆਂ ਆਖਿਆ ਕਿ ਉਹ ਮੰਗ ਸੰਸਦ ਵਿਚ ਵੀ ਉਠਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ ਪਰ ਅਫਸੋਸ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਇਸ ਮੰਗ ਉੱਤੇ ਕੋਈ ਜਵਾਬ ਨਹੀਂ ਦਿੱਤਾ ਗਿਆ।

ਡਾਕਟਰ ਗਾਂਧੀ ਨੇ ਦੱਸਿਆ ਕਿ ਉਹ ਲੋਕਾਂ ਅਤੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਛੇ ਰੈਲੀਆਂ ਵੀ ਕਰ ਚੁੱਕੇ ਹਨ। ਉਹਨਾਂ ਨਵਜੋਤ ਸਿੰਘ ਸਿੱਧੂ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਕਿ ਉਨ੍ਹਾਂ ਨੇ ਅਫ਼ੀਮ ਤੇ ਭੁੱਕੀ ਦੀ ਗੱਲ ਕਰ ਕੇ ਇੱਕ ਸਮਝਦਾਰੀ ਵਾਲੀ ਗੱਲ ਕੀਤੀ ਹੈ।

ਪੰਜਾਬ ਸਰਕਾਰ ਦੀ ਦਲੀਲ

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਨਸ਼ੇ ਦੇ ਮੁੱਦੇ ਉੱਤੇ ਇੱਕ ਪੁਖ਼ਤਾ ਨੀਤੀ ਬਣਾਉਣ ਦੀ ਲੋੜ ਹੈ।

ਟਵੀਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਨੂੰ ਰੋਕਣ ਲਈ ਇੱਕ ਕੌਮੀ ਡਰਗ ਨੀਤੀ ਬਣਾਉਣ ਦੀ ਲੋੜ ਹੈ।

ਉਨ੍ਹਾਂ ਕਿਹਾ, "ਇੱਕ ਸੂਬਾ ਜੇ ਭੁੱਕੀ ਦੀ ਖੇਤੀ ਕਰ ਕੇ ਜੇ ਦੂਜੇ ਸੂਬੇ ਨੂੰ ਵੇਚੇਗਾ ਤੇ ਇਹ ਸਹੀ ਨਹੀਂ ਹੈ। ਇਸ ਨਾਲ ਨਵੀਂ ਪੀੜ੍ਹੀ ਬਰਬਾਦ ਹੋ ਰਹੀ ਹੈ।"

ਸਹਿਮਤ ਨਹੀਂ ਹੈ ਅਕਾਲੀ ਦਲ

ਦੂਜੇ ਪਾਸੇ ਇਸ ਮੁੱਦੇ ਉੱਤੇ ਸ਼੍ਰੋਮਣੀ ਅਕਾਲੀ ਬਾਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਅਫ਼ੀਮ ਦੀ ਖੇਤੀ ਦੀ ਖੁੱਲ ਦੇਣਾ ਨਸ਼ੇ ਉਤੇ ਕਾਬੂ ਪਾਉਣ ਦਾ ਕੋਈ ਪੱਕਾ ਅਤੇ ਸਾਰਥਿਕ ਹੱਲ ਨਹੀਂ ਹੈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਡਾ. ਚੀਮਾ ਨੇ ਆਖਿਆ ਕਿ ਜੇਕਰ ਸਰਕਾਰ ਇਸ ਦੀ ਖੁੱਲ ਦਿੰਦੀ ਹੈ ਤਾਂ ਇਹ ਕਦਮ ਸੂਬੇ ਦੇ ਲੋਕਾਂ ਨੂੰ ਹਨੇਰੇ ਵਿਚ ਧੱਕਣ ਵਾਲਾ ਹੋਵੇਗਾ।

ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੂੰ ਲਗਦਾ ਹੈ ਕਿ ਨਸ਼ੇ ਦੀ ਸਮੱਸਿਆ ਦਾ ਹੱਲ ਸਿਰਫ਼ ਅਫ਼ੀਮ ਦੀ ਖੇਤੀ ਨੂੰ ਖੁੱਲ੍ਹ ਦੇਣਾ ਹੈ, ਤਾਂ ਸਰਕਾਰ ਨੂੰ ਇਸ ਸਬੰਧੀ ਪੂਰੀ ਸਪਸ਼ਟ ਨੀਤੀ ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ।

ਪੰਜਾਬ ਵਿਚ ਕਦੋਂ ਹੋਈ ਅਫ਼ੀਮ ਦੀ ਖੇਤੀ ਗ਼ੈਰ-ਕਾਨੂੰਨੀ

ਚੰਡੀਗੜ੍ਹ ਦੇ ਪੀਜੀਆਈ ਦੇ ਨਸ਼ਾ ਛੁਡਾਊ ਕੇਂਦਰ ਦੇ ਡਾਕਟਰ ਦੇਬਸ਼ੀਸ਼ ਬਾਸੂ ਦੱਸਦੇ ਹਨ ਕਿ 1985 ਤੋਂ ਪਹਿਲਾਂ ਅਫ਼ੀਮ ਦੀ ਖੇਤੀ ਪੰਜਾਬ ਵਿਚ ਹੁੰਦੀ ਸੀ।

ਪੰਜਾਬ ਵਿਚ ਨਸ਼ਿਆਂ ਬਾਰੇ ਸਟੱਡੀ ਕਰਨ ਵਾਲੇ ਡਾਕਟਰ ਬਾਸੂ ਨੇ ਦੱਸਿਆ ਕਿ 1985 ਵਿਚ ਐਨਡੀਪੀਐਸ ਐਕਟ ਆਇਆ ਜਿਸ ਵਿਚ ਅਫ਼ੀਮ ਦੀ ਖੇਤੀ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹਾਲਾਂਕਿ ਭੰਗ ਨੂੰ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ।

ਪੰਜਾਬ ਦੇ ਨਸ਼ੇ ਬਾਰੇ ਸ਼ੋਧ ਕਰਨ ਬਾਰੇ ਡਾਕਟਰ ਦੇਵਸ਼ਿਸ ਬਾਸੂ ਨੇ ਦੱਸਿਆ ਕਿ ਦਵਾਈ ਵਾਸਤੇ ਅਫ਼ੀਮ ਦੀ ਖੇਤੀ ਦੇਸ ਦੇ ਕਈ ਸੂਬਿਆਂ ਵਿਚ ਹੋ ਰਹੀ ਹੈ।

ਡਾਕਟਰ ਧਰਮਵੀਰ ਗਾਂਧੀ ਅਤੇ ਹੋਰਨਾਂ ਦੀ ਅਫ਼ੀਮ ਦੀ ਖੇਤੀ ਸਬੰਧੀ ਕੀਤੀ ਜਾ ਰਹੀ ਮੰਗ ਉੱਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਆਖਿਆ ਕਿ ਉਹ ਮੰਗ ਪਿੱਛੇ ਦੀ ਭਾਵਨਾ ਨੂੰ ਸਮਝਦੇ ਹਨ।

ਇਸ ਮੰਗ ਦਾ ਆਧਾਰ ਇਹ ਹੈ ਕਿ ਜਦੋਂ ਨਸ਼ੇ ਦੀ ਵਰਤੋਂ ਕਰਨ ਵਾਲੇ ਨੂੰ ਅਫ਼ੀਮ ਜਾਂ ਭੁੱਕੀ ਨਹੀਂ ਮਿਲੇਗੀ ਤਾਂ ਉਹ ਸਿੰਥੈਟਿਕ ਨਸ਼ਿਆਂ ਵੱਲ ਰੁਖ਼ ਕਰੇਗਾ ਜੋ ਕਿ ਜ਼ਿਆਦਾ ਖ਼ਤਰਨਾਕ ਹੈ।

ਉਨ੍ਹਾਂ ਆਖਿਆ ਕਿ ਭੁੱਕੀ ਅਤੇ ਅਫ਼ੀਮ ਦਾ ਸਰੀਰ ਉੱਤੇ ਮਾਰੂ ਅਸਰ ਘੱਟ ਪੈਂਦਾ ਹੈ। ਪਰ ਉਹ ਇਸ ਦਾ ਸਮਰਥਨ ਨਹੀਂ ਕਰਦੇ ਕਿਉਂਕਿ ਇਸ ਦਾ ਅਸਰ ਕੀ ਹੋਵੇਗਾ ਇਸ ਬਾਰੇ ਪਹਿਲਾਂ ਤੋਂ ਕੁਝ ਨਹੀਂ ਕਿਹਾ ਦਾ ਸਕਦਾ।

ਅੰਮ੍ਰਿਤਸਰ ਦੇ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾਕਟਰ ਪੀ ਡੀ ਗਰਗ ਨੇ ਡਾਕਟਰ ਗਾਂਧੀ ਅਤੇ ਹੋਰਨਾਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਇਸ ਨੂੰ ਬੱਚਿਆਂ ਵਾਲਾ ਬਿਆਨ ਕਰਾਰ ਦਿੱਤਾ।

ਉਨ੍ਹਾਂ ਆਖਿਆ ਕਿ ਇਸ ਨਾਲ ਨਸ਼ਿਆਂ ਦੀ ਸਮੱਸਿਆ ਸੂਬੇ ਵਿੱਚ ਹੋਰ ਵਧ ਸਕਦੀ ਹੈ ਕਿਉਂਕਿ ਲੋਕ ਖੁੱਲ੍ਹੇ ਤੌਰ 'ਤੇ ਇਸ ਦਾ ਸੇਵਨ ਕਰਨ ਲੱਗ ਜਾਣਗੇ।

ਉਨ੍ਹਾਂ ਨੇ ਇਹ ਗੱਲ ਮੰਨੀ ਕਿ ਉਹ ਨਸ਼ਾ ਛਡਾਉਣ ਲਈ ਜਿਸ ਦਵਾਈ ਦੀ ਵਰਤੋਂ ਕਰਦੇ ਹਨ ਉਹ ਅਫ਼ੀਮ ਤੋਂ ਤਿਆਰ ਹੁੰਦੀ ਹੈ।

ਉਨ੍ਹਾਂ ਕਿਹਾ, "ਅਸੀਂ ਇਸ ਨੂੰ ਦਵਾਈ ਦੀ ਤਰਾਂ ਮਰੀਜ਼ਾਂ ਨੂੰ ਦਿੰਦੇ ਹਾਂ, ਕਿਉਂਕਿ ਸਾਨੂੰ ਇਸ ਦੇ ਨੁਕਸਾਨ ਵੀ ਪਤਾ ਹਨ।"

ਇਹ ਵੀ ਪੜ੍ਹੋ:

ਸਪਸ਼ਟ ਹੈ ਕਿ ਅਫ਼ੀਮ ਦੀ ਖੇਤੀ ਸਬੰਧੀ ਰਾਜਨੀਤਿਕ ਪਾਰਟੀਆਂ ਅਤੇ ਜਾਣਕਾਰਾਂ ਦੀ ਰਾਏ ਵੱਖੋ ਵੱਖਰੀ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਫ਼ੀਮ ਦੀ ਖੇਤੀ ਦੀ ਮੰਗ ਪਹਿਲਾਂ ਨਾਲ ਵਧੇਰੇ ਇਸ ਸਮੇਂ ਚਰਚਾ ਵਿਚ ਹੈ। ਕੁਝ ਕਿਸਾਨ ਯੂਨੀਅਨਾਂ ਵੀ ਇਸ ਦੇ ਹੱਕ ਵਿਚ ਹਨ।

ਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)