ਗਾਂਧੀ ਜਯੰਤੀ: ਗਾਂਧੀ ਦੇ ਮੱਥੇ 'ਤੇ ਭਗਤ ਸਿੰਘ ਦੀ ਫਾਂਸੀ ਦਾ ਕਲੰਕ ਕਿਉਂ

    • ਲੇਖਕ, ਉਰਵਿਸ਼ ਕੋਠਾਰੀ
    • ਰੋਲ, ਬੀਬੀਸੀ ਲਈ

ਆਦਰਸ਼ ਇਨਕਲਾਬੀ ਮੰਨੇ ਜਾਂਦੇ ਭਗਤ ਸਿੰਘ ਜੰਗ-ਏ-ਆਜ਼ਾਦੀ ’ਚ ਹਿੰਸਾ ਦੇ ਵਿਰੋਧੀ ਨਹੀਂ ਸਨ। 1907 ਵਿੱਚ ਭਗਤ ਸਿੰਘ ਦਾ ਜਨਮ ਹੋਇਆ। ਉਸ ਵੇਲੇ 38 ਸਾਲ ਦੀ ਉਮਰ 'ਚ ਮੋਹਨਦਾਸ ਕਰਮਚੰਦ ਗਾਂਧੀ ਦੱਖਣੀ ਅਫ਼ਰੀਕਾ ਵਿੱਚ ਅਹਿੰਸਕ ਲੜਾਈ ਦੇ ਪ੍ਰਯੋਗ ਕਰ ਰਹੇ ਸਨ।

ਸੱਤਿਆਗ੍ਰਹਿ ਦੇ ਅਨੁਭਵ ਲੈ ਕੇ ਗਾਂਧੀ 1915 ਵਿੱਚ ਭਾਰਤ ਪਰਤੇ ਅਤੇ ਦੇਸ਼ ਦੀ ਰਾਜਨੀਤੀ ਉੱਪਰ ਛਾ ਗਏ।

ਭਗਤ ਸਿੰਘ ਨੇ ਹਿੰਸਕ ਕ੍ਰਾਂਤੀ ਦਾ ਰਾਹ ਵੀ ਚੁਣਿਆ ਪਰ ਫਿਰ ਵੀ ਦੋਵਾਂ ਦੀਆਂ ਕੁਝ ਗੱਲਾਂ ਇੱਕੋ ਜਿਹੀਆਂ ਸਨ। ਦੇਸ਼ ਦੇ ਆਮ ਆਦਮੀ ਦਾ ਦਰਦ ਦੋਹਾਂ ਲਈ ਅਹਿਮ ਸੀ।

ਇਹ ਵੀ ਪੜ੍ਹੋ

ਉਨ੍ਹਾਂ ਲਈ ਆਜ਼ਾਦੀ ਇੱਕ ਰਾਜਨੀਤਕ ਵਿਚਾਰ ਨਹੀਂ ਸੀ। ਦੋਵੇਂ ਚਾਹੁੰਦੇ ਸਨ ਕਿ ਜਨਤਾ ਸ਼ੋਸ਼ਣ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਵੇ।

ਭਗਤ ਸਿੰਘ ਰੱਬ ਨੂੰ ਨਹੀਂ ਮੰਨਦੇ ਸਨ ਪਰ ਗਾਂਧੀ ਪੱਕੇ ਆਸਤਿਕ ਸਨ। ਧਰਮ ਦੇ ਨਾਂ 'ਤੇ ਨਫ਼ਰਤ ਦੇ ਦੋਵੇਂ ਹੀ ਖਿਲਾਫ਼ ਸਨ।

ਭਗਤ ਸਿੰਘ ਨੂੰ ਸਜ਼ਾ

ਸਾਲ 1929 ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ। ਉਸ ਦੇ ਵਿਰੋਧ ਵਿੱਚ ਮੁਜ਼ਾਹਰੇ ਦੌਰਾਨ ਉੱਘੇ ਨੇਤਾ ਲਾਲਾ ਲਾਜਪਤ ਰਾਏ ਨੂੰ ਪੁਲਿਸ ਦੇ ਲਾਠੀਚਾਰਜ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਲਾਲਾ ਲਾਜਪਤ ਰਾਏ ਦੇ ਜੀਵਨ ਦੇ ਅਖੀਰਲੇ ਸਾਲਾਂ ਵਿੱਚ ਭਗਤ ਸਿੰਘ ਉਨ੍ਹਾਂ ਦੀ ਰਾਜਨੀਤੀ ਦਾ ਵਿਰੋਧ ਕਰਦੇ ਸਨ ਪਰ ਉਨ੍ਹਾਂ ਦੀ ਮੌਤ ’ਤੇ ਭਗਤ ਸਿੰਘ ਨੂੰ ਬਹੁਤ ਗੁੱਸਾ ਆਇਆ।

ਇਸ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਸਾਥੀਆਂ ਨਾਲ ਰਲ ਕੇ ਪੁਲਿਸ ਐਸਪੀ ਸਕਾਟ ਦੇ ਕਤਲ ਦੀ ਯੋਜਨਾ ਬਣਾਈ।

ਹੋਇਆ ਇਹ ਕਿ ਇੱਕ ਸਾਥੀ ਦੀ ਗਲਤੀ ਕਾਰਨ ਸਕਾਟ ਦੀ ਥਾਂ ਇੱਕ ਹੋਰ ਪੁਲਿਸ ਮੁਲਾਜ਼ਮ, 21 ਸਾਲਾਂ ਦੇ ਸਾਂਡਰਸ ਦੀ ਹੱਤਿਆ ਹੋ ਗਈ।

ਇਸ ਮਾਮਲੇ 'ਚ ਭਗਤ ਸਿੰਘ ਨਹੀਂ ਫੜੇ ਗਏ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਅਸੈਂਬਲੀ ਸਭਾ ਵਿੱਚ ਬੰਬ ਸੁੱਟਿਆ। ਉਸ ਵੇਲੇ ਸਰਦਾਰ ਪਟੇਲ ਦੇ ਵੱਡੇ ਭਰਾ ਵਿੱਠਲ਼ ਭਾਈ ਪਟੇਲ ਸਭਾ ਦੇ ਪਹਿਲੇ ਭਾਰਤੀ ਪ੍ਰਧਾਨ ਵਜੋਂ ਮੌਕੇ ਦੀ ਅਗਵਾਈ ਕਰ ਰਹੇ ਸਨ।

ਭਗਤ ਸਿੰਘ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਸਨ, ਸਗੋਂ ਬਸ "ਬੋਲੀ" ਅੰਗਰੇਜ਼ ਸਰਕਾਰ ਦੇ ਕੰਨਾਂ ਵਿੱਚ ਭਾਰਤ ਦੀ ਸੱਚਾਈ ਦੀ ਗੂੰਜ ਸੁਣਾਉਣਾ ਚਾਹੁੰਦੇ ਸਨ।

ਬੰਬ ਸੁੱਟਣ ਤੋਂ ਬਾਅਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਬਟੁਕੇਸ਼ਵਰ ਦੱਤ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਗ੍ਰਿਫਤਾਰੀ ਦੇ ਦਿੱਤੀ। ਭਗਤ ਸਿੰਘ ਕੋਲ ਉਸ ਵੇਲੇ ਰਿਵਾਲਵਰ ਵੀ ਸੀ। ਬਾਅਦ 'ਚ ਇਹ ਸਿੱਧ ਹੋਇਆ ਕਿ ਇਹੀ ਰਿਵਾਲਵਰ ਸਾਂਡਰਸ ਦੀ ਹੱਤਿਆ ਵਿਚ ਵਰਤੀ ਗਈ ਸੀ, ਜਿਸ ਕਰਕੇ ਭਗਤ ਸਿੰਘ ਨੂੰ ਉਸ ਮਾਮਲੇ ਵਿੱਚ ਹੀ ਫਾਂਸੀ ਦਿੱਤੀ ਗਈ।

ਗਾਂਧੀ ਤੇ ਸਜ਼ਾ ਮਾਫ਼ੀ

ਸਾਲ 1930 ਵਿੱਚ ਦਾਂਡੀ ਮਾਰਚ ਤੋਂ ਬਾਅਦ ਗਾਂਧੀ-ਕਾਂਗਰਸ ਅਤੇ ਅੰਗਰੇਜ਼ ਸਰਕਾਰ ਵਿਚਕਾਰ ਸੰਘਰਸ਼ ਤੇਜ਼ ਹੋ ਗਿਆ ਸੀ। ਇਸੇ ਦੌਰਾਨ ਭਾਰਤ ਦੀ ਰਾਜ ਵਿਵਸਥਾ 'ਚ ਸੁਧਾਰਾਂ ਦੇ ਮਸਲੇ ਉੱਪਰ ਬ੍ਰਿਟੇਨ ਦੀ ਸਰਕਾਰ ਨੇ ਉਨ੍ਹਾਂ ਨੂੰ ਗੋਲਮੇਜ਼ ਸੰਮੇਲਨ ਲਈ ਲੰਡਨ ਬੁਲਾਇਆ ਪਰ ਗਾਂਧੀ ਜੀ ਤੇ ਕਾਂਗਰਸ ਨੇ ਭਾਗ ਨਹੀਂ ਲਿਆ। ਸੰਮੇਲਨ ਬੇਨਤੀਜਾ ਹੀ ਰਹਿ ਗਿਆ।

ਦੂਜੇ ਸੰਮੇਲਨ 'ਚ ਬਰਤਾਨਵੀ ਸਰਕਾਰ ਨੇ ਪਹਿਲੇ ਸੰਮੇਲਨ ਵਾਲਾ ਹਾਲ ਹੋਣੋਂ ਬਚਾਉਣ ਲਈ ਸੰਘਰਸ਼ ਦੀ ਥਾਂ ਗੱਲਬਾਤ ਕਰਨ ਦਾ ਫੈਸਲਾ ਕੀਤਾ।

17 ਫਰਵਰੀ 1931 ਤੋਂ ਵਾਇਸਰਾਏ ਇਰਵਿਨ ਅਤੇ ਗਾਂਧੀ ਦੀ ਗੱਲਬਾਤ ਸ਼ੁਰੂ ਹੋਈ। ਇੱਕ ਸਮਝੌਤਾ 5 ਮਾਰਚ 1931 ਨੂੰ ਕੀਤਾ ਗਿਆ ਜਿਸ ਦੇ ਮੁਤਾਬਕ ਅਹਿੰਸਕ ਸੰਘਰਸ਼ ਕਰਨ ਲਈ ਜੇਲ੍ਹ 'ਚ ਬੰਦ ਲੋਕਾਂ ਨੂੰ ਛੱਡਣ ਦੀ ਗੱਲਬਾਤ ਤੈਅ ਹੋਈ।

ਫਿਰ ਵੀ ਰਾਜਨੀਤਕ ਹੱਤਿਆ ਦੇ ਮਾਮਲੇ 'ਚ ਫਾਂਸੀ ਦਾ ਸਾਹਮਣਾ ਕਰ ਰਹੇ ਭਗਤ ਸਿੰਘ ਨੂੰ ਮਾਫ਼ੀ ਨਹੀਂ ਮਿਲੀ। ਸਿਰਫ ਭਗਤ ਸਿੰਘ ਹੀ ਨਹੀਂ ਸਗੋਂ ਅਜਿਹੇ ਮਾਮਲਿਆਂ 'ਚ ਸਜ਼ਾਯਾਫ਼ਤਾ ਕਿਸੇ ਵੀ ਕੈਦੀ ਨੂੰ ਰਿਆਇਤ ਨਹੀਂ ਮਿਲੀ। ਇੱਥੋਂ ਹੀ ਵਿਵਾਦ ਨੇ ਜਨਮ ਲੈ ਲਿਆ।

ਇਹ ਵੀ ਪੜ੍ਹੋ

'ਗਾਂਧੀ, ਵਾਪਸ ਜਾਓ'

ਇਸੇ ਦੌਰਾਨ ਇਹ ਸਵਾਲ ਚੁੱਕੇ ਜਾਂ ਲੱਗੇ ਕਿ ਜਦੋਂ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ, ਉਸ ਵੇਲੇ ਅੰਗਰੇਜ਼ਾਂ ਨਾਲ ਸਮਝੌਤਾ ਕਿਵੇਂ ਕੀਤਾ ਜਾ ਸਕਦਾ ਹੈ। ਇਸ ਮਸਲੇ ਨਾਲ ਜੁੜੇ ਸਵਾਲਾਂ ਦੇ ਪਰਚੇ ਬਣਾ ਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਵੰਡੇ ਗਏ।

ਖੱਬੇ ਪੱਖੀ ਇਸ ਸਮਝੌਤੇ ਤੋਂ ਨਾਰਾਜ਼ ਸਨ ਅਤੇ ਉਹ ਜਨਤਕ ਸਭਾਵਾਂ ਵਿੱਚ ਵੀ ਗਾਂਧੀ ਦੇ ਖਿਲਾਫ ਪ੍ਰਦਰਸ਼ਨ ਕਰਨ ਲੱਗੇ।

ਇਸ ਰੌਲੇ ਦੌਰਾਨ ਹੀ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ।

ਇਸ ਦੇ ਬਾਅਦ ਤਾਂ ਲੋਕਾਂ 'ਚ ਗੁੱਸੇ ਦੀ ਲਹਿਰ ਖੜ੍ਹੀ ਹੋ ਗਈ ਪਰ ਇਹ ਸਿਰਫ ਅੰਗਰੇਜ਼ਾਂ ਦੇ ਖਿਲਾਫ ਹੀ ਨਹੀਂ ਸੀ, ਸਗੋਂ ਗਾਂਧੀ ਦੇ ਖਿਲਾਫ ਵੀ ਸੀ, ਕਿਉਂਕਿ ਉਨ੍ਹਾਂ ਨੇ ਇਹ ਮੰਗ ਨਹੀਂ ਸੀ ਰੱਖੀ ਕਿ 'ਭਗਤ ਸਿੰਘ ਦੀ ਫਾਂਸੀ-ਮਾਫੀ ਨਹੀਂ ਤਾਂ ਸਮਝੌਤਾ ਨਹੀਂ'।

ਫਾਂਸੀ ਦੇ ਤਿੰਨ ਦਿਨਾਂ ਬਾਅਦ ਹੀ ਕਾਂਗਰਸ ਦਾ ਸੰਮੇਲਨ ਸ਼ੁਰੂ ਹੋਇਆ, ਜਿਸ ਵਿੱਚ ਪਹਿਲੀ ਤੇ ਆਖ਼ਰੀ ਵਾਰ ਸਰਦਾਰ ਵੱਲਭ ਭਾਈ ਪਟੇਲ ਕਾਂਗਰਸ ਦੇ ਪ੍ਰਧਾਨ ਬਣੇ।

ਇੱਕ ਦਿਨ ਪਹਿਲਾਂ, 25 ਮਾਰਚ ਨੂੰ ਜਦੋਂ ਗਾਂਧੀ ਇਸ ਸੰਮੇਲਨ ਲਈ ਕਰਾਚੀ ਪੁੱਜੇ ਤਾਂ ਉਨ੍ਹਾਂ ਦਾ ਸੁਆਗਤ ਮੁਜ਼ਾਹਰਿਆਂ ਨਾਲ ਹੋਇਆ, ਉਨ੍ਹਾਂ ਨੂੰ ਕਾਲੇ ਕੱਪੜੇ ਦੇ ਫੁੱਲ ਦਿੱਤੇ ਗਏ ਅਤੇ ਨਾਅਰੇ ਲੱਗੇ, "ਗਾਂਧੀ ਮੁਰਦਾਬਾਦ, ਗਾਂਧੀ ਗੋ ਬੈਕ, ਗਾਂਧੀ ਵਾਪਸ ਜਾਓ।"

ਇਸ ਵਿਰੋਧ ਨੂੰ ਗਾਂਧੀ ਨੇ "ਦੁੱਖ ’ਚੋਂ ਉੱਠਣ ਵਾਲਾ ਗੁੱਸਾ" ਅਤੇ "ਹਲਕਾ ਪ੍ਰਦਰਸ਼ਨ" ਆਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ "ਬਹੁਤ ਗੌਰਵ ਭਰੀ ਸ਼ੈਲੀ" 'ਚ ਆਪਣਾ ਗੁੱਸਾ ਜ਼ਾਹਿਰ ਕੀਤਾ। ਇੱਕ ਅਖ਼ਬਾਰ ਦੀ ਰਿਪੋਰਟ ਮੁਤਾਬਕ 25 ਮਾਰਚ ਦੁਪਹਿਰੇ ਕਈ ਲੋਕ ਗਾਂਧੀ ਦੀ ਰਿਹਾਇਸ਼ 'ਤੇ ਪਹੁੰਚ ਗਏ ਅਤੇ ਨਾਅਰੇ ਲਾਉਣ ਲੱਗੇ, "ਕਿੱਥੇ ਹੈ ਖੂਨੀ?"

ਉਨ੍ਹਾਂ ਨੂੰ ਜਵਾਹਰ ਲਾਲ ਨਹਿਰੂ ਮਿਲੇ, ਜੋ ਉਨ੍ਹਾਂ ਨੂੰ ਇੱਕ ਤੰਬੂ ਵਿੱਚ ਲੈ ਗਏ। ਨਹਿਰੂ ਨੇ ਤਿੰਨ ਘੰਟੇ ਗੱਲਬਾਤ ਕਰਕੇ ਇਨ੍ਹਾਂ ਲੋਕਾਂ ਨੂੰ ਸਮਝਾਇਆ ਪਰ ਇਹ ਸ਼ਾਮ ਨੂੰ ਮੁੜ ਵਿਰੋਧ ਕਰਨ ਪਹੁੰਚ ਗਏ।

ਕਾਂਗਰਸ ਦੇ ਅੰਦਰ ਵੀ ਸੁਭਾਸ਼ ਚੰਦਰ ਬੋਸ ਸਮੇਤ ਕਈ ਲੋਕਾਂ ਨੇ ਗਾਂਧੀ-ਇਰਵਿਨ ਸਮਝੌਤੇ ਦਾ ਵਿਰੋਧ ਕੀਤਾ। ਇਹ ਲੋਕ ਵੀ ਮੰਨਦੇ ਸਨ ਕਿ ਸਮਝੌਤੇ ਤਹਿਤ ਭਗਤ ਸਿੰਘ ਦੀ ਸਜ਼ਾ ਮਾਫ ਹੋਣੀ ਚਾਹੀਦੀ ਸੀ।

ਫਿਰ ਵੀ ਕਾਂਗਰਸ ਵਰਕਿੰਗ ਕਮੇਟੀ ਪੂਰੀ ਤਰ੍ਹਾਂ ਗਾਂਧੀ ਦੇ ਸਮਰਥਨ ਵਿੱਚ ਸੀ।

'ਜੇ ਮੈਨੂੰ ਭਗਤ ਸਿੰਘ ਮਿਲਦੇ'

ਗਾਂਧੀ ਨੇ ਇਸ ਮੁੱਦੇ ਉੱਪਰ ਕਈ ਵਾਰ ਟਿੱਪਣੀਆਂ ਕੀਤੀਆਂ ਅਤੇ ਇੱਕ ਵਾਰ ਕਿਹਾ, "ਭਗਤ ਸਿੰਘ ਦੀ ਬਹਾਦਰੀ ਲਈ ਸਾਡੇ ਮਨ 'ਚ ਇੱਜ਼ਤ ਉੱਭਰਦੀ ਹੈ। ਲੇਕਿਨ ਮੈਨੂੰ ਅਜਿਹਾ ਤਰੀਕਾ ਚਾਹੀਦਾ ਹੈ, ਜਿਸ 'ਚ ਖੁਦ ਦਾ ਬਲੀਦਾਨ ਕਰਨ ਵੇਲੇ ਹੋਰਾਂ ਨੂੰ ਨੁਕਸਾਨ ਨਾ ਹੋਵੇ।"

ਉਨ੍ਹਾਂ ਨੇ ਸਫਾਈ ਪੇਸ਼ ਕੀਤੀ, "ਸਮਝੌਤੇ ਦੀਆਂ ਸ਼ਰਤਾਂ 'ਚ ਫਾਂਸੀ ਰੋਕਣਾ ਸ਼ਾਮਲ ਨਹੀਂ ਸੀ। ਇਸ ਲਈ ਇਸ ਤੋਂ ਪਿੱਛੇ ਹਟਣਾ ਠੀਕ ਨਹੀਂ।"

ਗਾਂਧੀ ਨੇ ਆਪਣੀ ਕਿਤਾਬ 'ਹਿੰਦ ਸਵਰਾਜ' ਵਿੱਚ ਲਿਖਿਆ:

"ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੁੰਦਾ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਕਿ ਉਨ੍ਹਾਂ ਦਾ ਰਸਤਾ ਅਸਫ਼ਲ ਹੈ। ਰੱਬ ਨੂੰ ਹਾਜ਼ਰ-ਨਾਜ਼ਰ ਮਂਨ ਕੇ ਮੈਂ ਇਹ ਸੱਚ ਦੱਸਣਾ ਚਾਹੁੰਦਾ ਹਾਂ ਕਿ ਹਿੰਸਾ ਰਾਹੀਂ ਸਵਰਾਜ ਨਹੀਂ ਮਿਲ ਸਕਦਾ। ਸਿਰਫ ਮੁਸ਼ਕਲਾਂ ਮਿਲ ਸਕਦੀਆਂ ਹਨ।

"ਮੈਂ ਜਿੰਨੇ ਤਰੀਕਿਆਂ ਨਾਲ ਵਾਇਸਰਾਏ ਨੂੰ ਸਮਝ ਸਕਦਾ ਸੀ, ਮੈਂ ਕੋਸ਼ਿਸ਼ ਕੀਤੀ। ਮੇਰੇ ਕੋਲ ਸਮਝਾਉਣ ਦੀ ਜਿੰਨੀ ਸ਼ਕਤੀ ਸੀ, ਮੈਂ ਪੂਰੀ ਵਰਤੀ। 23 ਮਾਰਚ ਸਵੇਰੇ ਮੈਂ ਵਾਇਸਰਾਏ ਨੂੰ ਇੱਕ ਨਿੱਜੀ ਚਿਠੀ ਲਿਖੀ, ਜਿਸ ਵਿੱਚ ਮੈਂ ਆਪਣੀ ਪੂਰੀ ਆਤਮਾ ਪਾ ਦਿੱਤੀ।

"ਭਗਤ ਸਿੰਘ ਅਹਿੰਸਾ ਦੇ ਪੁਜਾਰੀ ਨਹੀਂ ਸਨ ਪਰ ਹਿੰਸਾ ਨੂੰ ਧਰਮ ਨਹੀਂ ਮੰਨਦੇ ਸਨ। ਇਨ੍ਹਾਂ ਵੀਰਾਂ ਨੇ ਮੌਤ ਦੇ ਡਰ ਉੱਤੇ ਵੀ ਜਿੱਤ ਪ੍ਰਾਪਤ ਕਰ ਲਈ। ਇਨ੍ਹਾਂ ਦੀ ਵੀਰਤਾ ਅੱਗੇ ਸਿਰ ਝੁਕਾਉਂਦੇ ਹਾਂ। ਪਰ ਇਨ੍ਹਾਂ ਦੇ ਕੀਤੇ ਕੰਮ ਨੂੰ ਦੁਬਾਰਾ ਨਹੀਂ ਕਰਨਾ ਚਾਹੀਦਾ। ਇਨ੍ਹਾਂ ਦੇ ਇਸ ਕਾਰੇ ਨਾਲ ਦੇਸ਼ ਨੂੰ ਕੋਈ ਫਾਇਦਾ ਹੋਇਆ ਹੋਵੇ, ਮੈਂ ਇਹ ਨਹੀਂ ਮੰਨਦਾ। ਖੂਨ ਕਰ ਕੇ ਸ਼ੋਹਰਤ ਹਾਸਲ ਕਰਨ ਦੀ ਰਵਾਇਤ ਚੱਲ ਪਈ ਤਾਂ ਲੋਕ ਇੱਕ ਦੂਜੇ ਦੇ ਕਤਲ ਵਿੱਚ ਹੀ ਨਿਆਂ ਲੱਭਣ ਲੱਗਣਗੇ।"

ਸ਼ਬਦਾਂ ਦੇ ਮਾਅਨੇ

ਖੋਜਕਾਰਾਂ ਨੂੰ ਅਜਿਹੇ ਸਬੂਤ ਨਹੀਂ ਮਿਲੇ ਜੋ ਦੱਸਣ ਕਿ ਗਾਂਧੀ ਨੇ ਭਗਤ ਸਿੰਘ ਦੀ ਫਾਂਸੀ ਰੋਕਣ ਲਈ ਵਾਇਸਰਾਇ ਉੱਪਰ ਪੂਰੀ ਤਰ੍ਹਾਂ ਦਬਾਅ ਬਣਾਇਆ ਹੋਵੇ। ਇਹ ਜ਼ਰੂਰ ਹੈ ਕਿ ਫਾਂਸੀ ਵਾਲੇ ਦਿਨ ਤੜਕੇ ਉਨ੍ਹਾਂ ਨੇ ਇੱਕ ਭਾਵਨਾਤਮਕ ਚਿੱਠੀ ਵਾਇਸਰਾਏ ਨੂੰ ਲਿਖੀ ਸੀ ਪਰ ਉਦੋਂ ਦੇਰ ਹੋ ਚੁੱਕੀ ਸੀ।

ਇਸ ਵਿਸ਼ੇ ਉੱਪਰ ਮੌਜੂਦ ਰਿਸਰਚ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਫਾਂਸੀ ਦੇ ਦਿਨ ਤੋਂ ਪਹਿਲਾਂ ਵਾਇਸਰਾਇ ਨਾਲ ਚਰਚਾ ਵਿੱਚ ਗਾਂਧੀ ਨੇ ਭਗਤ ਸਿੰਘ ਦੀ ਫਾਂਸੀ ਨੂੰ ਗੈਰ-ਜ਼ਰੂਰੀ ਮੰਨਿਆ ਸੀ।

ਇਸੇ ਲਈ ਬਾਅਦ 'ਚ ਗਾਂਧੀ ਵੱਲੋਂ ਆਪਣੀ ਪੂਰੀ ਤਾਕਤ ਲਗਾਉਣ ਦਾ ਦਾਅਵਾ ਸਹੀ ਨਹੀਂ ਜਾਪਦਾ।

ਇਹ ਵੀ ਪੜ੍ਹੋ

ਆਪਣੇ ਖਿਲਾਫ਼ ਵਿਰੋਧ ਨੂੰ ਵੇਖਦਿਆਂ ਗਾਂਧੀ ਨੇ ਸਾਰੀ ਨਿੰਦਾ ਨੂੰ ਆਪਣੇ ਉੱਪਰ ਲੈ ਕੇ ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖੇ। ਭਗਤ ਸਿੰਘ ਦੀ ਬਹਾਦਰੀ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਰਾਹ ਦਾ ਸਾਫ ਸ਼ਬਦਾਂ ਵਿੱਚ ਵਿਰੋਧ ਕੀਤਾ ਅਤੇ ਇਸ ਨੂੰ ਗੈਰ-ਕਾਨੂੰਨੀ ਆਖਿਆ।

ਇੱਕ ਨੇਤਾ ਵਜੋਂ ਇਸ ਮੁੱਦੇ ਉੱਪਰ ਗਾਂਧੀ ਦੀ ਨੈਤਿਕ ਹਿੰਮਤ ਯਾਦ ਰੱਖਣ ਯੋਗ ਹੈ। ਇਸ ਪੂਰੇ ਮੁੱਦੇ 'ਤੇ ਗਾਂਧੀ ਦੇ ਵਰਤਾਰੇ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਉਨ੍ਹਾਂ ਦਾ ਪੱਖ ਵੀ ਸਮਝ ਆਉਂਦਾ ਹੈ।

ਭਗਤ ਸਿੰਘ ਖੁਦ ਆਪਣੀ ਸਜ਼ਾ ਮਾਫੀ ਦੀ ਅਰਜ਼ੀ ਦੇਣ ਲਈ ਤਿਆਰ ਨਹੀਂ ਸਨ। ਜਦੋਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਲਈ ਅਰਜ਼ੀ ਲਾਈ ਤਾਂ ਉਨ੍ਹਾਂ ਨੇ ਕੌੜੇ ਸ਼ਬਦਾਂ ਭਰੀ ਚਿੱਠੀ ਲਿਖ ਕੇ ਇਸ ਦਾ ਜਵਾਬ ਦਿੱਤਾ ਸੀ।

ਨਿੰਦਿਆ ਕਿਸਨੂੰ ਜਾਵੇ?

ਭਗਤ ਸਿੰਘ ਦੀ ਸਜ਼ਾ ਦੇ ਮੁੱਦੇ ਉੱਪਰ ਗਾਂਧੀ ਨੂੰ ਕਿਉਂ ਨਿੰਦਿਆ ਜਾਂਦਾ ਹੈ? ਕੀ ਇਸ ਦੀ ਵਜ੍ਹਾ ਭਗਤ ਸਿੰਘ ਲਈ ਪਿਆਰ ਹੈ ਜਾਂ ਗਾਂਧੀ ਦੇ ਖਿਲਾਫ ਉਂਝ ਹੀ ਗੁੱਸਾ?

ਭਗਤ ਸਿੰਘ ਦੇ ਨਾਂ ਵਰਤ ਕੇ ਗਾਂਧੀ ਦਾ ਵਿਰੋਧ ਕਰਨ ਵਾਲੇ ਆਪਣੀਆਂ ਰੋਟੀਆਂ ਤਾਂ ਨਹੀਂ ਸੇਕ ਰਹੇ?

ਇਸ ਦੇ ਉਲਟ ਨਾਅਰੇਬਾਜ਼ੀ ਕਰਨ ਵਾਲੇ ਭਗਤ ਸਿੰਘ ਨੂੰ ਖੱਬੇਪੱਖੀ, ਨਾਸਤਿਕ, ਬੁੱਧੀਜੀਵੀ, ਫਿਰਕੂਵਾਦ ਦਾ ਵਿਰੋਧੀ ਦੱਸਦੇ ਹਨ।

ਜਦੋਂ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਬੰਬ ਸੁੱਟਿਆ, ਉਸ ਵੇਲੇ ਲੇਖਕ ਖੁਸ਼ਵੰਤ ਸਿੰਘ ਦੇ ਪਿਤਾ ਸੋਭਾ ਸਿੰਘ ਉੱਥੇ ਮੌਜੂਦ ਸਨ। ਉਨ੍ਹਾਂ ਨੇ ਅਦਾਲਤ 'ਚ ਭਗਤ ਸਿੰਘ ਦੀ ਪਛਾਣ ਕੀਤੀ ਸੀ। ਬਾਅਦ ਵਿੱਚ ਖੁਸ਼ਵੰਤ ਸਿੰਘ ਦੀ ਨਿਖੇਧੀ ਲਈ ਕੁਝ ਫ਼ਿਰਕੂਵਾਦੀਆਂ ਨੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਗਵਾਹੀ ਕਰਕੇ ਹੀ ਭਗਤ ਸਿੰਘ ਨੂੰ ਫਾਂਸੀ ਹੋਈ ਸੀ।

ਅਸਲ ਵਿੱਚ ਭਗਤ ਸਿੰਘ ਨੂੰ ਅਸੈਂਬਲੀ 'ਚ ਬੰਬ ਸੁੱਟਣ ਲਈ ਨਹੀਂ ਬਲਕਿ ਸਾਂਡਰਸ ਦੀ ਹੱਤਿਆ ਦੇ ਮਾਮਲੇ ਵਿੱਚ ਫਾਂਸੀ ਸੁਣਾਈ ਗਈ ਸੀ। ਇਸ ਨਾਲ ਸੋਭਾ ਸਿੰਘ ਦਾ ਕੋਈ ਵਾਸਤਾ ਨਹੀਂ ਸੀ।

ਵੱਡੀ ਗੱਲ ਇਹ ਵੀ ਹੈ ਕਿ ਭਗਤ ਸਿੰਘ ਦੀ ਫਾਂਸੀ ਪਿੱਛੇ ਉਨ੍ਹਾਂ ਦੇ ਕੁਝ ਸਾਥੀ ਵੀ ਸਨ, ਜੋ ਕਿ ਸਰਕਾਰੀ ਗਵਾਹ ਬਣ ਗਏ ਸਨ। ਇਨ੍ਹਾਂ ਵਿੱਚ ਹੀ ਸ਼ਾਮਲ ਸਨ, ਜਯ ਗੋਪਾਲ ਜਿਨ੍ਹਾਂ ਦੀ ਗਲਤੀ ਕਰਕੇ ਹੀ ਸਕਾਟ ਦੀ ਥਾਂ ਸਾਂਡਰਸ ਦੀ ਹੱਤਿਆ ਹੋਈ ਸੀ।

ਕਈ ਸਾਲਾਂ ਤੋਂ ਭਗਤ ਸਿੰਘ ਨੂੰ ਹੋਈ ਫਾਂਸੀ ਦੇ ਨਾਂ 'ਤੇ ਗਾਂਧੀ (ਜਾਂ ਸੋਭਾ ਸਿੰਘ) ਨੂੰ ਨਿੰਦਿਆ ਜਾਂਦਾ ਰਿਹਾ ਹੈ ਪਰ ਭਗਤ ਸਿੰਘ ਦੇ ਇਨ੍ਹਾਂ ਸਾਥੀਆਂ ਦੀ ਕੋਈ ਗੱਲ ਹੀ ਨਹੀਂ ਹੁੰਦੀ। ਕਿਉਂਕਿ ਉਸ ਦਾ ਕੋਈ ਰਾਜਨੀਤਿਕ ਲਾਭ ਨਹੀਂ ਮਿਲਦਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)