ਇੰਡੋਨੇਸ਼ੀਆ: ਏਅਰ ਟ੍ਰੈਫ਼ਿਕ ਕੰਟ੍ਰੋਲਰ ਨੇ ਭੂਚਾਲ ਦੌਰਾਨ ਬਹਾਦਰੀ ਨਾਲ ਨਿਭਾਈ ਡਿਊਟੀ

ਇੱਕ ਯਾਤਰੀ ਹਵਾਈ ਜਹਾਜ਼ ਨੂੰ ਮਾਰੂ ਭੂਚਾਲ ਤੋਂ ਬਚਾਉਣ ਸਮੇਂ ਇੰਡੋਨੇਸ਼ੀਆ ਦੇ ਇੱਕ ਏਅਰ ਟ੍ਰੈਫ਼ਿਕ ਕੰਟ੍ਰੋਲਰ ਦੀ ਜਾਨ ਚਲੀ ਗਈ। ਆਪਣੇ ਕਾਰਜ ਲਈ ਉਨ੍ਹਾਂ ਨੂੰ ਹੀਰੋ ਮੰਨਿਆ ਜਾ ਰਿਹਾ ਹੈ।

21 ਸਾਲਾ, ਐਨਥੋਨੀਅਸ ਗੁਨਾਵਾਨ ਆਗੂੰਗ ਕੇਂਦਰੀ ਸੁਲਾਵੇਸੀ ਸਥਿਤ ਪਾਲੂ ਹਵਾਈ ਅੱਡੇ ਦੇ ਕੰਟ੍ਰੋਲ ਟਾਵਰ 'ਤੇ ਮੌਜੂਦ ਸਨ, ਜਦੋਂ ਸ਼ੁੱਕਰਵਾਰ ਨੂੰ 7.5 ਤੀਬਰਤਾ ਦਾ ਭੂਚਾਲ ਆਇਆ।

ਕੰਟ੍ਰੋਲ ਟਾਵਰ ਤੋਂ ਛਾਲ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਉਸ ਸਮੇਂ ਤੱਕ ਉਡੀਕ ਕੀਤੀ ਜਦੋਂ ਤੱਕ ਹਵਾਈ ਜਹਾਜ਼ ਹਵਾ ਵਿਚ ਨਹੀਂ ਪਹੁੰਚ ਗਿਆ।

ਕਿਸੇ ਸਪੈਸ਼ਿਲਿਟੀ ਹਸਪਤਾਲ ਵਿਚ ਪਹੁੰਚਾਏ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ:

ਏਅਰ ਨੈਵੀਗੇਸ਼ਨ ਇੰਡੋਨੇਸ਼ੀਆ ਦੇ ਕਾਰਪੋਰੇਟ ਸਕੱਤਰ, ਡੀਡੀਏਟ ਕੇਐਸ ਰਾਦਿਤਯੋ ਨੇ ਜਕਾਰਤਾ ਪੋਸਟ ਨੂੰ ਦੱਸਿਆ, "ਆਗੂੰਗ ਨੇ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਦੇ ਅੰਤ ਤੱਕ, ਆਪਣੇ ਕੰਮ ਲਈ ਸਮਰਪਿਤ ਕਰ ਦਿੱਤਾ। ਹਵਾਈ ਜਹਾਜ਼ ਦੇ ਉਡਾਨ ਭਰਨ ਤੱਕ, ਉਹ ਕੰਟ੍ਰੋਲ ਟਾਵਰ 'ਤੇ ਮੌਜੂਦ ਰਹੇ।"

ਇੰਡੋਨੇਸ਼ੀਆ ਵਿਚ ਭੂਚਾਲ ਅਤੇ ਸੁਨਾਮੀ ਕਾਰਨ ਅਜੇ ਤੱਕ 832 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਵੇਂ ਜਿਵੇਂ ਦੂਰ ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚ ਵਧੇਗੀ, ਇਸ ਗਿਣਤੀ ਦੇ ਤੇਜ਼ੀ ਨਾਲ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਪਾਲੂ ਸ਼ਹਿਰ ਵਿੱਚ ਹਾਲੇ ਵੀ ਦਰਜਨਾਂ ਲੋਕਾਂ ਦੇ ਮਲਬੇ ਹੇਠ ਜ਼ਿੰਦਾ ਫ਼ਸੇ ਹੋਣ ਦੀ ਜਾਣਕਾਰੀ ਵੀ ਮਿਲ ਰਹੀ ਹੈ।

ਜ਼ਿਆਦਾਤਰ ਮੌਤਾਂ ਦੀ ਪੁਸ਼ਟੀ ਪਾਲੂ ਸ਼ਹਿਰ ਵਿੱਚ ਕੀਤੀ ਗਈ ਹੈ। ਸ਼ਹਿਰ ਵਿੱਚ ਅਜੇ ਵੀ ਬਚਾਅ ਕਰਮਚਾਕੀ ਹੋਟਲਾਂ ਅਤੇ ਸ਼ੌਪਿੰਗ ਸੈਂਟਰਾਂ ਦੇ ਮਲਬੇ ਵਿਚੋਂ ਭਾਲ ਕਰਨ ਲਈ ਭਾਰੀ ਮਸ਼ੀਨਰੀ ਦੀ ਉਡੀਕ ਕਰ ਰਹੇ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕਾਂ ਨੂੰ ਜਨਤਕ ਕਬਰਾਂ ਵਿੱਚ ਦਫ਼ਨਾਉਣਾ ਸ਼ੁਰੂ ਕਰ ਦਿੱਤਾ ਹੈ।

ਪਿਛਲੇ ਸ਼ੁੱਕਰਵਾਰ ਜਦੋਂ ਭੂਚਾਲ ਆਇਆ, ਤਾਂ ਪਾਲੂ ਹਵਾਈ ਅੱਡੇ 'ਤੇ ਆਗੂੰਗ ਇੱਕ ਬਾਟਿਕ ਹਵਾਈ ਜਹਾਜ਼ ਨੂੰ ਉਡਾਨ ਭਰਨ ਦੀ ਮੰਜ਼ੂਰੀ ਦੇ ਰਹੀ ਸੀ ਜਦੋਂ ਭੂਚਾਲ ਆਇਆ।

ਆਗੁੰਗ ਟਾਵਕ ਵਿੱਚ ਹੀ ਰਹੇ ਜਦੋਂ ਤਕ ਹਵਾਈ ਜਹਾਜ ਨੇ ਉਡਾਣ ਨਹੀਂ ਭਰ ਲਿੱਤੀ।

ਜਿਵੇਂ ਹੀ ਇਹ ਚਾਰ ਮੰਜ਼ਿਲਾ ਕੰਟ੍ਰੋਲ ਟਾਵਰ ਕੰਬਣ ਅਤੇ ਟੁੱਟਣ ਲੱਗਾ, ਤਾਂ ਉਨ੍ਹਾਂ ਨੇ ਖਿੜਕੀ ਤੋਂ ਬਾਹਰ ਛਾਲ ਮਾਰਨ ਦਾ ਫ਼ੈਸਲਾ ਲਿਆ। ਇਸ ਨਾਲ ਉਨ੍ਹਾਂ ਦੀਆਂ ਲੱਤਾਂ, ਬਾਹਾਂ ਅਤੇ ਪਸਲੀਆਂ ਟੁੱਟ ਗਈਆਂ।

ਆਗੂੰਗ ਨੂੰ ਹਸਪਤਾਲ ਲਿਜਾਇਆ ਗਿਆ ਪਰ ਜਦੋਂ ਤੱਕ ਹਵਾਈ ਐਂਬੂਲੈਂਸ ਪਹੁੰਚਦੀ ਉਨ੍ਹਾਂ ਦੀ ਮੌਤ ਹੋ ਗਈ।

ਏਅਰ ਨੈਵੀਗੇਸ਼ਨ ਇੰਡੋਨੇਸ਼ੀਆ ਦੇ ਬੁਲਾਰੇ ਯੋਹਾਨੇਸ ਸਿਰੇਟ ਨੇ ਮੀਡੀਆ ਅਦਾਰੇ ਏਬੀਸੀ ਨੂੰ ਦੱਸਿਆ, "ਆਗੂੰਗ ਦੇ ਫ਼ੈਸਲੇ ਨੇ ਸੈਂਕੜੇ ਲੋਕਾਂ ਦੀ ਜਾਨ ਬਚਾ ਲਈ।"

ਆਗੂੰਗ ਨੂੰ ਮਰਨ ਉਪਰੰਤ ਦੋ ਰੈਂਕ ਤੋਂ ਤਰੱਕੀ ਦਿੱਤੀ ਗਈ ਹੈ। ਬੁਲਾਰੇ ਮੁਤਾਬਕ, "ਇਹ ਸਨਮਾਨ ਸਰਹੂਮ ਨੂੰ ਆਪਣੇ ਕੰਮ ਪ੍ਰਤੀ ਵਿਲੱਖਣ ਸਮਰਪਣ ਲਈ ਦਿੱਤਾ ਗਿਆ ਹੈ।"

ਦਫ਼ਨਾਉਣ ਤੋਂ ਪਹਿਲਾਂ ਜਿਸ ਤਰ੍ਹਾਂ ਫ਼ੌਜੀਆਂ ਦੁਆਰਾ ਉਨ੍ਹਾਂ ਦੀ ਦੇਹ ਨੂੰ ਲਿਜਾਇਆ ਗਿਆ, ਇਸ ਬਾਰੇ ਵੀ ਏਅਰ ਨੈਵੀਗੇਸ਼ਨ ਇੰਡੋਨੇਸ਼ੀਆ ਨੇ ਤਸਵੀਰਾਂ ਟਵੀਟ ਕੀਤੀਆਂ।

ਇਸ ਨੌਜਵਾਨ ਦੀ ਕੁਰਬਾਨੀ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫ਼ੈਲ ਗਈ ਅਤੇ ਉਨ੍ਹਾਂ ਨੂੰ ਹੀਰੋ ਕਿਹਾ ਜਾਣ ਲੱਗਾ।

ਸ਼ੁੱਕਰਵਾਰ ਨੂੰ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ 'ਤੇ ਭੂਚਾਲ ਆਇਆ, ਜਿਸ ਨਾਲ ਖੇਤਰ ਵਿਚ ਸੁਨਾਮੀ ਨੇ ਕਹਿਰ ਢਾਹਿਆ।

ਉਸ ਸਮੇਂ ਬਹੁਤ ਸਾਰੇ ਲੋਕ, ਸਮੁੰਦਰ ਦੇ ਕਿਨਾਰੇ ਇੱਕ ਤਿਓਹਾਰ ਦੀ ਤਿਆਰੀ ਕਰ ਰਹੇ ਸਨ। ਇਹ ਲੋਕ ਸੁਨਾਮੀ ਦੀਆਂ ਲਹਿਰਾਂ ਵਿਚ ਫ਼ੱਸ, ਨਾਲ ਹੀ ਵਹਿ ਗਏ।

ਇੰਡੋਨੇਸ਼ੀਆ ਦੇ ਉਪ-ਰਾਸ਼ਟਰਪਤੀ, ਜੂਸੁਫ਼ ਕੱਲਾ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਕੁਲ ਗਿਣਤੀ ਹਜ਼ਾਰਾਂ ਵਿਚ ਹੋ ਸਕਦੀ ਹੈ। ਜਦੋਂ ਕਿ ਰੈਡ ਕਰਾਸ ਨੇ 16 ਲੱਖ ਦੇ ਕਰੀਬ ਲੋਕਾਂ ਦਾ ਇਸ ਕੁਦਰਤੀ ਆਪਦਾ ਨਾਲ ਪ੍ਰਭਾਵਿਚ ਹੋਣ ਦਾ ਅੰਦਾਜ਼ਾ ਲਗਾਇਆ ਹੈ।

ਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)