You’re viewing a text-only version of this website that uses less data. View the main version of the website including all images and videos.
ਸਮਲਿੰਗੀ ਕੁੜੀਆਂ ਦੀ ਪ੍ਰੇਮ ਕਹਾਣੀ ਭਾਰਤੀ ਟੀਵੀ ਸਕਰੀਨ 'ਤੇ ਇੰਝ ਪੁੱਜੀ
- ਲੇਖਕ, ਯੋਗਿਤਾ ਲਿਮਾਏ
- ਰੋਲ, ਬੀਬੀਸੀ ਪੱਤਰਕਾਰ, ਮੁੰਬਈ
ਸਸਤੇ ਸਮਾਰਟ ਫੋਨ ਤੇ ਹੋਰ ਵੀ ਸਸਤੇ ਇੰਟਰਨੈੱਟ ਨੇ ਭਾਰਤ ਵਿੱਚ ਛੋਟੀ ਸਕਰੀਨ ਦੇ ਸ਼ੌਕ ਨੂੰ ਨਵੇਂ ਸਿਖਰ 'ਤੇ ਪਹੁੰਚਾ ਦਿੱਤਾ ਹੈ। ਇਸ ਦੇ ਨਾਲ ਹੀ ਮਨੋਰੰਜਨ ਉਦਯੋਗ ਵਿੱਚ ਵੀ ਰਚਨਾਤਮਿਕਤਾ ਦੀ ਨਵੀ ਆਜ਼ਾਦੀ ਨੇ ਜਨਮ ਲੈ ਲਿਆ ਹੈ।
ਨਿਰਦੇਸ਼ਕਾ ਕ੍ਰਿਸ਼ਨਾ ਭੱਟ ਦਾ ਕਹਿਣਾ ਹੈ ਕਿ ਇੰਟਰਨੈੱਟ ਨੇ ਉਨ੍ਹਾਂ ਨੂੰ "ਜਿਵੇਂ ਮਰਜ਼ੀ ਕਹਾਣੀ ਕਹਿਣ ਦੀ ਤਾਕਤ" ਦੇ ਦਿੱਤੀ ਹੈ।
ਉਨ੍ਹਾਂ ਨੇ ਇੰਟਰਨੈੱਟ ਉੱਤੇ ਪ੍ਰਸਾਰਣ ਲਈ ਦੋ ਸ਼ੋਅ ਬਣਾਏ ਹਨ, ਜਿਨ੍ਹਾਂ ਵਿੱਚੋਂ ਇੱਕ ਹੈ 'ਮਾਇਆ 2' ਜੋ ਕਿ ਦੋ ਔਰਤਾਂ ਦੀ ਸਮਲਿੰਗੀ ਪ੍ਰੇਮ ਕਹਾਣੀ ਹੈ।
ਅਜਿਹੀ ਕਹਾਣੀ ਨੂੰ ਉਂਝ ਕਿਸੇ ਸਿਨੇਮਾ ਘਰ 'ਚ ਜਾਂ ਟੀਵੀ ਉੱਪਰ ਦਿਖਾਉਣਾ ਬਹੁਤ ਔਖਾ ਹੁੰਦਾ।
ਭੱਟ ਮੁਤਾਬਕ, "ਕਿਸੇ ਸਿਨੇਮਾ ਵਿੱਚ ਜੇ ਮੈਂ ਕੋਈ ਸੈਕਸ ਸੀਨ ਦਿਖਾਉਣਾ ਹੋਵੇ ਤਾਂ ਸੈਂਸਰ ਬੋਰਡ ਦੇ 10,000 ਨਿਯਮਾਂ ਨਾਲ ਨਿਪਟਣਾ ਪਵੇਗਾ।" ਉਨ੍ਹਾਂ ਨੂੰ ਪੂਰਾ ਯਕੀਨ ਹੈ, "ਚੁੰਮਣ ਨੂੰ ਤਾਂ ਕੁਝ ਬੇਵਕੂਫਾਨਾ ਗੱਲਾਂ ਕਹਿ ਕੇ ਕੱਟ ਦੇਣਗੇ। ਉਹੋ ਜਿਹੀ ਕੋਈ ਚੀਜ਼ ਤਾਂ ਟੀਵੀ 'ਤੇ ਵੀ ਨਹੀਂ ਦਿਖਾ ਸਕਦੇ।"
ਇਹ ਵੀ ਪੜ੍ਹੋ
ਫ਼ਿਲਮਾਂ ਤੇ ਟੀਵੀ ਉੱਤੇ ਤਾਂ ਭਾਰਤ ਵਿੱਚ ਸਖ਼ਤ ਸੈਂਸਰਸ਼ਿਪ ਹੈ ਪਰ ਇੰਟਰਨੈੱਟ ’ਤੇ ਚੱਲਣ ਵਾਲੇ ਸ਼ੋਅ ਅਜੇ ਤੱਕ ਤਾਂ ਇਸ ਦਾਇਰੇ ਤੋਂ ਬਾਹਰ ਹਨ।
ਭੱਟ ਦਾ ਅੱਗੇ ਕਹਿਣਾ ਹੈ, "ਜੇ ਤੁਸੀਂ ਜੋ ਕਹਿਣਾ ਚਾਹੋ ਉਹ ਆਪਣੇ ਤਰੀਕੇ ਨਾਲ ਹੀ ਕਹਿ ਸਕੋ, ਕੋਈ ਤੁਹਾਡੇ ਸਿਰ 'ਤੇ ਨਾ ਚੜ੍ਹਿਆ ਬੈਠਾ ਹੋਵੇ, ਤਾਂ ਆਜ਼ਾਦੀ ਦੇ ਨਵੇਂ ਮਾਅਨੇ ਹੋ ਜਾਂਦੇ ਹਨ, ਉਹ ਸਵੈ-ਨਿਰਭਰਤਾ ਬਣ ਜਾਂਦੀ ਹੈ। ਇਹੀ ਹੈ ਡਿਜੀਟਲ ਦਾ ਫਾਇਦਾ।"
ਉਂਝ ਕੀ ਹੁੰਦਾ ਹੈ
ਭਾਰਤ ਵਿੱਚ ਉਂਝ ਪ੍ਰਾਈਮ-ਟਾਈਮ ਟੀਵੀ ਉੱਤੇ ਅਜਿਹੇ ਸੀਰੀਅਲ ਆਉਂਦੇ ਹਨ, ਜੋ ਕਈ ਸਾਲਾਂ ਤੱਕ ਰੁੜ੍ਹਦੇ ਰਹਿੰਦੇ ਹਨ।
ਇਹ ਨਾ ਕੇਵਲ ਨਵੇਂ ਕੰਮ ਦੇ ਰਾਹ ਦਾ ਰੋੜਾ ਬਣਦੇ ਹਨ ਸਗੋਂ ਇਹ ਵੀ ਤੈਅ ਕਰ ਦਿੰਦੇ ਹਨ ਕਿ ਕਿਹੜੀ ਕਹਾਣੀ ਦੱਸਣਯੋਗ ਹੈ ਤੇ ਕਿਹੜੀ ਨਹੀਂ।
ਡਿਜੀਟਲ ਵੀਡੀਓ ਸਰਵਿਸ ਨੇ ਲੇਖਕਾਂ ਤੇ ਨਿਰਦੇਸ਼ਕਾਂ ਨੂੰ ਨਵੇਂ ਰਾਹ ਦੇ ਦਿੱਤੇ ਹਨ।
ਇਹ ਵੀ ਪੜ੍ਹੋ
ਉਦਾਹਰਣ ਹੈ ਹਿੰਦੀ ਸੀਰੀਅਲ 'ਅਪਹਰਣ', ਜਿਸ ਦੀ ਸ਼ੂਟਿੰਗ ਉੱਤਰੀ ਮੁੰਬਈ ਦੇ ਚਾਂਦੀਵਲੀ ਸਟੂਡੀਓ ਵਿੱਚ ਚੱਲ ਰਹੀ ਹੈ।
ਦਿਨ ਲੰਬਾ ਹੋਣ ਦੀ ਸੰਭਾਵਨਾ ਹੈ, ਤੜਕੇ ਸ਼ੁਰੂ ਹੋਈ ਸ਼ੂਟਿੰਗ ਰਾਤ ਤੱਕ ਚੱਲੇਗੀ। ਇਸ ਦੌੜ ਦੀ ਲੋੜ ਕੀ ਹੈ? ਅਸਲ ਵਿੱਚ ਚੁਣੌਤੀ ਹੈ 11 ਐਪੀਸੋਡ ਬਣਾਉਣ ਦੀ, ਜਿਨ੍ਹਾਂ ਨੂੰ ਨਵੰਬਰ ਵਿੱਚ ਆਲਟ-ਬਾਲਾਜੀ (ALTBalaji) ਵੀਡੀਓ-ਓਨ-ਡਿਮਾਂਡ ਸੇਵਾ ਰਾਹੀਂ 96 ਮੁਲਕਾਂ ਤੱਕ ਪਹੁੰਚਾਇਆ ਜਾਵੇਗਾ।
ਖੁੱਲ੍ਹੇ ਆਸਮਾਨ ਹੇਠਾਂ ਇੱਕ ਗਲੀ ਦੇ ਬਾਜ਼ਾਰ ਦਾ ਸੈੱਟ ਲੱਗਿਆ ਹੋਇਆ ਹੈ। ਅਰੁਣੋਦੈਅ ਸਿੰਘ ਇਸ ਵਿੱਚ ਅਜਿਹੇ ਪੁਲਿਸ ਵਾਲੇ ਦਾ ਮੁੱਖ ਕਿਰਦਾਰ ਨਿਭਾ ਰਹੇ ਹਨ ਜੋ ਕਿ ਇੱਕ ਕਿਡਨੈਪ ਦੇ ਭੰਬਲਭੂਸੇ 'ਚ ਫਸ ਜਾਂਦਾ ਹੈ।
ਆਜ਼ਾਦੀ ਦੇ ਮਾਅਨੇ
ਅਰੁਣੋਦੈਅ ਕਈ ਫ਼ਿਲਮਾਂ ਵਿੱਚ ਛੋਟੇ-ਛੋਟੇ ਕਿਰਦਾਰ ਨਿਭਾ ਚੁੱਕੇ ਹਨ।
ਉਹ ਕਹਿੰਦੇ ਹਨ, "ਪਿਛਲੇ 5-6 ਸਾਲਾਂ ਦੌਰਾਨ ਮੈਂ ਬਾਲੀਵੁੱਡ ਦੇ ਸਿਸਟਮ 'ਚ ਫਸ ਜਿਹਾ ਗਿਆ ਹਾਂ। ਮੈਂ ਕੋਈ ਵੱਡਾ ਸਟਾਰ ਨਹੀਂ ਬਣਿਆ ਪਰ ਇਹ ਵੀ ਨਹੀਂ ਹੈ ਕਿ ਮੈਨੂੰ ਕੋਈ ਜਾਣਦਾ ਹੀ ਨਹੀਂ।"
ਉਨ੍ਹਾਂ ਮੁਤਾਬਕ ਕਾਸਟਿੰਗ ਡਾਇਰੈਕਟਰ ਇੰਝ ਸਮਝਦੇ ਹਨ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਅਰੁਣੋਦੈਅ ਕੀ ਕਰ ਸਕਦਾ ਹੈ, "ਇਸ ਲਈ ਮੈਨੂੰ ਕਈ ਵਾਰ ਆਡੀਸ਼ਨ ਦੇ ਮੌਕੇ ਵੀ ਨਹੀਂ ਮਿਲਦੇ।"
ਆਨਲਾਈਨ ਐਂਟਰਨਟੇਨਮੈਂਟ ਨੇ ਅਰੁਣੋਦੈਅ ਲਈ ਵੀ ਨਵੇਂ ਮੌਕੇ ਬਣਾਏ ਹਨ, "ਐਕਟਰਾਂ ਲਈ, ਖਾਸ ਤੌਰ 'ਤੇ ਲੇਖਕਾਂ ਲਈ, ਹੁਣ ਬਹੁਤ ਕੁਝ ਨਵਾਂ ਕਰਨ ਲਈ ਹੈ। ਚੰਗਾ ਹੈ ਕਿ ਇਹ ਹੋ ਰਿਹਾ ਹੈ ਕਿਉਂਕਿ ਇਹ ਕੰਮ ਡਾਢਾ ਹੀ ਔਖਾ ਹੈ।"
ਬਾਹਰਲੇ ਦੇਸ਼ਾਂ ਤੋਂ ਵੀ ਕੰਪਨੀਆਂ ਭਾਰਤ 'ਚ ਇਸ ਕੰਮ ਲਈ ਪੁੱਜ ਰਹੀਆਂ ਹਨ। ਨੈੱਟਫਲਿਕਸ ਤੇ ਐਮੇਜ਼ੋਨ ਨੇ ਖ਼ਾਸੇ ਪੈਸੇ ਵੀ ਲਾਏ ਹਨ।
ਕੀਮਤ ਤੇ ਕੰਟੈਂਟ ਵੱਡੇ ਸਵਾਲ
ਸਵਾਲ ਹੈ ਕਿ ਇਸ ਪੈਸੇ ਦਾ ਮੁੱਲ ਕਿਵੇਂ ਪਵੇਗਾ। ਭਾਰਤ ਵਰਗੇ ਵੱਡੇ ਬਾਜ਼ਾਰ ਵਿੱਚ, ਜਿੱਥੇ 30 ਕਰੋੜ ਲੋਕਾਂ ਕੋਲ ਸਮਾਰਟ ਫੋਨ ਹਨ, ਸਬਸਕ੍ਰਿਪਸ਼ਨ ਨਾਲ ਹੀ ਚੰਗੇ ਪੈਸੇ ਬਣ ਸਕਦੇ ਹਨ।
ਆਲਟ-ਬਾਲਾਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ, ਨਚੀਕੇਤ ਪੰਤਵੈਦਿਆ ਦਾ ਕਹਿਣਾ ਹੈ, "ਡਿਜੀਟਲ ਮੀਡੀਅਮ ਆਮ ਟੀਵੀ ਤੋਂ ਅਲਹਿਦਾ ਇੰਝ ਹੈ ਕਿ ਇਸ ਵਿੱਚ ਕਿਸੇ ਵਿਚੋਲੇ ਦੀ ਲੋੜ ਨਹੀਂ।"
"ਕੰਪਨੀਆਂ ਸਬਸਕ੍ਰਿਪਸ਼ਨ ਦਾ ਸਾਰਾ ਪੈਸਾ ਆਪਣੇ ਕੋਲ ਰੱਖ ਸਕਦੀਆਂ ਹਨ। ਇਸੇ ਕਰਕੇ ਇਹ ਬਿਜ਼ਨਸ ਇੰਨਾ ਆਕਰਸ਼ਕ ਬਣ ਗਿਆ ਹੈ।"
ਇਹ ਵੀ ਪੜ੍ਹੋ
ਆਲਟ-ਬਾਲਾਜੀ ਨੂੰ 20 ਕਰੋੜ ਦਰਸ਼ਕਾਂ ਦੇ ਅੰਕੜੇ 'ਤੇ ਪਹੁੰਚਣ ਦੀ ਉਮੀਦ ਹੈ। ਪਰ ਚੁਣੌਤੀਆਂ ਕਈ ਹਨ; ਸਭ ਤੋਂ ਵੱਡਾ ਸਵਾਲ ਹੈ ਕੀਮਤ ਦਾ — ਗਾਹਕ ਤੋਂ ਪੈਸੇ ਕਿੰਨੇ ਲਏ ਜਾਣ?
ਪੰਤਵੈਦਿਆ ਮੁਤਾਬਕ, "ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਗਾਹਕ ਲਈ ਕੀਮਤ ਨੂੰ ਇੱਕ ਰੁਪਈਆ ਪ੍ਰਤੀ ਦਿਨ ਤੋਂ ਹੇਠਾਂ ਰੱਖੀਏ। ਲੋਕ ਇਸੇ ਕੀਮਤ 'ਤੇ ਹੀ ਇਸ ਨਵੀਂ ਚੀਜ਼ ਨੂੰ ਖਰੀਦਣਗੇ।"
ਗੱਲ ਇਹ ਵੀ ਹੈ ਕਿ ਕੰਟੈਂਟ ਕੀ ਹੈ? ਪੰਤਵੈਦਿਆ ਦਾ ਇਸ ਬਾਰੇ ਵਿਚਾਰ ਹੈ ਕਿ ਭਾਰਤ ਦੇ 95 ਫ਼ੀਸਦ ਘਰਾਂ ਵਿੱਚ ਇੱਕ ਹੀ ਟੀਵੀ ਹੈ, ਇਸ ਲਈ ਹਰ ਵਿਅਕਤੀ ਆਪਣੀ ਮਰਜ਼ੀ ਦੀ ਚੀਜ਼ ਨਹੀਂ ਦੇਖ ਸਕਦਾ। ਸਾਡਾ ਟੀਚਾ ਹੈ ਕਿ ਗਾਹਕ ਨੂੰ ਚੁਆਇਸ ਹੋਵੇ — ਕੁਝ ਚੀਜ਼ਾਂ ਆਪਣੀ ਪਸੰਦ ਦੀਆਂ ਉਹ ਇਕੱਲੇ ਦੇਖੇ, ਕੁਝ ਪਰਿਵਾਰ ਦੇ ਨਾਲ। ਇਸੇ ਲਈ ਇਹ ਬੜਾ ਵੱਡਾ ਸਵਾਲ ਹੈ ਕਿ ਕੰਟੈਂਟ ਕੀ ਹੋਵੇ।"
ਅੱਗੇ ਕੀ?
ਇਸ ਨਵੇਂ ਕੰਮ ਦੇ ਚੱਲਣ ਲਈ ਮੋਬਾਈਲ ਡਾਟਾ ਜਾਂ ਇੰਟਰਨੈੱਟ ਦਾ ਸਸਤਾ ਤੇ ਤੇਜ਼ ਰਹਿਣਾ ਜ਼ਰੂਰੀ ਹੈ।
ਹੁਣ ਤੱਕ ਤਾਂ ਮੋਬਾਈਲ ਕੰਪਨੀਆਂ ਦੇ ਵਿਚਕਾਰ ਕੰਪੀਟੀਸ਼ਨ ਕਰਕੇ ਕੀਮਤਾਂ ਘੱਟ ਹਨ। ਇਹ ਕੋਈ ਨਹੀਂ ਕਹਿ ਸਕਦਾ ਕਿ ਅਜਿਹੀਆਂ ਘੱਟ ਕੀਮਤਾਂ ਕਿੰਨੀ ਕੁ ਦੇਰ ਚੱਲਣਗੀਆਂ।
ਜਿੰਨੀ ਦੇਰ ਇਸ ਵਿੱਚ ਕੋਈ ਫਰਕ ਨਹੀਂ ਆਉਂਦਾ, ਕਲਾਕਾਰਾਂ ਲਈ ਤਾਂ ਇਹ ਇੱਕ ਨਵਾਂ ਰਾਹ ਬਣਾਉਂਦਾ ਹੀ ਹੈ, ਖਾਸ ਕਰਕੇ ਮੌਕੇ ਲਈ ਤਰਸਦੇ, ਮੁੰਬਈ ਵਿੱਚ ਧੱਕੇ ਖਾਣ ਵਾਲੇ ਕਲਾਕਾਰਾਂ ਲਈ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ