ਭਾਰਤੀ ਪਾਸਪੋਰਟ ਦਾ ਰੰਗ ਕਿਉਂ ਬਦਲ ਰਿਹਾ ਹੈ?

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹਾਲ ਵਿੱਚ ਹੀ ਪਾਸਪੋਰਟ ਜਾਰੀ ਕਰਨ ਦੇ ਨਿਯਮਾਂ ਵਿੱਚ ਕਈ ਬਦਲਾਅ ਕੀਤੇ ਹਨ ਜਿਨ੍ਹਾਂ ਵਿੱਚ ਪਾਸਪੋਰਟ ਦਾ ਰੰਗ ਬਦਲਣਾ ਵੀ ਸ਼ਾਮਲ ਹੈ।

ਹੁਣ ਤੱਕ ਕੇਵਲ ਇੱਕੋ ਤਰੀਕੇ ਦੇ ਪਾਸਪੋਰਟ ਦਿੱਤੇ ਜਾਂਦੇ ਸੀ ਜਿਨ੍ਹਾਂ ਦਾ ਰੰਗ ਗੂੜ੍ਹਾ ਨੀਲਾ ਹੁੰਦਾ ਸੀ ਪਰ ਹੁਣ ਕੁਝ ਲੋਕਾਂ ਦੇ ਪਾਸਪੋਰਟ ਦੀ ਜੈਕੇਟ ਨਾਰੰਗੀ ਰੰਗ ਦੀ ਹੋ ਜਾਵੇਗੀ।

ਕਿਸ ਨੂੰ ਮਿਲੇਗਾ ਸੰਗਤਰੀ ਪਾਸਪੋਰਟ?

ਪਾਸਪੋਰਟ ਦਾ ਰੰਗ ਈਸੀਆਰ(ECR) ਸਟੇਟਸ 'ਤੇ ਤੈਅ ਹੋਵੇਗਾ। ਈਸੀਆਰ ਸਟੇਟਸ ਵਾਲੇ ਪਾਸਪੋਰਟ ਦਾ ਰੰਗ ਸੰਗਤਰੀ ਹੋਵੇਗਾ।

ਜਦਕਿ ਈਸੀਐੱਨਆਰ(ECNR) ਸਟੇਟਸ ਵਾਲੇ ਲੋਕਾਂ ਨੂੰ ਨੀਲੇ ਰੰਗ ਦਾ ਪਾਸਪੋਰਟ ਹੀ ਦਿੱਤਾ ਜਾਵੇਗਾ।

ਕੀ ਹੈ ਈਸੀਆਰ ਸਟੇਟਸ?

ਇਮੀਗ੍ਰੇਸ਼ਨ ਐਕਟ 1983 ਵਿੱਚ ਕਈ ਲੋਕਾਂ ਨੂੰ ਦੂਜੇ ਦੇਸਾਂ ਵਿੱਚ ਜਾਣ ਦੇ ਲਈ ਇਮੀਗ੍ਰੇਸ਼ਨ ਕਲੀਅਰੈਂਸ ਲੈਣੀ ਪੈਂਦੀ ਹੈ।

ਇਸਦਾ ਮਤਲਬ ਇਹ ਹੈ ਕਿ ਹੁਣ ਤੱਕ ਦੋ ਤਰ੍ਹਾਂ ਦੇ ਪਾਸੋਪੋਰਟ ਜਾਰੀ ਕੀਤੇ ਜਾਂਦੇ ਹਨ-ਈਸੀਆਰ ਯਾਨੀ ਜਿਸ ਪਾਸੋਪੋਰਟ ਵਿੱਚ ਇਮੀਗ੍ਰੇਸ਼ਨ ਚੈੱਕ ਦੀ ਲੋੜ ਪੈਂਦੀ ਹੈ।

ਦੂਜਾ ਈਸੀਐਨਆਰ ਯਾਨੀ ਕਿ ਉਹ ਪਾਸਪੋਰਟ ਜਿਸ ਵਿੱਚ ਇਮੀਗ੍ਰੇਸ਼ਨ ਚੈੱਕ ਦੀ ਲੋੜ ਨਹੀਂ ਪੈਂਦੀ ਹੈ।

ਕਾਨੂੰਨ ਦੇ ਹਿਸਾਬ ਨਾਲ ਇਮੀਗ੍ਰੇਸ਼ਨ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਭਾਰਤ ਛੱਡ ਕੇ ਕਿਸੇ ਇੱਕ ਖਾਸ ਦੇਸ ਵਿੱਚ ਰੁਜ਼ਗਾਰ ਦੇ ਮਕਸਦ ਨਾਲ ਜਾ ਰਹੇ ਹੋ।

ਇਨ੍ਹਾਂ ਦੇਸਾਂ ਵਿੱਚ ਅਫਗਾਨਿਸਤਾਨ, ਬਹਿਰੀਨ, ਬੁਰਨੇਈ, ਕੁਵੈਤ, ਇੰਡੋਨੇਸ਼ੀਆ, ਜਾਰਡਨ, ਲੇਬਨਾਨ, ਲੀਬੀਆ, ਮਲੇਸ਼ੀਆ, ਓਮਾਨ, ਕਤਰ, ਓਮਾਨ, ਸਾਊਦੀ ਅਰਬ, ਸੀਰੀਆ, ਥਾਈਲੈਂਡ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ।

ਨਿਯਮਾਂ ਦੇ ਮੁਤਾਬਕ ਅਜਿਹੀ 14 ਕੈਟੇਗਰੀ ਹਨ ਜਿਨ੍ਹਾਂ ਵਿੱਚ ਆਉਣ ਵਾਲੇ ਈਸੀਐਨਆਰ ਪਾਸਪੋਰਟ ਦੇ ਲਈ ਯੋਗ ਹੁੰਦੇ ਹਨ। ਜਿਵੇਂ ਉਹ ਲੋਕ ਜੋ 18 ਸਾਲ ਤੋਂ ਘੱਟ ਜਾਂ 50 ਸਾਲ ਤੋਂ ਵੱਧ ਹੋਣ।

ਉਹ ਲੋਕ ਜਿਨ੍ਹਾਂ ਨੇ 10ਵੀਂ ਜਾਂ ਉਸ ਤੋਂ ਵੱਧ ਦੀ ਪੜ੍ਹਾਈ ਕੀਤੀ ਹੈ, ਉਹ ਵੀ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ।

ਈਸੀਆਰ ਸ਼੍ਰੇਣੀ ਲਾਉਣ ਦੇ ਪਿੱਛੇ ਸਰਕਾਰ ਦਾ ਮਕਸਦ ਘੱਟ ਪੜ੍ਹੇ-ਲਿਖੇ, ਬਿਨਾਂ ਕਿਸੇ ਹੁਨਰ ਦੇ ਅਤੇ ਆਰਥਿਕ ਰੂਪ ਨਾਲ ਕਮਜ਼ੋਰ ਲੋਕਾਂ ਦੀ ਮਦਦ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਦੂਜੇ ਦੇਸਾਂ ਵਿੱਚ ਕਿਸੇ ਤਰੀਕੇ ਦੀ ਕਨੂੰਨੀ ਪਰੇਸ਼ਾਨੀ ਨਾ ਹੋਵੇ।

ਕਿਵੇਂ ਦਰਜ ਹੁੰਦਾ ਹੈ ਈਸੀਆਰ?

ਜਨਵਰੀ 2007 ਤੋਂ ਬਾਅਦ ਜੋ ਵੀ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ ਉਨ੍ਹਾਂ ਵਿੱਚ ਆਖਰੀ ਪੰਨੇ 'ਤੇ ਈਸੀਆਰ ਲਿਖ ਜਾਂਦਾ ਹੈ।

ਈਸੀਐਨਆਰ ਦੇ ਤਹਿਤ ਆਉਣ ਵਾਲੇ ਪਾਸਪੋਰਟ 'ਤੇ ਵੱਖ ਤੋਂ ਕੁਝ ਵੀ ਦਰਜ ਨਹੀਂ ਹੁੰਦਾ ਹੈ।

ਨਵੇਂ ਨਿਯਮ ਤਹਿਤ ਈਸੀਆਰ ਦੇ ਪਾਸਪੋਰਟ ਦਾ ਰੰਗ ਬਦਲ ਕੇ ਨਾਰੰਗੀ ਕਰ ਦਿੱਤਾ ਜਾਵੇਗਾ।

ਇਸ ਨਾਲ ਇਮੀਗ੍ਰੇਸ਼ਨ ਚੈੱਕ ਦੀ ਪ੍ਰਕਿਰਿਆ ਸੌਖੀ ਹੋ ਜਾਵੇਗੀ ਅਤੇ ਦੂਜੇ ਦੇਸਾਂ ਵਿੱਚ ਅਜਿਹੇ ਲੋਕਾਂ ਨੂੰ ਮਦਦ ਮਿਲ ਸਕੇਗੀ।

ਹਾਲਾਂਕੀ ਆਲੋਚਕਾਂ ਦਾ ਕਹਿਣਾ ਹੈ ਕਿ ਨਵਾਂ ਪਾਸਪੋਰਟ ਵਿਤਕਰੇ ਨੂੰ ਵਧਾ ਸਕਦਾ ਹੈ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵਿਟਰ 'ਤੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।

ਰਾਹੁਲ ਨੇ ਲਿਖਿਆ, "ਭਾਰਤੀ ਪ੍ਰਵਾਸੀਆਂ ਦੇ ਨਾਲ ਦੂਜੇ ਦਰਜੇ ਦੇ ਲੋਕਾਂ ਵਾਂਗ ਵਤੀਰਾ ਕਰਨਾ ਸਹੀ ਨਹੀਂ ਹੈ। ਇਹ ਬੀਜੇਪੀ ਦੀ ਭੇਦਭਾਵ ਕਰਨ ਦੀ ਮਾਨਸਿਕਤਾ ਨੂੰ ਦਰਸ਼ਾਉਂਦਾ ਹੈ।''

ਹੋਰ ਕਿਹੜੇ ਬਦਲਾਅ ਹੋਣਗੇ?

ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਪਾਸਪੋਰਟ ਦੇ ਆਖ਼ਰੀ ਪੰਨੇ 'ਤੇ ਹੁਣ ਮਾਤਾ ਪਿਤਾ ਜਾਂ ਪਤੀ ਪਤਨੀ ਦਾ ਨਾਂ ਅਤੇ ਪਤਾ ਵੀ ਲਿਖਿਆ ਨਹੀਂ ਜਾਵੇਗਾ।

ਪਰ ਇਸ ਨਾਲ ਇੱਕ ਹੋਰ ਸਮੱਸਿਆ ਪੈਦਾ ਹੋ ਸਕਦੀ ਹੈ ਕਿ ਤੁਸੀਂ ਆਪਣੇ ਪਾਸਪੋਰਟ ਨੂੰ ਪਛਾਣ ਪੱਤਰ ਵਾਂਗ ਇਸਤੇਮਾਲ ਨਹੀਂ ਕਰ ਸਕੋਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)