ਪ੍ਰੈਸ ਰੀਵਿਊ: ਪਾਸਪੋਰਟ ਕਿਸੇ ਦਾ ਤੇ ਉੱਡਿਆ ਕੋਈ ਹੋਰ ਤੇ ਆਧਾਰ ਕਾਰਡ ਦੀ ਸੁਰੱਖਿਆ 'ਤੇ ਉੱਠੇ ਸਵਾਲ

ਪ੍ਰੈਸ ਰੀਵਿਊ: ਅੱਜ ਪੜ੍ਹੋ ਚੋਰੀ ਕੀਤੇ ਗਏ ਪਾਸਪੋਰਟ 'ਤੇ ਕਿਵੇਂ ਕੋਈ ਹੋਰ ਉਡਾਣ ਭਰ ਗਿਆ ਅਤੇ ਕਿਵੇਂ ਆਧਾਰ ਕਾਰਡ ਦੇ ਡਾਟਾ ਸੁਰੱਖਿਆ ਦੇ ਖੜ੍ਹੇ ਹੋਈ ਕਈ ਸਵਾਲਾਂ ਦੇ ਨਾਲ ਨਾਲ ਹੋਰ ਖ਼ਬਰਾਂ।

ਹਿੰਦੁਸਤਾਨ ਟਾਮਜ਼ ਵਿੱਚ ਛਪੀ ਖ਼ਬਰ ਮੁਤਾਬਕ ਪੁਲਿਸ ਮੁਤਾਬਕ ਇੱਕ ਅਣਪਛਾਤੇ ਵਿਅਕਤੀ ਵੱਲੋਂ ਕਿਸੇ ਐੱਨਆਰਆਈ ਦੇ ਪਾਸਪੋਰਟ 'ਤੇ ਉਡਾਣ ਭਰ ਕੇ ਦੇਸ ਤੋਂ ਬਾਹਰ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੀੜਤ ਹੀਰਾ ਸਿੰਘ ਨੇ ਕਿਹਾ ਕਿ ਉਹ 4 ਦਸੰਬਰ ਬ੍ਰਿਟੇਨ ਤੋਂ ਨਵੀਂ ਦਿੱਲੀ ਆਇਆ ਸੀ ਅਤੇ ਵਾਪਸ ਜਾਣ ਲਈ ਐਗਜ਼ਿਟ ਪਰਮਿਟ ਲਈ ਅਪਲਾਈ ਕੀਤਾ ਸੀ ਪਰ ਉਸ ਦਾ ਪਾਸਪੋਰਟ ਚੋਰੀ ਹੋ ਗਿਆ।

ਇਸ ਸਬੰਧੀ ਮਾਮਲਾ ਚੰਡੀਗੜ੍ਹ ਦੇ ਸੈਕਟਰ 39 ਦੇ ਪੁਲਿਸ ਸਟੇਸ਼ਨ 'ਚ ਦਰਜ ਹੈ।

ਆਧਾਰ ਦੀ ਡਾਟਾ ਸੁਰੱਖਿਆ ਸਬੰਧੀ ਪੰਜਾਬੀ ਟ੍ਰਿਬਿਊਨ 'ਚ ਛਪੀ ਖ਼ਬਰ ਮੁਤਾਬਕ ਅਣਅਧਿਕਾਰਤ ਲੋਕਾਂ ਵੱਲੋਂ ਆਧਾਰ ਡਾਟਾ ਸੁਰੱਖਿਆ ਤੱਕ ਪਹੁੰਚ ਸਬੰਧ ਲੱਗੀ ਖ਼ਬਰ ਤੋਂ ਬਾਅਦ ਸਰਕਾਰ ਵੱਲੋਂ ਰਸਮੀ ਜਾਂਚ ਦਾ ਕੋਈ ਐਲਾਨ ਨਹੀਂ ਹੋਇਆ।

ਪਰ ਯੂਆਈਡੀਏਆਈ ਨੇ ਇਸ ਖ਼ਬਰ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਹੈ ਕਿ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਹਾਲਾਂਕਿ ਖ਼ਬਰ ਮੁਤਾਬਕ ਕੁਝ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ ਹਨ ਅਤੇ ਪੰਜਾਬ ਪੁਲਿਸ ਦੀ ਸਾਇਬਰ ਅਪਰਾਧ ਸ਼ਾਖਾ ਦੀ ਟੀਮ ਨੇ ਵੀ ਜਲੰਧਰ ਪਹੁੰਚ ਕੇ ਇਸ ਮਾਮਲੇ ਸਬੰਧੀ ਜਾਂਚ ਆਰੰਭ ਕਰ ਦਿੱਤੀ ਹੈ।

ਅਜੀਤ ਅਖ਼ਬਾਰ ਮੁਤਾਬਕ ਮਰਹੂਮ ਇੰਦਰਜੀਤ ਸਿੰਘ ਵੱਲੋਂ 15 ਸਫ਼ਿਆਂ ਦੇ ਖ਼ੁਦਕੁਸ਼ੀ ਪੱਤਰ 'ਚ ਖ਼ੁਦਕੁਸ਼ੀ ਦੇ ਕਾਰਨਾਂ 'ਚ ਇਤਰਾਜ਼ਯੋਗ ਵੀਡੀਓ ਮਾਮਲੇ ਕਾਰਨ ਹੋਈ ਨਮੋਸ਼ੀ ਦੇ ਨਾਲ ਆਪਣੇ ਪਿਤਾ ਦੇ ਨਿਰਦੋਸ਼ ਹੋਣ ਦੀ ਦੁਹਾਈ ਦਿੱਤੀ ਗਈ ਹੈ।

ਪਰਿਵਾਰਕ ਜਾਇਦਾਦ ਦੇ ਵਿਵਾਦ ਤੇ ਹੋਰ ਕਾਰੋਬਾਰੀ ਭਾਈਵਾਲਾਂ, ਦੀਵਾਨ ਦੇ ਕੁਝ ਮੈਂਬਰਾਂ ਸਣੇ ਪੁਲਿਸ ਅਧਿਕਾਰੀਆਂ ਵਲੋਂ ਨਿਭਾਈ ਜਾ ਰਹੀ ਸ਼ੱਕੀ ਭੂਮਿਕਾ ਸਬੰਧੀ ਵੀ ਖੁੱਲ੍ਹ ਕੇ ਜ਼ਿਕਰ ਕੀਤਾ ਗਿਆ ਹੈ |

ਇਸ ਦੇ ਨਾਲ ਹੀ ਇੰਦਰਜੀਤ ਸਿੰਘ ਦੇ ਬੇਟੇ ਪ੍ਰਭਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ ਲਾਉਣ ਵਾਲੀ ਮਹਿਲਾ ਪ੍ਰਿੰਸੀਪਲ ਤੇ ਦੋ ਹੋਰ ਔਰਤਾਂ ਸਣੇ 11 ਵਿਅਕਤੀਆਂ ਖ਼ਿਲਾਫ਼ ਪੁਲਿਸ ਵਲੋਂ ਧਾਰਾ 306, 120-ਬੀ ਅਧੀਨ ਪਰਚਾ ਦਰਜ ਕੀਤਾ ਗਿਆ ਹੈ |

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਪੁਲਿਸ ਮੌੜ ਬਲਾਸਟ ਕੇਸ ਵਿੱਚ 'ਹਾਂ ਪੱਖੀ' ਨਤੀਜੇ ਆਏ ਹਨ ਅਤੇ ਕੇਸ 'ਸੁਲਝਾਉਣ ਦੇ ਨੇੜੇ' ਪਹੁੰਚ ਗਏ ਹਨ।

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌੜ ਮੰਡੀ ਵਿੱਚ ਕਾਂਗਰਸ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਸਭਾ ਵਿੱਚ ਧਮਾਕਾ ਹੋਇਆ ਸੀ। ਬਲਾਸਟ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ।

ਦੈਨਿਕ ਭਾਸਕਰ ਮੁਤਾਬਕ ਕਸ਼ਮੀਰ ਦੇ ਆਰਐੱਸਪੁਰਾ ਸੈਕਟਰ ਦੇ ਅਰਨੀਆ ਇਲਾਕੇ ਵਿੱਚ ਬੀਐੱਸਐੱਫ ਨੇ ਇੱਕ ਘੁਸਪੈਠੀਏ ਨੂੰ ਮਾਰ ਸੁੱਟਿਆ ਇਹ ਘੁਸਪੈਠੀਏ ਕੌਮਾਂਤਰੀ ਸਰਹੱਦ ਰਾਹੀਂ ਦੇਸ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਸ ਦੇ ਨਾਲ ਹੀ ਬੀਐੱਸਐੱਫ ਦੀ ਜਵਾਬੀ ਕਾਰਵਾਈ 'ਚ ਪਾਕਿਸਤਾਨ ਦੀਆਂ ਕਈ ਚੌਂਕੀਆਂ ਤਬਾਹ ਕਰ ਦਿੱਤੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)