ਬਾਲੀਵੁੱਡ ਲਈ ਸਿਰਫ਼ 'ਗੋਰੇ' ਹੀ ਵਿਦੇਸ਼ੀ ਕਿਉਂ?

    • ਲੇਖਕ, ਲਾਇਆ ਮਹੇਸ਼ਵਰੀ
    • ਰੋਲ, ਬੀਬੀਸੀ ਨਿਊਜ਼ ਲਈ

2015 ਦੇ ਗਣਤੰਤਰ ਦਿਹਾੜੇ ਦੇ ਜਸ਼ਨਾਂ ਦੌਰਾਨ ਬਰਾਕ ਓਬਾਮਾ ਮੁੱਖ ਮਹਿਮਾਨ ਬਣ ਕੇ ਆਏ ਸਨ। ਓਬਾਮਾ ਨੇ ਭਾਸ਼ਨ ਦੇਣਾ ਸੀ। ਉਹਨਾਂ ਦੀ ਟੀਮ ਰਾਤ ਭਰ ਜਾਗ ਕੇ ਰਾਸ਼ਟਰਪਤੀ ਲਈ ਕਿਸੇ ਸੂਪਰ ਹਿੱਟ ਬਾਲੀਵੁੱਡ ਫ਼ਿਲਮ ਦੇ ਸੁਪਰਹਿੱਟ ਡਾਇਲੌਗ ਦੀ ਤਲਾਸ਼ ਕਰਦੀ ਰਹੀ।

ਅਸਲ ਵਿੱਚ ਜਦੋਂ ਮੋਦੀ ਅਮਰੀਕਾ ਫ਼ੇਰੀ 'ਤੇ ਗਏ ਸਨ, ਉਨ੍ਹਾਂ ਨੇ ਹਾਲੀਵੁਡ ਫਿਲਮ ਸਟਾਰ ਵਾਰਸ ਦਾ ਮਸ਼ਹੂਰ ਡਾਇਲਾਗ ਬੋਲਿਆ ਸੀ-ਮੇ ਦ ਫੋਰਸ ਬੀ ਵਿਦ ਯੂ!

ਓਬਾਮਾ ਦੀ ਟੀਮ ਵੀ ਮੋਦੀ ਦੇ ਇਸ ਮਜ਼ਾਕੀਆ ਅੰਦਾਜ਼ ਦਾ ਜਵਾਬ ਹਿੰਦੀ ਫ਼ਿਲਮ ਦੇ ਡਾਇਲਾਗ ਨਾਲ ਦੇਣਾ ਚਾਹੁੰਦੀ ਸੀ। ਅਖੀਰ, ਓਬਾਮਾ ਨੇ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਯਾਨੀ ਡੀਡੀਐਲਜੇ ਦਾ ਡਾਇਲਾਗ ਬੋਲਿਆ।

1994 ਵਿੱਚ ਬਣੀ ਇਹ ਫ਼ਿਲਮ ਹੁਣ ਤੱਕ ਦੀਆਂ ਸਭ ਤੋਂ ਸਫ਼ਲ ਫ਼ਿਲਮਾਂ ਵਿੱਚ ਗਿਣੀ ਜਾਂਦੀ ਹੈ। ਸ਼ਾਹਰੁਖ-ਕਾਜੋਲ ਦੀ ਇਹ ਫਿਲਮ ਪਿਛਲੇ 23 ਸਾਲ ਤੋਂ ਲਗਾਤਾਰ ਮੁੰਬਈ ਦੇ ਮਰਾਠਾ ਮੰਦਰ ਵਿੱਚ ਚੱਲ ਰਹੀ ਹੈ।

ਕਈ ਦਹਾਕਿਆਂ ਤੋਂ ਭਾਰਤ ਦੇ ਲੋਕ ਬ੍ਰਿਟੇਨ, ਅਮਰੀਕਾ, ਮਲੇਸ਼ੀਆ ਅਤੇ ਦੱਖਣੀ ਅਫਰੀਕੀ ਦੇਸ਼ਾਂ ਵਿੱਚ ਜਾ ਕੇ ਵਸਦੇ ਰਹੇ ਹਨ। ਇਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ, ਵਿਦੇਸ਼ੀ ਮਾਹੌਲ ਨਾਲ ਤਾਲਮੇਲ ਬਿਠਾਉਣਾ ਤੇ ਭਾਰਤੀ ਕਦਰਾਂ-ਕੀਮਤਾਂ ਨੂੰ ਸੰਜੋਈ ਰੱਖਣਾ।

ਭਾਰਤ ਵਿੱਚ ਉਨ੍ਹਾਂ ਦੇ ਜਾਣਕਾਰਾਂ, ਰਿਸ਼ਿਤੇਦਾਰ-ਦੋਸਤਾਂ ਨੂੰ ਸ਼ੱਕ ਹੁੰਦਾ ਹੈ ਕਿ ਵਿਦੇਸ਼ ਜਾਣ ਤੋਂ ਬਾਅਦ ਕੀ ਇਨ੍ਹਾਂ 'ਚ ਭਾਰਤੀਅਤਾ ਬਚੀ ਵੀ ਹੈ ?

ਪੱਛਮੀ ਦੇਸ਼ਾਂ ਬਾਰੇ ਭਾਰਤੀ ਨਜ਼ਰੀਆ ਸਦੀਆਂ ਤੋਂ ਇਹੀ ਰਿਹਾ ਹੈ ਕਿ ਉਥੋਂ ਦੇ ਲੋਕ ਖੁੱਲ੍ਹ-ਮਿਜਾਜ਼ੇ ਹਨ ਤੇ ਉਨ੍ਹਾਂ ਦਾ ਕੋਈ ਕਿਰਦਾਰ ਨਹੀਂ ਹੁ਼ੰਦਾ।

ਡੀਡੀਐਲਜੇ ਨੇ ਬਦਲੀ ਸੋਚ!

ਬਾਲੀਵੁਡ ਵਿੱਚ ਅਕਸਰ ਪ੍ਰਵਾਸੀ ਭਾਰਤੀ ਖਲਨਾਇਕ ਦੇ ਰੂਪ ਵਿੱਚ ਹੀ ਪੇਸ਼ ਕੀਤੇ ਗਏ ਹਨ।

ਫ਼ਿਲਮ ਵਿੱਚ ਦਿਖਾਇਆ ਗਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਕਿਸ ਤਰ੍ਹਾਂ ਆਪਣੇ ਦੇਸ ਨੂੰ ਯਾਦ ਕਰਦੇ ਹਨ। ਇਸ ਫ਼ਿਲਮ ਨੂੰ ਵਿਦੇਸ਼ਾਂ ਵਿਚਲੇ ਭਾਰਤੀਆਂ ਨੇ ਕਾਫ਼ੀ ਪਸੰਦ ਕੀਤਾ।

ਫਿਲਮ ਦੇ ਹੀਰੋ-ਹੀਰੋਇਨ ਵਿਆਹ ਤੋਂ ਪਹਿਲਾਂ ਸੈਕਸ ਤੋਂ ਪਰਹੇਜ਼ ਕਰਦੇ ਹਨ ਦੂਜਿਆਂ ਦੀ ਮਦਦ ਕਰਨ ਨੂੰ ਆਪਣਾ ਫ਼ਰਜ਼ ਸਮਝਦੇ ਹਨ।

ਭਾਵ ਇਹ ਹੈ ਕਿ ਇਹ ਜੀਵਨ ਮੁੱਲ ਹੀ ਭਾਰਤੀਅਤਾ ਹਨ। ਇਨ੍ਹਾਂ ਨੂੰ ਅਪਣਾ ਕੇ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਭਾਰਤੀ ਆਪਣੇ ਆਪ ਨੂੰ ਭਾਰਤੀ ਸਮਝ ਸਕਦੇ ਹਨ। ਉਹ ਭਾਰਤ ਲਈ ਆਪਣਾ ਅਹਿਸਾਸ ਕਦੇ-ਕਦਾਈਂ ਦੇਸ ਨੂੰ ਯਾਦ ਕਰਕੇ ਜਤਾ ਸਕਦੇ ਹਨ।

ਇਸ ਮਗਰੋਂ ਕਈ ਫ਼ਿਲਮਾਂ ਬਣੀਆਂ ਜਿਨ੍ਹਾਂ ਵਿੱਚ ਪ੍ਰਵਾਸੀ ਭਾਰਤੀਆਂ ਦੀਆਂ ਕਹਾਣੀਆਂ ਦਿਖਾਈਆਂ ਗਈਆਂ ਸਨ।

ਇੱਕ ਸਮਾਂ ਸੀ ਜਦੋਂ ਭਾਰਤੀ ਲੋਕ ਅਕਸਰ ਯੂਕੇ ਜਾਣਾ ਪਸੰਦ ਕਰਦੇ ਸਨ। ਸਾਡੀਆਂ ਫ਼ਿਲਮਾਂ ਵਿੱਚ ਉੱਥੇ ਵਸੇ ਭਾਰਤੀਆਂ ਦੀਆਂ ਕਹਾਣੀਆਂ ਦੇਖਣ ਨੂੰ ਮਿਲੀਆਂ ਹਨ। ਜਿਵੇਂ 2001 ਦੀ ਫ਼ਿਲਮ ਕਭੀ ਖ਼ੁਸ਼ੀ ਕਭੀ ਗ਼ਮ।

ਹੁਣ ਅਮਰੀਕਾ ਦਾ ਦੌਰ ਹੈ। ਵਿਦੇਸ਼ ਜਾਣ ਦਾ ਚਾਹਵਾਨ ਹਰ ਭਾਰਤੀ ਸਭ ਤੋਂ ਪਹਿਲਾਂ ਅਮਰੀਕਾ ਜਾਣ ਦੀ ਸੋਚਦਾ ਹੈ। ਇਹੀ ਵਜ੍ਹਾ ਹੈ ਕਿ 1997 ਦੀ ਪਰਦੇਸ ਵਰਗੀਆਂ ਫਿਲਮਾਂ ਸਾਨੂੰ ਅਮਰੀਕੀ ਸਮਾਜ ਦੀਆਂ ਬੁਰਾਈਆਂ ਵਿਖਾਉਂਦੀਆਂ ਹਨ ਅਤੇ ਇੱਥੋਂ ਭਾਰਤੀਆਂ ਉੱਤੇ ਇਸਦੇ ਅਸਰ ਦੀ ਕਹਾਣੀ ਬਿਆਨ ਕਰਦੀਆਂ ਹਨ।

ਸ਼ਾਹਰੁਖ ਖਾਨ ਆਪਣੀ ਅੰਦਰੂਨੀ ਭਾਰਤੀਅਤਾ ਨੂੰ ਬਚਾ ਕੇ ਰੱਖਦੇ ਹਨ। ਉਹ ਘਰ ਦੇ ਬਜ਼ੁਰਗਾਂ ਦਾ ਆਦਰ ਕਰਦੇ ਹਨ।ਔਰਤਾਂ ਦੀ ਇੱਜ਼ਤ ਕਰਦੇ ਹਨ ਤੇ ਅਮਰੀਸ਼ ਪੁਰੀ ਵੀ ਇਸ ਫਿਲਮ 'ਚ ਆਈ ਲਵ ਮਾਈ ਇੰਡੀਆ ਗਾਉਂਦੇ ਦਿਖਦੇ ਹਨ।

ਭਾਰਤ ਅਤੇ ਭਾਰਤੀਅਤਾ

ਜਦੋਂ ਬਾਲੀਵੁੱਡ ਫ਼ਿਲਮਾਂ ਭਾਰਤ ਅਤੇ ਭਾਰਤੀਅਤਾ ਦੀ ਗੱਲ ਕਰਦੀਆਂ ਹਨ, ਪ੍ਰਵਾਸੀਆਂ ਦੀਆਂ ਕਹਾਣੀਆਂ ਸੁਣਾਉਂਦੀਆਂ ਹਨ। ਤਾਂ ਅਜਿਹਾ ਉਹ ਇੱਕ ਖ਼ਾਸ ਐਨਕ ਰਾਹੀਂ ਕਰਦੀਆਂ ਹਨ, ਕਿ ਪੱਛਮੀ ਸਭਿੱਆਚਾਰ ਤਾਂ ਗ਼ਲੀਚ ਹੈ, ਖਰਾਬ ਹੈ ਉਨ੍ਹਾਂ ਦੇ ਕੋਈ ਨੈਤਿਕ ਮੁੱਲ ਨਹੀਂ ਹਨ।

ਚਾਹੇ 1997 ਦੀ ਪਰਦੇਸ ਹੋਵੇ ਜਾਂ 2017 ਦੀ ਬੇਫਿਕਰੇ, ਨਜ਼ਰੀਆ ਨਹੀਂ ਬਦਲਿਆ।

ਪ੍ਰਵਾਸੀ ਭਾਰਤੀ ਅਕਸਰ ਭਾਰਤ ਨੂੰ ਰੰਗ-ਬਿਰੰਗੇ, ਜ਼ਿੰਦਾ ਦਿਲ ਸਮਾਜ ਵਜੋਂ ਯਾਦ ਕਰਦੇ ਹਨ ਪਰ ਸਾਡੇ ਫ਼ਿਲਮਕਾਰ ਅਕਸਰ ਵਿਦੇਸ਼ੀ ਸਮਾਜ ਨੂੰ ਨੀਰਸ, ਸਪੱਸ਼ਟ ਅਤੇ ਜ਼ਿੰਦਾਦਿਲੀ ਵਿਹੂਣੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।

ਭਾਵੇਂ ਇਹ ਫਰਾਂਸ ਹੋਵੇ ਤੇ ਭਾਵੇਂ ਅਮਰੀਕਾ ਤੇ ਜਾਂ ਫੇਰ ਬ੍ਰਿਟੇਨ।

ਵਿਦੇਸ਼ੀ ਦਾ ਅਰਥ ਸਿਰਫ ਗੋਰੇ ਲੋਕ!

ਇੰਝ ਲਗਦਾਹੈ ਜਿਵੇਂ ਬ੍ਰਿਟਿਸ਼, ਅਮਰੀਕਾ ਜਾਂ ਫਰਾਂਸ ਵਿੱਚ ਕਾਲੇ ਨਾਗਰਿਕ ਹੋਣ ਹੀ ਨਾ। ਜੇ ਕਦੇ ਉਨ੍ਹਾਂ ਦੇ ਕਿਰਦਾਰ ਵਿਖਾਏ ਵੀ ਜਾਂਦੇ ਹਨ, ਤਾਂ ਬਹੁਤ ਹੀ ਭੱਦੇ ਢੰਗ ਨਾਲ ਕਿਸੇ ਭਾਰਤੀ ਕਲਾਕਾਰ ਦੇ ਮੂੰਹ 'ਤੇ ਕਾਲਾ ਰੰਗ ਕਰ ਕੇ ਉਸ ਨੂੰ ਕਾਲੇ ਕਿਰਦਾਰ ਵਜੋਂ ਪੇਸ਼ ਕੀਤਾ ਜਾਂਦਾ ਹੈ।

ਬਾਲੀਵੁਡ ਦਾ ਇਹ ਬਲੈਕ ਆਊਟ ਨਸਲੀ ਭੇਦਭਾਵ ਵਰਗਾ ਹੈ। 2014 ਦੀ ਫੈਸ਼ਨ ਫ਼ਿਲਮ ਵਿੱਚ ਨਾਇਕਾ ਇੱਕ ਕਾਲੇ ਨਾਲ ਸੈਕਸ ਕਰਕੇ ਇਸ ਤਰ੍ਹਾਂ ਮਹਿਸੂਸ ਕਰਦੀ ਹੈ ਜਿਵੇਂ ਕਿ ਉਸ ਤੋਂ ਬਹੁਤ ਵੱਡਾ ਜੁਰਮ ਹੋ ਗਿਆ ਹੋਵੇ।

ਦਿਲ ਵਾਲੇ ਫ਼ਿਲਮ ਦੀ ਕਹਾਣੀ ਸਹੀ ਹੋ ਸਕਦੀ ਹੈ ਪਰ ਹੁਣ ਇਹ ਸੋਚ ਬਦਲਣ ਦੀ ਲੋੜ ਹੈ।

ਜਿਨਾਂ ਬੱਚਿਆਂ ਦਾ ਪਾਲਣ-ਪੋਸ਼ਣ ਹੀ ਬਾਹਰ ਹੋਇਆ ਹੈ, ਉਨ੍ਹਾਂ ਦੀਆਂ ਕਹਾਣੀਆਂ ਬਾਲੀਵੁਡ ਨਹੀਂ ਸੁਣਾਉਦਾ। ਉਨ੍ਹਾਂ ਦੇ ਬੋਲਣ ਦਾ ਲਹਿਜ਼ਾ ਅਕਸ਼ੈ ਕੁਮਾਰ ਜਾਂ ਸ਼ਾਹਰੁਖ ਖਾਨ ਤੋਂ ਵੱਖਰਾ ਹੈ।

ਉਹ 'ਹਿੰਗਰੇਜੀ' ਬੋਲਣੀ ਪਸੰਦ ਨਹੀਂ ਕਰਦੇ। ਬਾਲੀਵੁੱਡ ਦੀਆਂ ਪੱਛਮੀ ਦੇਸ਼ਾਂ ਦੇ ਪਿਛੋਕੜ 'ਤੇ ਆਧਾਰਿਤ ਫਿਲਮਾਂ 'ਚ ਕਾਲੇ ਕਿਰਦਾਰਾਂ ਨੂੰ ਵੀ ਥਾਂ ਮਿਲਣੀ ਚਾਹੀਦੀ ਹੈ।

ਬਾਲੀਵੁਡ ਨੂੰ 'ਦ ਬਿਗ ਸਿੱਕ', 'ਨਮਸੇਕ' ਅਤੇ 'ਮੀਟ ਦ ਪਟੇਲਜ਼' ਵਰਗੀਆਂ ਫ਼ਿਲਮਾਂ ਦੀਆਂ ਕਾਮਯਾਬੀਆਂ ਤੋਂ ਸਿੱਖਣਾ ਚਾਹੀਦਾ ਹੈ। ਇਹ ਫਿਲਮਾਂ ਇਹ ਵਿਖਾਉਂਦੀਆਂ ਹਨ ਕਿ ਪ੍ਰਵਾਸੀ ਭਾਰਤ ਨੂੰ ਕਿਵੇਂ ਯਾਦ ਕਰਦੇ ਹਨ। ਭਾਰਤੀਅਤਾ ਨੂੰ ਕਿਵੇਂ ਬਰਕਰਾਰ ਰੱਖਦੇ ਹਨ।

ਇਹ ਉਹ ਚੁਣੌਤੀਆਂ ਨੂੰ ਪੇਸ਼ ਕਰਦੇ ਹਨ, ਜਿਨ੍ਹਾਂ ਦਾ ਸਾਹਮਣਾ ਪੱਛਮੀ ਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਭਾਰਤੀ ਕਰਦੇ ਹਨ। ਜ਼ਰੂਰਤ ਹੈ ਕਿ ਬਾਲੀਵੁਡ ਹੁਣ ਡੀਡੀਐਲਜ ਵਾਲੀ ਸੋਚ ਤੋਂ ਬਾਹਰ ਆਵੇ।

ਇਹ ਲੇਖ ਇੱਕ ਅੰਗਰੇਜ਼ੀ ਲੇਖ 'ਤੇ ਅਧਾਰਿਤ ਹੈ ਜੋ ਬੀਬੀਸੀ ਕਲਚਰ 'ਤੇ ਮੌਜੂਦ ਹੈ। ਮੂਲ ਲੇਖ ਇੱਥੇ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)