ਅੰਡਰ ਮੈਟ੍ਰਿਕ ਬ੍ਰਹਮਪੁਰਾ ਨੇ ਕਦੇ ਲਾਈ ਸੀ ਕੈਰੋਂ ਦੇ ਸਿਆਸੀ ਕਿਲ੍ਹੇ ਨੂੰ ਸੰਨ੍ਹ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਪੱਤਰਕਾਰ, ਬੀਬੀਸੀ

ਸੀਨੀਅਰ ਅਕਾਲੀ ਦਲ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਵੱਡੀ ਉਮਰ ਕਾਰਨ ਉਨ੍ਹਾਂ ਨੂੰ ਕੰਮ ਕਰਨਾ ਮੁਸ਼ਕਲ ਹੋ ਰਿਹਾ ਹੈ, ਇਸ ਲਈ ਉਨ੍ਹਾਂ ਨੇ ਪਾਰਟੀ ਦੇ ਇਨ੍ਹਾਂ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ ਹੈ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਸਾਲ 2019 ਦੀਆਂ ਚੋਣਾਂ ਵਿਚ ਉਮੀਦਵਾਰ ਦੇ ਤੌਰ ਤੇ ਖੜ੍ਹੇ ਨਹੀਂ ਹੋਣਗੇ, ਪਾਰਟੀ ਜਿਸ ਉਮੀਦਵਾਰ ਨੂੰ ਖਡੂਰ ਸਹਿਬ ਤੋਂ ਟਿਕਟ ਦੇਵੇਗੀ, ਉਹ ਉਸ ਦਾ ਸਮਰਥਨ ਕਰਨਗੇ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਵਿਚ ਸਭ ਤੋਂ ਸੀਨੀਅਰ ਆਗੂਆਂ ਵਿੱਚੋਂ ਗਿਣੇ ਜਾਂਦੇ ਹਨ। ਮਾਲਵੇ ਵਿਚ ਸੁਖਦੇਵ ਸਿੰਘ ਢੀਂਡਸਾ ਦੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਖੇਤਰ ਵਿਚ ਪਾਰਟੀ ਨੂੰ ਕਾਫ਼ੀ ਵੱਡਾ ਨੁਕਸਾਨ ਹੋਇਆ ਸੀ।

ਇਹ ਵੀ ਪੜ੍ਹੋ:

ਮਾਝੇ ਚ ਪਾਰਟੀ ਨੂੰ ਝਟਕਾ

ਬ੍ਰਹਮਪੁਰਾ ਦਾ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਮਾਝਾ ਖੇਤਰ ਵਿਚ ਪਾਰਟੀ ਲਈ ਬਹੁਤ ਵੱਡੀ ਢਾਹ ਸਾਬਤ ਹੋ ਸਕਦਾ ਹੈ। ਸੁਖਦੇਵ ਸਿੰਘ ਢੀਂਡਸਾ ਨੇ ਵੀ ਸਿਹਤ ਦਾ ਹੀ ਹਵਾਲਾ ਦਿੰਦਿਆਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਸੀ।

ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਐੱਮ ਪੀ ਰਤਨ ਸਿੰਘ ਅਜਨਾਲਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦੁਆਰਾ ਕੁਝ ਦਿਨ ਪਹਿਲਾਂ ਮੀਡੀਆ ਨਾਲ ਮੁਖ਼ਾਤਬ ਹੁੰਦਿਆਂ ਇਹ ਸਪਸ਼ਟ ਕੀਤਾ ਸੀ ਕਿ ਪਾਰਟੀ ਵਿਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਅਤੇ ਹਾਲ ਵਿਚ ਪਾਰਟੀ ਦੀ ਬਣ ਰਹੀ ਸਥਿਤੀ ਦੇ ਸੰਕੇਤ ਵੀ ਦਿੱਤੇ ਸਨ।

ਇਨ੍ਹਾਂ ਆਗੂਆਂ ਨੇ ਹਰਿਮੰਦਰ ਸਾਹਿਬ ਜਾ ਕੇ 'ਪੁਰਾਣੀ ਗ਼ਲਤੀਆਂ' ਲਈ ਮੁਆਫ਼ੀ ਮੰਗੀ ਅਤੇ ਅਰਦਾਸ ਵੀ ਕੀਤੀ ਸੀ। ਇਸ ਦਿਨ ਤੋਂ ਹੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਭਵਿੱਖ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਕਿਆਸ ਲਗਾਏ ਜਾ ਰਹੇ ਸਨ।

ਬ੍ਰਹਮਪੁਰਾ ਦਾ ਸਿਆਸੀ ਸਫ਼ਰ

ਪੰਜਾਬ ਦੀ ਸਿਆਸਤ ਵਿਚ ਉਹ ਮਾਝੇ ਦੇ ਜਰਨੈਲ ਵਜੋਂ ਵੀ ਜਾਂਣੇ ਜਾਂਦੇ ਰਹੇ ਹਨ। ਬੀਤੇ 30 ਸਿਤੰਬਰ ਨੂੰ ਜਦੋਂ ਉਨ੍ਹਾਂ ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖ਼ਵਾਂ ਨਾਲ ਬਾਗੀ ਤੇਵਰ ਦਿਖਾਉਂਦੇ ਹੋਏ ਪ੍ਰੈਸ ਕਾਨਫਰੰਸ ਦੌਰਾਨ ਇਹੀ ਦਾਅਵਾ ਕੀਤਾ ਸੀ ਕਿ ਮਾਝੇ ਦਾ ਜਰਨੈਲ ਬਿਕਰਮ ਸਿੰਘ ਮਜੀਠੀਆ ਨਹੀਂ ਰਣਜੀਤ ਸਿੰਘ ਬ੍ਰਹਮਪੁਰਾ ਹੈ।

  • ਰਣਜੀਤ ਸਿੰਘ ਬ੍ਰਹਮਪੁਰਾ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸਿਟਿੰਗ ਮੈਂਬਰ ਹਨ। ਮਈ 2014 ਵਿਚ ਉਨ੍ਹਾਂ16ਵੀਂ ਲੋਕ ਸਭਾ ਲਈ ਅਕਾਲੀ ਉਮੀਦਵਾਰ ਵਜੋਂ ਚੋਣ ਜਿੱਤੀ ਸੀ।
  • 8 ਨਵੰਬਰ 1937 ਨੂੰ ਜਨਮੇ ਰਣਜੀਤ ਸਿੰਘ 8ਵੀਂ ਜਮਾਤ ਪਾਸ ਹਨ, ਪਰ ਪੰਜਾਬ ਦੀ ਸਿਆਸਤ ਵਿਚ ਉਨ੍ਹਾਂ ਦੀ ਪਛਾਣ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਗੜ੍ਹ ਚ ਉਨ੍ਹਾਂ ਲਈ ਚੁਣੌਤੀ ਬਣਨ ਕਰਕੇ ਹੈ।
  • ਸੰਨ 1994 ਤੋਂ ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਹੇ।
  • ਰਣਜੀਤ ਸਿੰਘ ਬ੍ਰਹਮਪੁਰਾ ਚਾਰ ਵਾਰੀ ਪੰਜਾਬ ਵਿਧਾਨ ਸਭਾ ਵਿਚ ਵਿਧਾਇਕ ਰਹਿ ਚੁੱਕੇ ਹਨ।
  • ਸਾਲ 1977-1980 ਵਿਚ ਉਹ ਪਹਿਲੀ ਵਾਰ ਪੰਜਾਬ ਸਰਕਾਰ ਵਿਚ ਵਿਧਾਇਕ ਚੁਣੇ ਗਏ।
  • ਸਾਲ 1997 ਤੋਂ ਲੈ ਕੇ 2012 ਤੱਕ ਉਹ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਰਹੇ।
  • ਸਾਲ 1997- 2002 ਅਤੇ 2007-2012 ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਵਿਚ ਕੈਬਿਨਟ ਮੰਤਰੀ ਦਾ ਅਹੁਦਾ ਵੀ ਸੰਭਾਲਿਆ।

ਬ੍ਰਹਮਪੁਰਾ ਤੇ ਮੌਜੂਦਾ ਅਕਾਲੀ ਸਿਆਸਤ

ਹਾਲਾਂਕਿ ਬ੍ਰਹਮਪੁਰਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਹੁਦਿਆਂ ਤੋਂ ਅਸਤੀਫ਼ਾ ਦਾ ਕਾਰਨ ਖ਼ਰਾਬ ਸਿਹਤ ਨੂੰ ਦੱਸਿਆ ਹੈ ਪਰ ਸਿਆਸੀ ਮਾਹਿਰ ਅਤੇ ਜਾਣਕਾਰ ਇਸ ਦਾ ਕਾਰਨ ਆਗੂਆਂ ਦੀ ਨਾਰਾਜ਼ਗੀ ਹੀ ਬਿਆਨ ਰਹੇ ਹਨ।

ਪੰਜਾਬ ਦੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਮੁਤਾਬਕ ਪਹਿਲਾਂ ਤੋਂ ਹੀ ਇਸ ਦੇ ਸੰਕੇਤ ਮਿਲ ਗਏ ਸਨ ਅਤੇ ਇਸ ਅਸਤੀਫ਼ੇ ਦੀ ਉਮੀਦ ਕੀਤੀ ਜਾ ਰਹੀ ਸੀ।

ਉਨ੍ਹਾਂ ਮੁਤਾਬਕ, "ਅੱਜ ਦੀ ਸਿਆਸਤ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਦਾ ਇੰਨਾ ਮਹੱਤਵ ਨਹੀਂ ਰਿਹਾ। ਮੌਜੂਦਾ ਸਮੇਂ ਵਿਚ ਲੋਕਾਂ 'ਤੇ ਉਨ੍ਹਾਂ ਦਾ ਕੁਝ ਖ਼ਾਸ ਪ੍ਰਭਾਵ ਵੀ ਨਹੀਂ ਹੈ।

ਪਾਰਟੀ ਨੇ ਉਂਝ ਵੀ ਬ੍ਰਹਮਪੁਰਾ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਟਿਕਟ ਨਹੀਂ ਦੇਣੀ ਸੀ ਅਤੇ ਪਾਰਟੀ ਵਿਚ ਉਨ੍ਹਾਂ ਦੀ ਭੂਮਿਕਾ ਅੰਤ ਦੀ ਰਾਹ 'ਤੇ ਹੀ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)