ਅੰਮ੍ਰਿਤਸਰ ਰੇਲ ਹਾਦਸੇ ਬਾਰੇ ਸੁਖਪਾਲ ਖਹਿਰਾ ਦੇ 'ਛੋਟਾ ਹਾਦਸਾ' ਵਾਲੇ ਬਿਆਨ 'ਤੇ ਸੁਖਬੀਰ ਬਾਦਲ ਦਾ ਵਾਰ ਅਤੇ ਸੋਸ਼ਲ ਮੀਡੀਆ ਉੱਤੇ ਪ੍ਰਤੀਕਿਰਿਆ

''ਇਸ ਤਰ੍ਹਾਂ ਦੇ ਛੋਟੇ ਹਾਦਸੇ ਤਾਂ ਰੋਜ਼ ਹੁੰਦੇ ਹਨ ਭਾਰਤ ਵਿੱਚ, ਪੰਜਾਬ ਵਿੱਚ ਬਹੁਤ ਹੁੰਦੇ ਹਨ''

ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਖਹਿਰਾ ਦੇ ਇਸ ਬਿਆਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਇੱਕ ਟਵੀਟ ਰਾਹੀਂ ਖ਼ਹਿਰਾ 'ਤੇ ਨਿਸ਼ਾਨਾ ਸਾਧਿਆ ਹੈ।

ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵੀਟ 'ਚ ਲਿਖਿਆ, ''ਸੁਖਪਾਲ ਖਹਿਰਾ, ਅੰਮ੍ਰਿਤਸਰ ਦੁਖਾਂਤ ਨੂੰ ''ਛੋਟਾ ਹਾਦਸਾ'' ਕਹਿ ਕੇ ਲਗਦਾ ਹੈ ਤੁਸੀਂ ਆਪਣੀ ਭੂਮਿਕਾ ਆਪਣੇ ਦੋਸਤ ਨਵਜੋਤ ਸਿੱਧੂ ਦੇ ਬਚਾਅ ਲਈ ਅਦਾ ਕਰ ਰਹੇ ਹੋ ਪਰ 61 ਲੋਕਾਂ ਦੀ ਮੌਤ ਅਤੇ 100 ਜ਼ਖ਼ਮੀਆਂ ਬਾਰੇ ਸੋਚੋ।''

ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਹਸਪਤਾਲ ਫ਼ੇਰੀ ਦੀਆਂ ਦੋ ਤਸਵੀਰਾਂ ਸਣੇ ਇੱਕ ਪੋਸਟ ਸਾਂਝੀ ਕੀਤੀ ਹੈ।

ਇਸ 'ਚ ਉਨ੍ਹਾਂ ਲਿਖਿਆ, ''ਮੇਰੇ ਅੰਮ੍ਰਿਤਸਰ ਹਾਦਸੇ ਲਾਈਵ ਪੋਸਟ ਨੂੰ ਵਿਰੋਧੀਆਂ ਵੱਲੋਂ ਗ਼ਲਤ ਢੰਗ ਨਾਲ ਪੇਸ਼ ਕਰਕੇ ਮੇਰੇ ਵਿਚਾਰਾਂ ਨੂੰ ਤੋੜ ਮਰੋੜ ਕੇ ਲੋਕਾਂ ਵਿੱਚ ਲਿਆਂਦਾ ਜਾ ਰਿਹਾ ਹੈ।''

ਅੰਮ੍ਰਿਤਸਰ ਹਾਦਸੇ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਸਿਆਸਤਦਾਨਾਂ ਵੱਲੋਂ ਕੀਤੇ ਜਾ ਰਹੇ ਇੱਕ ਦੂਜੇ 'ਤੇ ਹਮਲਿਆਂ ਬਾਰੇ ਲੋਕ ਬੋਲੇ।

ਲੋਕ ਸੁਖਪਾਲ ਖਹਿਰਾ ਦੇ ਲਾਈਵ ਦੌਰਾਨ ਕਹੀ ਗਈ ਗੱਲ ਨੂੰ ਲੈ ਕੇ ਖੁੱਲ੍ਹ ਕੇ ਆਪਣੇ ਵਿਚਾਰ ਰੱਖ ਰਹੇ ਹਨ।

ਅਨਮੋਲ ਮਨੂ ਨਾਂ ਦੇ ਫੇਸਬੁੱਕ ਯੂਜ਼ਰ ਨੇ ਲਿਖਿਆ, ''ਅਕਾਲੀ ਹੋਰ ਕਰ ਵੀ ਕੀ ਸਕਦੇ ਨੇ ਖਹਿਰਾ ਸਾਹਿਬ...ਜਿਹੜੇ ਆਪਣੇ ਗੁਰੂ ਦੇ ਨਹੀਂ ਹੋਏ ਉਹ ਇਨ੍ਹਾਂ ਗਰੀਬਾਂ ਬਾਰੇ ਕੀ ਸੋਚਣਗੇ....ਸਿਰਫ਼ ਰਾਜਨੀਤੀ ਹੀ ਕਰਨੀ ਹੈ ਇਨ੍ਹਾਂ ਨੇ''

ਮਨਿੰਦਰ ਸਿੰਘ ਲਿਖਦੇ ਹਨ, ''ਖਹਿਰਾ ਸਾਬ ਜਿਹੜੇ ਬੇਕਸੂਰ ਲੋਕ ਮਾਰੇ ਗਏ ਉਹ ਤੁਹਾਡੇ ਹਿਸਾਬ ਨਾਲ ਸਹੀ ਸੀ? ਜਿਹੜੀ ਤੁਸੀਂ ਛੋਟੀ ਗੱਲ ਦੱਸ ਦਿੱਤੀ ਇਹ ਗੱਲ?

ਸੋਸ਼ਲ ਮੀਡੀਆ 'ਤੇ ਹਰ ਤਰ੍ਹਾਂ ਦੇ ਵਿਚਾਰ ਦੇਖਣ ਨੂੰ ਮਿਲੇ। ਕਈਆਂ ਨੇ ਹਾਦਸੇ 'ਤੇ ਹੁੰਦੀ ਸਿਆਸਤ ਬਾਰੇ ਵੀ ਗੱਲ ਰੱਖੀ ਅਤੇ ਕਈ ਖਹਿਰਾ ਹੱਕ 'ਚ ਡਟੇ ਨਜ਼ਰ ਆਏ।

ਰਵਿੰਦਰ ਸਿੰਘ ਰਾਜਗੜ੍ਹ ਨੇ ਲਿਖਿਆ, ''ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ, ਲਾਸ਼ਾਂ 'ਤੇ ਸਿਆਸਤ ਕਰ ਰਹੇ ਹਨ।''

ਇੱਕ ਹੋਰ ਫੇਸਬੁੱਕ ਯੂਜ਼ਰ ਥਰਮਿੰਦਰ ਸਿੰਘ ਲਿਖਦੇ ਹਨ ਕਿ ਖਹਿਰਾ ਸਾਹਿਬ ਉਸ ਹਾਦਸੇ ਦਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੋਇਆ, ਖ਼ਾਸ ਕਰ ਪਰਿਵਾਰਾਂ ਲਈ,ਪਰ ਅਸਲ ਗੱਲ ਇਹ ਹੈ ਕਿ ਤੁਸੀ ਜਿਨ੍ਹਾਂ ਮਰਜ਼ੀ ਪੰਜਾਬ ਦਾ ਕਰ ਲਓ ,ਤੁਹਾਡੀ ਇੱਕ ਗਲਤੀ 'ਤੇ ਲੋਕ ਕੁਮੈਂਟ ਕਰਨਗੇ।

''ਬਸ ਇਹ ਮਸਲਾ ਵੀ 5 ਦਿੰਨ ਬਾਅਦ ਠੰਡਾ ਹੋ ਜਾਉ''

ਬਾਜ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਲਿਖਿਆ, ''ਸਭ ਨੇ ਆਪਣਾ ਪੱਲਾ ਝਾੜ ਦਿੱਤਾ ਅਤੇ ਗਰੀਬ ਮਰ ਰਿਹਾ ਹੈ, ਬਸ ਇਹ ਮਸਲਾ ਵੀ 5 ਦਿੰਨ ਬਾਅਦ ਠੰਡਾ ਹੋ ਜਾਉ।''

ਜੱਸੀ ਧਾਲੀਵਾਲ ਨੇ ਲਿਖਿਆ, ''ਭਾਅ ਜੀ ਇਸ ਮੁੱਦੇ 'ਤੇ ਰਾਜਨੀਤੀ ਨਾ ਕਰੋ ਹੋਰ ਬਹੁਤ ਮੁੱਦੇ ਆ ਰਾਜਨੀਤੀ ਲਈ''

ਸ਼ੁੱਕਰਵਾਰ (19 ਅਕਤੂਬਰ) ਨੂੰ ਅੰਮ੍ਰਿਤਸਰ ਵਿਖੇ ਹੋਏ ਰੇਲ ਹਾਦਸੇ ਤੋਂ ਅਗਲੇ ਦਿਨ ਸ਼ਨਿੱਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖ਼ਹਿਰਾ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋਏ ਸਨ।

ਇਸ ਦੌਰਾਨ ਉਨ੍ਹਾਂ ਸਿਸਟਮ 'ਤੇ ਸਵਾਲ ਚੁੱਕਦਿਆਂ ਇਸ ਹਾਦਸੇ ਦੁਆਲੇ ਹੁੰਦੀ ਸਿਆਸਤ ਸਬੰਧੀ ਆਪਣੀ ਗੱਲ ਰੱਖੀ ਸੀ।

16 ਮਿੰਟ ਤੋਂ ਵੱਧ ਦੇ ਇਸ ਲਾਈਵ ਦੌਰਾਨ ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਦੁਆ, ਅਰਦਾਸ 'ਤੇ ਹਮਦਰਦੀ ਜ਼ਾਹਿਰ ਕੀਤੀ।

ਲਾਈਵ ਦੌਰਾਨ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਸਿਆਸਤ ਜ਼ੋਰਾਂ 'ਤੇ ਹੈ ਅਤੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਅਜੇ ਪ੍ਰਤੀਕਰਮ ਲਗਾਤਾਰ ਜਾਰੀ ਹਨ।

ਇਹ ਵੀ ਪੜ੍ਹੋ ਤੇ ਦੇਖੋ

ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ ਅਹਿਮ ਨੁਕਤੇ꞉

  • 19 ਅਕਤੂਬਰ ਨੂੰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਵਿੱਚ ਪੈਂਦੇ ਧੋਬੀ ਘਾਟ ਇਲਾਕੇ ਵਿੱਚ ਦਸ਼ਹਿਰੇ ਦਾ ਸਮਾਗਮ ਸੀ। ਭੀੜ ਜ਼ਿਆਦਾ ਹੋਣ ਕਾਰਨ ਗਰਾਊਂਡ ਤੋਂ ਬਾਹਰ ਰੇਲ ਦੀ ਪਟੜੀ 'ਤੇ ਵੀ ਖੜੇ ਸੀ ਜਿਸ ਮਗਰੋਂ ਅਚਾਨਕ ਟਰੇਨ ਆਈ ਅਤੇ ਭੀੜ ਨੂੰ ਕੁਚਲ ਕੇ ਲੰਘ ਗਈ।
  • ਪ੍ਰਸ਼ਾਸਨ ਮੁਤਾਬਕ ਇਸ ਹਾਦਸੇ ਵਿੱਚ ਮੌਕੇ ਉੱਤੇ 57 ਲੋਕਾਂ ਦੀ ਮੌਤ ਹੋਈ ਅਤੇ ਇਲਾਜ ਦੌਰਾਨ ਇੱਕ ਹੋਰ ਸ਼ਖਸ ਨੇ ਦਮ ਤੋੜ ਦਿੱਤਾ।
  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।
  • ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਗਿਆ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।
  • ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨ ਦੀ ਮੰਗ ਕਰਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ। ਉਨ੍ਹਾਂ ਸਿੱਧੂ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰਨ ਦੀ ਵੀ ਮੰਗ ਕੀਤੀ।
  • ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।
  • ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਸੀ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।
  • ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ। ਉਹ ਫਿਲਹਾਲ ਲੋਕਾਂ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)