ਅੰਮ੍ਰਿਤਸਰ ਰੇਲ ਹਾਦਸਾ: ਮਾਵਾਂ ਨੂੰ ਇੰਝ ਮਿਲੇ ਵਿਛੜੇ ਬੱਚੇ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਰਾਧਿਕਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਗਏ ਜਦੋਂ ਉਸ ਨੂੰ ਆਪਣਾ 10 ਮਹੀਨੇ ਦਾ ਬੱਚਾ ਵਾਪਿਸ ਮਿਲ ਗਿਆ। ਦੁਸਹਿਰੇ ਵਾਲੀ ਰਾਤ ਹੋਏ ਰੇਲ ਹਾਦਸੇ ਦੌਰਾਨ ਰਾਧਿਕਾ ਦਾ ਬੱਚਾ ਉਸ ਤੋਂ ਵਿੱਛੜ ਗਿਆ ਸੀ। ਹਾਲਾਂਕਿ ਰਾਧਿਕਾ ਖ਼ੁਦ ਅਮਨਦੀਪ ਹਸਪਤਾਲ ਵਿੱਚ ਗੰਭੀਰ ਹਾਲਤ 'ਚ ਦਾਖ਼ਲ ਹੈ।

ਇਹ ਸਭ ਡਿਸਟ੍ਰਿਕਟ ਲੀਗਲ ਸਰਵਿਸਸ ਅਥਾਰਿਟੀ (DLSA) ਦੀ ਬਦੌਲਤ ਹੋਇਆ ਜਿਨ੍ਹਾਂ ਨੇ ਨਾ ਸਿਰਫ਼ ਰਾਧਿਕਾ ਦੇ ਬੱਚੇ ਵਿਸ਼ਾਲ ਨੂੰ ਉਸਦੀ ਮਾਂ ਨਾਲ ਮਿਲਾਇਆ ਸਗੋਂ ਤਿੰਨ ਹੋਰ ਪਰਿਵਾਰਾਂ ਨੂੰ ਆਪਸ ਵਿੱਚ ਮਿਲਾਇਆ। ਜਿਹੜੇ ਇਸ ਰੇਲ ਹਾਦਸੇ ਵਿੱਚ ਇੱਕ-ਦੂਜੇ ਤੋਂ ਵਿੱਛੜ ਗਏ ਸਨ।

ਰਾਧਿਕਾ ਆਪਣੇ ਅਤੇ ਆਪਣੀ ਭੈਣ ਦੇ ਪਰਿਵਾਰ ਪ੍ਰੀਤੀ ਨਾਲ ਜੌੜਾ ਫਾਟਕ 'ਤੇ ਦੁਸਹਿਰੇ ਦਾ ਪ੍ਰੋਗਰਾਮ ਦੇਖਣ ਆਈ ਸੀ। ਹਾਲਾਂਕਿ ਆਪਣੇ ਆਪਰੇਸ਼ਨ ਤੋਂ ਬਾਅਦ ਰਾਧਿਕਾ ਬੋਲ ਵੀ ਨਹੀਂ ਸਕਦੀ ਸੀ ਪਰ ਆਪਣੀ 6 ਸਾਲਾ ਧੀ ਅਤੇ ਮੁੰਡੇ ਵਿਸ਼ਾਲ ਨੂੰ ਖੇਡਦਾ ਦੇਖ ਕੇ ਉਹ ਬੇਹੱਦ ਖੁਸ਼ ਸੀ।

ਜਦੋਂ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਪੀੜਤਾਂ ਦੇ ਬਚਾਅ ਕਾਰਜਾਂ, ਉਨ੍ਹਾਂ ਲਈ ਸਿਹਤ ਸੁਵਿਧਾਵਾ ਮੁਹੱਈਆ ਕਰਵਾਉਣ ਅਤੇ ਕਾਨੂੰਨ ਪ੍ਰਬੰਧਾਂ ਨੂੰ ਸੁਧਾਰਣ ਵਿੱਚ ਰੁੱਝਿਆ ਹੋਇਆ ਸੀ ਉਸ ਸਮੇਂ ਡਿਸਟ੍ਰਿਕਟ ਲੀਗਲ ਅਥਾਰਿਟੀ ਗੁਆਚੇ ਲੋਕਾਂ ਨੂੰ ਭਾਲਣ ਅਤੇ ਉਨ੍ਹਾਂ ਨੂੰ ਆਪਣਿਆਂ ਨਾਲ ਮਿਲਾਉਣ ਦਾ ਕੰਮ ਕਰ ਰਹੀ ਸੀ।

ਇਹ ਵੀ ਪੜ੍ਹੋ:

DLSA ਸਕੱਤਰ ਸੁਮਿਤ ਮੱਕੜ ਮੁਤਾਬਕ ਅਥਾਰਿਟੀ ਦੀ ਹਰਪ੍ਰੀਤ ਕੌਰ ਦੇ ਨਾਲ ਮਿਲ ਕੇ ਅਸੀਂ ਦੋ ਮਦਦ ਕੇਂਦਰ ਬਣਾਏ ਸਨ, ਇੱਕ ਗੁਰੂ ਨਾਨਕ ਦੇਵ ਹਸਪਤਾਲ ਅਤੇ ਦੂਜਾ ਸਿਵਲ ਹਸਪਤਾਲ।

ਉਨ੍ਹਾਂ ਅੱਗੇ ਦੱਸਿਆ, ''ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਾਡੀ ਮੁਲਾਕਾਤ ਪ੍ਰੀਤੀ ਨਾਂ ਦੀ ਔਰਤ ਨਾਲ ਹੋਈ ਜਿਸਦਾ ਬੱਚਾ ਗੁਆਚਿਆ ਹੋਇਆ ਸੀ। ਅਸੀਂ ਪ੍ਰੀਤੀ ਦੀ ਫੋਟੋ ਖਿੱਚ ਲਈ। ਉਸ ਤੋਂ ਬਾਅਦ ਅਸੀਂ ਅਮਨਦੀਪ ਹਸਪਤਾਲ ਗਏ। ਜਿੱਥੇ ਸਾਨੂੰ ਮਰੀਜਾਂ ਦੀ ਸੂਚੀ ਵਿੱਚ ਸਾਢੇ ਤਿੰਨ ਸਾਲ ਦਾ ਬੱਚਾ ਆਰੁਸ਼ ਮਿਲਿਆ।''

''ਹਸਪਤਾਲ ਵਿੱਚ ਆਰੁਸ਼ ਦੇ ਪਿਤਾ ਦੇ ਦੋਸਤ ਨਾਲ ਸਾਡੀ ਮੁਲਾਕਾਤ ਹੋਈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਆਰੁਸ਼ ਦੀ ਮਾਂ ਸ਼ਾਇਦ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਹੈ। ਅਸੀਂ ਤੁਰੰਤ ਉਸ ਨੂੰ ਪ੍ਰੀਤੀ ਦੀ ਫੋਟੋ ਦਿਖਾਈ। ਪਛਾਣ ਹੋਣ ਤੋਂ ਬਾਅਦ ਪ੍ਰੀਤੀ ਨੂੰ ਉਸਦਾ ਬੱਚਾ ਸੌਂਪ ਦਿੱਤਾ ਗਿਆ।''

''ਇਸ ਤੋਂ ਇਲਾਵਾ ਇਸੇ ਦੌਰੇ ਦੌਰਾਨ ਅਸੀਂ ਮਰੀਜ਼ਾਂ ਨੂੰ ਦੇਖਣ ਸਿਵਲ ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੂੰ 10 ਮਹੀਨੇ ਦੇ ਬੱਚੇ ਵਿਸ਼ਾਲ ਬਾਰੇ ਪਤਾ ਲੱਗਾ। ਮੀਨਾ ਦੇਵੀ ਨਾਮ ਦੀ ਔਰਤ ਨੂੰ ਇਹ ਬੱਚਾ ਰੇਲਵੇ ਟਰੈਕ ਤੋਂ ਮਿਲਿਆ ਸੀ ਅਤੇ ਉਹ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਈ ਸੀ। ਹਸਪਤਾਲ ਵੱਲੋਂ ਬੱਚੇ ਦਾ ਸਿਟੀ ਸਕੈਨ ਕਰਵਾਉਣ ਲਈ ਕਿਹਾ ਗਿਆ।''

ਮੱਕੜ ਨੇ ਕਿਹਾ, ''ਪ੍ਰੀਤੀ ਨੇ ਸਾਨੂੰ ਦੱਸਿਆ ਕਿ ਉਸਦੀ ਭੈਣ ਰਾਧਿਕਾ ਯੂਪੀ ਤੋਂ ਆਈ ਸੀ। ਇਸ ਹਾਦਸੇ ਵਿੱਚ ਉਸਦਾ ਬੱਚਾ ਗੁਆਚ ਗਿਆ ਹੈ ਤੇ ਉਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ। ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ 10 ਮਹੀਨੇ ਦਾ ਬੱਚਾ ਰਾਧਿਕਾ ਦਾ ਹੈ ਜਿਸ ਤੋਂ ਬਾਅਦ ਰਾਧਿਕ ਨੂੰ ਉਸਦੇ ਬੱਚੇ ਨਾਲ ਮਿਲਵਾਇਆ ਗਿਆ। ''

ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ ਅਹਿਮ ਨੁਕਤੇ꞉

  • 19 ਅਕਤੂਬਰ ਨੂੰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਵਿੱਚ ਪੈਂਦੇ ਧੋਬੀ ਘਾਟ ਇਲਾਕੇ ਵਿੱਚ ਦਸ਼ਹਿਰੇ ਦਾ ਸਮਾਗਮ ਸੀ। ਭੀੜ ਜ਼ਿਆਦਾ ਹੋਣ ਕਾਰਨ ਗਰਾਊਂਡ ਤੋਂ ਬਾਹਰ ਰੇਲ ਦੀ ਪਟੜੀ 'ਤੇ ਵੀ ਖੜੇ ਸੀ ਜਿਸ ਮਗਰੋਂ ਅਚਾਨਕ ਟਰੇਨ ਆਈ ਅਤੇ ਭੀੜ ਨੂੰ ਕੁਚਲ ਕੇ ਲੰਘ ਗਈ।
  • ਪ੍ਰਸ਼ਾਸਨ ਮੁਤਾਬਕ ਇਸ ਹਾਦਸੇ ਵਿੱਚ ਮੌਕੇ ਉੱਤੇ 57 ਲੋਕਾਂ ਦੀ ਮੌਤ ਹੋਈ ਅਤੇ ਇਲਾਜ ਦੌਰਾਨ ਇੱਕ ਹੋਰ ਸ਼ਖਸ ਨੇ ਦਮ ਤੋੜ ਦਿੱਤਾ।
  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।
  • ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਗਿਆ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।
  • ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨ ਦੀ ਮੰਗ ਕਰਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ। ਉਨ੍ਹਾਂ ਸਿੱਧੂ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰਨ ਦੀ ਵੀ ਮੰਗ ਕੀਤੀ।
  • ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।
  • ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਸੀ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।
  • ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ। ਉਹ ਫਿਲਹਾਲ ਲੋਕਾਂ ਸਾਹਮਣੇ ਨਹੀਂ ਆਇਆ ਹੈ।

ਹਾਦਸੇ ਨਾਲ ਸਬੰਧਤ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)