ਅੰਮ੍ਰਿਤਸਰ ਰੇਲ ਹਾਦਸਾ꞉ 'ਪ੍ਰੋਗਰਾਮ ਦਸਹਿਰਾ ਗਰਾਊਂਡ 'ਚ ਸੀ, ਨਾ ਕਿ ਲਾਈਨਾਂ 'ਤੇ'

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਅੰਮ੍ਰਿਤਸਰ ਤੋਂ ਬੀਬੀਸੀ ਲਈ

"ਜੋ ਪ੍ਰੋਗਰਾਮ ਕੀਤਾ ਗਿਆ ਉਹ ਦਸਹਿਰਾ ਗਰਾਊਂਡ ਦੀ ਚਾਰਦਿਵਾਰੀ ਦੇ ਅੰਦਰ ਸੀ ਨਾ ਕਿ ਰੇਲਵੇ ਲਾਈਨਾਂ ਉੱਪਰ। ਲਾਈਨਾਂ 'ਤੇ ਤਦ ਹੁੰਦਾ ਜੇ ਆਪਾਂ ਕੁਰਸੀਆਂ ਉੱਥੇ ਲਾਈਆਂ ਹੁੰਦੀਆਂ।"

ਇਹ ਸ਼ਬਦ ਮਿੱਠੂ ਨੇ ਬੀਬੀਸੀ ਲਈ ਰਵਿੰਦਰ ਸਿੰਘ ਰੌਬਿਨ ਨੂੰ ਕਹੇ ਅਤੇ ਦੱਸਿਆ ਕਿ ਉਹ ਇਸ ਹਾਦਸੇ ਤੋਂ ਦੁਖੀ ਅਤੇ ਸਦਮੇ ਵਿੱਚ ਹੈ। ਇਸ ਦੌਰਾਨ ਮਿੱਠੂ ਨੇ ਸਾਰੀਆਂ ਇਜਾਜ਼ਤਾਂ ਲੈਣ ਦੀ ਗੱਲ ਵੀ ਕਹੀ।

ਮਿੱਠੂ ਅੰਮ੍ਰਿਤਸਰ ਦੇ ਉਸ ਦਸ਼ਹਿਰੇ ਸਮਾਗਮ ਦਾ ਪ੍ਰਬੰਧਕ ਸੀ ਜਿਸ ਵਿੱਚ 19 ਅਕਤੂਬਰ ਨੂੰ ਟਰੇਨ ਰੇਲਵੇ ਦੀ ਪਟੜੀ ਉੱਪਰ ਖੜ੍ਹ ਕੇ ਰਾਵਨ ਦਹਿਨ ਦੇਖ ਰਹੇ ਦਰਸ਼ਕਾਂ ਨੂੰ ਕੁਚਲ ਕੇ ਲੰਘ ਗਈ ਸੀ।

ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ 7 ਅਹਿਮ ਨੁਕਤੇ꞉

  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।
  • ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਉੱਪਰ ਪਥਰਾਅ ਕੀਤਾ ਜਿਸ ਮਗਰੋਂ ਮਾਹੌਲ ਸਾਂਭਿਆ।
  • ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।
  • ਸੁਖਬੀਰ ਸਿੰਘ ਬਾਦਲ꞉ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ।
  • ਨਵਜੋਤ ਸਿੰਘ ਸਿੱਧੂ꞉ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।
  • ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਸੀ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।
  • ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ।

ਮਿੱਠੂ ਮਦਾਨ ਜੋ ਕਿ ਦਸਹਿਰਾ ਕਮੇਟੀ (ਪੂਰਬੀ) ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਹੈ ਤੇ ਉਸ ਸਮੇਂ ਤੋਂ ਹੀ ਲਾਪਤਾ ਹੈ।

ਮਿੱਠੂ ਨੇ ਆਪਣਾ ਸਪਸ਼ਟੀਕਰ ਦਿੰਦਿਆਂ ਕਿਹਾ, "ਰਾਵਨ ਦੇ ਆਲੇ-ਦੁਆਲੇ ਵੀਹ ਫੁੱਟ ਦਾ ਘੇਰਾ ਵੀ ਬਣਾਇਆ ਹੋਇਆ ਸੀ। ਕਿਸੇ ਤਰ੍ਹਾਂ ਦੀ ਵੀ ਆਪਾਂ ਆਪਣੇ ਵੱਲੋਂ ਕੋਈ ਕਮੀ ਨਹੀਂ ਸੀ ਛੱਡੀ। ਪੰਜਾਹ ਤੋਂ ਸੌ ਪੁਲਿਸ ਵਾਲੇ ਉੱਥੇ ਸਨ। ਕਾਰਪੋਰੇਸ਼ਨ ਤੋਂ ਫਾਇਰਬਰਗੇਡ ਅਤੇ ਪਾਣੀ ਦੇ ਟੈਂਕਰ ਵੀ ਆਏ ਹੋਏ ਸਨ।"

ਮਿੱਠੂ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ।

ਮਿੱਠੂ ਨੇ ਕਿਹਾ, "ਦੋ ਚਾਰ ਲੋਕ ਮੇਰੇ ਨਾਲ ਨਿੱਜੀ ਰੰਜਿਸ਼ ਕੱਢ ਰਹੇ ਹਨ, ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਮਦਦ ਕਰੋ।''

ਡੀਐਸਪੀ ਅਮਰਜੀਤ ਸਿੰਘ ਪਵਾਰ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਉਸ ਨੂੰ ਸੱਦਾਂਗੇ ਅਤੇ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣਾ ਪਵੇਗਾ।"

ਮਿੱਠੂ ਦੇ ਗੁਆਂਢੀ ਬੋਲਣ ਤੋਂ ਟਲ ਰਹੇ ਹਨ

ਮਿੱਠੂ ਦੀ ਮਾਤਾ ਵਿਜੇ ਮਦਾਨ ਵਾਰਡ ਨੰਬਰ 29 ਤੋਂ ਕਾਂਗਰਸ ਦੀ ਐਮਸੀ ਹਨ। ਮਿੱਠੂ ਦੇ ਮਾਂ ਬਾਪ ਵੀ ਤਹਿਸੀਲਪੁਰਾ ਵਿੱਚਲੇ ਘਰ ਵਿੱਚੋਂ ਗਾਇਬ ਹਨ। ਘਰ ਨੂੰ ਜਿੰਦਾ ਲੱਗਿਆ ਹੋਇਆ ਹੈ ਅਤੇ ਮੋਬਾਈਲ ਵੀ ਬੰਦ ਹਨ।

ਗੁਆਂਢੀ ਵੀ ਇਨ੍ਹਾਂ ਤਿੰਨਾਂ ਬਾਰੇ ਕੁਝ ਵੀ ਕਹਿਣ ਤੋਂ ਕੰਨੀ ਕਤਰਾ ਰਹੇ ਹਨ।

ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਇੱਕ ਗੁਆਂਢੀ ਨੇ ਦੱਸਿਆ ਕਿ ਮਿੱਠੂ ਦੇ ਪਿਤਾ ਬਹੁਤ ਜ਼ਿਆਦਾ ਤਣਾਅ ਕਰਕੇ ਹਸਪਤਾਲ ਵਿੱਚ ਦਾਖਲ ਹਨ।

ਮਿੱਠੂ ਉੱਪਰ ਇੱਕ ਇਲਜ਼ਾਮ ਇਹ ਵੀ ਹੈ ਕਿ ਉਸਨੇ ਦਸਹਿਰੇ ਦੇ ਸਮਾਗਮ ਲਈ ਪ੍ਰਸ਼ਾਸ਼ਨ ਤੋਂ ਇਜਾਜ਼ਤ ਨਹੀਂ ਲਈ ਸੀ।

ਮਿੱਠੂ ਨੇ ਡਿਪਟੀ ਕਮਿਸ਼ਨਰ (ਪੁਲਿਸ) ਤੋਂ 15 ਅਕਤੂਬਰ ਨੂੰ ਇੱਕ ਚਿੱਠੀ ਰਾਹੀਂ ਧੋਬੀ ਘਾਟ ਉੱਪਰ ਹੋਣ ਵਾਲੇ ਦਸ਼ਹਿਰੇ ਦੇ ਸਮਾਗਮ ਲਈ ਪੁਲਿਸ ਸੁਰੱਖਿਆ ਮੰਗੀ ਸੀ।

ਉਸ ਚਿੱਠੀ ਵਿੱਚ ਕਿਹਾ ਗਿਆ ਸੀ ਕਿ ਇਸ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀਂ ਨਵਜੋਤ ਕੌਰ ਇਸ ਦੇ ਮੁੱਖ ਮਹਿਮਾਨ ਹੋਣਗੇ।

ਇਜਾਜ਼ਤ ਬਾਰੇ ਸ਼ਸ਼ੋਪੰਜ ਅਤੇ ਸਿਆਸਤ

ਦੂਸਰੀ ਚਿੱਠੀ ਵਿੱਚ ਪੁਲਿਸ ਸਟੇਸ਼ਨ ਮੁਹਕਮਪੁਰ ਨੇ ਪ੍ਰਬੰਧਕਾਂ ਨੂੰ ਸਮਾਗਮ ਦੀ ਆਗਿਆ ਦੇ ਦਿੱਤੀ ਸੀ। ਸ਼ਰਤ ਇਹ ਲਾਈ ਗਈ ਸੀ ਕਿ ਉਹ ਲਾਊਡ ਸਪੀਕਰਾਂ ਦੀ ਵਰਤੋਂ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨਗੇ।

ਹਾਲਾਂਕਿ, ਜੀਆਰਪੀ ਅੰਮ੍ਰਿਤਸਰ ਪੁਲਿਸ ਸਟੇਸ਼ਨ ਵਿੱਚ 19 ਅਕਤੂਬਰ ਨੂੰ ਦਰਜ ਐਫਆਈਆਰ ਨੰਬਰ 169 ਵਿੱਚ ਅਣਪਛਾਤੇ ਵਿਅਕਤੀਆਂ ਉੱਪਰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 304,304-ਏ, 337, 338 ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਦੀ ਮੈਜਿਸਟਰੇਟ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।

ਵਿਰੋਧੀ ਆਗੂ ਸੁਖਬੀਰ ਸਿੰਘ ਨੇ ਮੁੱਖ ਮੰਤਰੀ ਦੇ ਜਾਂਚ ਦੇ ਕਦਮ ਨੂੰ ਰੱਦ ਕੀਤਾ ਹੈ ਅਤੇ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ ਅਤੇ ਦੇਖੋ:

ਹਾਲਾਂਕਿ ਨਵਜੋਤ ਕੌਰ ਸਿੱਧੂ ਜੋ ਕਿ ਇਸ ਸਮਾਗਮ ਨੇ ਦਾਅਵਾ ਕੀਤਾ ਹੈ ਕਿ ਮਿੱਠੂ ਉਨ੍ਹਾਂ ਨਾਲ ਰਾਬਤੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਉਹ ਕਿਸੇ ਹੋਰ ਜ਼ਰੀਏ ਮੇਰੇ ਸੰਪਰਕ ਵਿੱਚ ਹੈ।

"ਮੈਂ ਮਿੱਠੂ ਨੂੰ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਦੀ ਮਦਦ ਕਰਨ ਲਈ ਕਿਹਾ ਹੈ।"

ਮੈਡਮ ਸਿੱਧੂ ਨੇ ਦੱਸਿਆ ਕਿ ਮਿੱਠੂ ਜਾਂਚ ਵਿੱਚ ਹਿੱਸਾ ਲਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪ ਵੀ ਜਾਂਚ ਦਾ ਹਿੱਸਾ ਬਣਨ ਬਾਰੇ ਕਹਿ ਚੁੱਕੇ ਹਨ।

ਇਹ ਵੀ ਪੜ੍ਹੋ ਅਤੇ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)