ਅੰਮ੍ਰਿਤਸਰ ਰੇਲ ਹਾਦਸਾ : 'ਇਹ ਦਸਹਿਰਾ ਸਾਡੇ ਘਰ ਦਾ ਦਹਿਨ ਕਰ ਗਿਆ'

    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

"ਇਹ ਦਸਹਿਰਾ ਸਾਡੇ ਘਰ ਦਾ ਦਹਿਨ ਕਰ ਗਿਆ"

ਇਹ ਬੋਲ ਅੰਮ੍ਰਿਤਸਰ ਦੇ ਵਿਜੈ ਕੁਮਾਰ ਦੇ ਹਨ। ਉਨ੍ਹਾਂ ਦਾ 18 ਸਾਲ ਦਾ ਪੁੱਤਰ ਮੁਨੀਸ਼ ਕੁਮਾਰ 19 ਅਕਤੂਬਰ ਨੂੰ ਰਾਵਣ ਦਹਿਨ ਦੇਖਣ ਜੌੜਾ ਫਾਟਕ ਗਿਆ ਸੀ ਪਰ ਵਾਪਸ ਨਹੀਂ ਆਇਆ।

ਵਿਜੈ ਕੁਮਾਰ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਸਾਰੀ ਰਾਤ ਮੁਨੀਸ਼ ਦੀ ਭਾਲ ਕਰਦਾ ਰਿਹਾ। ਦੇਰ ਰਾਤ ਦਿਲ ਤੇ ਪੱਥਰ ਰੱਖ ਸਿਵਲ ਹਸਪਤਾਲ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੁਰਦਾ ਘਰਾਂ 'ਚ ਵੀ ਪਹੁੰਚੇ।

ਲਾਸ਼ਾਂ ਵਿੱਚ ਆਪਣੇ ਬੱਚੇ ਦੀ ਸ਼ਨਾਖ਼ਤ ਕਰਦੇ ਰਹੇ ਪਰ ਮੁਨੀਸ਼ ਨਹੀਂ ਮਿਲਿਆ।

17 ਘੰਟਿਆਂ ਬਾਅਦ ਪੁਲਿਸ ਨੇ ਦੁਬਾਰਾ ਉਨ੍ਹਾਂ ਨੂੰ ਸਿਵਲ ਹਸਪਤਾਲ 'ਚ ਅਣਪਛਾਤੀਆਂ ਲਾਸ਼ਾਂ ਦੀ ਸ਼ਨਾਖ਼ਤ ਲਈ ਬੁਲਾਇਆ ਤਾਂ ਉੱਥੇ ਉਹਨਾਂ ਦੇ ਬੇਟੇ ਦੀ ਲਾਸ਼ ਮਿਲ ਗਈ।

18 ਸਾਲ ਦਾ ਪੁੱਤਰ ਮੁਨੀਸ਼ ਛੱਡ ਗਿਆ, ਅੱਖਾਂ 'ਚ ਹੰਝੂ ਤਾਂ ਨਹੀਂ ਸਨ ਪਰ ਪੁੱਤਰ ਗੁਆਉਣ ਦਾ ਦਰਦ ਸਾਫ ਦੇਖਿਆ ਜਾ ਸਕਦਾ ਸੀ।

ਵਿਜੈ ਨੇ ਦੱਸਿਆ, '' ਮੇਰਾ ਤਾਂ ਸਭ ਕੁਝ ਹੀ ਖ਼ਤਮ ਹੋ ਗਿਆ, ਇਹ ਦਸਹਿਰਾ ਮੇਰੇ ਘਰ ਦਾ ਦਹਿਨ ਕਰ ਗਿਆ।''

ਇਹ ਵੀ ਪੜ੍ਹੋ꞉

ਇੱਕ ਝਟਕੇ ਵਿੱਚ ਗਈਆਂ ਕਈ ਜਾਨਾਂ

ਅੰਮ੍ਰਿਤਸਰ 'ਚ ਦਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸ਼ਹਿਰ ਦੇ ਪੂਰਬੀ ਹਿੱਸੇ ਵਿਚ ਪੈਂਦੇ ਜੌੜੇ ਫਾਟਕ ਲਾਗੇ ਜਿਸ ਸਮੇਂ ਰਾਵਣ ਦੇ ਪੁਤਲੇ ਨੂੰ ਲਾਂਬੂ ਲਾਇਆ ਗਿਆ ਉਸੇ ਸਮੇਂ ਰੇਲ ਪਟੜੀ 'ਤੇ ਖੜੇ ਲੋਕ ਰੇਲ ਗੱਡੀ ਦੀ ਲਪੇਟ 'ਚ ਆ ਗਏ।

ਡਿਪਟੀ ਕਮਿਸ਼ਨਰ, ਕਮਲਦੀਪ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੀ ਗਿਣਤੀ 57 ਹੈ।

ਸ਼ਾਮ ਤੱਕ ਇੱਕ ਹੋਰ ਵਿਅਕਤੀ ਵੱਲੋਂ ਹਸਪਤਾਲ ਵਿੱਚ ਦਮ ਤੋੜ ਜਾਣ ਕਰਕੇ ਇਹ ਗਿਣਤੀ 58 ਹੋ ਗਈ।

'ਭੈਣ ਦੇ ਪਰਿਵਾਰ ਦਾ ਆਖ਼ਰੀ ਦਸਹਿਰਾ'

ਇਸ ਹਾਦਸੇ 'ਚ ਆਪਣੇ ਰਿਸ਼ਤੇਦਾਰ ਗੁਆ ਚੁੱਕੇ ਰਾਹੁਲ ਡੋਗਰਾ ਵੀ ਬੇਵੱਸ ਹੈ।

ਅੰਮ੍ਰਿਤਸਰ ਦਾ ਰਹਿਣ ਵਾਲਾ ਰਾਹੁਲ ਸਿਵਲ ਹਸਪਤਾਲ ਦੇ ਮੁਰਦਾ ਘਰ ਦੇ ਬਾਹਰ ਖੜਾ ਦਸਹਿਰੇ ਦੇ ਮੇਲੇ ਨੂੰ ਕੋਸ ਰਿਹਾ ਸੀ।

ਰਾਹੁਲ ਨੇ ਦੱਸਿਆ ਕਿ ਇਸ ਹਾਦਸੇ ਨੇ ਉਸ ਦੀ ਵੱਡੀ ਭੈਣ ਦਾ ਘਰ ਤਬਾਹ ਕਰ ਦਿੱਤਾ ਹੈ।

ਰਾਹੁਲ ਨੇ ਦੱਸਿਆ, "ਸ਼ੁੱਕਰਵਾਰ ਸ਼ਾਮ 5 ਵਜੇ ਮੈਂ ਬਟਾਲਾ ਰੋਡ ਸਥਿਤ ਆਪਣੀ ਭੈਣ ਦੇ ਘਰ ਉਨ੍ਹਾਂ ਨੂੰ ਮਿਲਣ ਗਿਆ ਤਾਂ ਮੇਰੀ ਭੈਣ ਪੂਜਾ, ਜੀਜਾ ਅਮਨ ਤੇ ਦੋਵੇਂ ਬੱਚੇ ਦਸਹਿਰੇ ਦਾ ਮੇਲਾ ਵੇਖਣ ਜਾਣ ਦੀ ਤਿਆਰੀ 'ਚ ਸਨ। ਇਹ ਮੇਰੀ ਉਨ੍ਹਾਂ ਨਾਲ ਆਖਰੀ ਮੁਲਾਕਾਤ ਸੀ।"

ਜਦੋਂ ਰਾਹੁਲ ਨੂੰ ਇਸ ਹਾਦਸੇ ਦੀ ਖ਼ਬਰ ਮਿਲੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਤੁਰੰਤ ਆਪਣਿਆਂ ਦੀ ਭਾਲ 'ਚ ਜੁਟ ਗਿਆ।

ਪੂਰੀ ਰਾਤ ਕਦੇ ਹਾਦਸੇ ਵਾਲੀ ਥਾਂ ਤੇ ਕਦੇ ਵੱਖ-ਵੱਖ ਹਸਪਤਾਲਾਂ 'ਚ ਉਹ ਆਪਣੀ ਭੈਣ ਅਤੇ ਉਸਦੇ ਪਰਿਵਾਰ ਦੀ ਭਾਲ ਕਰਦਾ ਰਿਹਾ ਪਰ ਸਵੇਰ ਤੱਕ ਕੁੱਝ ਪਤਾ ਨਹੀਂ ਲੱਗਿਆ।

ਸਵੇਰੇ ਜਦੋਂ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਅਣਪਛਾਤੀਆਂ ਲਾਸ਼ਾ ਦੀ ਸ਼ਨਾਖ਼ਤ ਪੁਲਿਸ ਨੇ ਕਰਵਾਈ ਤਾਂ ਜੀਜਾ ਅਮਨ, ਭਾਣਜੇ ਨਕੁਲ (12 ਸਾਲ ) , ਭਾਣਜੀ ਕਸ਼ਿਸ਼ (7 ਸਾਲ ) ਦੀ ਮ੍ਰਿਤਕ ਦੇਹਾਂ ਮਿਲੀਆਂ।

ਰਾਹੁਲ ਨੇ ਦੱਸਿਆ, ''ਸਭ ਕੁਝ ਤਬਾਹ ਹੋ ਗਿਆ, ਛੋਟੇ-ਛੋਟੇ ਬੱਚੇ ਵੀ ਨਹੀਂ ਰਹੇ।''

ਦੁਪਹਿਰ ਤੱਕ ਰਾਹੁਲ ਨੂੰ ਆਪਣੀ ਭੈਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਸੀ।

ਹਸਪਤਾਲਾਂ ਵਿੱਚ ਕਿਹੋ-ਜਿਹੀ ਹਾਲਤ ਹੈ

ਇਸ ਹਾਦਸੇ 'ਚ ਲਾਸ਼ਾਂ ਸਿਵਲ ਹਸਪਤਾਲ ਅਤੇ ਗੁਰੂ ਨਾਨਕ ਹਸਪਤਾਲ ֹ'ਚ ਪੋਸਟਮਾਰਟਮ ਲਈ ਰੱਖਿਆ ਗਈਆਂ ਸਨ।

ਪ੍ਰਸ਼ਾਸ਼ਨ ਵਲੋਂ ਹਾਦਸੇ 'ਚ ਮਰਨ ਵਾਲਿਆਂ ਦੀ ਦੱਸੀ ਗਈ ਗਿਣਤੀ ਮੁਤਾਬਿਕ ਸਿਵਲ ਹਸਪਤਾਲ 'ਚ 39 ਲਾਸ਼ਾਂ ਸਨ ਜਿਨ੍ਹਾਂ 'ਚੋ ਸੁੱਕਰਵਾਰ ਦੇਰ ਰਾਤ ਤੱਕ 24 ਦੀ ਪਹਿਚਾਣ ਹੋ ਚੁੱਕੀ ਸੀ ਤੇ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਹਸਪਤਾਲ 'ਚ 20 ਲਾਸ਼ਾਂ ਸਨ, ਜਿਨ੍ਹਾਂ ਚੋਂ 17 ਦੀ ਪਹਿਚਾਣੀਆਂ ਗਈਆਂ ਸਨ।

ਸ਼ਨਿੱਚਰਵਾਰ ਸਵੇਰੇ ਸਿਵਲ ਹਸਪਤਾਲ ਵਿੱਚ ਆਪਣੇ ਪਿਆਰਿਆਂ ਦੀ ਤਲਾਸ਼ ਕਰਨ ਵਾਲਿਆਂ ਦਾ ਇਕੱਠ ਸੀ ਅਤੇ ਲੋਕ ਜਾਣਕਾਰੀ ਲਈ ਘੁੰਮ ਰਹੇ ਸਨ।

ਇਹ ਪਰਿਵਾਰ ਕਦੇ ਵਾਰਡਾਂ 'ਚ ਜਾ ਤੇ ਅਖੀਰ ਅਣਪਛਾਤੀਆਂ ਲਾਸ਼ਾ 'ਚ ਆਪਣਿਆਂ ਨੂੰ ਲੱਭ ਰਹੇ ਸਨ |

ਸ਼ਨਿੱਚਰਵਾਰ ਦੁਪਹਿਰ ਤੱਕ ਸਿਵਲ ਹਸਪਤਾਲ ਅੰਮ੍ਰਿਤਸਰ 'ਚ 39 ਲਾਸ਼ਾਂ ਚੋਂ 36 ਦੀ ਪਹਿਚਾਣ ਤੇ ਪੋਸਟਮਾਰਟਮ ਹੋ ਚੁੱਕੇ ਹਨ ਜਦਕਿ 3 ਲਾਸ਼ਾਂ ਦੀ ਪਹਿਚਾਣ ਨਹੀਂ ਹੋ ਸਕੀ ਸੀ।

ਹਾਦਸੇ ਨਾਲ ਸਬੰਧਤ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)