ਅੰਮ੍ਰਿਤਸਰ ਰੇਲ ਹਾਦਸਾ: 'ਡੇਢ ਸਾਲ ਦੀ ਨੂਰ ਮੇਰੀ ਗੋਦ 'ਚ ਸੀ, ਭੀੜ ਨੇ ਉਸ ਨੂੰ ਕੁਚਲ ਦਿੱਤਾ'

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

'ਮੇਰੀ ਬੇਟੀ ਅਨੁ ਆਪਣੇ ਸਹੁਰੇ ਫਗਵਾੜਾ ਤੋਂ ਦਸਹਿਰੇ ਲਈ ਅੰਮ੍ਰਿਤਸਰ ਲਈ ਆਈ ਸੀ।'

'ਅਨੁ ਦੀ ਡੇਢ ਸਾਲ ਦੀ ਬੇਟੀ ਨੂਰ...ਮੇਰੀ ਜਿਹੜੀ ਦੋਹਤੀ, ਮੇਰੀ ਗੋਦੀ 'ਚ ਸੀ।'

ਅਸੀਂ ਰੇਲਵੇ ਟਰੈਕ 'ਤੇ ਨਹੀਂ ਸਾਂ, ਉਸ ਤੋਂ ਦੂਰ ਖੜ੍ਹੇ ਸੀ। ਪਟਾਕੇ ਚੱਲੇ ਤਾਂ ਨੂਰ ਖੁਸ਼ੀ ਨਾਲ ਝੂਮ ਰਹੀ ਸੀ। ਪਤਾ ਹੀ ਨਹੀਂ ਸੀ ਕਿ ਇਹ ਖ਼ੁਸ਼ੀ ਮਾਤਮ ਵਿੱਤ ਬਦਲ ਜਾਵੇਗੀ।'

ਅੰਮ੍ਰਿਤਸਰ ਗੁਰੂ ਨਾਨਰ ਹਸਪਤਾਲ ਵਿੱਚ ਭਰਤੀ ਕੀਮਤੀ ਲਾਲ ਜਦੋਂ ਦਸਹਿਰੇ ਮੇਲੇ ਦੌਰਾਨ ਹੋਏ ਹਾਦਸੇ ਦਾ ਹਾਲ ਬਿਆਨ ਕਰ ਰਹੇ ਸਨ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਹੰਝੂਆਂ ਨਾਲ ਭਰੀਆਂ ਸਨ।

ਇਹ ਵੀ ਪੜ੍ਹੋ:

15 ਮਿੰਟ ਪਹਿਲਾਂ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਹਾਦਸੇ 'ਚ ਉਨ੍ਹਾਂ ਦੀ ਧੀ ਅਨੁ ਅਤੇ ਦੋਹਤੀ ਨੂਰ ਦੋਵਾਂ ਦੀ ਮੌਤ ਹੋ ਗਈ ਹੈ। ਕੀਮਤੀ ਲਾਲ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਉਹ ਇਲਾਜ ਲਈ ਹਸਪਤਾਲ 'ਚ ਭਰਤੀ ਹਨ।

ਕੀਮਤੀ ਲਾਲ ਕਹਿੰਦੇ ਹਨ ਕਿ ਉਹ ਅਤੇ ਉਨ੍ਹਾਂ ਦੀ ਧੀ ਟਰੇਨ ਦੀ ਚਪੇਟ 'ਚ ਨਹੀਂ ਆਏ।

ਉਹ ਦੱਸਦੇ ਹਨ, "ਅਸੀਂ ਟਰੈਕ 'ਤੇ ਨਹੀਂ ਸਾਂ, ਭਗਦੜ ਹੋਈ ਤਾਂ ਲੋਕਾਂ ਨੇ ਸਾਨੂੰ ਕੁਚਲ ਦਿੱਤਾ।"

ਕਈ ਸਾਲਾਂ ਤੋਂ ਇਸ ਮੇਲੇ ਵਿੱਚ ਆਉਣ ਵਾਲੇ ਕੀਮਤੀ ਲਾਲ ਕਹਿੰਦੇ ਹਨ ਕਿ ਉਨ੍ਹਾਂ ਅੰਦਾਜ਼ਾ ਵੀ ਨਹੀਂ ਸੀ ਇਸ ਵਾਰ ਇਸ ਮੇਲੇ 'ਚ ਆਉਣ ਦੀ ਇੰਨੀ ਵੱਡੀ ਕੀਮਤ ਅਦਾ ਕਰਨੀ ਪਵੇਗੀ।

ਇਸੇ ਹਾਦਸੇ 'ਚ ਜਖ਼ਮੀ ਹੋਈ ਸਪਨਾ ਵੀ ਗੁਰੂ ਨਾਨਕ ਹਸਪਤਾਲ 'ਚ ਭਰਤੀ ਹੈ। ਉਹ ਆਪਣੀ ਭੈਣ ਦੇ ਨਾਲ ਮੇਲਾ ਦੇਖਣ ਪਹੁੰਚੀ ਸੀ। ਉਨ੍ਹਾਂ ਦੀ ਭੈਣ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।

ਸਪਨਾ ਦੇ ਸਿਰ 'ਤੇ ਸੱਟ ਲੱਗੀ ਹੈ ਅਤੇ ਅਜੇ ਵੀ ਸਦਮੇ ਵਿੱਚ ਹੈ।

ਰੇਲਗੱਡੀ ਆਉਣ ਦਾ ਪਤਾ ਨਹੀਂ ਲੱਗਾ

ਹਾਦਸੇ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ, "ਜਿੱਥੇ ਰਾਵਣ ਸਾੜਿਆ ਜਾ ਰਿਹਾ ਸੀ, ਅਸੀਂ ਉਥੋਂ ਦੂਰ ਸੀ। ਰੇਲਵੇ ਟਰੈਕ ਦੇ ਕੋਲ ਐਲਈਡੀ ਲੱਗਾ ਸੀ, ਅਸੀਂ ਉਸ 'ਤੇ ਰਾਵਣ ਦਹਿਨ ਦੇਖ ਰਹੇ ਸੀ। ਰੇਲਵੇ ਟਰੈਕ ਤੋਂ ਤਿੰਨ ਰੇਲਗੱਡੀਆਂ ਲੰਘ ਗਈਆਂ ਸਨ ਪਰ ਜਦੋਂ ਇਹ ਰੇਲਗੱਡੀ ਆਈ ਤਾਂ ਪਤਾ ਹੀ ਨਹੀਂ ਲੱਗਾ।"

ਗੁਰੂ ਨਾਨਕ ਹਸਪਤਾਲ 'ਚ ਕਰੀਬ 65 ਲੋਕਾਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਹਸਪਤਾਲ ਵਿੱਚ ਹਫ਼ੜਾ-ਦਫ਼ੜੀ ਦਾ ਮਾਹੌਲ ਬਣਿਆ ਹੋਇਆ ਸੀ। ਲੋਕ ਆਪਣੇ ਰਿਸ਼ਤੇਦਾਰਾਂ ਨੂੰ ਲੱਭਣ ਲਈ ਹਸਪਤਾਲਾਂ ਦਾ ਰੁਖ਼ ਕਰ ਰਹੇ ਸਨ।

ਹਸਪਤਾਲ ਦੇ ਮੁਰਦਾਘਰ ਕੋਲ ਭੀੜ ਲੱਗੀ ਹੋਈ ਸੀ। ਹਾਦਸੇ ਵਿੱਚ ਆਪਣਿਆਂ ਨੂੰ ਗੁਆਉਣ ਵਾਲੇ ਲੋਕਾਂ ਦੀਆਂ ਉੱਥੇ ਲਾਈਨਾਂ ਦੇਰ ਰਾਤ ਤੱਕ ਲੱਗੀਆਂ ਰਹੀਆਂ। ਆਪਣਿਆਂ ਨੂੰ ਲੱਭਣ ਆਏ ਲੋਕ ਰੋ ਰਹੇ ਸਨ।

ਅੱਗ ਆਏ ਮਦਦਗਾਰ

ਇਸ ਦੌਰਾਨ ਮਦਦ ਲਈ ਕਈ ਲੋਕ ਅੱਗੇ ਆਏ। ਜਖ਼ਮੀਆਂ ਨੂੰ ਖ਼ੂਨ ਦੇਣ ਲਈ ਪਹੁੰਚਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ ਅਤੇ ਕਈ ਲੋਕ ਜਖ਼ਮੀਆਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਖਾਣਾ ਵੀ ਲੈ ਕੇ ਆਏ।

ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। ਕਈ ਮਰੀਜ਼ਾਂ ਨੂੰ ਸਿਵਿਲ ਹਸਪਤਾਲ ਅਤੇ ਦੂਜੇ ਨਿੱਜੀ ਹਸਪਤਾਲਾਂ ਵਿੱਚ ਭਰਤੀ ਕਰਾਇਆ ਗਿਆ ਹੈ।

ਗੁਰੂ ਨਾਨਕ ਹਸਪਤਾਲ ਵਿੱਚ ਸਾਨੂੰ ਹ੍ਰਿਦੇਸ਼ ਵੀ ਮਿਲੇ, ਜਿਨ੍ਹਾਂ ਦੇ ਭਰਾ ਵੀ ਇਸ ਹਾਦਸੇ ਦੌਰਾਨ ਜਖ਼ਮੀ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਜਖ਼ਮੀ ਹੋ ਗਏ ਹਨ।

ਉਨ੍ਹਾਂ ਮੁਤਾਬਕ ਉਨ੍ਹਾਂ ਦੇ ਭਰਾ ਕਈ ਸਾਲਾਂ ਤੋਂ ਉਥੇ ਮੇਲਾ ਦੇਖਣ ਜਾਂਦੇ ਸਨ।

ਕਿਸਮਤ ਨੇ ਬਚਾਇਆ

ਆਪਣੀ ਜਖ਼ਮੀ ਪਤਨੀ ਦੀ ਦੇਖਭਾਲ ਕਰ ਰਹ ਪਵਨ ਰੱਬ ਦਾ ਸ਼ੁੱਕਰ ਕਰਦੇ ਹਨ ਕਿਉਂਕਿ ਉਹ ਵੀ ਰੇਲਵੇ ਟਰੈਕ 'ਤੇ ਮੌਜੂਦ ਸਨ।

ਪਵਨ ਦੱਸਦੇ ਹਨ, "ਮੇਰੀ ਬੇਟੀ ਮੇਰੇ ਮੋਢੋ 'ਤੇ ਬੈਠੀ ਸੀ ਅਤੇ ਪਤਨੀ ਨੇ ਮੇਰਾ ਹੱਥ ਫੜਿਆ ਹੋਇਆ ਸੀ। ਅਸੀਂ ਰੇਲਵੇ ਟਰੈਕ 'ਤੇ ਖੜੇ ਸੀ।"

ਉਹ ਦੱਸਦੇ ਹਨ ਕਿ ਹਾਦਸੇ ਦੇ ਕੁਝ ਸਮੇਂ ਪਹਿਲਾਂ ਰੇਲਗੱਡੀ ਅਤੇ ਟਰੈਕ 'ਤੇ ਖੜੇ ਲੋਕਾਂ ਨੇ ਉਸ ਨੂੰ ਰਸਤਾ ਦੇ ਦਿੱਤਾ, ਫੇਰ ਥੋੜ੍ਹੀ ਦੇਰ ਬਾਅਦ ਦੂਜਾ ਰੇਲਗੱਡੀ ਆ ਗਈ।

ਪਵਨ ਦੱਸਦੇ ਹਨ, "ਮੇਰੀ ਪਤਨੀ ਵੀ ਰੇਲਗੱਡੀ ਦੀ ਲਪੇਟ ਵਿੱਚ ਆ ਜਾਂਦੀ ਪਰ ਮੈਂ ਹੱਛ ਫੜ ਕੇ ਉਸ ਨੂੰ ਖਿੱਚ ਲਿਆ। ਉਸ ਨੂੰ ਡਿੱਗਣ ਕਾਰਨ ਸੱਟਾਂ ਲੱਗੀਆਂ। ਮੈਂ ਵੀ ਡਿੱਗ ਗਿਆ ਅਤੇ ਅੱਖਾਂ ਅੱਗੇ ਹਨੇਰਾ ਛਾ ਗਿਆ।"

ਹਾਲਾਂਕਿ ਪਵਨ ਖ਼ੁਦ ਖੁਸ਼ਕਿਸਮਤ ਮੰਨਦੇ ਹਨ ਕਿ ਉਹ ਅਤੇ ਉਨ੍ਹਾਂ ਦਾ ਪਰਿਵਰਾ ਬਚ ਗਿਆ।

ਉਹ ਕਹਿੰਦੇ ਹਨ ਉਨ੍ਹਾਂ ਦੀ ਪਤਨੀ ਦੇ ਜਖ਼ਮ ਤਾਂ ਭਰ ਜਾਣਗੇ ਪਰ ਕਈ ਲੋਕਾਂ ਨੂੰ ਇਸ ਹਾਦਸੇ ਵਿੱਚ ਅਜਿਹੇ ਜਖ਼ਮ ਮਿਲੇ ਹਨ ਜੋ ਤਾਉਮਰ ਨਹੀਂ ਭਰ ਸਕਣਦੇ।

ਇਹ ਵੀ ਪੜ੍ਹੋ:

ਹਾਦਸੇ ਨਾਲ ਜੁੜੀਆਂ ਕੁਝ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)