ਅੰਮ੍ਰਿਤਸਰ ਰੇਲ ਹਾਦਸਾ: ਗੱਡੀ ਹੇਠ ਆਉਂਦੇ ਲੋਕੀਂ ਮੈਂ ਅੱਖੀ ਦੇਖੇ ਤੇ ਲਾਸ਼ਾਂ ਹੱਥੀਂ ਚੁੱਕੀਆਂ - ਚਸ਼ਮਦੀਦ

ਅੰਮ੍ਰਿਤਸਰ ਵਿਚ ਦਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ।ਸ਼ਹਿਰ ਦੇ ਪੂਰਬੀ ਹਿੱਸੇ ਵਿਚ ਪੈਂਦੇ ਜੌੜੇ ਫਾਟਕ ਲਾਗੇ ਜਿਸ ਸਮੇਂ ਰਾਵਣ ਦੇ ਪੁਤਲੇ ਨੂੰ ਲਾਂਬੂ ਲਾਇਆ ਗਿਆ ਐਨ ਉਸੇ ਸਮੇਂ ਰੇਲ ਪਟੜੀ ਉੱਤੇ ਖੜੇ ਲੋਕ ਇੱਕ ਰੇਲ ਗੱਡੀ ਦੀ ਲਪੇਟ ਵਿਚ ਆ ਗਏ। ਇਸ ਹਾਦਸੇ ਵਿਚ 59 ਮੌਤਾਂ ਅਤੇ 57 ਜਖ਼ਮੀਆਂ ਹਨ।

ਸ਼ਨੀਵਾਰ ਸਵੇਰੇ ਅੰਮ੍ਰਿਤਸਰ ਦੇ ਏਡੀਸੀ ਹਿਮਾਂਸ਼ੂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਅਤੇ ਗੁਰੂ ਨਾਨਕ ਹਸਪਤਾਲ ਵਿਚ 59 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿਚ ਵੀ ਪੀੜਤ ਦਾਖ਼ਲ ਹਨ। ਇਸ ਲਈ ਮੌਤਾਂ ਦਾ ਸਹੀ ਅੰਕੜਾਂ ਅਜੇ ਵੀ ਪਤਾ ਨਹੀਂ ਲੱਗ ਪਾ ਰਿਹਾ।

ਹਾਦਸੇ ਦੇ ਇੱਕ ਚਸ਼ਮਦੀਦ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, 'ਰਾਵਣ ਦਾ ਪੁਤਲਾ ਸਾੜੇ ਜਾਣ ਦੇ ਸਮਾਗਮ ਦੌਰਾਨ ਤਿੰਨ ਗੱਡੀਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਤਰਫ਼ੋਂ ਆਈਆਂ। ਲੋਕ ਟਰੈਕ ਉੱਤੇ ਖੜ੍ਹੇ ਸਨ'।

ਉਨ੍ਹਾਂ ਅੱਗੇ ਦੱਸਿਆ, ' ਮੈਂ ਵੀ ਟਰੈਕ ਉੱਤੇ ਹੀ ਖੜ੍ਹਾ ਸੀ। ਪਹਿਲਾਂ ਪੁਲਿਸ ਨੇ ਲੋਕਾਂ ਨੂੰ ਟਰੈਕ ਤੋਂ ਹਟਾ ਦਿੱਤਾ ਪਰ ਜਦੋਂ ਚੌਥੀ ਗੱਡੀ ਜਲੰਧਰ ਵੱਲੋਂ ਆਈ ਤਾਂ ਰਾਵਣ ਦਾ ਪੁਤਲਾ ਜਲ ਰਿਹਾ ਸੀ। ਬੰਬ- ਪਟਾਕਿਆਂ ਦੀ ਅਵਾਜ਼ ਵਿਚ ਲੋਕਾਂ ਨੂੰ ਰੇਲ ਗੱਡੀ ਦੀ ਅਵਾਜ਼ ਸੁਣਾਈ ਨਹੀਂ ਦਿੱਤੀ ਅਤੇ ਹਾਦਸਾ ਵਾਪਰ ਗਿਆ।

ਹਾਦਸੇ ਦੇ ਇੱਕ ਹੋਰ ਚਸ਼ਮਦੀਦ ਅਮਰ ਨਾਥ ਮੁਤਾਬਕ ਰੇਲਗੱਡੀ ਨੇ ਕੋਈ ਹਾਰਨ ਨਹੀਂ ਦਿੱਤਾ: "ਮੈਂ 25-30 ਬੰਦੇ ਗੱਡੀ ਹੇਠਾਂ ਆਉਂਦੇ ਦੇਖੇ। ਮੈਂ ਖੁਦ ਵੀ ਲਾਸ਼ਾਂ ਚੁੱਕੀਆਂ। ਹੱਥਾਂ 'ਤੇ ਖੂਨ ਲੱਗਿਆ ਸੀ ਜੋ ਮੈਂ ਹੁਣੇ ਸਾਫ ਕੀਤਾ ਹੈ। ਰੇਲਗੱਡੀ ਦੇ ਡਰਾਈਵਰ ਨੂੰ ਹਾਰਨ ਮਾਰਨਾ ਚਾਹੀਦਾ ਸੀ।"

ਇੱਕ ਹੋਰ ਚਸ਼ਮਦੀਦ ਅਮਿਤ ਕੁਮਾਰ ਨੇ ਦੱਸਿਆ, 'ਹਰ ਸਾਲ ਹੀ ਲੋਕ ਇੱਥੇ ਦਸਹਿਰੇ ਮੌਕੇ ਰੇਲ ਦੀ ਪਟੜੀ ਉੱਪਰ ਬਹਿ ਜਾਂਦੇ ਹਨ ਕਿਉਂਕਿ ਰਾਵਣ ਦਾ ਪੁਤਲਾ ਸਾੜਨ ਦੀ ਥਾਂ ਪੜਰੀਆਂ ਦੇ ਨੇੜੇ ਹੀ ਹੈ, ਪਰ ਜੇ ਡਰਾਈਵਰ ਹਾਰਨ ਮਾਰਦਾ ਤਾਂ ਜਾਨਾਂ ਬਚ ਸਕਦੀਆਂ ਸਨ'।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)