ਅੰਮ੍ਰਿਤਸਰ ਰੇਲ ਹਾਦਸਾ: ਕਦੋਂ, ਕੀ ਅਤੇ ਕਿਵੇਂ ਹੋਇਆ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਅੰਮ੍ਰਿਤਸਰ ਵਿਚ ਦਸਹਿਰੇ ਮੌਕੇ ਰਾਵਣ ਦਾ ਪੁਤਲਾ ਸਾੜੇ ਜਾਣ ਸਮੇਂ ਸਮਾਗਮ ਨਾਲ ਲੱਗਦੇ ਰੇਲਵੇ ਟਰੈਕ ਉੱਤੇ ਖੜ੍ਹੇ ਲੋਕਾਂ ਉੱਤੇ ਰੇਲ ਗੱਡੀ ਚੜ੍ਹ ਗਈ ਸੀ।

ਅੰਮ੍ਰਿਤਸਰ ਤੋਂ ਸਥਾਨਕ ਪੱਤਰਕਾਰ ਰਵਿੰਦਰ ਸਿੰਘ ਰੋਬਿਨ ਨੂੰ ਡਿਪਟੀ ਕਮਿਸ਼ਨਰ, ਕਮਲਦੀਪ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੀ ਗਿਣਤੀ 57 ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ, "ਪਹਿਲੀ ਗਿਣਤੀ ਹਾਦਸੇ ਵਾਲੀ ਥਾਂ ਤੋਂ ਮਿਲੇ ਬੈਗਾਂ ਉੱਪਰ ਆਧਾਰਿਤ ਸੀ ਜਦਕਿ ਹੁਣ ਜੋ ਗਿਣਤੀ ਦੱਸੀ ਜਾ ਰਹੀ ਹੈ ਉਹ ਉਨ੍ਹਾਂ ਲਾਸ਼ਾਂ 'ਤੇ ਆਧਾਰਿਤ ਹੈ ਜਿਨ੍ਹਾਂ ਦੀ ਪਛਾਣ ਹੋ ਚੁੱਕੀ ਹੈ।"

ਉਨ੍ਹਾਂ ਅੱਗੇ ਕਿਹਾ ਕਿ 57 ਵਿੱਚੋ56 ਦੀ ਪਹਿਚਾਣ ਹੋ ਚੁੱਕੀ ਹੈ ਅਤੇ ਇੱਕ ਦੀ ਪਹਿਚਾਣ ਹੋਣੀ ਹਾਲੇ ਬਾਕੀ ਹੈ।

ਮੌਤਾਂ ਦੀ ਗਿਣਤੀ ਬਾਰੇ ਪਹਿਲਾਂ ਕੀ ਬਿਆਨ ਸਨ

ਮੌਤਾਂ ਬਾਰੇ ਹਾਦਸੇ ਵਾਲੇ ਦਿਨ ਪੁਲਿਸ ਕਮਿਸ਼ਨਰ ਐੱਸਐੱਸ ਸ੍ਰੀਵਾਸਤਵ ਨੇ ਬੀਬੀਸੀ ਨੂੰ ਦੱਸਿਆ ਸੀ ਕਿ 59 ਮੌਤਾਂ ਹੋਈਆਂ ਹਨ ਅਤੇ 57 ਜ਼ਖਮੀਂ ਹੋਏ ਹਨ।

ਸ਼ਨਿੱਚਰਵਾਰ ਸਵੇਰੇ ਅੰਮ੍ਰਿਤਸਰ ਦੇ ਏਡੀਸੀ ਹਿਮਾਂਸ਼ੂ ਨੇ ਵੀ 59 ਮੌਤਾਂ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਉਸ ਸਮੇਂ ਕਿਹਾ ਸੀ ਕਿ ਪੀੜਤ ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿੱਚ ਵੀ ਦਾਖਲ ਹਨ। ਇਸ ਲਈ ਮੌਤਾਂ ਦੇ ਸਹੀ ਅੰਕੜੇ ਬਾਰੇ ਅਜੇ ਵੀ ਪਤਾ ਨਹੀਂ ਲੱਗ ਰਿਹਾ।

ਅੰਮ੍ਰਿਤਸਰ ਦੇ ਡੀਸੀ ਕਮਲਜੀਤ ਸੰਘਾ ਮੁਤਾਬਕ ਇਹ ਹਾਦਸਾ ਸ਼ਹਿਰ ਦੇ ਪੂਰਬੀ ਹਿੱਸੇ ਵਿਚ ਜੌੜੇ ਫਾਟਕ ਕੋਲ ਵਾਪਰਿਆ ਹੈ। ਇਹ ਹਾਦਸਾ ਸ਼ੁੱਕਰਵਾਰ ਨੂੰ ਸ਼ਾਮੀ ਕਰੀਬ ਸਾਢੇ ਛੇ ਵਜੇ ਧੋਬੀ ਗੇਟ ਨੇੜੇ ਰਾਵਣ ਜਲਾਉਣ ਮੌਕੇ ਵਾਪਰਿਆ।

ਪ੍ਰਸਾਸ਼ਨ ਮੁਤਾਬਕ ਇਸ ਹਾਦਸੇ ਵਿਚ 150 ਲੋਕ ਜ਼ਖ਼ਮੀ ਹੋਏ ਹਨ ,ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਅਤੇ ਗੁਰੂ ਨਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਕਿਉਂ ਹੋਇਆ ਅਤੇ ਇਸ ਲਈ ਕੌਣ ਜਿੰਮੇਵਾਰ ਹੈ, ਇਸਦਾ ਪਤਾ ਲਗਾਉਣ ਲਈ ਪੰਜਾਬ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਨੀਵਾਰ ਨੂੰ ਅੰਮ੍ਰਿਤਸਰ ਪਹੁੰਚ ਰਹੇ ਹਨ। ਜਦਕਿ ਕੇਂਦਰੀ ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਘਟਨਾ ਸਥਾਨ ਉੱਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ।

ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਸਮਾਗਮ ਦੀ ਮੁੱਖ ਮਹਿਮਾਨ ਸੀ। ਮੌਕੇ ਉੱਤੇ ਹਾਜ਼ਰ ਕਈ ਲੋਕਾਂ ਦਾ ਇਲਜ਼ਾਮ ਹੈ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਮਾਗਮ ਖ਼ਤਮ ਹੋਣ ਤੱਕ ਹਾਦਸੇ ਦੀ ਜਾਣਕਾਰੀ ਨਹੀਂ ਸੀ।

ਕਦੋਂ ਕੀ ਹੋਇਆ?

  • ਅੰਮ੍ਰਿਤਸਰ ਵਿੱਚ ਜੋੜੇ ਫਾਟਕ ਕੋਲ ਸ਼ੁੱਕਰਵਾਰ ਨੂੰ ਸ਼ਾਮੀਂ 6꞉30 ਵਜੇ ਦੇ ਕਰੀਬ ਵਾਪਰਿਆ ਹਾਦਸਾ
  • ਰਾਵਣ ਦਾ ਪੁਤਲਾ ਜਲਾਉਣ ਮੌਕੇ ਸਮਾਗਮ ਵਿਚ ਕਰੀਬ ਸੱਤ ਹਜ਼ਾਰ ਲੋਕ ਮੈਦਾਨ ਵਿਚ ਪਹੁੰਚੇ ਹੋਏ ਸਨ
  • ਇਸ ਮੈਦਾਨ ਦੀ ਸਮਰੱਥਾ ਦੋ ਢਾਈ ਹਜ਼ਾਰ ਦੱਸੀ ਗਈ ਹੈ।
  • ਆਮ ਲੋਕਾਂ ਦਾ ਮੈਦਾਨ ਤੱਕ ਆਉਣ ਜਾਣ ਦਾ ਇੱਕ ਹੀ ਰਸਤਾ ਸੀ।
  • ਮੈਦਾਨ ਦੇ ਇੱਕ ਪਾਸੇ ਵੀਆਈਪੀ ਲੋਕਾਂ ਲਈ ਮੰਚ ਬਣਾਇਆ ਗਿਆ ਸੀ , ਉਨ੍ਹਾਂ ਦੇ ਆਉਣ ਜਾਣ ਦਾ ਰਾਹ ਪਿੱਛੋਂ ਹੀ ਸੀ।
  • ਜਿਸ ਮੌਕੇ ਹਾਦਸਾ ਹੋਇਆ ਡਾਕਟਰ ਨਵਜੋਤ ਕੌਰ ਸਿੱਧੂ ਮੰਚ ਉੱਕੇ ਮੌਜੂਦ ਸੀ
  • ਚਸਮਦੀਦਾਂ ਦਾ ਦਾਅਵਾ ਹੈ ਕਿ ਉਹ ਤੁਰੰਤ ਉੱਥੋਂ ਨਿਕਲ ਗਈ।
  • ਮੈਦਾਨ ਵਿਚ ਇੱਕ ਹੀ ਦੀਵਾਰ ਹੈ, ਜੋ ਰੇਲਵੇ ਟਰੈਕ ਅਤੇ ਮੈਦਾਨ ਨੂੰ ਵੱਖ ਕਰਦੀ ਹੈ।
  • ਲੋਕ ਨਾਲ ਲੱਗਦੇ ਰੇਲਵੇ ਫਾਟਕ ਉੱਤੇ ਖੜੇ ਸਨ ਅਤੇ ਰੇਲਗੱਡੀ ਦੀ ਲਪੇਟ ਵਿਚ ਆ ਗਏ
  • ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐੱਸ ਐੱਸ ਸ੍ਰੀਵਾਸਤਵ ਨੇ ਕਿਹਾ ਕਿ 60 ਤੋਂ ਵੱਧ ਮੌਤਾਂ ਦਾ ਖ਼ਦਸ਼ਾ
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਪਟਨ ਅਮਰਿੰਦਰ ਸਣੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ
  • ਹਾਦਸੇ ਤੋਂ ਬਾਅਦ ਲੋਕ ਭੜਕੇ, ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ
  • ਪੁਲਿਸ ਨੇ ਬੜੀ ਮੁਤਤੈਦੀ ਨਾਲ ਮਾਹੌਲ ਨੂੰ ਭੰਗ ਹੋਣ ਤੋਂ ਬਚਾਇਆ
  • ਅੰਮ੍ਰਿਤਸਰ ਵਿੱਚ ਰੇਲਵੇ ਦੇ ਹੈਲਪਲਾਈਨ ਨੰਬਰ- 0183-2223171, 0183-2564485

ਚਸ਼ਮਦੀਦਾਂ ਨੇ ਬਿਆਨਿਆ ਮੰਜ਼ਰ

ਚਸ਼ਮਦੀਦ ਅਮਰ ਨਾਥ ਮੁਤਾਬਕ ਰੇਲਗੱਡੀ ਨੇ ਕੋਈ ਹਾਰਨ ਨਹੀਂ ਦਿੱਤਾ: "ਮੈਂ 25-30 ਬੰਦੇ ਗੱਡੀ ਹੇਠਾਂ ਆਉਂਦੇ ਦੇਖੇ। ਮੈਂ ਖੁਦ ਵੀ ਲਾਸ਼ਾਂ ਚੁੱਕੀਆਂ। ਹੱਥਾਂ 'ਤੇ ਖੂਨ ਲੱਗਿਆ ਸੀ, ਜੋ ਮੈਂ ਹੁਣੇ ਸਾਫ਼ ਕੀਤਾ ਹੈ। ਰੇਲਗੱਡੀ ਦੇ ਡਰਾਈਵਰ ਨੂੰ ਹਾਰਨ ਮਾਰਨਾ ਚਾਹੀਦਾ ਸੀ।"

ਇੱਕ ਹੋਰ ਚਸ਼ਮਦੀਦ ਅਮਿਤ ਕੁਮਾਰ ਨੇ ਦੱਸਿਆ ਕਿ ਹਰ ਸਾਲ ਹੀ ਲੋਕ ਇੱਥੇ ਦਸਹਿਰੇ ਮੌਕੇ ਰੇਲ ਦੀ ਪਟੜੀ ਉੱਪਰ ਬਹਿ ਜਾਂਦੇ ਹਨ ਕਿਉਂਕਿ ਰਾਵਣ ਦਾ ਪੁਤਲਾ ਸਾੜਨ ਦੀ ਥਾਂ ਪੜਰੀਆਂ ਦੇ ਨੇੜੇ ਹੀ ਹੈ, ਪਰ ਜੇ ਡਰਾਈਵਰ ਹਾਰਨ ਮਾਰਦਾ ਤਾਂ ਜਾਨਾਂ ਬਚ ਸਕਦੀਆਂ ਸਨ।

ਹਾਦਸੇ ਦਾ ਕੀ ਕਾਰਨ ਬਣਿਆ

ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਇੱਥੇ 10-11 ਸਾਲਾਂ ਤੋਂ ਦਸ਼ਹਿਰਾ ਮਨਾਇਆ ਜਾਂਦਾ ਰਿਹੈ ਹੈ। ਲੋਕਾਂ ਦਾ ਇਲਜ਼ਾਮ ਹੈ ਕਿ ਪਹਿਲਾਂ ਪ੍ਰਸਾਸ਼ਨ ਵੱਲੋਂ ਰੇਲਵੇ ਨੂੰ ਦੱਸਿਆ ਜਾਂਦਾ ਸੀ ਅਤੇ ਰਾਵਣ ਦਾ ਪੁਤਲਾ ਜਾਲ਼ਣ ਦਾ ਸਮਾਂ ਦੱਸਿਆ ਜਾਂਦਾ ਸੀ, ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ।

ਸਥਾਨਕ ਲੋਕਾਂ ਇਹ ਵੀ ਇਲਜ਼ਾਮ ਹੈ ਕਿ ਇਸ ਵਾਰ ਸੁਰੱਖਿਆ ਦਾ ਪ੍ਰਬੰਧ ਠੀਕ ਨਹੀਂ ਸੀ ਅਤੇ ਲੋਕਾਂ ਨੂੰ ਟਰੈਕ ਉੱਤੇ ਜਾਣ ਤੋਂ ਰੋਕਣ ਲਈ ਵੀ ਕੁਝ ਨਹੀਂ ਕੀਤਾ ਗਿਆ ਸੀ।

ਜਦੋਂ ਰਾਵਣ ਪੁਤਲੇ ਨੂੰ ਅੱਗ ਲਾਈ ਗਈ ਉਦੋਂ ਪਠਾਨਕੋਟ ਤੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਟਰੈਕ ਉੱਤੇ ਖੜ੍ਹੇ ਲੋਕਾਂ ਉੱਤੇ ਚੜ੍ਹ ਗਈ।

ਇਹ ਵੀ ਪੜ੍ਹੋ:

ਮਾਹੌਲ 'ਚ ਤਣਾਅ

ਹਾਦਸੇ ਤੋਂ ਬਾਅਦ ਲੋਕ ਕਾਫ਼ੀ ਭੜਕੇ ਹੋਏ ਹਨ ਸੈਕੜਿਆਂ ਦੀ ਗਿਣਤੀ ਲੋਕ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।

ਜਿੱਥੇ ਹਾਦਸਾ ਵਾਪਰਿਆ ਉੱਥੇ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਸੀ। ਲੋਕਾਂ ਦਾ ਇਲਜ਼ਾਮ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਉਹ ਗੱਡੀ ਵਿਚ ਬੈਠ ਕਿ ਉੱਥੋਂ ਚਲੇ ਗਏ ਅਤੇ ਪਤੀ -ਪਤਨੀ ਵਿੱਚੋਂ ਕੋਈ ਵੀ ਘਟਨਾ ਸਥਾਨ ਉੱਤੇ ਨਹੀਂ ਆਇਆ ਹੈ।

ਸ਼ਹਿਰ ਦੇ ਪੁਲਿਸ ਕਮਿਸ਼ਨਰ ਸੁਧਾਸ਼ੂ ਸ਼ੇਖ਼ਰ ਸ੍ਰੀਵਾਸਤਵ ਖੁਦ ਸਪੀਕਰ ਲੈਕੇ ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀਆਂ ਅਪੀਲਾਂ ਕਰ ਰਹੇ ਹਨ। ਲੋਕਾਂ ਦਾ ਦੋਸ਼ ਹੈ ਇਹ ਹਾਦਸਾ ਪ੍ਰਸਾਸ਼ਨ ਦੀ ਅਣਗਹਿਲੀ ਕਾਰਨ ਵਾਪਰਿਆ ਹੈ।

ਸਥਾਨਕ ਲੋਕਾਂ ਮੁਤਾਬਕ ਦੇ ਕਰੀਬ ਲੋਕ ਮਾਰੇ ਗਏ ਹਨ, ਪਰ ਇਸ ਦੀ ਅਧਿਕਾਰਤ ਤੌਰ ਉੱਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਮਿਲ ਰਹੀਆਂ ਜਾਣਕਾਰੀ ਮੁਤਾਬਕ ਰੇਲਵੇ ਟਰੈਕ ਉੱਤੇ ਲਾਸ਼ਾਂ ਖਿਡੀਆਂ ਦਿਖ ਰਹੀਆਂ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਟਵੀਟ ਵਿਚ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਉਂਦਿਆ ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ।

ਕੈਪਟਨ ਵੱਲੋਂ ਵਿਦੇਸ਼ ਦੌਰਾ ਰੱਦ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਉੱਪਰ ਦੁੱਖ ਜ਼ਾਹਰ ਕਰਿਦਿਆਂ ਟਵੀਟ ਕੀਤਾ ਹੈ ਕਿ ਉਹ ਬਚਾਅ ਕਾਰਜਾਂ ਦੀ ਆਪ ਨਿਗਰਾਨੀ ਰੱਖ ਰਹੇ ਹਨ ਅਤੇ ਆਪ ਵੀ ਅੰਮ੍ਰਿਤਸਰ ਪਹੁੰਚ ਰਹੇ ਹਨ।

ਭਾਰਤ ਦੇ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੇ ਇਸ ਹਾਦਸੇ ਉੱਪਰ ਦੁੱਖ ਜਾਹਰ ਕੀਤਾ।

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਰਾਹੀਂ ਪਾਰਟੀ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਮੌਕੇ ਉੱਪਰ ਪਹੁੰਚ ਕੇ ਬਚਾਅ ਕਾਰਜਾਂ ਵਿੱਚ ਹੱਥ ਵਟਾਉਣ।

ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਟਵੀਟ ਕਰਕੇ ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)