You’re viewing a text-only version of this website that uses less data. View the main version of the website including all images and videos.
ਜਲੰਧਰ ਦੇ ਛੋਟੇ ਸਰਦਾਰ ਅਰਸ਼ਦੀਪ ਨੇ ਪੁਆਈਆਂ ਫੋਟੋਗ੍ਰਾਫੀ ਜਗਤ 'ਚ ਧੁੰਮਾਂ
ਜਲੰਧਰ ਦੇ ਅਰਸ਼ਦੀਪ ਸਿੰਘ ਨੇ 10 ਸਾਲ ਤੋਂ ਘੱਟ ਉਮਰ ਦੀ ਸ਼੍ਰੇਣੀ 'ਚ 2018 ਵਾਈਲਡ ਲਾਈਫ ਫੋਟੋਗ੍ਰਾਫੀ ਐਵਾਰਡ ਜਿੱਤਿਆ ਹੈ।
ਬ੍ਰਿਟੇਨ ਦਾ ਕੁਦਰਤੀ ਇਤਿਹਾਸ ਅਜਾਇਬ ਘਰ ਹਰ ਸਾਲ ਵਿਸ਼ਵ ਪੱਧਰ ਦਾ ਫੋਟੋਗ੍ਰਾਫ਼ੀ ਮੁਕਾਬਲਾ ਕਰਵਾਇਆ ਜਾਂਦਾ ਹੈ। ਜਿਸ ਵਿਚ ਅਰਸ਼ਦੀਪ ਨੇ ਆਪਣੇ ਉਮਰ ਵਰਗ ਵਿਚ ਐਵਾਰਡ ਜਿੱਤਿਆ ਹੈ।
ਅਰਸ਼ਦੀਪ ਨੇ ਇਹ ਜੇਤੂ ਫੋਟੋ ਕਪੂਰਥਲਾ ਦੇ ਨੇੜੇ ਖਿੱਚੀ ਸੀ ਜਿਸ ਵਿੱਚ ਦੋ ਉੱਲੂ ਇੱਕ ਪਾਈਪ 'ਚੋਂ ਬਾਹਰ ਵੱਲ ਝਾਤੀ ਮਾਰਦੇ ਨਜ਼ਰ ਆ ਰਹੇ ਹਨ।
ਅਰਸ਼ਦੀਪ, ਜਿਸ ਦੀ ਉਮਰ 10 ਸਾਲ ਹੈ, ਮੁਤਾਬਕ, "ਮੈਂ ਜਦੋਂ ਉੱਲੂਆਂ ਨੂੰ ਉੱਡ ਕੇ ਪਾਈਪ ਦੇ ਅੰਦਰ ਜਾਂਦੇ ਦੇਖਿਆ ਤਾਂ ਆਪਣੇ ਪਿਤਾ ਨੂੰ ਦੱਸਿਆ। ਉਨ੍ਹਾਂ ਆਖਿਆ ਕਿ ਇਹ ਤਾਂ ਹੋ ਹੀ ਨਹੀਂ ਸਕਦਾ; ਫਿਰ ਵੀ ਉਨ੍ਹਾਂ ਨੇ ਕਾਰ ਰੋਕ ਲਈ। ਸਾਨੂੰ 20-30 ਮਿੰਟ ਇੰਤਜ਼ਾਰ ਕਰਨਾ ਪਿਆ। ਜਦੋਂ ਉੱਲੂ ਮੁੜ ਬਾਹਰ ਵੱਲ ਆਏ ਤਾਂ ਮੈਂ ਫੋਟੋ ਖਿੱਚ ਲਈ।"
ਓਵਰਆਲ ਐਵਾਰਡ ਨੀਦਰਲੈਂਡ ਦੇ ਮਾਰਸੈਲ ਵਾਨ ਊਸਟਨ ਨੂੰ ਲੰਡਨ ਵਿਖੇ ਹੋਏ ਇੱਕ ਸਮਾਗਮ ਵਿੱਚ ਮਿਲਿਆ। ਉਨ੍ਹਾਂ ਦੀ ਜੇਤੂ ਤਸਵੀਰ ਚੀਨ ਦੇ ਪਹਾੜਾਂ 'ਚ ਬੈਠੇ ਦੋ ਬਾਂਦਰਾਂ ਦੀ ਹੈ।
ਊਸਟਨ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਐਵਾਰਡ ਜਿੱਤ ਕੇ ਝਟਕਾ ਵੀ ਲੱਗਿਆ ਤੇ ਸਨਮਾਨ ਦਾ ਅਹਿਸਾਸ ਵੀ ਹੋਇਆ।
ਜੂਨੀਅਰ ਸ਼੍ਰੇਣੀ 'ਚ ਦੱਖਣੀ ਅਫ਼ਰੀਕਾ ਦੇ ਸਕਾਏ ਮੀਕਰ ਜੇਤੂ ਰਹੇ। ਉਨ੍ਹਾਂ ਦੀ ਤਸਵੀਰ ਬੋਟਸਵਾਨਾ ਦੇ ਜੰਗਲ 'ਚ ਬੈਠੇ ਤੇਂਦੂਏ ਦੀ ਹੈ।
ਇੱਕ ਹੋਰ ਸ਼੍ਰੇਣੀ 'ਆਪਣੇ ਵਾਤਾਵਰਨ ਵਿੱਚ ਜੀਵ', ਜਿਸ ਵਿੱਚ ਸਪੇਨ ਦੇ ਕ੍ਰਿਸਟੋਬਲ ਸਿਰਾਨੋ ਜੇਤੂ ਰਹੇ।
ਉਨ੍ਹਾਂ ਦੀ ਤਸਵੀਰ 'ਚ ਕੁਝ ਕਰੈਬ-ਈਟਰ ਸੀਲ ਐਂਟਾਰਕਟਿਕਾ ਵਿੱਚ ਇੱਕ ਬਰਫ਼ ਦੇ ਟੁਕੜੇ ਉੱਪਰ ਆਰਾਮ ਕਰ ਰਹੀਆਂ ਹਨ।
'ਰੀੜ੍ਹ-ਰਹਿਤ ਜੀਵਾਂ ਦੇ ਵਰਤਾਰੇ' ਦੀ ਸ਼੍ਰੇਣੀ 'ਚ ਜੋਰਜੀਨਾ ਸਟੇਟਲਰ ਨੂੰ ਐਵਾਰਡ ਮਿਲਿਆ।
ਉਨ੍ਹਾਂ ਨੇ ਪੱਛਮੀ ਆਸਟ੍ਰੇਲੀਆ 'ਚ ਮਡ-ਡੋਬਰ ਵਾਸਪ (ਭੂੰਡ) ਦੇ ਚਿੱਕੜ 'ਚ ਘੁੰਮਣ ਨੂੰ ਆਪਣੇ ਲੇਸ 'ਚ ਕੈਦ ਕਰ ਲਿਆ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ